ਸ੍ਰੀ ਤਵ ਪ੍ਰਸਾਦਿ ਸਵਯੇ

- ਭਾਈ ਜੋਗਿੰਦਰ ਸਿੰਘ ਜੀ ਤਲਵਾੜਾ



ਪ੍ਰਸ਼ਨ : ‘ਤਵ ਪ੍ਰਸਾਦਿ ਸਵਯੇ’ ਨਾਮੀ ਬਾਣੀ ਦਾ ਕੇਂਦਰੀ-ਭਾਵ ਸੰਖੇਪ ਸ਼ਬਦਾਂ ਵਿਚ ਲਿਖੋ।


ਉੱਤਰ : ‘ਤਵ ਪ੍ਰਸਾਦਿ ਸਵਯੇ’ ਨਾਮੀ ਬਾਣੀ ਦਾ ਸਮੁੱਚੀ ਭਾਵ ਮਨੁੱਖ ਨੂੰ ਸਹੀ ਅਧਿਆਤਮਕ ਮਾਰਗ ਦਰਸਾ ਕੇ ਸਰਬ-ਸਮਰੱਥ ਅਤੇ ਸਰਬੱਗ ਪ੍ਰਭੂ ਦੇ ਚਰਨੀਂ ਲਾਉਣਾ ਹੈ।ਇਸ ਮੰਤਵ ਲਈ ਇਸ ਪਾਵਨ ਬਾਣੀ ਵਿਚ ਹੇਠ ਲਿਖੇ ਤੱਥ ਦ੍ਰਿੜ੍ਹ ਕਰਾਏ ਗਏ ਹਨ:


1. ਸੰਸਾਰ ਉੱਤੇ ਅਨੇਕ ਮਤ, ਧਰਮ ਕਮਾਉਣ ਦੇ ਮਾਰਗ ਕਹੇ ਜਾਂਦੇ ਹਨ।ਇਹਨਾਂ ਵਿਚੋਂ ਜਿਹੜੇ ਮਤ ਫੋਕਟ-ਕਰਮ ਕਮਾਉਣ ਨੂੰ ਹੀ ‘ਧਰਮ’ ਦੱਸਦੇ ਹਨ, ਉਹ ਮਤ ਪ੍ਰਾਣ-ਪਤੀ ਪਰਮੇਸ਼ਰ ਨਾਲ ਸੰਬੰਧ ਜੋੜਨ ਵਾਲੇ ਨਹੀਂ ਕਹੇ ਜਾ ਸਕਦੇ, ਉਹ ਕਰਮ-ਕਾਂਡੀ ਮਤ ਹਨ।


2. ਧਨ ਦੀ ਬਹੁਲਤਾ ਅਤੇ ਦੁਨੀਆਵੀ ਮਾਣ-ਪ੍ਰਤਿਸ਼ਟਾ ਦਾ ਹੰਕਾਰ ਕੂੜਾ ਹੈ, ਕਿਉਂਕਿ ਦੁਨੀਆਵੀ ਐਸ਼ਵਰਜ ਸਾਰੇ ਦਾ ਸਾਰਾ ਨਾਸ਼ਮਾਨ ਹੈ।


3. ਵਾਹਿਗੁਰੂ ਦੀ ਪ੍ਰੀਤ, ਸ਼ਰਧਾ-ਭਾਵਨੀ ਅਤੇ ਸਿਮਰਨ-ਭਜਨ ਤੋਂ ਬਗੈਰ ਧਰਮ ਦੇ ਨਾਂ ਥੱਲੇ ਕੀਤੇ ਸਾਰੇ ਉਪਰਾਲੇ ਕਰਮ-ਕਾਂਡ ਦੀ ਸ੍ਰੈਣੀ ਵਿਚ ਆਉਂਦੇ ਹਨ।ਇਹਨਾਂ ਨਾਲ ਮਨ ਦੀ ਨਿਰਮਲਤਾ ਨਹੀਂ ਹੋ ਸਕਦੀ; ਅਤੇ ਮਨ ਦੀ ਨਿਰਮਲਤਾ ਬਗੈਰ ਪ੍ਰਭੂ ਨਾਲ ਸੰਬੰਧ ਨਹੀਂ ਜੁੜ ਸਕਦਾ।


4. ਜੀਵਨ ਦੇ ਵੱਖ ਵੱਖ ਖੇਤਰਾਂ ਵਿਚ ਵਿਸ਼ੇਸ਼ ਪ੍ਰਾਪਤੀਆਂ ਦਾ ਨਿਰਭਰ ਮਨੁੱਖੀ ਅਕਲ ਜਾਂ ਯਤਨ ‘ਤੇ ਨਹੀਂ।ਇਹ ਪ੍ਰਾਪਤੀਆਂ ਅਸਲ ਵਿਚ ਦਾਤਾਰ ਪ੍ਰਭੂ ਦੀਆਂ ਦਾਤਾਂ ਹੀ ਹਨ।ਦੇਣ ਵਾਲਾ (ਦਵੱਯਾ) ਇਕ ਹੈ, ਮੰਗਤੇ ਅਨੇਕ ਹਨ।ਬੇਅੰਤ ਦਾਤਾਂ ਭੋਗਣ ਅਤੇ ਵੰਡਣ ਦੀ ਸਮਰੱਥਾ ਰੱਖਣ ਵਾਲੇ ਜੀਵ ਵੀ ਪ੍ਰਭੂ-ਦਰ ‘ਤੇ ਮੰਗਤੇ ਹਨ।


5. ਸੱਚ ਅਤੇ ਨੇਕੀ ਦੀ ਅੰਤ ਨੂੰ ਜਿੱਤ ਅਤੇ ਜੈ-ਜੈਕਾਰ ਹੁੰਦੀ ਹੈ।ਕੂੜ ਅਤੇ ਪਾਪ ਦੀ ਅੰਤ ਨੂੰ ਹਾਰ ਅਤੇ ਖੈ ਹੁੰਦੀ ਹੈ।


6. ਕੀ ਤੇਜ-ਪ੍ਰਤਾਪੀ ਰਾਜੇ, ਕੀ ਕਰਮ-ਕਾਂਡੀ ਧਾਰਮਕ ਆਗੂ ਅਤੇ ਕੀ ਵੱਡੇ ਵੱਡੇ ਦੇਵਤੇ, ਇਹ ਸਾਰੇ ਕਾਲ ਮੂਹਰੇ ਬੇ-ਵੱਸ ਹੋ ਜਾਂਦੇ ਹਨ, ਪਰ ਪ੍ਰਭੂ ਦੇ ਚਰਨ-ਸੇਵਕ ਕਾਲ-ਚੱਕਰ ਤੋਂ ਮੁਕਤ ਹੁੰਦੇ ਹਨ।


7. ਪ੍ਰਭੂ-ਮਿਲਾਪ ਦੀ ਇਕੋ ਇਕ ਅਤੇ ਸਿਰਮੌਰ ਜੁਗਤੀ ਪ੍ਰਭੂ-ਪ੍ਰੇਮ ਦੇ ਧਾਰਨੀ ਹੋਣਾ ਹੈ।


8. ਮੂਰਤੀ-ਪੂਜਾ, ਸ਼ਿਵ-ਲਿੰਗ ਦੀ ਅਰਾਧਨਾ, ਮੜ੍ਹੀਆਂ ਅਥਵਾ ਕਬਰਾਂ ਦੀ ਪ੍ਰਸਤਸ਼ (ਪੂਜਾ), ਸਰਬ-ਦੇਸੀ ਰੱਬੀ-ਹੋਂਦ ਨੂੰ ਕਿਸੇ ਨਿਸਚਿਤ ਦਿਸ਼ਾ ਤਕ ਮਹਿਦੂਦ (ਸੀਮਤ) ਜਾਣਨਾ ਆਦਿ ਫੋਕਟ ਕਰਮ ਹਨ।ਇਹ ਸਾਰਾ ਕੁਝ ਕੂਰ-ਕ੍ਰਿਆ ਹੈ।ਇਹਨਾਂ ਵਿਚ ਪਰਵਿਰਤ ਰਹਿਣ ਨਾਲ ਪ੍ਰਭੂ-ਪਰਮੇਸ਼ਰ ਦੀ ਸੋਝ ਨਹੀਂ ਹੋ ਸਕਦੀ।


9. ਮੂਰਤੀਆਂ ਦੀ ਪੂਜਾ ਅਤੇ ਕਬਰਾਂ ਦੀ ਪ੍ਰਸਤਸ਼ (ਪੂਜਾ), ਇਹ ਦੋਵੇਂ ਬੁੱਤ-ਪੂਜਾ ਦੀਆਂ ਵੱਖਰੀਆਂ ਵੱਖਰੀਆਂ ਕਿਸਮਾਂ ਹਨ।ਬੁੱਤ-ਪੂਜਾ ਭਾਵੇਂ ਕਿਸੇ ਰੂਪ ਵਿਚ ਹੋਵੇ, ਅਗਿਆਨਤਾ ਦੀ ਸੂਚਕ ਹੈ।


ਪ੍ਰਸ਼ਨ : ‘ਤਵ ਪ੍ਰਸਾਦਿ ਸਵਯੇ’ ਨਾਮੀ ਬਾਣੀ ਵਿਚ ਸੁਚ, ਸੰਚਮ, ਪੂਜਾ, ਜਤ, ਤੀਰਥ-ਇਸ਼ਨਾਨ, ਦਇਆ, ਦਮ, ਦਾਨ, ਆਦਿ ਦੈਵੀ ਗੁਣਾਂ ਦੇ ਧਾਰਨੀ ਲੋਕਾਂ ਨੂੰ ਵੀ ‘ਕੂਰ ਕਿਰਿਆ’ ਵਿਚ ਗ੍ਰਸਤ ਨਿਰੂਪਣ ਕੀਤਾ ਗਿਆ ਹੈ।ਕਾਰਨ ਦੱਸੋ।


ਉੱਤਰ : ਕਰਨਹਾਰ ਕਰਤਾਰ ਨੇ ਆਪਣੇ ਸਾਜੇ-ਨਿਵਾਜੇ ਜੀਵਾਂ ਨੂੰ ਵੀ ਕਰਤਾਰੀ-ਸ਼ਕਤੀ ਦਾ ਪ੍ਰਸ਼ਾਦ ਬਖ਼ਸ਼ਿਆ ਹੋਇਆ ਹੈ, ਜਿਸ ਦੇ ਤੁਫ਼ੈਲ ਉਹ ਆਪੋ ਆਪਣੇ ਜੀਵਨ ਵਿਚ ਕੁਝ ਕਰਮ ਕਰਨ ਦੇ ਸਮਰੱਥ ਹੁੰਦੇ ਹਨ।ਸਾਰੇ ਜੀਵ ਪਰਮਾਤਮਾ ਦੀ ਅੰਸ ਹਨ, ਜਿਸ ਕਰਕੇ ਇਹਨਾਂ ਦਾ ਮੁੱਢਲਾ ਸੁਭਾਅ ਸ਼ੁਭ-ਕਰਮੀ ਹੈ।ਪਰ ਦੂਜੇ ਪਾਸੇ ਦ੍ਰਿਸ਼ਟਮਾਨ ਮਾਇਆ ਵੀ ਜੀਵਾਂ ਨੂੰ ਪ੍ਰਭਾਵਿਤ ਕਰਦੀ ਹੈ ਤੇ ਇਸ ਦੇ ਪ੍ਰਭਾਵ ਅਧੀਨ ਜੀਵ ਕੁਝ ਅਸ਼ੁਭ ਕਰਮਾਂ ਵਿਚ ਪਰਵਿਰਤ ਹੁੰਦੇ ਹਨ।ਜੀਵਨ ਵਿਚ ਕਮਾਏ ਸ਼ੁਭ ਅਥਵਾ ਅਸ਼ੁਭ ਕਰਮਾਂ ਦੇ ਆਧਾਰ ‘ਤੇ ਹੀ ਜੀਵ ਪੁੰਨੀ ਜਾਂ ਪਾਪੀ ਬਣਦੇ ਹਨ।


 ਕੋਈ ਕਰਮ ਵੀ ਆਪਣੇ ਆਪ ਵਿਚ ਪੁੰਨ-ਕਰਮ ਜਾਂ ਪਾਪ-ਕਰਮ ਨਹੀਂ ਹੁੰਦਾ, ਹਰੇਕ ਕਰਮ ਦੇ ਪਿਛੋਕੜ ਵਿਚ ਕੰਮ ਕਰ ਰਹੀ ਮਨੁੱਖੀ ਮਨੋ-ਭਾਵਨਾ (ਨੀਯਤ) ਉਸ ਕਰਮ ਦੇ ਚੰਗੇ ਜਾਂ ਮੰਦੇ ਹੋਣ ਦਾ ਆਧਾਰ ਬਣਦੀ ਹੈ।ਕਈ ਵਾਰੀ ਮਨੁੱਖ ਵਿਖਾਵੇ ਜਾਂ ਹਉਮੈ ਅਧੀਨ ਕੁਝ ਕਰਮ ਕਰਦਾ ਹੈ, ਜੋ ਵੇਖਣ ਨੂੰ ਭਾਵੇਂ ਸ਼ੁਭ-ਕਰਮ ਜਾਪਦੇ ਹਨ, ਪਰ ਮਨੋ-ਭਾਵਨਾ ਅਸ਼ੁਭ ਹੋਣ ਕਾਰਨ ਇਹ ਕਰਮ ਮਨ ਨੂੰ ਨਿਰਮਲ ਕਰਨ ਦੀ ਬਜਾਏ, ਸਗੋਂ ਮਲੀਨ ਕਰਦੇ ਹਨ।ਅਜਿਹੇ ਕਰਮ ਮਨੁੱਖ ਲਈ ਫਾਹੀ ਹੋ ਨਿਬੜਦੇ ਹਨ।ਇਸ ਸੰਬੰਧੀ ਗੁਰਮਤਿ ਦਾ ਦ੍ਰਿਸ਼ਟੀਕੋਣ ਇਹ ਹੈ:

 

  ਹਉ ਹਉ ਕਰਮ ਕਮਾਣੇ॥ ਤੇ ਤੇ ਬੰਧ ਗਲਾਣੇ॥

  ਮੇਰੀ ਮੇਰੀ ਧਾਰੀ॥ ਓਹਾ ਪੈਰਿ ਲੋਹਾਰੀ॥3॥17॥ (ਮਾਰੂ ਮ: 5, ਪੰਨਾ 1004)


 ਜਿਹੜੇ ਕਰਮ ਸ਼ੁਭ-ਭਾਵਨਾ ਅਤੇ ਨਿਸ਼ਕਾਮ ਬਿਰਤੀ ਅਧੀਨ ਧਰਮ ਕਮਾਉਣ, ਅਥਵਾ ਪ੍ਰਭੂ ਨਾਲ ਸੰਬੰਧ ਜੋੜਨ ਲਈ ਸਾਧਨ-ਮਾਤ੍ਰ ਵਜੋਂ ਕੀਤੇ ਜਾਣ, ਉਹ ਸ਼ੁਭ-ਕਰਮ ਹੁੰਦੇ ਹਨ।ਦੂਜੇ ਪਾਸੇ ਜੇ ਕੁਝ ਦੈਵੀ ਕਰਮਾਂ (ਸੁਚ, ਸੰਜਮ, ਪੂਜਾ, ਜਤ, ਤੀਰਥ-ਇਸ਼ਨਾਨ, ਦਇਆ, ਦਮ, ਦਾਨ ਆਦਿ) ਦੀ ਵਰਤੋਂ ਧਰਮ ਕਮਾਉਣ ਦੇ ਸਾਧਨ ਵਜੋਂ ਸਮਝਣ ਦੀ ਬਜਾਏ ਇਹਨਾਂ ਨੂੰ ਧਰਮ ਕਮਾਉਣ ਦਾ ਅੰਤਮ ਨਿਸ਼ਾਨਾ ਮਿਥ ਲਿਆ ਜਾਵੇ ਤਾਂ ਇਹ ਸਾਰੇ ਕਰਮ-ਕਾਂਢ ਹੋ ਨਿਬੜਦੇ ਹਨ, ਕਿਉਂਜੁ ਇਹ ਮਨ ਨੂੰ ਨਿਰਮਲ ਕਰਨ ਦੀ ਬਜਾਏ ਮਨੁੱਖ ਅੰਦਰ ਹਉਮੈ ਪੈਦਾ ਕਰਦੇ ਹਨ।

ਕਰਮ ਕਾਂਡ


“ਵੈਦਾਦਿ ਗ੍ਰੰਥਾਂ ਦੇ ਪ੍ਰਕਰਣ ਕਰਮ ਉਪਾਸ਼ਨਾ ਅਤੇ ਗਯਾਨ-ਕਾਂਡ ਵਿਚ ਵੰਡੇ ਗਏ ਹਨ-ਹੋਮ, ਯਗਯ, ਸ੍ਰਾਧ, ਤਰਪਣ, ਵ੍ਰਤ ਆਦਿ ਕਰਮਾਂ ਦੇ ਕਰਨ ਦੀ ਵਿਧਿ ਜਿਸ ਕਾਂਡ ਵਿਚ ਦੱਸੀ ਗਈ ਹੈ, ਉਹ ਕਰਮ-ਕਾਂਡ ਹੈ”।

        (ਗੁਰਮਤਿ ਮਾਰਤੰਡ, ਪੰਨਾ 283)


 ਵਾਹਿਗੁਰੂ ਦੇ ਸਿਮਰਨ-ਭਜਨ, ਸ਼ਰਧਾ-ਭਾਵਨਾ ਅਤੇ ਪ੍ਰੇਮ-ਪਿਆਰ ਤੋਂ ਸੱਖਣੇ ਸਾਰੇ ਕਰਮ ‘ਕਰਮ-ਕਾਂਡ’ ਦੀ ਸ਼੍ਰੇਣੀ ਵਿਚ ਆਉਂਦੇ ਹਨ, ਜਿਨ੍ਹਾਂ ਦੀ ਗੁਰਮਤਿ ਅਨੁਸਾਰ ਮੂਲੋਂ ਹੀ ਕੋਈ ਵਿਸ਼ੇਸ਼ਤਾ ਨਹੀਂ, ਸਗੋਂ ਇਹਨਾਂ ਦਾ ਨਿਸ਼ੇਧ ਹੈ।ਦੂਜੇ ਪਾਸੇ, ਵਾਹਿਗੁਰੂ ਦੇ ਸਿਮਰਨ-ਭਜਨ, ਸ਼ਰਧਾ-ਭਾਵਨੀ ਅਤੇ ਪ੍ਰੇਮ-ਪਿਆਰ ਦੇ ਪ੍ਰਭਾਵ ਅਧੀਨ ਸੁਚ, ਸੰਜਮ, ਦਇਆ, ਦਾਨ ਆਦਿ ਕਰਮ ਸੁਤੇ ਹੀ ਹੋ ਜਾਂਦੇ ਹਨ, ਇਹਨਾਂ ਲਈ ਉਚੇਚ ਨਹੀਂ ਕਰਨਾ ਪੈਂਦਾ।

Back to top


HomeProgramsHukamNamaResourcesContact •