ਆਦਰਸ਼ਕ ਜੀਵਨ ਗੁਰੂ ਗੋਬਿੰਦ ਸਿੰਘ ਜੀ - ਪ੍ਰ: ਸ਼ਾਹਿਬ ਸਿੰਘ ਜੀ (1) ਕਰਤਾਰ ਦੀ ਕੁਰਦਤਿ ਵਿਚ ਇਕ ਅਚਰਜ ਖੇਡ ਵੇਖਣ ਵਿਚ ਆਉਂਦੀ ਹੈ ਕਿ ਇਕੋ ਹੀ ਸ਼ੈ ਵਿਚ ਦੋ ਵਿਰੋਧੀ ਗੁਣ ਮਿਲਦੇ ਹਨ। ਗੁਲਾਬ ਦੇ ਬੂਟੇ ਨੂੰ ਤੱਕੋ, ਇਕੋ ਹੀ ਡਾਲੀ ਵਿਚੋਂ ਫੁੱਲ ਭੀ ਪੈਦਾ ਹੁੰਦੇ ਹਨ ਤੇ ਕੰਡੇ ਭੀ। ਵਰਖਾ ਵੇਲੇ ਤੁਸੀ ਨਿਤ ਤਮਾਸ਼ਾ ਵੇਖਦੇ ਹੋ ਕਿ ਜਿਹੜੇ ਬੱਦਲ ਮੀਂਹ ਵਰ੍ਹਾ ਕੇ ਹਰਿਆਵਲ ਪੈਦਾ ਕਰਦੇ ਹਨ, ਉਹਨਾਂ ਵਿਚੋਂ ਹੀ ਬਿਜਲੀ ਨਿਕਲ ਕੇ ਸਾੜ ਕੇ ਸੁਆਹ ਕਰ ਦੇਂਦੀ ਹੈ। ਇਸ ਸਾਰੀ ਰਚਨਾ ਦਾ ਪੈਦਾ ਕਰਨ ਵਾਲਾ ਪਰਮਾਤਮਾ ਆਪ ਹੈ। ਉਸ ਦੇ ਅਜਿਹੇ ਕੌਤਕ ਵੇਖ ਕੇ ਹੀ ਸ੍ਰੀ ਕਲਗੀਧਰ ਪਾਤਿਸ਼ਾਹ ਉਸ ਦੇ ਆਪਣੇ ਸਰੂਪ ਬਾਰੇ ਭੀ ਬਚਿਤ੍ਰ ਨਾਟਕ ਦੇ ਪਹਿਲੇ ਅਧਿਆਇ ਵਿਚ ਲਿਖਦੇ ਹਨ ਕਿ ਕਿਤੇ ਤੂੰ ਬੜਾ ਕੋਮਲ ਸੁੰਦਰ ਸਰੂਪ ਧਾਰ ਕੇ ਪਰਗਟ ਹੋ ਰਿਹਾ ਹੈਂ, ਅਤੇ ਸਾਰੇ ਜੀਅ-ਜੰਤਾਂ ਦੇ ਮਨ ਨੂੰ ਮੋਹ ਰਿਹਾ ਹੈਂ, ਪਰ ਕਿਤੇ ਭਿਆਨਕ ਰੂਪ ਬਣਾ ਕੇ ਸਭਨਾਂ ਦੀ ਮੌਤ ਦਾ ਕਾਰਨ ਭੀ ਬਣਦਾ ਹੈਂ। ਆਪ ਫ਼ੁਰਮਾਂਦੇ ਹਨ: ਕਹੂੰ ਫੂਲ ਹੈਵ ਕੈ, ਭਲੇ ਰਾਜਿ ਫੂਲੇ॥ ਕਹੂੰ ਨਾਦ ਹੈਵ ਕੈ ਭਲੀ ਭਾਂਤਿ ਬਾਜੇ॥ ਕਰੰ ਬਾਮ ਚਾਪਯੰ ਕ੍ਰਿਪਾਣੰ ਕਰਾਲੰ॥ ਡਮਾ ਡਮ ਡਉਰੂ, ਸਿਤਾ ਸੇਤ ਛੱਤੰ੍ਰ॥ ਮਨੁੱਖ ਦੇ ਅੰਦਰ ਭੀ ਇਹ ਦੋਵੇਂ ਸ਼ਕਤੀਆਂ ਮੌਜੂਦ ਹਨ-ਸਖ਼ਤੀ ਅਤੇ ਕੋਮਲਤਾ। ਸਖ਼ਤੀ ਤੋਂ ਬਹਾਦਰੀ ਤੇ ਸੂਰਮਤਾ ਪੈਦਾ ਹੁੰਦੀ ਹੈ, ਕੋਮਲਤਾ ਤੋਂ ਦਇਆ ਤੇ ਪਿਆਰ ਆਦਿਕ ਗੁਣ ਪੈਦਾ ਹੁੰਦੇ ਹਨ। ਇਹ ਦੋਵੇਂ ਤਾਕਤਾਂ ਜ਼ਰੂਰੀ ਹਨ, ਤੇ ਦੋਹਾਂ ਦੇ ਇਕੱਠੇ ਰਹਿਣ ਵਿਚ ਹੀ ਜਗਤ ਦੀ ਭਲਾਈ ਹੈ। ਜੇ ਕਿਸੇ ਇਕ ਗੁਣ ਵਲ ਬਹੁਤਾ ਝੁਕਾਉ ਹੋ ਜਾਏ, ਤਾਂ ਦੂਜਾ ਗੁਣ ਕਮਜ਼ੋਰ ਹੋ ਜਾਂਦਾ ਹੈ, ਤੇ ਜੀਵਨ ‘ਆਦਰਸ਼ਕ ਜੀਵਨ’ ਨਹੀਂ ਰਹਿ ਜਾਂਦਾ। (2) ਮਨੂੰ ਦੀ ਵਰਨ-ਵੰਡ ਨੇ ਇਨਸਾਨੀ ਗੁਣਾਂ ਨੂੰ ਭੀ ਵੰਡ ਦਿੱਤਾ। ਬ੍ਰਾਹਮਣ ਕੇਵਲ ਪਰਮਾਰਥ ਦੇ ਰਾਖੇ ਬਣ ਗਏ ਅਤੇ ਛੱਤ੍ਰੀ ਤਲਵਾਰ ਦੇ ਮਾਲਕ ਹੋ ਗਏ। ਵੈਸ਼ ਤੇ ਸ਼ੂਦਰ ਮਨੁੱਖਤਾ ਦੇ ਹੇਠਲੇ ਦਰਜੇ ਵਿਚ ਰਹਿ ਗਏ। ਬੋਧੀਆਂ ਤੇ ਜੈਨੀਆਂ ਨੇ ਆਪਣੇ ਸੇਵਕਾਂ ਨੂੰ ਭਿਖਸ਼ੂ ਬਣਨ ‘ਤੇ ਹੀ ਜ਼ੋਰ ਦਿੱਤਾ। (ੳ) ਜਨਨੀ ਜਨੈ ਤ ਭਗਤ ਜਨ, ਕੈ ਦਾਤਾ, ਕੈ ਸੂਰ॥ (ਅ) ਪ੍ਰੇਮ ਸੋ ਨੀਰ ਬਹੈ ਜਸ ਗਾਵਤ, ਨਾਚਤ ਦੇਵ ਚਲੈਂ ਸਭ ਅੰਗਾ॥ ਸੋ, ਇਕ ਪਾਸੇ ਅਹੰਕਾਰੀ ਤੇ ਦੂਜੇ ਪਾਸੇ ਮੁਰਦਾ ਜਿਹਾ ਜੀਵਨ ਹੋ ਗਿਆ। ਨਤੀਜਾ ਇਹ ਨਿਕਲਿਆ ਕਿ ਭਜਨੀਕ ਸੂਰਮੇ ਨਾ ਰਹੇ ਅਤੇ ਸੂਰਮੇ ਭਜਨੀਕ ਨਾ ਬਣ ਸਕੇ। (3) ਕੋਈ ਭੀ ਮਰਯਾਦਾ ਕਿਤਨੀ ਗੁਣਕਾਰੀ ਕਿਉਂ ਨ ਹੋਵੇ, ਆਪਣੇ ਅਸਲੇ ਤੋਂ ਖੁੰਝ ਕੇ ਦੁਖਦਾਈ ਤੇ ਹਾਨੀਕਾਰਕ ਹੋ ਜਾਂਦੀ ਹੈ। ਸਾਰੀ ਸ੍ਰਿਸ਼ਟੀ ਦੇ ਜੀਵਾਂ ਦੀ ਵੰਡ ਉਹਨਾਂ ਦੇ ਅਸਲੇ ਅਨੁਸਾਰ ਕੀਤੀ ਗਈ ਤਾਂ ਚਾਰ ਖਾਣੀਆਂ ਲੋਕ-ਪਰਸਿੱਧ ਹੋ ਗਈਆਂ: ਅੰਡਜ, ਜੇਰਜ, ਸੇਤਜ ਤੇ ਉਤਭੁਜ॥ ਇਹ ਵੰਡ ਕੁਦਰਤ ਦੇ ਇਕ ਸਰਬ-ਸਾਂਝੇ ਨਿਯਮ ਨੂੰ ਗਹੁ ਨਾਲ ਪਰਖ ਵੇਖ ਕੇ ਕੀਤੀ ਗਈ। ਇਸ ਧਰਤੀ ਦੇ ਵਖ ਵਖ ਦੇਸਾਂ ਦੇ ਵਖ ਵਖ ਜਲ-ਵਾਯੂ ਆਦਿਕ ਦੇ ਅਸਰ ਹੇਠ ਮਨੁੱਖਾਂ ਦੀਆਂ ਸ਼ਕਲਾਂ ਤੇ ਸੁਭਾਵਾਂ ਵਿਚ ਬੜਾ ਫ਼ਰਕ ਦਿੱਸਣ ਲਗ ਪਿਆ, ਇਸ ਦੇ ਆਧਾਰ ‘ਤੇ ਵਖ ਵਖ ਕੌਮਾਂ ਦੇ ਵਖ ਵਖ ਨਾਂ ਚਲ ਪਏ। ਇਹ ਭੀ ਇਕ ਕੁਦਰਤੀ ਅਸਰ ਸੀ। ਮਨੁੱਖ ਦੀਆਂ ਅਨੇਕਾਂ ਸਰੀਰਕ ਲੋੜਾਂ ਹਨ। ਇਹਨਾਂ ਲੋੜਾਂ ਨੂੰ ਪੂਰਾ ਕਰਨ ਲਈ ਆਪੋ ਆਪਣੀ ਰੁਚੀ ਤੇ ਵਿਤ ਅਨੁਸਾਰ ਮਨੁੱਖਾਂ ਨੇ ਵਖ ਵਖ ਕਿੱਤੇ ਮੱਲ ਲਏ। ਕੋਈ ਹਲ ਵਾਹੁਣ ਲਗ ਪਿਆ, ਕੋਈ ਭਾਂਡੇ ਘੜਨ ਲਗ ਪਿਆ, ਕਿਸੇ ਵਣਜ ਨੂੰ ਪਸੰਦ ਕੀਤਾ, ਇਤਿਆਦਿਕ। ਇਹਨਾਂ ਵਖ ਵਖ ਕਿੱਤਿਆਂ ਦੇ ਸੰਬੰਧ ਕਰਕੇ ਵਖ ਵਖ ਨਾਵਾਂ ਵਾਲੇ ‘ਕਿਰਤੀ’ ਬਣ ਗਏ। ਕੁੰਭ (ਘੜਾ) ਬਣਾਣ ਵਾਲਾ ਕੁੰਭਕਾਰ (ਘੁਮਿਆਰ) ਸਦਾਇਆ, ਇਸੇ ਤਰ੍ਹਾਂ ਹੋਰ ਅਨੇਕਾਂ ‘ਕਿਰਤੀ’ ਨਾਮ ਬਣੇ। ਇਹ ਭੀ ਇਕ ਕੁਦਰਤੀ ਚਾਲ ਹੀ ਸੀ। ਪਰ ਇਸ ਕੁਦਰਤੀ ਰੀਤ ਨੂੰ ਵਿਸਾਰ ਕੇ ‘ਜਾਤੀ’ ਜਨਮ ਤੋਂ ਮੰਨੀ ਜਾਣ ਲਗ ਪਈ। ਲੋਕ ਘੁਮਿਆਰ ਦੇ ਘਰ ਜੰਮੇ ਨੂੰ ਘੁਮਿਆਰ, ਨਾਈ ਦੇ ਘਰ ਜੰਮੇ ਨੂੰ ਨਾਈ ਆਖਣ ਲਗ ਪਏ। ਆਪਣੇ ਪਿਉ ਦਾਦੇ ਵਾਲੀ ਕਿਰਤ ਉਹ ਕਰਨ ਚਾਹੇ ਨਾ ਕਰਨ, ‘ਜਾਤਿ’ ਵਾਲੀ ਮੋਹਰ ਪੱਕੀ ਲਗ ਗਈ। ਇਸ ਕੁਚਾਲ ਨੂੰ ਢੇਰ ਪੁਰਾਣੇ ਸਮੇਂ ਵਿਚ ਮਨੂੰ ਦੀ ‘ਵਰਨ-ਵੰਡ’ ਨੇ ਮੁਕੰਮਲ ਤੌਰ ‘ਤੇ ਪੱਕਾ ਕਰ ਦਿੱਤਾ, ਅਤੇ ਇਸ ਦੇ ਅਸਰ ਹੇਠ ਭਲਿਆਂ ਪਾਸੋਂ ਭੀ ਉਪੱਦ੍ਰਵ ਹੋ ਗਏ: ਸ੍ਰੀ ਰਾਮਚੰਦਰ ਜੀ ਨੇ ਇਕ ‘ਸੰਬੂਕ’ ਨਾਮੀ ਤਪਸੀ ਨੂੰ ਸਿਰਫ਼ ਇਸ ਵਾਸਤੇ ਫਾਂਸੀ ਦਿੱਤੀ ਸੀ ਕਿ ਉਹ ਸ਼ੂਦਰ ਜਾਤੀ ਵਿਚ ਜੰਮ ਕੇ ਤਪ ਕਰ ਰਿਹਾ ਸੀ। ਸ਼ੂਦਰ ਨੂੰ ਇਹ ਹੱਕ ਨਹੀਂ ਸੀ। ਭਗਤ ਨਾਮਦੇਵ ਜੀ ਭਾਰਤ ਵਿਚ ਇਕ ਪਰਸਿੱਧ ਭਗਤ ਹਨ, ਬੜੇ ਉਂਚੇ ਜੀਵਨ ਵਾਲੇ ਮਹਾਂ ਪੁਰਖ ਹਨ, ਅਨੇਕਾਂ ਭੁੱਲਿਆਂ ਭਟਕਿਆਂ ਨੂੰ ਉਹਨਾਂ ਜ਼ਿੰਦਗੀ ਦਾ ਸਹੀ ਰਸਤਾ ਵਿਖਾਇਆ। ਉਹਨਾਂ ਦੀ ਬਾਣੀ ਰਹਿੰਦੀ ਦੁਨੀਆਂ ਤਕ ਮਨੁੱਖਾ ਜੀਵਨ ਲਈ ਚਾਨਣ-ਮੁਨਾਰਾ ਰਹੇਗੀ। ਪਰ ਉਂਚ-ਜ਼ਾਤੀਏ ਲੋਕਾਂ ਨੇ ਮੰਦਰ ਵਿਚੋਂ ਧੱਕੇ ਮਾਰ ਮਾਰ ਕੇ ਕੱਢ ਦਿੱਤਾ, ਜਦੋਂ ਇਕ ਵਾਰੀ ਉਹ ਮੰਦਰ ਵਿਚ ਗਏ ਸਨ। ਇਤਨੇ ਵੱਡੇ ਮਹਾਂ ਪੁਰਖ ਦੀ ਇਹ ਨਿਰਾਦਰੀ ਕਿਉਂ ਕੀਤੀ ਗਈ? ਸਿਰਫ਼ ਇਸ ਵਾਸਤੇ ਕਿ ਨਿਰਾਦਰੀ ਕਰਨ ਵਾਲੇ ਬੰਦਿਆਂ ਦੀਆਂ ਨਜ਼ਰਾਂ ਵਿਚ ਉਹ ਛੀਂਬੇ ਸਨ, ਨੀਵੀਂ ਜਾਤਿ ਦੇ ਸਨ। ਇਸ ਹੋਈ ਨਿਰਾਦਰੀ ਦਾ ਗਿਲਾ ਉਹਨਾਂ ਆਪਣੇ ਪਰਮਾਤਮਾ ਦੀ ਦਰਗਾਹ ਵਿਚ ਇਉਂ ਕੀਤਾ ਸੀ: ਮੋ ਕਉ ਤੂੰ ਨ ਬਿਸਾਰਿ, ਤੂ ਨ ਬਿਸਾਰਿ॥ ਇਕ ਹੋਰ ਸ਼ਬਦ ਵਿਚ ਭੀ ਇਹੀ ਗਿਲਾ ਕਰਦੇ ਹਨ: ਹਸਤ ਖੇਲਤ ਤੇਰੇ ਦੇਹੁਰੈ ਆਇਆ॥ (4) ਮਨੁੱਖਾ ਇਤਿਹਾਸ ਵਿਚ ਇਹ ਇਕ ਵੱਡੀ ਸਾਰੀ ਕੁਬੁੱਧਿ ਦੀ ਵਰਤੋਂ ਸੀ। ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਜਗਤ ਵਿਚ ਭੇਜਿਆ ਕਿ: ਜਾਹਿ ਤਹਾਂ ਤੈਂ ਧਰਮ ਚਲਾਇ॥ ਸਤਿਗੁਰੂ ਕਲਗੀਧਰ ਪਾਤਿਸ਼ਾਹ ਨੇ ਸੂਰਮਤਾ ਤੇ ਕੋਮਲਤਾ ਨੂੰ ਇਕ ਥਾਂ ਇਕੱਠਾ ਕੀਤਾ। ਜਾਤੀ-ਅਭਿਮਾਨ ਮਨੁੱਖ-ਜਾਤੀ ਵਿਚ ਬਹੁਤ ਹੀ ਪੁਰਾਣਾ ਹੈ, ਪਰ ਸਿਪਾਹੀ-ਗਿਰੀ ਤਾਂ ਖ਼ਾਸ ਤੌਰ ‘ਤੇ ਸਦਾ ਜਨਮ ਤੋਂ ਹੀ ਮੰਨੀ ਜਾ ਰਹੀ ਹੈ। ਸਕਾਚ ਲੋਕ, ਜਰਮਨ, ਮੁਗ਼ਲ, ਪਠਾਣ, ਗੋਰਖੇ ਤੇ ਮਰਹੱਟੇ-ਇਹ ਸਭ ਜਨਮ ਤੋਂ ਹੀ ਬੀਰ-ਜਾਤੀਆਂ ਮੰਨੀਆਂ ਚਲੀਆਂ ਆ ਰਹੀਆਂ ਹਨ। ਉਂਜ ਇਸ ਦੇ ਨਾਲ ਨਾਲ ਇਹ ਖ਼ਿਆਲ ਭੀ ਪੁਰਾਣਾ ਤੁਰਿਆ ਆ ਰਿਹਾ ਹੈ ਕਿ ਸਿਪਾਹੀ ਸੂਰਮੇ ਦਾ ਜਨਮ ਤਲਵਾਰ ਤੋਂ ਹੈ। ਵਾਪਸ ਆਪਣੇ ਡੇਰੇ ‘ਤੇ ਆ ਕੇ ਨਾਸਰ ਨੇ ਨਾਦਰ ਸ਼ਾਹ ਨੂੰ ਇਹ ਗੱਲ ਸੁਣਾਈ। ਉਸ ਨੇ ਕਿਹ ਕਿ ਭਲਕੇ ਜਾ ਕੇ ਤੂੰ ਸ਼ਾਹਜ਼ਾਦੀਆਂ ਤੋਂ ਉਹਨਾਂ ਦੀ ਬੰਸਾਵਲੀ ਪੁੱਛੀਂ। ਜਦੋਂ ਉਹ ਤੈਮੂਰ ‘ਤੇ ਪਹੁੰਚਣ, ਤਾਂ ਤੂੰ ਪੁੱਛੀਂ ਕਿ ਤੈਮੂਰ ਨੇ ਬਾਦਸ਼ਾਹੀ ਕਿਥੋਂ ਹਾਸਲ ਕੀਤੀ। ਜੋ ਉਹਨਾਂ ਦਾ ਉਂਤਰ ਹੋਵੇਗਾ ਉਹੀ ਤੇਰਾ ਹੈ। ਸ਼ਾਹਜ਼ਾਦੀਆਂ ਨੇ ਦਸਿਆ ਕਿ ਤੈਮੂਰ ਨੇ ਤਲਵਾਰ ਤੋਂ ਪ੍ਰਾਪਤ ਕੀਤੀ। ਤਾਂ ਨਾਸਰ ਨੇ ਕਿਹਾ, ਮੇਰਾ ਪਿਉ ਨਾਦਰ ਸ਼ਾਹ, ਤੇ ਨਾਦਰ ਸ਼ਾਹ ਨੇ ਰਾਜ-ਭਾਗ ਤਲਵਾਰ ਤੋਂ ਪਾਇਆ। ਸੋ, ਸ਼ਖ਼ਸੀ ਤੌਰ ‘ਤੇ ਇਹੀ ਮੰਨਿਆ ਜਾਂਦਾ ਹੈ ਕਿ ਛੱਤਰੀ ਤਲਵਾਰ ਦਾ ਪੁੱਤਰ ਹੈ। ਇਕ ਹੋਰ ਪੁਰਾਣੀ ਕਥਾ ਭੀ ਅਸੀ ਭਾਰਤ ਦੇ ਇਤਿਹਾਸ ਵਿਚ ਸੁਣਦੇ ਆ ਰਹੇ ਹਾਂ ਕਿ ਰਾਖਸ਼ਾਂ ਦਾ ਨਾਸ ਕਰਨ ਲਈ ਆਬੂ ਪਹਾੜ ਉਂਤੇ ਰਿਸ਼ੀਆਂ ਨੇ ਜੱਗ ਕੀਤਾ। ਹਵਨ-ਕੁੰਡ ਵਿਚੋਂ ਚਾਰ ਪ੍ਰਤਾਪੀ ਪੁਰਖ ਜੰਮੇ-ਪਰਮਾਰ, ਚੌਹਾਨ, ਸੋਲੰਕ ਅਤੇ ਪਰਹਾਰ। ਇਹਨਾਂ ਚਹੁੰਆਂ ਤੋਂ ਚਾਰ ਰਾਜਪੂਤੀ ਖ਼ਾਨਦਾਨ ਬਣੇ। ਉਸ ਅਗਨੀ-ਕੁੰਡ ਨੇ ਸਿਰਫ਼ ਚਾਰ ਸੂਰਮੇ ਹੀ ਪੈਦਾ ਕੀਤੇ। ਅਗਾਂਹ ਸੂਰਮਤਾ ਫਿਰ ਜਨਮ ‘ਤੇ ਹੀ ਆ ਟਿੱਕੀ। ਉਹਨਾਂ ਚਾਰ ਰਾਜਪੂਤਾਂ ਤੋਂ ਜੰਮੇ ਸਾਰੇ ਰਾਜਪੂਤ ਸੂਰਮੇ ਮੰਨੇ ਜਾਣ ਲਗ ਪਏ। ਇਹ ਅਸੂਲ ਕਿ ਹਰੇਕ ਮਨੁੱਖ ਸ਼ਸਤ੍ਰਧਾਰੀ ਹੋ ਕੇ ਸੂਰਮਾ ਬਣ ਸਕਦਾ ਹੈ, ਭੁਲਿਆ ਹੀ ਰਿਹਾ। ਨੀਚ ਜਾਤਿ ਹਰਿ ਜਪਤਿਆ, ਉਤਮ ਪਦਵੀਂ ਪਾਇ॥ ਪੂਛਤੁ ਬਿਦਰ ਦਾਸੀ ਸੁਤੈ, ਕਿਸਨੁ ਉਤਰਿਆ ਘਰਿ ਜਿਸੁ ਜਾਇ॥1॥ ਸੂਰਮਤਾ ਭੀ ਗੁਰੂ ਪਾਤਿਸ਼ਾਹ ਨੇ ਕਿਸੇ ਇਕ ਕੁਲ ਦਾ ਹੱਕ ਨਹੀਂ ਰਹਿਣ ਦਿੱਤਾ। ਖੰਡੇ ਦੀ ਭੇਟ ਸੀਸ ਮੰਗ ਕੇ, ਖੰਡੇ ਦਾ ਅੰਮ੍ਰਿਤ ਹਰੇਕ ਜਾਤਿ ਦੇ ਪ੍ਰਾਣੀ ਨੂੰ ਦੇ ਕੇ ‘ਖ਼ਾਲਸਾ’ ਪੈਦਾ ਕੀਤਾ, ਤੇ ਹੁਕਮ ਕੀਤਾ ਕਿ: ਖ਼ਾਲਸਾ ਮੇਰੋ ਰੂਪ ਹੈ ਖਾਸ॥ ਨਾਈ, ਝੀਊਰ, ਜੱਟ, ਛੀਂਬੇ, ਤ੍ਰਿਖਾਣ ਆਦਿਕ ਪੁਰਾਣੀਆਂ ਮੰਨੀਆਂ ਵੈਸ਼ ਤੇ ਸ਼ੂਦਰ ਜਾਤੀਆਂ ਤੋਂ ਗੁਰੂ ਪਾਤਿਸ਼ਾਹ ਦੀ ਮਿਹਰ ਨਾਲ ਸੂਰਮੇ ਪੈਦਾ ਹੋਏ ਤੇ ਹੋ ਰਹੇ ਹਨ। ਉਹ ਸੋਮਾ ਮੁੱਕ ਨਹੀਂ ਗਿਆ, ਹੁਣ ਭੀ ਵੈਸੇ ਹੀ ਹੈ। ਇਕ ਹਜ਼ੂਰੀ ਕਵੀ ਭਾਈ ਗੁਰਦਾਸ ਜੀ ਨੇ ਇਉਂ ਲਿਖਿਆ ਹੈ: ਗੁਰੁ ਗੋਬਿੰਦ ਸਿੰਘ ਪ੍ਰਗਟਿਓ, ਦਸਵਾਂ ਅਵਤਾਰਾ॥ ਖੰਡੇ ਦੀ ਧਾਰ ਤੋਂ ਪੈਦਾ ਹੋਇਆ ਹਰੇਕ ਸਿੱਖ ਇਕ ਪਾਸੇ ਉਂਚੇ ਆਤਮਕ ਜੀਵਨ ਵਾਲੇ ਨੂੰ ਧੰਨ ਧੰਨ ਆਖਦਾ ਹੈ, ਦੂਜੇ ਪਾਸੇ ਪ੍ਰਭੂ-ਦਰ ‘ਤੇ ਅਰਦਾਸ ਕਰਦਾ ਹੈ ਕਿ ਹੇ ਪਤਿਸਾਹ! ਜੇ ਦੁਸ਼ਟਾਂ ਦੇ ਮਜਬੂਰ ਕਰਨ ‘ਤੇ ਮੈਨੂੰ ਖੜਗ ਫੜਨੀ ਪਏ ਤਾਂ ਮੈਂ ਰਣ-ਭੂਮੀ ਵਿਚ ਜਾ ਕੇ ਸਨਮੁਖ ਰਹਿ ਕੇ ਜੂਝ ਮਰਾਂ। ਹਰੇਕ ਸਿਖ ਕਲਗੀਧਰ ਪਾਤਿਸ਼ਾਹ ਜੀ ਦੇ ਇਸ ਆਦਰਸ਼ ਨੂੰ ਉਹਨਾਂ ਦੇ ਆਪਣੇ ਮਹਾਂ ਵਾਕਾਂ ਦੀ ਰਾਹੀਂ ਇਉਂ ਚੇਤੇ ਰਖਦਾ ਹੈ: ਧੰਨਿ ਜੀਉ ਤਿਹ ਕੋ ਜਗ ਮਹਿ, ਮੁਖਿ ਤੇ ਹਰਿ, ਚਿੱਤ ਮਹਿ ਜੁੱਧ ਬਿਚਾਰੈ॥ |