ਸ਼੍ਰੀ ਬੇਨਤੀ ਚੌਪਈ

- ਭਾਈ ਸਾਹਿਬ ਭਾਈ ਜੋਗਿੰਦਰ ਸਿੰਘ ਜੀ ਤਲਵਾੜਾਪ੍ਰਸ਼ਨ : ‘ਸ੍ਰੀ ਬੇਨਤੀ ਚੌਪਈ’ ਨਾਮੀ ਬਾਣੀ ਦਾ ਕੇਂਦਰੀ-ਭਾਵ ਨਿਰੂਪਣ ਕਰੋ।

ਉੱਤਰ : ਜਿਵੇਂ ਕਿ ਇਸ ਪਾਵਨ ਬਾਣੀ ਦੇ ਸਿਰਲੇਖ ਤੋਂ ਹੀ ਵਿੱਦਤ (ਪ੍ਰਗਟ) ਹੁੰਦਾ ਹੈ, ‘ਬੇਨਤੀ ਚੌਪਈ’ ਨਾਮੀ ਬਾਣੀ ਦਾ ਪ੍ਰਮੁੱਖ ਵਿਸ਼ਾ ‘ਅਰਦਾਸਿ-ਬੇਨਤੀ’ ਹੈ।ਇਹ ਅਰਦਾਸਿ-ਬੇਨਤੀ ਸਰਬ-ਸ਼ਕਤੀਮਾਨ, ਸਰਬ-ਕਲਾ ਸਮਰੱਥ, ਸਰਬ-ਵਿਆਪਕ, ਸਦਾ-ਥਿਰ ਹੋਂਦ ਵਾਲੇ ਸਿਰਜਣਹਾਰ, ਪਾਲਣਹਾਰ ਅਤੇ ਸੰਘਾਰ ਕਰਨ ਵਾਲੇ ਪਰਮੇਸ਼ਰ ਨੂੰ ਆਪਣਾ ਇਸ਼ਟ-ਗੁਰੂ ਮੰਨ ਕੇ, ਉਸ ਦੇ ਚਰਨਾਂ ਵਿਚ ਕੀਤੀ ਗਈ ਹੈ।ਆਪਣੇ ਇਸ਼ਟ-ਗੁਰੂ ਦੇ ਵਿਸ਼ੇਸ਼ ਗੁਣ ਕਾਲ (ਮਹਾ ਕਾਲ), ਖੜਗ-ਕੇਤ, ਸ੍ਰੀ ਅਸਧੁਜ, ਸੰਤ ਸਹਾਇ, ਦੀਨ ਬੰਧੁ, ਦੁਸ਼ਟਨ ਕੇ ਹੰਤਾ, ਪੁਰੀ ਚਤੁਰ-ਦਸ ਕੰਤਾ, ਨਿਰੰਕਾਰ, ਨਿਰਬਿਕਾਰ, ਨਿਰਲੰਭ, ਆਦਿ, ਅਨੀਲ, ਅਨਾਦਿ, ਅਸੰਭ ਆਦਿਕ ਨਿਰੂਪਣ ਕੀਤੇ ਗਏ ਹਨ।ਅਰਦਾਸ-ਬੇਨਤੀ ਵਿਚਲੀਆਂ ਪ੍ਰਮੁੱਖ ਮੰਗਾਂ ਇਸ ਪ੍ਰਕਾਰ ਹਨ:

ਹੇ ਅਕਾਲ ਪੁਰਖ ਜੀ।

1. ਆਪਣਾ ਸੇਵਕ ਜਾਣ ਕੇ ਮੇਰੀ ਵੈਰੀਆਂ, ਭਾਵ, ਵਿਕਾਰਾਂ ਅਤੇ ਵਿਕਾਰੀ ਦੁਸਟ-ਦੋਖੀਆਂ ਤੋਂ ਹੱਥ ਦੇ ਕੇ ਰੱਖਿਆ ਕਰੋ ਅਤੇ ਸਾਰੇ ਵਿਕਾਰੀ ਦੁਸ਼ਟ-ਦੋਖੀਆਂ ਨੂੰ ਖੈ ਕਰੋ।ਮਰਨ-ਕਾਲ ਦਾ ਮੇਰਾ ਤ੍ਰਾਸ ਮੇਟ ਦਿਓ ਜੀ!
2. ਮੇਰੀ ਪ੍ਰਬਲ ਇੱਛਾ ਹੈ ਕਿ ਕੇਵਲ ਆਪ ਜੀ ਦੇ ਭਜਨ-ਸਿਮਰਨ ਦੀ ਲਾਲਸਾ ਜੀਵਨ-ਪ੍ਰਯੰਤ ਬਣੀ ਰਹੇ ਅਤੇ ਮੇਰਾ ਮਨ ਸਦੀਵਕਾਲ ਆਪ ਜੀ ਦੇ ਚਰਨ-ਕਮਲਾਂ ਦੇ ਧਿਆਨ ਵਿਚ ਨਿਮਗਨ ਰਹੇ!
3. ਮੇਰੀਆਂ ਲੋੜਾਂ-ਥੋੜਾਂ ਆਪ ਜੀ ਤੋਂ ਹੀ ਪੂਰੀਆਂ ਹੋਣ!ਕਿਸੇ ਹੋਰ ਦੀ ਮੁਥਾਜੀ ਨਾ ਰਹੇ!

ਅਰਦਾਸਿ-ਬੇਨਤੀ ਤੋਂ ਇਲਾਵਾ ਇਸ ਪਾਵਨ ਬਾਣੀ ਤੋਂ ਹੇਠ ਲਿਖੇ ਤੱਥਾਂ ਬਾਰੇ ਸੋਝੀ ਪ੍ਰਾਪਤ ਹੁੰਦੀ ਹੈ:

1. ਮਹਾ ਕਾਲ (ਵਾਹਿਗੁਰੂ) ਦੇ ਜਗਤ-ਤਮਾਸ਼ੇ ਵਿਚ ਬ੍ਰਹਮਾ, ਵਿਸ਼ਨੂੰ, ਮਹੇਸ਼ ਸਣੇ ਸਾਰੇ ਜੀਵ-ਜੰਤੂ ਕਾਲ-ਵੱਸ ਹਨ।
2. ਅਕਾਲ ਪੁਰਖ ਸਭ ਕਾਸੇ ਤੋਂ ਨਿਰਲੇਪ ਹੋਣ ਦੇ ਬਾਵਜੂਦ ਆਪਣੇ ਸੇਵਕਾਂ ਦਾ ਅੰਗ ਪਾਲਦਾ ਹੈ, ਉਹਨਾਂ ਦੇ ਦੁਖ ਨੂੰ ਮਹਿਸੂਸ ਕਰਦਾ ਹੈ ਅਤੇ ਉਹਨਾਂ ਦੀ ਸਦਾ ਸਾਰ-ਸੰਭਾਲ ਕਰਦਾ ਹੈ।
3. ਕਰਤਾ ਪੁਰਖ ਆਪਣੀ ਮੌਜ ਵਿਚ ‘ਉਦਕਰਖਣ ਸ਼ਕਤੀ’ ਦੇ ਪ੍ਰਯੋਗ ਦੁਆਰਾ ਆਪਣੇ ਵਿਚੋਂ ਹੀ ਨਾਨ-ਪ੍ਰਕਾਰੀ ਰਚਨਾ ਰਚ ਲੈਂਦਾ ਹੈ ਅਤੇ ਫਿਰ ਆਪਣੀ ਰਜ਼ਾਅ ਵਿਚ ‘ਆਕਰਖਣ ਸ਼ਕਤੀ’ ਦੇ ਪ੍ਰਯੋਗ ਦੁਆਰਾ ਇਸ ਨੂੰ ਆਪਣੇ ਵਿਚ ਹੀ ਸਮੇਟ ਲੈਂਦਾ ਹੈ।
4. ਜਗਤ-ਰਚਨਾ ਕਦੋਂ ਅਤੇ ਕਿਵੇਂ ਹੋਈ, ਕਰਤਾ ਪੁਰਖ ਤੋਂ ਸਿਵਾ ਕੋਈ ਨਹੀਂ ਜਾਣਦਾ।
5. ਪ੍ਰਭੂ-ਸਿਮਰਨ ਸਰਬ-ਦੁਖ-ਨਾਸ਼ਕ ਹੈ।
6. ਅਨੂਪਮ ਸਰੂਪ ਵਾਲਾ ਚੋਜੀ ਪ੍ਰਭੂ ਆਪਣੀ ਰਚਨਾ ਵਿਚ ਕਿਧਰੇ ਰਾਜਾ ਬਣਿਆ ਬੈਠਾ ਹੈ, ਕਿਧਰੇ ਕੰਗਾਲ।
7. ਪਰਮ-ਚੇਤਨਾ ਦੇ ਸ੍ਰੋਤ ਅਕਾਲ ਪੁਰਖ ਨੂੰ ਛੱਡ ਕੇ, ਪੱਥਰ ਦੀਆਂ ਮੂਰਤੀਆਂ ਬਣਾ ਕੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲੇ ਮਹਾਂ-ਮੂੜ੍ਹ ਹਨ।
8. ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਕਰਤਾ ਪੁਰਖ ਦੀਆਂ ਹੀ ਰਚੀਆਂ ਹੋਈਆਂ ਹਨ।


ਪ੍ਰਸ਼ਨ : ਅਰਦਾਸਿ-ਬੇਨਤੀ ਕਿਸ ਅੱਗੇ ਕਰੀਏ? ਇਸ ਦੇ ਕਰਨ ਦਾ ਕੀ ਲਾਭ ਹੈ?

ਉੱਤਰ : ਸਭਨਾਂ ਜੀਵਾਂ ਦੀ ਸਮਰੱਥਾ ਸੀਮਤ ਹੈ, ਇਸ ਲਈ ਜੀਵਨ ਵਿਚ ਲੋੜਾਂ-ਥੋੜਾਂ ਬਣੀਆਂ ਰਹਿੰਦੀਆਂ ਹਨ।ਹਰੇਕ ਜੀਵ ਨੂੰ ਇਕ ਪਾਸੇ ਵਿਕਾਰਾਂ ਅਤੇ ਵਿਕਾਰੀ ਦੁਸਟ-ਦੋਖੀਆਂ ਤੋਂ ਰਖਿਆ ਲਈ ਅਤੇ ਦੂਜੇ ਪਾਸੇ ਜੀਵਨ-ਸੰਘਰਸ਼ ਵਿਚ ਸ਼ਫਲਤਾ ਲਈ ਕਿਸੇ ਸ਼ਕਤੀਮਾਨ ਆਸਰੇ ਦੀ ਮੁਥਾਜੀ ਬਣੀ ਰਹਿੰਦੀ ਹੈ।ਕਿਸੇ ਮਨੁੱਖ ਦਾ ਆਸਰਾ ਲੈਣ ਨਾਲ ਇਹ ਮੁਥਾਜੀ ਪੂਰੀ ਤਰ੍ਹਾਂ ਕੱਟੀ ਨਹੀਂ ਜਾਂਦੀ, ਕਿਉਂਜੁ ਮਨੁੱਖ ਭਾਵੇਂ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ, ਉਸ ਦੀ ਸਮਰੱਥਾ ਕਿਸੇ ਸੀਮਾ ਤਕ ਹੀ ਹੁੰਦੀ ਹੈ।ਇਸ ਲਈ ਜੀਵਨ ਵਿਚ ਬੇ-ਮੁਥਾਜ ਹੋਣ ਲਈ ਸਰਬ-ਸ਼ਕਤੀਮਾਨ ਅਤੇ ਸਰਬ-ਕਲਾ-ਸਮਰੱਥ ਪ੍ਰਭੂ ਦਾ ਆਸਰਾ ਹੀ ਲੈਣਾ ਬਣਦਾ ਹੈ।
ਗੁਰਬਾਣੀ ਨਾਲ ਪਰਚਾ ਪਾਉਣ ਸਦਕਾ ਇਹ ਸੋਝੀ ਹੋ ਆਉਂਦੀ ਹੈ ਕਿ ਸਾਡਾ ਸਿਰਜਣਹਾਰ ਰੱਬ ਸਾਡੀ ਸਿਰਜਣਾ ਕਰ ਕੇ ਕਿਧਰੇ ਸੱਤਵੇਂ ਅਸਮਾਨ ‘ਤੇ ਨਹੀਂ ਜਾ ਬੈਠਾ, ਉਹ ਸਦਾ ਸਾਡੇ ਅੰਦਰ ਹੈ ਅਤੇ ਅੰਗ-ਸੰਗ ਵੱਸਦਾ ਹੈ।

ਸਵਾਲ ਉੱਠਦਾ ਹੈ ਕਿ ਏਨੇ ਨੇੜੇ ਵੱਸਦੇ ਰੱਬ ਸੰਬੰਧ ਕਿਵੇਂ ਸਥਾਪਿਤ ਕੀਤਾ ਜਾਵੇ, ਤਾਂ ਜੁ ਕਿਸੇ ਬਿਪਤਾ ਸਮੇਂ ਉਸ ਦੀ ਸਹਾਇਤਾ ਪ੍ਰਾਪਤ ਕੀਤੀ ਜਾ ਸਕੇ।

‘ਰਾਮ ਕੀ ਅੰਸ’ ਹੋਣ ਦੇ ਨਾਤੇ ਸਾਡਾ ਸੰਬੰਧ ਸਿਰਜਣਹਾਰ ਨਾਲ ਕੁਦਰਤੀ ਤੌਰ ‘ਤੇ ਹੀ ਸਥਾਪਿਤ ਹੈ।ਹਉਮੈ-ਵਸ ਹੋ ਕੇ ਆਪਣੇ ਆਪ ਨੂੰ ਉਸ ਤੋਂ ਅੱਡਰਾ ਜਾਣਨ ਦੀ ਮੂਰਖਤਾ ਦੇ ਅਸੀਂ ਖ਼ੁਦ ਜ਼ਿੰਮੇਵਾਰ ਹਾਂ।ਇਸ ਕਲਹਿਣੀ ਹਉਮੈ ਤੋਂ ਖਹਿੜਾ ਛੁਡਾ ਲਈਏ ਤਾਂ ਇਹ ਦੂਰੀ ਆਪਣੇ ਆਪ ਮਿਟ ਜਾਂਦੀ ਹੈ।ਫਿਰ, ਜਦੋਂ ਕਦੀ ਸਾਨੂੰ ਕੋਈ ਬਿਪਤਾ ਆ ਪਵੇ ਅਤੇ ਅਸੀਂ ਉਸ ਨਾਲ ਜੁੜ ਕੇ ਸਹਾਇਤਾ ਲਈ ਪੁਕਾਰ ਕਰੀਏ ਤਾਂ ਉਹ ਕਿਰਪਾਲੂ ਪਿਤਾ ਵਾਂਗ ਸਾਡੀ ਪੁਕਾਰ ਨੂੰ ਸੁਣ ਕੇ ਸਾਡੇ ਦੁਖ-ਦਰਦ ਅਵੱਸ਼ ਨਿਵਾਰਨ ਕਰਦਾ ਹੈ।ਗੁਰਬਾਣੀ ਸਾਨੂੰ ਧੀਰਜ ਬੰਨ੍ਹਾਉਂਦੀ ਹੈ ਕਿ ਸੁਆਮੀ-ਪ੍ਰਭੂ ਆਪਣੇ ਸੇਵਕਾਂ ਨੂੰ ਬਿਪਤਾ ਸਮੇਂ ਪੁਕਰਦਾ ਹੈ ਅਤੇ ਦੁਸਟ-ਦੋਖੀਆਂ ਤੋਂ ਰਖਿਆ ਕਰਦਾ ਹੈ:

ਅਪੁਨੇ ਸੇਵਕ ਕੀ ਆਪੇ ਰਾਖੈ ਆਪੇ ਨਾਮੁ ਜਪਾਵੈ॥
ਜਹ ਜਹ ਕਾਜ ਕਿਰਤਿ ਸੇਵਕ ਕੀ ਤਹਾ ਤਹਾ ਉਠਿ ਧਾਵੈ॥1॥
ਸੇਵਕ ਕਉ ਨਿਕਟੀ ਹੋਇ ਦਿਖਾਵੈ॥
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ॥1॥ਰਹਾਉ॥129॥
(ਆਸਾ ਮ: 5, ਪੰਨਾ 403)

ਜੇ ਲੋੜ ਹੈ ਤਾਂ ਕੇਵਲ ਇਸ ਗੱਲ ਦੀ ਕਿ ਅਸੀਂ ਇਕ-ਮਨ, ਇਕ-ਚਿਤ ਹੋ ਕੇ ਕਰਤਾ ਪੁਰਖ ਅੱਗੇ ਅਰਦਾਸ-ਬੇਨਤੀ ਕਰੀਏ।ਇਹ ਅਰਦਾਸ ਸਾਡੇ ਅਤੇ ਕਰਤਾ ਪੁਰਖ ਦੇ ਵਿਚਕਾਰ ਸਫਲ ਸੰਜੋਗ-ਸਾਧਨ ਹੈ।ਅਰਦਾਸ ਨਾਲ ਸਾਨੂੰ ਸਹਾਇਤਾ ਅਵੱਸ਼ ਮਿਲਦੀ ਹੈ, ਭਾਵੇਂ ਇਹ ਕਸ਼ਟ ਦੀ ਨਵਿਰਤੀ ਹੋ ਜਾਣ ਦੇ ਰੂਪ ਵਿਚ ਹੋਵੇ ਜਾਂ ਕਸ਼ਟ ਨੂੰ ਸਹਿਣ ਕਰਨ ਲਈ ਆਤਮ-ਬਲ ਦੀ ਪ੍ਰਾਪਤੀ ਦੇ ਰੂਪ ਵਿਚ।ਸਹਾਇਤਾ ਇਹਨਾਂ ਦੋਹਾਂ ਵਿਚੋਂ ਕਿਹੜੇ ਰੂਪ ਵਿਚ ਹੋਣੀ ਹੈ, ਇਹ ਸਰਬੱਗ ਕਰਤਾ ਪੁਰਖ ਹੀ ਜਾਣਦਾ ਹੈ।

Back to top


HomeProgramsHukamNamaResourcesContact •