ਗੁਰੂ ਗੋਬਿੰਦ ਸਿੰਘ ਅਦੁੱਤੀ ਜੋਧਾ - ਪ੍ਰੋ: ਸਾਹਿਬ ਸਿੰਘ
(1)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਐਸੇ ਸਮੇ ਹੋਇਆ, ਜਦੋਂ ਭਾਰਤ-ਵਰਸ਼ ਵਿਚ ਲਗਭਗ ਪੰਜ ਸੌ ਸਾਲਾਂ ਤੋਂ ਪੱਕੇ ਪੈਰਾਂ ‘ਤੇ ਹੋਇਆ ਇਸਲਾਮੀ ਰਾਜ ਐਨ ਚੜ੍ਹਦੀਆਂ ਕਲਾਂ ਵਿਚ ਸੀ, ‘ਵੱਸੋ ਅਤੇ ਵੱਸਣ ਦਿਓ’ ਦੇ ਆਦਰਸ਼ ਤੋਂ ਡਿੱਗ ਕੇ ਧੱਕੇਸ਼ਾਹੀ ਅਤੇ ਜ਼ੁਲਮ ਉਤੇ ਤੁਲ ਬੈਠਾ ਸੀ।
ਸ਼ਾਹੀ ਕਰਮਚਾਰੀਆਂ ਵਲੋਂ ਪਹਿਲਾਂ ਭੀ ਬਥੇਰੀ ਮਨ-ਆਈ ਅਤੇ ਬੇਨਿਆਈ ਪਰਜਾ ਨਾਲ ਹੁੰਦੀ ਚਲੀ ਆ ਰਹੀ ਸੀ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਹਾਲ ਦੱਸਦਿਆਂ ਲਿਖਿਆ ਹੈ:
ਭਹੁ ਵਾਟੀਂ ਜਗਿ ਚੱਲਿਆਂ, ਜਬ ਹੀ ਭਏ ਮੁਹੰਮਦ ਯਾਰਾ॥
ਕੌਮ ਬਹੱਤਰ ਸੰਗਿ ਕਰਿ, ਬਹੁ ਬਿਧਿ ਵੈਰ ਵਿਰੋਧ ਪਸਾਰਾ॥
ਰੋਜ਼ੇ ਈਦ ਨਿਮਾਜ਼ ਕਰਿ, ਕਰਮੀ ਬੰਦਿ ਕੀਆ ਸੰਸਾਰਾ॥
ਪੀਰ ਪਿਕੰਬਰ ਔਲੀਏ, ਗੌਂਸ ਕੁਤਬ ਬਹੁ ਭੇਖ ਸਵਾਰਾ॥
ਠਾਕੁਰ ਦੁਆਰੇ ਢਾਹਿ ਕੈ, ਤਿਹ ਠਉੜੀਂ ਮਾਸੀਤ ਉਸਾਰਾ॥
ਮਾਰਨਿ ਗਊ ਗਰੀਬ ਨੂੰ, ਧਰਤੀ ਉਪਰਿ ਪਾਪ ਬਿਥਾਰਾ॥
ਕਾਫਰ ਮੁਲਹਦ ਇਰਮਨੀ, ਰੂਮੀ ਜੰਗੀ ਦੁਸ਼ਮਨ ਦਾਰਾ॥
ਪਾਪੇ ਦਾ ਵਰਤਿਆ ਵਰਤਾਰਾ॥10॥ (1)
ਪਰ ਹੁਣ ਸਿੱਧਾ ਬਾਦਸ਼ਾਹ ਔਰੰਗਜ਼ੇਬ ਵਲੋਂ ਤਲਵਾਰ ਦੇ ਜ਼ੋਰ ਨਾਲ ਇਸਲਾਮ ਫੈਲਾਣ ਅਤੇ ਹਿੰਦੂਆਂ ਦਾ ਖੁਰਾ-ਖੋਜ ਮਿਟਾਣ ਦਾ ਬੀੜਾ ਚੁਕਿਆ ਗਿਆ। ਕੇਵਲ ਹਿੰਦੂਆਂ ਦਾ ਹੀ ਨਹੀਂ, ਸਗੋਂ ਸ਼ੀਆਂ ਮੁਸਲਮਾਨ ਭੀ, ਜਿਹੜੇ ਔਰੰਗਜੇਬ ਦੇ ਆਪਣੇ ਮਜ਼ਹਬ ‘ਸੁੰਨੀ’ ਦੇ ਵਿਰੋਧੀ ਸਨ, ਹਿੰਦੂਆਂ ਵਾਂਗ ਸੈਂਕੜਿਆਂ ਦੀ ਗਿਣਤੀ ਵਿਚ ਕਤਲ ਹੁੰਦੇ ਹਨ।
ਹਿੰਦੂ ਮਾਪਿਆਂ ਪਾਸੋਂ ਉਹਨਾਂ ਦੀਆਂ ਕੁਆਰੀਆਂ ਲੜਕੀਆਂ, ਭਰਾਵਾਂ ਪਾਸੋਂ ਉਹਨਾਂ ਦੀਆਂ ਜਵਾਨ ਭੈਣਾਂ, ਮਰਦਾ ਪਾਸੋਂ ਉਹਨਾਂ ਦੀਆਂ ਪਤਿਬ੍ਰਤ ਪਤਨੀਆਂ, ਧੱਕੇ-ਸ਼ਾਹੀ ਨਾਲ ਖੋਹੀਆਂ ਜਾਂਦੀਆਂ ਸਨ। ਇਹਨਾਂ ਅਤਿਆਚਾਰਾਂ ਨੇ ਹਿੰਦੂਆਂ ਨੂੰ, ਜਿਹੜੇ ਅੱਗੀ ਹੀ ਸਦੀਆਂ ਦੀ ਗ਼ੁਲਾਮੀ ਦੇ ਕਾਰਨ ਕਾਇਰ ਹੋ ਚੁਕੇ ਸਨ, ਹੋਰ ਵੀ ਡਰਾਕਲ ਬਣਾ ਦਿੱਤਾ। ਹੁਣ ਕਿਸੇ ਛੋਟੇ-ਮੋਟੇ ਜੋਧੇ ਦਾ ਕੰਮ ਨਹੀਂ ਸੀ ਕਿ ਅਜਿਹੇ ਕੱਟੜ ਅਤੇ ਭਿਆਨਕ ਰਾਜ ਦੇ ਵਿਰੱਧ ਬੋਲ ਸਕੇ।
(2)
ਦੂਜੇ ਪਾਸੇ, ਗੁਰੂ ਗੋਬਿੰਦ ਸਿੰਘ ਜੀ ਵਲ ਭੀ ਵੇਖੋ। ਉਮਰ ਕੇਵਲ ਦਸ ਸਾਲਾਂ ਦੀ, ਨਾ ਕੋਈ ਨਾਲ ਸਲਾਹਕਾਰ, ਨਾ ਕੋਈ ਸੰਬੰਧੀ ਮਦਦਗਾਰ, ਨਾ ਕੋਈ ਫ਼ੌਜ ਜਾਂ ਲਸ਼ਕਰ, ਨਾ ਕਿਲ੍ਹਾ, ਨਾ ਰਿਆਸਤ ਅਤੇ ਨਾ ਕੋਈ ਹੋਰ ਸਮਾਨ।
ਟਕਾਰੇ ਲਈ ਇਕ ਪਾਸੇ ਦੇਸ ਦੀ ਵੱਡੀ ਤਾਕਤ ਦਾ ਮਾਲਕ ਕੱਟੜ ਔਰੰਗਜ਼ੇਬ ਤੁਲਿਆ ਬੈਠਾ ਹੈ, ਦੂਜੇ ਪਾਸੇ ਪਹਾੜੀ ਹਿੰਦੂ ਰਾਜਪੂਤ ਰਾਜੇ ਗੋਂਦਾਂ ਗੁੰਦ ਰਹੇ ਹਨ, ਤੀਜੇ ਪਾਸੇ ਘਰ ਦੇ ਭੇਤੀ ਬਾਬਾ ਧੀਰਮਲ ਅਤੇ ਰਾਮ ਰਾਇ ਦੁਸ਼ਮਨਾਂ ਨੂੰ ਸੋਆਂ ਦੇ ਰਹੇ ਹਨ, ਅਤੇ ਚੌਥੇ ਨਿੱਘਰੇ ਹੋਏ ਡਰਾਕਲ ਲੋਕ ਸਗੋਂ ਰਾਹ ਵਿਚ ਰੋੜੇ ਅਟਕਾ ਕੇ ਰਾਜ਼ੀ ਹਨ।
ਪਰ ਸਤਿਗੁਰੂ ਜੀ ਨੇ ਸਮਝ ਲਿਆ ਸੀ ਕਿ ਇਹਨਾਂ ਡਰਾਕਲ ਤੇ ਕਾਇਰ ਲੋਕਾਂ ਵਿਚੋਂ ਹੀ ਜੋਧੇ ਬਣਨੇ ਹਨ, ਬੀਰ ਸੂਰਮੇ ਕਿਤੋਂ ਹੋਰ ਬਾਹਰੋਂ ਨਹੀਂ ਆਉਣੇ।
ਸਤਿਗੁਰੂ ਜੀ ਨੇ ਇਹਨਾਂ ਗਿੱਦੜਾਂ ਤੇ ਕਾਇਰਾਂ ਵਿਚੋਂ ਹੀ ਸ਼ੇਰ ਬਣਾਏ ਅਤੇ ਚਿੜੀਆਂ ਤੋਂ ਬਾਜ ਤੁੜਾਏ।
ਗੁਰੂ ਗੋਬਿੰਦ ਸਿੰਘ ਜੀ ਦੀ ਅਮ੍ਰਿਤ-ਸ਼ਕਤੀ ਦਾ ਜ਼ਿਕਰ ਇਕ ਹਜ਼ੂਰੀ ਕਵੀ ਇਉਂ ਕਰਦਾ ਹੈ:
ਗੁਰੂ ਗੋਬਿੰਦ ਸਿੰਘ ਪ੍ਰਗਟਿਓ, ਦਸਵਾਂ ਅਵਤਾਰਾ॥
ਜਿਨਿ ਅਲੱਖ ਅਪਾਰ ਨਿਰੰਜਨਾ, ਜਪਿਓ ਕਰਤਾਰਾ॥
ਨਿਜ ਪੰਥੁ ਚਲਾਇਓ ਖਾਲਸਾ, ਧਰਿ ਤੇਜ ਕਰਾਰਾ॥
ਸਿਰਿ ਕੇਸ ਧਾਰਿ, ਕਰ ਖੜਗ ਕੋ, ਸਭ ਦੁਸਟ ਪਛਾਰਾ॥
ਸੀਲ ਜੱਤ ਕੀ ਕਛ ਪਹਰਿ, ਪਕੜੋ ਹਥਿਆਰਾ॥
ਸਚ ਫਤਹ ਬੁਲਾਈ ਗੁਰੂ ਕੀ, ਜੀਤਿਓ ਰਣ ਭਾਰਾ॥
ਸਭ ਦੈਂਤ ਅਰਨਿ ਕੋ ਘੇਰਿ ਕਰਿ, ਕੀਜੈ ਪਰਿਹਾਰਾ॥
ਜਬ ਸਹਜੇ ਪ੍ਰਗਟਿਓ ਜਗਤ ਮਹਿ, ਗੁਰੁ ਜਾਪੁ ਅਪਾਰਾ॥
ਯੌਂ ਉਪਜੇ ਸਿੰਘ ਭੁਜੰਗੀਏ, ਨੀਲੰਬਰ ਧਾਰਾ॥
ਤੁਰਕ ਦੁਸ਼ਟ ਸਭ ਛੈ ਕੀਏ, ਹਰਿ ਨਾਮੁ ਉਚਾਰਾ॥
ਤਿਨ ਆਗੈ ਕੋਇ ਨ ਠਹਰਿਓ, ਭਾਗੇ ਸਿਰਦਾਰਾ॥
ਤਹ ਰਾਜੇ ਸ਼ਾਹ ਅਮੀਰੜੇ, ਹੋਏ ਸਭ ਛਾਰਾ॥
ਫਿਰਿ ਸੁਨਿ ਕਰਿ ਐਸੀ ਧਮਕ ਕੌ, ਕਾਂਪੈ ਗਿਰਿ ਭਾਰਾ॥
ਤਬ ਸਭ ਧਰਤੀ ਹਲਚਲ ਭਈ, ਛਾਡੇ ਘਰ ਬਾਰਾ॥
ਇਉਂ ਐਸੇ ਦੁੰਦ ਕਲੇਸ਼ ਮਹਿ, ਖਪਿਓ ਸੰਸਾਰਾ॥
ਤਹ ਬਿਨੁ ਸਤਿਗੁਰ ਕੋ ਹੈ ਨਹੀਂ, ਭੈ ਕਾਟਨਹਾਰਾ॥
ਗਹਿ ਐਸੇ ਖੜਗ ਦਿਖਾਇਅਨੁ, ਕੋ ਸਕੈ ਨ ਝੇਲਾ॥
ਵਾਹੁ ਵਾਹੁ ਗੋਬਿੰਦ ਸਿੰਘ, ਆਪੇ ਗੁਰੁ ਚੇਲਾ॥15॥
ਉਹਨਾਂ ਲੋਕਾਂ ਨੇ ਹੀ, ਜਿਹੜੇ ਬਿਲਕੁਲ ਨਕਾਰੇ ਤੇ ਨਿਰਬਲ ਹੋ ਚੁੱਕੇ ਸਨ, ਅੰਮ੍ਰਿਤ ਦੀ ਸ਼ਕਤੀ ਨਾਲ ਬੜੇ ਬੜੇ ਮੁਗ਼ਲ ਜਰਨੈਲਾਂ ਦੇ ਮੂੰਹ ਭਵਾ ਦਿੱਤੇ। ਉਹਨਾਂ ਦੇ ਵਿਚੋਂ ਹੀ ਬਾਬਾ ਦੀਪ ਸਿੰਘ ਜਿਹੇ ਅਤੇ ਬਾਬਾ ਗੁਰਬਖ਼ਸ਼ ਸਿੰਘ ਜਿਹੇ ਅਨੇਕਾਂ ਸੂਰਮੇ ਰਣਾਂ ਵਿਚ ਆਹੂ ਲਾਹਣ ਵਾਲੇ ਨਿੱਤਰ ਪਏ। ਚਮਕੌਰ ਦੀ ਇਕ ਨਿੱਕੀ ਜਿਹੀ ਹਵੇਲੀ ਵਿਚ ਸਿਰਫ਼ ਚਾਲੀ ਸਿੰਘਾਂ ਨੇ ਦਸ ਲੱਖ ਵੈਰੀ-ਦਲ ਦਾ ਜੋ ਟਾਕਰਾ ਕੀਤਾ, ਉਸ ਦੀ ਮਿਸਾਲ ਦੁਨੀਆਂ ਵਿਚ ਅਜੇ ਤਕ ਨਹੀਂ ਮਿਲਦੀ।
ਸਵਾ ਲਾਖ ਸੇ ਏਕ ਲੜਾਊਂ॥ ਤਬੀ ਗੋਬਿੰਦ ਸਿੰਘ ਨਾਮ ਕਹਾਊਂ॥
ਇਕ ਵਾਕ ਨੂੰ ਕਲਗੀਧਰ ਪਾਤਿਸ਼ਾਹ ਨੇ ਸਾਰੀ ਦੁਨੀਆਂ ਦੇ ਸਾਹਮਣੇ ਸੂਰਜ ਵਾਂਗ ਰੌਸ਼ਨ ਕਰ ਦਿੱਤਾ। ਔਰੰਗਜ਼ੇਬ ਵਲ ਭੇਜੇ ‘ਜ਼ਫਰਨਾਮੇ’ ਵਿਚ ਸਤਿਗੁਰੂ ਜੀ ਨੇ ਚਮਕੌਰ ਦੇ ਇਸ ਅਦੁੱਤੀ ਕਾਰਨਾਮੇ ਦਾ ਇਉਂ ਜ਼ਿਕਰ ਕੀਤਾ ਹੈ:
ਗੁਰਸਨਹ ਚਿਹ ਕਾਰੇ ਕੁਨਦ ਚਿਹਲ ਨਰ॥
ਕਿ ਦਹ ਲਖ ਬਰਾਯਦ ਬਰੋ ਬੇ-ਖ਼ਬਰ॥19॥
ਹਮਾਖ਼ਿਰ ਚਿਹ ਮਰਦੀ? ਖੁਨਦ ਕਾਰਜ਼ਾਰ॥
ਕਿ ਬਰ ਚਿਹਲ ਤਨ ਆਯਦਸ਼ ਬੇ-ਸ਼ੁਮਾਰ॥41॥
ਭਾਵ, ਭੁੱਖੇ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇ ਉਨ੍ਹਾਂ ਉਤੇ ਅਨ-ਗਿਣਤ ਫ਼ੌਜ ਟੁੱਟ ਪਵੇ। 19।
ਆਖ਼ਰ ਜੁੱਧ ਵਿਚ ਨਿਰੀ ਬਹਾਦਰੀ ਕੀ ਕਰ ਸਕਦੀ ਹੈ, ਜੇ ਚਾਲੀ ਆਦਮੀਆਂ ਉਤੇ ਬੇਅੰਤਹਾ ਫ਼ੌਜ ਹੱਲਾ ਬੋਲ ਦੇਵੇ। 41।
(3)
ਮਹਾਭਾਰਤ ਜੁੱਧ ਸਾਰੇ ਸੰਸਾਰ ਦੇ ਇਤਿਹਾਸ ਵਿਚ ਉਂਘਾ ਅਤੇ ਸੂਰਮਤਾਈ ਨਾਲ ਭਰਪੂਰ ਮੰਨਿਆ ਜਾਂਦਾ ਹੈ। ਪਰ ਉਸ ਵਿਚ ਪਾਂਡਵਾਂ ਦਾ ਜਿੱਤਣਾ ਕੋਈ ਅਨੋਖੀ ਗੱਲ ਨਹੀਂ ਸੀ। ਸ੍ਰੀ ਕ੍ਰਿਸ਼ਨ ਜੀ ਜਿਹੇ ਸਲਾਹਕਾਰ, ਅਰਜਨ ਜਿਹੇ ਨੀਤੀ-ਵੇਤਾ, ਭੀਮ ਜਿਹੇ ਬਲੀ, ਲੱਖਾਂ ਹੋਰ ਮਦਦਗਾਰ, ਰਥਾਂ ਘੋੜਿਆਂ ਤੀਰਾਂ ਕਮਾਨਾਂ ਦੇ ਸਾਮਾਨ ਉਹਨਾਂ ਦੇ ਨਾਲ ਸਨ। ਮੁਕਾਬਲਾ ਕੇਵਲ ਆਪਣੇ ਹੀ ਤਾਏ ਚਾਚੇ ਦੇ ਪੁੱਤਰ ਭਰਾਵਾਂ ‘ਕੈਰਵਾਂ’ ਨਾਲ ਹੀ ਸੀ।
ਪਰ ਅਸੀਂ ਹੁਣੇ ਹੀ ਵੇਖ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਦੇਸ ਦੀ ਕਿਤਨੀ ਡਾਢੀ ਭਿਆਨਕ ਹਾਲਤ ਸੀ। ਸਤਿਗੁਰੂ ਜੀ ਦੇ ਨਾਲ ਕੋਈ ਉਂਚੇ ਤਜਰਬੇ ਵਾਲੇ ਸਹਾਇਕ ਨਹੀਂ ਸਨ, ਕੋਈ ਸਾਮਾਨ ਨਹੀਂ ਸੀ। ਫਿਰ ਭੀ ਸਿਰਫ਼ ਪਰਮੇਸ਼ਵਰ ‘ਤੇ ਭਰੋਸਾ ਰੱਖ ਕੇ ਹੌਸਲੇ ਤੇ ਧੀਰਜ ਨਾ ਮੁਗ਼ਲਾਂ ਜਿਹੀਆਂ ਕੱਟੜ ਲੱਖਾਂ ਫ਼ੌਜਾਂ ਦਾ ਮੁਕਾਬਲਾ ਕਰ ਕੇ, ਜਿੱਤਾਂ ਪ੍ਰਾਪਤ ਕਰਨੀਆਂ ਦੁਨੀਆਂ ਦੇ ਇਤਿਹਾਸ ਵਿਚ ਕੇਵਲ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਕੰਮ ਸੀ। ਉਹੀ ਕਵੀ ਸਤਿਗੁਰੂ ਜੀ ਦੀ ਬੀਰਤਾ ਦੀ ਇਸ ਉਂਚੀ ਬੇ-ਮਿਸਾਲ ਸ਼ਾਨ ਨੂੰ ਵੇਖ ਕੇ ਇਉਂ ਲਿਖਦਾ ਹੈ:
ਪ੍ਰਾਣ-ਮੀਤ ਪਰਮਾਤਮਾ ਪੁਰਖੋਤਮ ਪੂਰਾ॥
ਹਰਿ ਦੇਖਨਹਾਰਾ ਪਾਤਿਸ਼ਾਹ ਪ੍ਰਤਿਪਾਲ ਨ ਊਰਾ॥
ਵਹੁ ਪ੍ਰਗਟਿਓ ਪੁਰਖ ਭਗਵੰਤ ਰੂਪ, ਗੁਰੁ ਗੋਬਿੰਦ ਪੂਰਾ॥
ਵਹਿ ਅਨਦ ਬਿਨੋਦੀ ਚੋਜੀਆ, ਸਤਿਗੁਰੂ ਭਰਪੂਰਾ॥
ਵਹਿ ਨਿਸਦਿਨ ਹਰਿ ਗੁਣ ਗਾਈਐ, ਸਚ ਸੱਚੀ ਵੇਲਾ॥
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ॥14॥
(4)
ਸੱਚੇ ਜੋਧੇ ਦੇ ਆਦਰਸ਼ ਇਹੀ ਹੁੰਦੇ ਹਨ-ਬੀਰਤਾ, ਕੁਰਬਾਨੀ ਅਤੇ ਨੇਕ-ਨੀਅਤੀ। ਗੁਰੂ ਗੋਬਿੰਦ ਸਿੰਘ ਜੀ ਦੀ ਬੀਰਤਾ ਦਾ ਥੋੜਾ ਕੁ ਦਰਸ਼ਨ ਅਸਾਂ ਕਰ ਲਿਆ ਹੈ। ਹੁਣ ਵੇਖੋ ਜਿਗਰਾ ਤੇ ਕੁਰਬਾਨੀ। ਦਸ ਸਾਲਾਂ ਦੀ ਉਮਰ ਵਿਚ ਪਿਤਾ ਨੂੰ ਕੁਰਬਾਨੀ ਲਈ ਤੋਰ ਦੇਣਾ, ਆਪਣੀ ਹੱਥੀਂ ਸ਼ਹੀਦੀ ਗਾਨਾ ਬੰਨ੍ਹ ਕੇ ਆਪਣੇ ਵੱਡੇ ਦੋਹਾਂ ਸਾਹਿਬਜ਼ਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਚਮਕੌਰ ਦੇ ਯੁੱਧ ਲਈ ਤੋਰ ਦੇਣਾ, ਦੋਹਾਂ ਜਿਗਰ ਦੇ ਟੁਕੜਿਆਂ ਫਤਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਕੰਧਾਂ ਵਿਚ ਚਿਣਵਾ ਕੇ ਇਕ ਹੰਝੂ ਨਾ ਕੇਰਨਾ, ਦੁਨੀਆ ਦੇ ਕਿਸੇ ਇਤਿਹਾਸ ਵਿਚ ਅਜਿਹੀ ਮਿਸਾਲ ਨਹੀਂ ਮਿਲਦੀ। ਇਸ ਜੋਧੇ ਦੀ ਮਿਸਾਲ, ਬੱਸ! ਇਹ ਆਪ ਹੀ ਹੈ। ਰੱਬੀ ਰਜ਼ਾ, ਤੇ ਪਹਾੜ ਵਾਂਗ ਅਟੱਲ ਰਹਿਣਾ-ਇਹ ਕਲਗੀਧਰ ਪਾਤਿਸ਼ਾਹ ਦਾ ਹੀ ਕੰਮ ਸੀ। ਜਦੋਂ ਸਾਰੇ ਸਰਬੰਸ ਦੇ ਵਾਰੇ ਜਾਣ ਦੀ ਖ਼ਬਰ ਸੁਣੀ, ਤਾਂ ਸਤਿਗੁਰੂ ਜੀ ਨੇ ਔਰੰਗਜ਼ੇਬ ਨੂੰ ਦੀਨੇ ਪਿੰਡ ਤੋਂ ‘ਜ਼ਫਰਨਾਮਾ’ ਲਿਖ ਕੇ ਭੇਜਿਆ। ਉਸ ਨੂੰ ਪੜ੍ਹ ਕੇ ਵੇਖੋ, ਇਕ ਇਕ ਸ਼ੇਅਰ ਵਿਚ ਬੇ-ਮਿਸਾਲ ਮਰਦਾਨਗੀ ਤੇ ਜਿਗਰਾ ਲਿਸ਼ਕਾਂ ਮਾਰ ਰਿਹਾ ਹੈ। ਹਜ਼ੂਰ ਲਿਖਦੇ ਹਨ:
ਹੁਮਾ ਰਾ ਕਸੇ ਸਾਯਾ ਆਯਦ ਬ-ਜ਼ੇਰ॥
ਬਰੋ ਦਸਤ ਦਾਰਦ ਨ ਜ਼ਾਗ਼ੇ ਦਲੇਰ॥16॥
ਕਸੇ ਪੁਸ਼ਤ ਉਫ਼ਤਦ ਪਸੇ ਸ਼ੇਰਿ ਨਰ॥
ਨ ਗੀਰਦ ਬੁਜ਼ੋ ਮੇਸ਼ੋ ਆਹੂ ਗੁਜ਼ਰ॥17॥
ਚਿਹਾ ਸ਼ੁਦ ਕਿ ਚੂੰ ਬੱਚਗਾਂ ਕੁਸ਼ਤਹ ਚਾਰ॥
ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ॥75॥
ਚਿਹ ਮਰਦੀ ਕਿ ਅਖ਼ਗਰ ਖ਼ਮੋਸ਼ਾਂ ਕੁਨੀ॥
ਕਿ ਆਤਸ਼ ਦਮਾਂ ਰਾ ਫ਼ਰੋਜ਼ਾਂ ਕੁਨੀ॥76॥
ਚੁ ਹੱਕ ਯਾਰ ਬਾਸ਼ਦ ਚਿਹ ਦੁਸ਼ਮਨ ਕੁਨੱਦ॥
ਅਗਰ ਦੁਸ਼ਮਨੀ ਰਾ ਬ-ਸਦ ਤਨ ਕੁਨੱਦ॥107॥
ਖ਼ਸਮ ਦੁਸ਼ਮਨੀ ਗਰ ਹਜ਼ਾਰ ਆਵੁਰੱਦ॥
ਨ ਯਕ ਮੂਏ ਊ ਰਾ ਆਜ਼ਾਰ ਆਵੁਰੱਦ॥108॥
ਭਾਵ, ਹੁੱਮਾ ਪੰਛੀ ਦੇ ਪਰਛਾਵੇਂ ਹੇਠ ਜਿਹੜਾ ਕੋਈ ਆ ਜਾਵੇ ਉਸ ਨੂੰ ਚਾਤਰ ਕਾਂ ਹੱਥ ਨਹੀਂ ਪਾ ਸਕਦਾ; ਮੈਂ ਵਾਹਿਗੁਰੂ ਦੇ ਆਸਰੇ ਹੇਠ ਹਾਂ, ਮੇਰਾ ਕੋਈ ਕੁਝ ਵਿਗਾੜ ਨਹੀਂ ਸਕਦਾ। 16।
ਜਿਹੜਾ ਮਨੁੱਖ ਸ਼ੇਰ ਦੀ ਸ਼ਰਨੀ ਆ ਜਾਂਦਾ ਹੈ, ਉਸ ਦੇ ਲਾਗੇ ਬੱਕਰੀ, ਭੇਡ ਤੇ ਹਿਰਨ ਆਦਿ ਫਟਕ ਨਹੀਂ ਸਕਦੇ। 17।
ਕੀ ਹੋਇਆ ਜੇ (ਮੇਰੇ) ਚਾਰ ਬੱਚਿਆ ਨੂੰ ਕਤਲ ਕੀਤਾ ਗਿਆ? ਕੁੰਡਲੀਆਂ ਸੱਪ-(ਖ਼ਾਲਸਾ) ਤਾਂ ਬਚਿਆ ਹੀ ਰਿਹਾ। 75।
ਇਹ ਤੇਰੀ ਕਿਹੜੀ ਮਰਦਾਨਗੀ ਹੈ ਕਿ ਚੰਗਿਆੜਾ ਬੁਝਾ ਲਿਆ। ਇਸ ਤਰ੍ਹਾਂ ਤਾਂ ਸਗੋਂ (ਜੋਸ਼ ਦੀ) ਅੱਗ ਨੂੰ ਭੜਕਾ ਦਿਤਾ ਗਿਆ ਹੈ। 76।
ਜੇ ਵਾਹਿਗੁਰੂ ਮਿੱਤਰ ਹੈ ਤਾਂ ਵੈਰੀ ਕੁਝ ਨਹੀਂ ਵਿਗਾੜ ਸਕਦਾ, ਭਾਵੇਂ ਉਹ ਸੌ-ਗੁਣਾ ਵੈਰ ਕਮਾਂਦਾ ਫਿਰੇ। 107।
ਜੇ ਵੈਰੀ ਹਜ਼ਾਰਾਂ ਵੀ ਵੈਰ ਕਰੇ, ਤਾਂ ਵੀ ਉਹ ਉਸ ਦਾ ਇਕ ਵਾਲ ਵਿੰਗਾ ਨਹੀਂ ਕਰ ਸਕਦਾ। 108।
ਸਾਰਾ ਹੀ ਪਰਵਾਰ ਕੁਰਬਾਨ ਕਰਾ ਕੇ ਭੀ ਔਰੰਗਜ਼ੇਬ ਨੂੰ ਲਿਖਦੇ ਹਨ ਕਿ ਜਿਸ ਦੇ ਸਿਰ ਉਤੇ ਹੁਮਾ ਦਾ ਸਾਇਆ ਹੋਵੇ, ਉਸ ਉਤੇ ਕੋਈ ਕਾਂ ਦਲੇਰੀ ਕਰ ਕੇ ਹੱਥ ਨਹੀਂ ਪਾ ਸਕਦਾ, ਜਿਸ ਨੇ ਸ਼ੇਰ ਦਾ ਆਸਰਾ ਲਿਆ ਹੋਵੇ, ਉਸ ਦੇ ਰਸਤੇ ਵਿਚ ਬੱਕਰੀ ਭੇਡ ਆਦਿਕ ਕੋਈ ਰੋਕ ਨਹੀਂ ਪਾ ਸਕਦੇ। ਤੂੰ ਅਤੇ ਤੇਰੇ ਜਰਨੈਲ ਮੇਰੇ ਚਾਰ ਪੁੱਤਰ ਮਾਰ ਕੇ ਫ਼ਖ਼ਰ ਕਰਦੇ ਹੋਣਗੇ, ਪਰ ਤੁਸਾਂ ਆਪਣੇ ਵਿਰੁੱਧ ਜਨਤਾ ਦੇ ਦਿਲਾਂ ਵਿਚ ਅੱਗ ਦੇ ਭਾਂਬੜ ਮਚਾ ਲਏ ਹਨ। ਜਿਸ ਦੇ ਸਿਰ ਉਤੇ ਅਕਾਲ ਪੁਰਖ ਰਾਖਾ ਹੋਵੇ, ਦੁਸ਼ਮਨ ਸਾਰਾ ਟਿੱਲ ਲਾ ਕੇ ਭੀ ਉਸ ਦਾ ਵਾਲ ਵਿੰਗਾ ਨਹੀਂ ਕਰ ਸਕਦਾ।
(5)
ਕਲਗੀਧਰ ਪਾਤਿਸ਼ਾਹ ਜੀ ਦੀ ਬੀਰਤਾ, ਜਿਗਰੇ ਅਤੇ ਕੁਰਬਾਨੀ ਦਾ ਵੰਨਗੀ ਮਾਤਰ ਦੀਦਾਰ ਅਸੀ ਕਰ ਚੁਕੇ ਹਾਂ। ਹੁਣ ਵੇਖੋ ਉਹਨਾਂ ਦੀ ਆਤਮਕ ਉਦਾਰਤਾ (ਨੋਬਲੲ ਢੋੲ)। ਸਾਊ ਦੁਸ਼ਮਨ ਦੀ ਪਦਵੀ ਤੋਂ ਭੀ ਦੂਰ ਉਂਚੇ ਲੰਘ ਗਏ ਹਨ। ਗੁਰੂ ਅਰਜਨ ਸਾਹਿਬ ਨੇ ਆਤਮਕ ਉਦਾਰਤਾ ਬਾਰੇ ਮਨੁੱਖਤਾ ਦਾ ਆਦਰਸ਼ ਪੇਸ਼ ਕਰਦਿਆਂ ਫ਼ੁਰਮਾਇਆ:
ਕਰਿ ਕਿਰਪਾ ਦੀਓ ਮੋਹਿ ਨਾਮਾ, ਬੰਧਨ ਤੇ ਛੁਟਕਾਏ॥
ਮਨ ਤੇ ਬਿਸਰਿਓ ਸਗਲੋ ਧੰਧਾ, ਗੁਰ ਕੀ ਚਰਣੀ ਲਾਏ॥1॥
ਸਾਧ ਸੰਗਿ ਚਿੰਤ ਬਿਰਾਨੀ ਛਾਡੀ॥
ਅਹੰਬੁਧਿ ਮੋਹ ਮਨ ਬਾਸਨ, ਦੇ ਕਰਿ ਗਡਹਾ ਗਾਡੀ॥1॥ਰਹਾਉ॥
ਨਾ ਕੋ ਮੇਰਾ ਦੁਸਮਨੁ ਰਹਿਆ, ਨਾ ਹਮ ਕਿਸ ਕੈ ਬੈਰਾਈ॥
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ, ਸਤਿਗੁਰ ਤੇ ਸੋਝੀ ਪਾਈ॥2॥
ਸਭੁ ਕੋ ਮੀਤੁ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ॥
ਦੂਰਿ ਪਰਾਇਓ ਮਨ ਕਾ ਬਿਰਹਾ, ਤਾ ਮੇਲੁ ਕੀਓ ਮੇਰੇ ਰਾਜਨ॥3॥
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ, ਸਬਦੁ ਲਗੋ ਗੁਰ ਮੀਠਾ॥
ਜਲਿ ਥਲਿ ਮਹੀਅਲਿ ਸਰਬ-ਨਿਵਾਸੀ, ਨਾਨਕ ਰਮਈਆ ਢੀਠਾ॥4॥3॥
(ਧਨਾਸਰੀ ਮ: 5, ਪੰਨਾ 671)
ਰਣ-ਭੂਮੀ ਵਿਚ ਤਲਵਾਰ ਫੜ ਕੇ ਭੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਆਦਰਸ਼ ਨੂੰ ਸਦਾ ਆਪਣੇ ਸਾਹਮਣੇ ਰੱਖਿਆ। ਕਦੇ ਭੀ ਕੋਈ ਧੋਖਾ ਜਾਂ ਚਲਾਕੀ ਨਹੀਂ ਕੀਤੀ। ਪਹਾੜੀ ਰਾਜੇ ਸਤਿਗੁਰੂ ਜੀ ਦੇ ਜਾਨੀ ਵੈਰੀ ਸਨ, ਭੰਗਾਣੀ ਦੇ ਜੁੱਧ ਵਿਚ ਉਹਨਾਂ ਦੀ ਨੀਅਤ ਸਾਫ਼ ਉਂਘੜ ਪਈ ਸੀ। ਪਰ ਜਦੋਂ ਕਦੇ ਉਹਨਾਂ ਉੇਤੇ ਮੁਗਲਾਂ ਹਾਕਮਾਂ ਵਲੋਂ ਜਬਰ ਹੋਇਆ, ਸਤਿਗੁਰੂ ਜੀ ਨੇ ਸਦਾ ਉਹਨਾਂ ਦੀ ਬਾਂਹ ਫੜੀ। ਗੁਰੂ ਪਾਤਿਸ਼ਾਹ ਦੇ ਪਾਸ ਸ਼ਿਕਾਇਤ ਹੋਈ ਸੀ ਕਿ ਭਾਈ ਘਨੱਈਆ ਜੀ ਰਣ-ਭੂਮੀ ਵਿਚ ਦੋਸਤਾਂ ਦੁਸ਼ਮਨਾਂ ਦੋਹਾਂ ਧਿਰਾਂ ਦੇ ਫੱਟੜਾਂ ਨੂੰ ਪਾਣੀ ਪਿਲਾਂਦੇ ਹਨ, ਸਤਿਗੁਰੂ ਜੀ ਭਾਈ ਘਨੱਈਏ ਜੀ ਦੀ ਇਹ ਨਿਰਵੈਰਤਾ ਵੇਖ ਕੇ ਬਹੁੱਤ ਹੀ ਖ਼ੁਸ਼ ਹੋਏ ਸਨ। ਉਹਨਾਂ ਦਾ ਵੈਰ ਕਿਸੇ ਹਿੰਦੂ ਜਾਂ ਮੁਸਲਮਾਨ ਨਾਲ ਨਹੀਂ ਸੀ। ਇਹੀ ਨਿਰਵੈਰਤਾ ਸੀ ਜਿਸ ਨੇ ਗ਼ਨੀ ਖ਼ਾਂ ਨੂੰ ਖਿੱਚ ਕੇ ਲਿਆਂਦਾ ਸੀ, ਤੇ ਬੜੇ ਬਿਖੜੇ ਸਮੇ ਉਹਨਾਂ ਨੂੰ ਗੁਰੂ ਪਾਤਿਸ਼ਾਹ ਦੀ ਸੇਵਾ ਕਰਨ ਦੀ ਪ੍ਰੇਰਨਾ ਕੀਤੀ ਸੀ। ਸਤਿਗੁਰੂ ਜੀ ਬਿਨਾ ਕਿਸੇ ਜਾਤਿ-ਪਾਤਿ ਦੇ ਪੱਖ ਦੇ ਧਰਮੀਆਂ ਦੇ ਸਹਾਇਕ ਸਨ ਅਤੇ ਅਧਰਮ ਦੇ ਵਿਰੋਧੀ ਸਨ। ਆਪਣਾ ਇਹ ਆਦਰਸ਼ ਉਹ ਆਪ ਸਾਫ਼ ਲਫ਼ਜ਼ਾਂ ਵਿਚ ਇਉਂ ਦੱਸਦੇ ਹਨ:
ਯਾਹੀ ਕਾਜ ਧਰਾ ਹਮ ਜਨਮੰ॥
ਸਮਝ ਲੇਹੁ ਸਾਧੂ ਸਭ ਮਨਮੰ॥
ਧਰਮ ਚਲਾਵਨ ਸੰਤ ਉਬਾਰਨ॥
ਦੁਸ਼ਟ ਸਭਨ ਕੋ ਮੂਲ ਉਪਾਰਨ॥43॥ (ਬਚਿਤ੍ਰ ਨਾਟਕ, ਅਧਿ:6) |