ਜਿਸਨੋ ਆਪਿ ਖੁਆਇ ਕਰਤਾ… - ਅਮਰਜੀਤ ਸਿੰਘ ਖੋਸਾ ਸਤਿਨਾਮ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਛਾਪੀ ‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਲਿਖਣ ਅਤੇ ਚੰਡੀਗੜ੍ਹ ਰਹਿਣ ਵਾਲੇ ਪ੍ਰਿੰ. ਹਰਿਭਜਨ ਸਿੰਘ ਜੀ ਆਪਣੇ ਪਹਿਲੇ ਲੇਖ ‘ਮੂਲ ਮੰਤਰ ਤਥਾ ਮੰਗਲਾਚਰਣ’ ਵਿਚ ਪੰ: 50 ਉਪਰ ਉਹ ਪ੍ਰਮਾਤਮਾਂ ਦੇ ਨਿਰਵੈਰ ਗੁਣ ਦੀ ਵਿਆਖਿਆ ਕਰਦੇ ਲਿਖਦੇ ਹਨ –“ਸ੍ਰੀ ਦਸਮੇਸ਼ ਜੀ ਦਾ ਫੁਰਮਾਣ ਹੈ, ਕਿ ਵਾਹਿਗੁਰੂ ਸਾਡੇ ਔਗੁਣਾਂ ਨੂੰ ਵੇਖਦਾ ਹੋਇਆ ਵੀ ਆਪਣੀਆਂ ਬਖਸ਼ਿਸ਼ਾਂ ਦੇ ਦਰਵਾਜ਼ੇ ਸਾਡੇ ਲਈ ਬੰਦ ਨਹੀਂ ਕਰਦਾ। ਦੀਨ ਦਇਆਲ ਦਇਆ ਨਿਧਿ ਦੋਖਨ ਦੇਖਤ ਹੈ ਪਰ ਦੇਤ ਨ ਹਾਰੇ॥ (ਤ੍ਵ੍ਵ ਪ੍ਰਸਾਦਿ ਸ੍ਵੈਯੇ)” {ਦ.ਗ੍ਰੰ.} ਇਸੇ ਪੁਸਤਕ ਦੇ ‘ਗੁਰਬਾਣੀ ਵਿਚ ਗੁਰੂ ਦਾ ਸੰਕਲਪ’ ਲੇਖ ਅੰਦਰ ਪਿੰਰ.ਹਰਿਭਜਨ ਸਿੰਘ ਪੰ:82 ਉਪਰ ‘ਗਿਆਨੀ ਗੁਰੂ ਨਿਰਭਉ ਤੇ ਨਿਰਲੇਪ ਹੈ’ ਦੀ ਵਿਚਾਰ ਇਸ ਤਰ੍ਹਾਂ ਲਿਖਦੇ ਹਨ-“ਜੋ ਨਿਰਭਉ ਹੈ, ਉਹ ਨਿਰਵੈਰ ਵੀ ਹੋਵੇਗਾ ਅਤੇ ਜੋ ਨਿਰਵੈਰ ਹੈ, ਉਹੀ ਭੈ-ਰਹਿਤ ਹੋ ਸਕੇਗਾ:_ 1.ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ॥ ਸਲੋਕ ਮ: ਨੌਵਾਂ ਜਿਮ ਤਿਨ ਕਹੀ ਤਿਨੈ ਤਿਮ ਕਹਿਹੋ॥ ਔਰ ਕਿਸੂ ਤੇ ਵੈਰ ਨ ਗਹਿਹੋ॥ (ਬਚਿਤ੍ਰ ਨਾਟਕ)” ਅਤੇ ਪੰ:89-90 ਉਪਰ ਇਹ ਲਿਖਦੇ ਹਨ-“ਏਥੇ ਇਹ ਗੱਲ ਵੀ ਸਾਫ ਹੋ ਜਾਂਦੀ ਹੈ, ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਸ਼ਬਦ, ਅਥਵਾ ਅਕਾਲ ਪੁਰਖ ਵਾਹਿਗੁਰੂ ਹੀ ਸੀ। ਇਸ ਹਕੀਕਤ ਨੂੰ ਗੁਰਬਾਣੀ ਇਉਂ ਸਪਸ਼ਟ ਕਰਦੀ ਹੈ: - ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ॥ (ਮਾਰੂ ਮ:ਪਹਿਲਾ) ਫਿਰ ਪ੍ਰਿ.ਹਰਿਭਜਨ ਸਿੰਘ ‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਵਿਚ ‘ਦਸੇ ਗੁਰੂ ਸਾਹਿਬਾਨ ਏਕ ਜੋਤ’ ਬਾਰੇ ਇਸ ਤਰ੍ਹਾਂ ਲਿਖਦੇ ਹਨ-“…ਗੁਰੂ ਸਾਹਿਬਾਨ ਜੋਤਿ ਤੇ ਜੁਗਤੀ ਕਰਕੇ ਇਕ-ਮਿਕ ਤੇ ਸ਼ਬਦ ਸਰੂਪ ਹਨ। ਫਿਰ ਵੀ ਇਸ ਅਤਿ ਅਹਿਮ ਨੁਕਤੇ ਦੀ ਪੁਸ਼ਟੀ ਲਈ ਕੁਝ ਕੁ ਹੋਰ ਪ੍ਰਮਾਣ ਦੇਣੇ ਯੋਗ ਸਮਝੇ ਗਏ ਹਨ: 1.ਇਕਾ ਬਾਣੀ ਇਕ ਗੁਰੁ ਇਕੋ ਸ਼ਬਦੁ ਵੀਚਾਰਿ॥ ਮ:ਤੀਜਾ, ‘ਖਾਲਸੇ ਦੀ ਸਿਰਜਨਾ’ ਵਾਲੇ ਲੇਖ ਪੰ:119 ਤੇ ਹਰਿਭਜਨ ਸਿੰਘ ਲਿਖਦੇ ਹਨ-“ਆਓ, ਇਸ ਅਹਿਮ ਪੱਖ ਨੂੰ ਹੋਰ ਵਧੇਰੇ ਗਹੁ ਨਾਲ ਵੇਖੀਏ,ਵੀਚਾਰੀਏ:1.ਸ੍ਰੀ ਦਸਮੇਸ਼ ਜੀ ਨੇ ਖਾਲਸੇ ਨੂੰ ਕੇਵਲ “ਜਾਗਦੀ ਜੋਤਿ” ਭਾਵ ਇਕ ਅਕਾਲ ਪੁਰਖ ਦੇ ਪੁਜਾਰੀ ਹੋਣ ਦੀ ਤਾਕੀਦ ਕੀਤੀ ਹੈ ਤੇ ਕਿਹਾ ਹੈ ਕਿ ਖਾਲਸਾ ਹੁਣ ਕੇਵਲ ਗੁਰ ਸ਼ਬਦ (ਨਾਮ) ਵਿਚ ਹੀ ਪਰਚੇਗਾ, ਭੁੱਲ ਕੇ ਵੀ ਮੜ੍ਹੀਆਂ*, ਮਸਾਣਾ, ਮੱਠਾਂ ਤੇ ਕਬਰਾਂ ਆਦਿ ਦੀ ਪੂਜਾ ਨਹੀਂ ਕਰੇਗਾ ਅਤੇ ਤੀਰਥਾਂ ਆਦਿ ਦੇ ਇਸ਼ਨਾਨ ਦੀ ਪ੍ਰਚੱਲਤ ਰੀਤ ਤੋਂ ਦੂਰ ਰਹੇਗਾ। *ਜਾਗਤ ਜੋਤ ਜਪੈ ਨਿਸ ਬਾਸਰ ਏਕ ਬਿਨਾਂ ਮਨ ਨੈਕ ਨ ਆਨੈ॥ ਸ੍ਰੀ ਦਸਮੇਸ਼ ਜੀ ਨੇ ਸੰਕੇਤ ਵਜੋਂ ਪੰਜਾਂ ਵੱਖ ਵੱਖ ਜਾਤੀਆਂ ਦੇ ਸਿੱਖਾਂ ਨੂੰ ਇੱਕੇ ਬਾਟੇ ਵਿਚ ਖੰਡੇ ਦੀ ਪਾਹੁਲ ਦੇ ਕੇ ਤੇ ‘ਪਿਆਰੇ’ ਥਾਪ ਕੇ ਆਦੇਸ਼ ਦਿੱਤਾ ਕਿ ‘ਮਾਨਸ ਕੀ ਜਾਤ’* ਕੇਵਲ ਇਕ ਹੀ ਹੈ ਅਤੇ ਉਹ ਹੈ, ਉਸ ਦਾ ਮਾਨਵ ਹੋਣਾ। *ਦੇਹੁਰਾ ਮਸੀਤ ਸੋਈ ਪੂਜਾ ਔ ਨਿਵਾਜ ਓਈ ਮਾਨਸ ਸਬੈ ਏਕ ਪੈ ਅਨੇਕ ਕੋ ਭ੍ਰਮਾਉ ਹੈ॥ (ਅ.ਉਸਤਤ) ਪੰ:133 ਉਪਰ-ਖਾਲਸੇ ਦੀ ਮਹਿਮਾ, ਪਦਵੀ ਤੇ ਸਤਿਗੁਰਾਂ ਦੀ ਨਿਮ੍ਰਤਾ: (ਅ) ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ॥ (ੲ)ਸੇਵ ਕਰੀ ਇਨ ਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨ ਜੀ ਕੋ॥ ‘ਵਿਸ਼ੇਸ਼ ਗੁਰਮਤਿ ਲੇਖ’ ਪੁਸਤਕ ਦਾ ਆਖਰੀ ਲੇਖ ‘ਸਿੱਖੀ ਤੇ ਸਮਾਜਵਾਦ’ ਵਿਚ ਪਿੰਰ.ਹਰਿਭਜਨ ਸਿੰਘ ਨੇ ਸ਼ਕਤੀ ਦੀ ਵਰਤੋਂ ਬਾਰੇ ਪੰ:153 ਤੇ ਲਿਖਿਆ ਹੈ –“(ੲ)ਸ਼ਕਤੀ ਦੀ ਵਰਤੋਂ ਉਦੋਂ ਤੇ ਕੇਵਲ ਉਦੋਂ ਹੀ ਕਰਨੀ ਹੈ, ਜਦ ਹੋਰ ਸਾਰੇ ਸਾਧਨ ਅਜ਼ਮਾਏ ਜਾ ਚੁੱਕੇ ਹੋਣ। ਇਸ ਸੰਬੰਧੀ ਸਿੱਖ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜ਼ਫਰਨਾਮੇ ਵਿਚ ਦਿੱਤੀ ਇਸ ਸੇਧ ਨੂੰ ਮੁਖ ਰੱਖਣਾ ਹੈ:_ ਚੂ ਕਾਰ ਅਜ਼ ਹਮਾ ਹੀਲਤੇ ਦਰ ਗੁਜ਼ਸਤ॥ ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ॥ ਫਿਰ ਪੰਨਾ 162 ਤੇ ‘ਵੰਡ ਛਕਣ’ ਦੇ ਅਧਿਆਏ ਵਿਚ ਲਿਖਦੇ ਹਨ ਕਿ-“ਜਦੋਂ ਸਰਬੱਤ ਦੇ ਸਾਂਝੇ ਲੰਗਰ (ਦੇਗ) ਦੀ ਰਾਖੀ ਲਈ ਤੇਗ ਦੀ ਲੋੜ ਪਈ ਤਾਂ ਇਹ ਨਾਅਰਾ ਲਾਉਣ ਦੀ ਹਦਾਇਤ ਕੀਤੀ… ਦੇਗ ਤੇਗ ਜਗ ਮੈ ਦੋਊ ਚਲੈ॥ ਰਾਖ ਆਪ ਮੋਹਿ ਅਵਰ ਨ ਦਲੈ॥ (ਕ੍ਰਿਸ਼ਨਾਵਤਾਰ) {ਦਸਮ ਗ੍ਰੰਥ} ਇਸ ‘ਸਿੱਖੀ ਅਤੇ ਸਮਾਜਵਾਦ’ ਵਾਲੇ ਲੇਖ ਨੂੰ ਟਰੈਕਟ ਰੂਪ ਵਿਚ ਸ਼੍ਰੋ.ਗੁ.ਪ੍ਰ.ਕ.ਸ੍ਰੀ ਅੰਮ੍ਰਿਤਸਰ ਨੇ ਲੱਖਾਂ ਦੀ ਗਿਣਤੀ ਵਿਚ ਛਪਵਾ ਕੇ ਭੇਟਾ ਰਹਿਤ ਵੰਡਿਆ ਹੈ। ਪ੍ਰਿੰ.ਹਰਿਭਜਨ ਸਿਘ ਜੀ ਦੀ ਇਕ ਹੋਰ ਪੁਸਤਕ ‘ਸਾਚੀ ਪ੍ਰੀਤਿ’ ਗਜ਼ਲਾਂ ਭਾਈ ਨੰਦ ਲਾਲ ਜੀ ਸਟੀਕ ਪੜ੍ਹਨ ਨੂੰ ਮਿਲੀ। ਇਸ ਵਿਚ ਜੋ ਉਨ੍ਹਾਂ ਦੇ ਆਪਣੇ ਦਿਲੀ ਵਲਵਲੇ ਦਸਮੇਸ਼ ਜੀ ਬਾਰੇ ਜਾਂ ਉਨ੍ਹਾਂ ਦੀ ਲਿਖਤ (ਸ੍ਰੀ ਦਸਮ ਗ੍ਰੰਥ)ਬਾਰੇ ਹਨ, ਉਹ ਬਹੁਤ ਕਮਾਲ ਦੀ ਪੇਸ਼ਕਾਰੀ ਹੈ, ਤੇ ਹੂ-ਬਹੂ ਇਸ ਤਰ੍ਹਾਂ ਹੈ:_ ਪੰ:39 “ਗੁਰਮਤਿ ਅਜਿਹੇ ਤਿਆਗ ਦਾ ਬੜੇ ਜ਼ੋਰਦਾਰ ਸ਼ਬਦਾਂ ਵਿਚ ਖੰਡਨ ਕਰਦੀ ਹੈ। ਨੌਵੇਂ ਸਤਿਗੁਰਾਂ ਦਾ ਇਹ ਸ਼ਬਦ ਕਿਤਨੀ ਸਰਲਤਾ ਤੇ ਸਪਸ਼ਟਤਾ ਨਾਲ ਪ੍ਰਭੂ ਦੀ ਲਖਤਾ ਲਈ ਜੰਗਲਾਂ ਨੂੰ ਭੱਜਣ ਦੀ ਨਿਖੇਧੀ ਦਾ ਨਕਸ਼ਾ ਬੰਨਦਾ ਹੈ:- ਕਾਹੇ ਰੇ ਬਨ ਖੋਜਨ ਜਾਈ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ॥ ਤਥਾ ਪਾ:10-ਰੇ ਮਨ ਐਸੋ ਕਰਿ ਸੰਨਿਆਸਾ॥ ਬਨ ਸੇ ਸਦਨ ਸਬੈੇ ਕਰ ਸਮਝਹੁ ਮਨ ਹੀ ਮਾਹਿ ਉਦਾਸਾ॥ ਪ੍ਰਭੂ ਹਰ ਥਾਂ ਵਿਆਪਕ ਹੈ, ਸੋ “ਬਾਹਰਿ ਟੋਲੈ ਸੋ ਭਰਮ ਭੁਲਾਹੀ” (ਮਾਝ ਮ: ਪੰਜਵਾਂ) ਵਾਲੇ ਔਝੜ ਰਾਹੇ ਸਿੱਖ ਨੇ ਨਹੀਂ ਪੈਣਾ”। ‘ਸਾਚੀ ਪ੍ਰੀਤਿ’ ਦੇ ਪੰ:117 “…ਪ੍ਰਭੂ ਸਾਡੇ ਹਿਰਦੇ ਵਿਚ ਵੱਸਦਾ ਹੈ। ਉਸਦੀ ਭਾਲ ਅੰਦਰ ਕਰਨੀ ਹੈ:_ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂੰਢੇਹਿ॥ (ਪੰ:1372) ਦੀ ਸਚਾਈ ਨੂੰ ਸਮਝਣਾ ਚਾਹੀਦਾ ਹੈ। ਤੀਜਾ ਖਿਆਲ ਇਹ ਹੈ ਕਿ ਆਸ਼ਕ ਦਾ ਦਿਲ ਪ੍ਰੀਤਮ ਦੇ ਰੰਗ ਵਿਚ ਰੰਗਿਆ ਜਾਕੇ ਉਸ ਨਾਲ ਇਕ ਮਿੱਕ, ਅਥਵਾ ਇਕ ਜੋਤ ਹੋ ਜਾਂਦਾ ਹੈ:_ ਹਰਿ ਹਰਿਜਨ ਦੁਇ ਏਕ ਹੈਂ ਬਿਬ ਬਿਚਾਰ ਕਛੁ ਨਾਂਹਿ॥ ਪ੍ਰਿੰ.ਹਰਿਭਜਨ ਸਿੰਘ ਪੰ:121 ਤੇ ਲਿਖਦੇ ਹਨ- “ਕਹਿਣ ਮਾਤਰ ਨੂੰ ਤਾਂ ਅਕਾਲ ਪੁਰਖ ਦੇ ਦੋ ਸਰੂਪ ਮੰਨੇ ਜਾਂਦੇ ਹਨ-ਇਕ ਨਿਰਗੁਣ ਤੇ ਦੂਜਾ ਸਰਗੁਣ; ਪਰ ਵਾਸਤਵ ਵਿਚ ਉਹ ਇਕੇ ਸਮੇਂ ਇੱਕੋ ਹੀ ਹਸਤੀ ਨਿਰਗੁਣ ਵੀ ਹੈ, ਤੇ ਸਰਗੁਣ ਵੀ। ਗੁਰਵਾਕ ਹੈ:_ਨਿਰਗੁਨ ਆਪਿ ਸਰਗੁਨ ਭੀ ਓਹੀ॥ ਕਲਾਧਾਰਿ ਜਿਨਿ ਸਗਲੀ ਮੋਹੀ॥ (ਸੁਖਮਨੀ) ਉਸਦੇ ਨਿਰਗੁਣ ਰੂਪ ਬਾਰੇ ਸਾਹਿਬਾਂ ਦਾ ਫੁਰਮਾਨ ਹੈ:_ ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰ ਪਾਤਿ ਨਹਿਨ ਜਿਹ॥ ‘ਸਾਚੀ ਪ੍ਰੀਤਿ’ ਦੇ ਪੰ:127 ਤੇ ਬਲੀ ਕਾਲ ਦਾ ਜ਼ਿਕਰ ਕਰਦੇ ਹੋਏ ਪਿੰਰ. ਸਾਹਿਬ ਲਿਖਦੇ ਹਨ-“ ਸ੍ਰੀ ਦਸਮੇਸ਼ ਜੀ ‘ਅਕਾਲ ਉਸਤਤਿ’ ਵਿਚ ਲਿਖਦੇ ਹਨ:_ …ਦਾਰਾ ਸੇ ਦਿਲੀਸਰ ਦੁਰਜੋਧਨ ਕੇ ਸੇ ਮਾਨਧਾਰੀ ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈਂ॥ ਜਦ ਕਾਲ ਦੀ ਕ੍ਰਿਪਾਨ ਨੇ ਸਭ ਛੋਟੇ ਵੱਡੇ ਨੂੰ ਅਵੱਸ਼ ਪਾਰ ਬੁਲਾਣਾ ਹੈ, ਤਾਂ ਓਹੀ ਘੜੀ ਸੁਲੱਖਣੀ ਹੈ ਜੋ ਪਿਆਰੇ ਦੀ ਯਾਦ ਅਥਵਾ ਦੀਦਾਰ ਦੀ ਸਿੱਕ ਵਿਚ ਗੁਜ਼ਰੇ”। ਪਿੰਰ.ਹਰਿਭਜਨ ਸਿੰਘ ‘ਸਾਚੀ ਪ੍ਰੀਤਿ’ ਦੇ ਪੰ:199 ਤੇ ਬੜੀ ਖੁਲ੍ਹ ਕੇ ਵਿਚਾਰ ਕਰਦੇ ਹਨ ਕਿ:_ “ਇਸ ਗਜ਼ਲ ਵਿਚ ਇਕ ਤਰ੍ਹਾਂ ਨਾਲ ਭਾਈ ਸਾਹਿਬ (ਭਾਈ ਨੰਦ ਲਾਲ ਜੀ) ਹੇਮਕੁੰਟ ਦੇ ਅਲੌਕਿਕ ਤਪੱਸਵੀ ਦੀ ਉਸ ਝਾਕੀ ਦਾ ਵਰਨਣ ਕਰਦੇ ਹਨ, ਜਦ ਸੰਸਾਰ ਉਤੇ ਜ਼ੋਰ, ਜ਼ਬਰ, ਈਰਖਾ, ਦ੍ਵੈਤ, ਅੱਨਿਆਏ ਤੇ ਕੂੜ-ਕੁਸੱਤ ਦੇ ਛਾ ਰਹੇ ਗੁਬਾਰ ਨੂੰ ਸੱਚ, ਸੰਤੋਖ, ਸੇਵਾ ਤੇ ਕੁਰਬਾਨੀ ਦੇ ਦੈਵੀ ਗੁਣਾਂ ਦੀਆ ਕਿਰਨਾਂ ਨਾਲ ਦੂਰ ਕਰਨ ਤੇ ਧਰਮ ਚਲਾਵਣ ਲਈ, ਅਕਾਲ ਪੁਰਖ ਨੇ ਆਪਣੇ ਨਿਵਾਜੇ ਸੁਤ-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਥਾਪੜਾ ਦੇਕੇ ਮਾਤ ਲੋਕ ਵਿਚ ਭੇਜਿਆ ਸੀ ਅਤੇ ਵਿਸ਼ਵਾਸ਼ ਦਿਵਾਇਆ ਸੀ ਕਿ “ਤੁਹਾਡਾ ਰੱਬ ਰਾਖਾ ਹੋਵੇਗਾ”। ਇਤਿਹਾਸ ਗਵਾਹ ਹੈ, ਕਿ ਇਸ ਮਰਦ ਅਗੰਮੜੇ ਨੇ ਆਪਣੇ ਜ਼ਿੰਮੇਂ ਲੱਗੇ “ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥ ” (ਬ.ਨਾਟਕ) ਦੇ ਅੱਤਿ ਬਿਖਮ ਕੰਮ ਨੂੰ ਕਿਤਨੀ ਦ੍ਰਿੜਤਾ ਤੇ ਖੂਬਸੂਰਤੀ ਨਾਲ ਨਿਭਾਇਆ। …ਇਸ ਅਦੁੱਤੀ ਕ੍ਰਿਸ਼ਮੇਂ ਤੇ ਕਰਾਮਾਤ ਦਾ ਭੇਦ ‘ਸ੍ਰੀ ਅਕਾਲ ਪੁਰਖ’ ਦੀ ਉਹ ਸਹਾਇਤਾ ਸੀ, ਜਿਸਦਾ ਵਿਸ਼ਵਾਸ਼ ਆਪ ਨੂੰ ਆਦਿ ਵਿਚ ਦਿਵਾਇਆ ਗਿਆ ਸੀ ”। ‘ਸਾਚੀ ਪ੍ਰੀਤਿ’ ਦੇ ਪੰ:206 ਤੇ:_ “ਕਲਗੀਧਰ ਜੀ ਦੇ ‘ਬਚਿਤ੍ਰ ਨਾਟਕ’ ਵਿਚ ਪਾਈ ਦੱਸ ਅਨੁਸਾਰ, ਪ੍ਰਮੇਸ਼ਰ ਨੇ ਆਪ ‘ਬਾਬੇ’ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ‘ਦੀਨ ਸ਼ਾਹ’ ਅਤੇ ਬਾਬਰ ਨੂੰ ‘ਦੁਨੀ-ਪੱਤਿ’ ਥਾਪਿਆ। ਪੋਖਤ ਹੈ ਜਲ ਮੈ ਥਲ ਮੈ ਪਲ ਮੈ ਕਲ ਕੇ ਨਹੀਂ ਕਰਮ ਬਿਚਾਰੇ॥ ਹਰਿਭਜਨ ਸਿੰਘ ‘ਸਾਚੀ ਪ੍ਰੀਤਿ’ ਦੇ ਪੰ:247 ਤੇ ਲਿਖਦੇ ਹਨ:_ “{ਮੈਂ ਤੂੰ ਹੋ ਗਿਆ, ਤੂੰ ਮੈਂ ਹੋ ਗਿਆ। (ਜੇ) ਮੈਂ ਜਾਨ ਹੋਇਆ ਹਾਂ, ਤਾਂ ਤੂੰ ਸਰੀਰ ਹੋ ਗਿਓਂ; ਤਾਂ ਜੁ ਬਾਅਦ ਵਿਚ ਕੋਈ ਇਹ ਨ ਕਹਿ ਸਕੇ, ਕਿ ਮੈਂ ਹੋਰ ਹਾਂ ਤੇ ਤੂੰ ਹੋਰ। } ਇਹ ਹੈ ਪ੍ਰਭੂ ਅਥਵਾ ਪ੍ਰੀਤਮ ਨਾਲ ਅਭੇਦਤਾ ਦਾ ਦ੍ਰਿਸ਼। ਸ੍ਰੀ ਦਸਮੇਸ਼ ਜੀ ਫੁਰਮਾਉਂਦੇ ਹਨ:- ਹਰਿ ਹਰਿਜਨ ਦੁਇ ਏਕ ਹੈਂ ਬਿਬ ਬਿਚਾਰ ਕਛੁ ਨਾਂਹਿ॥ ਪ੍ਰਿੰ.ਹਰਿਭਜਨ ਸਿੰਘ ਦਾ ਇਹ ਉਪਰਾਲਾ ਤਾਂ ਜਿੰਨਾਂ ਵੀ ਸਲਾਹਿਆ ਜਾਵੇ ਥੋੜਾ ਹੈ। ਜਿਹੜੇ ਉਪਮਾਨ-ਉਪਮੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਜਾਪੁ, ਅਕਾਲ ਉਸਤਤਿ, ਚਰਿਤ੍ਰੋਪਾਖਯਾਨ, ਬਚਿਤ੍ਰ ਨਾਟਕ, ਸਵੈਯੇ, ਕ੍ਰਿਸ਼ਨਾਵਤਾਰ ਆਦਿ ਤੇ ਅਸਫੋਟਕ ਕਬਿੱਤ ਦਸਮ-ਗ੍ਰੰਥ ਸਾਹਿਬ ਵਿਚੋਂ ਹਰਿਭਜਨ ਸਿੰਘ ਉਪਰ ਵਰਤ ਰਿਹਾ ਹੈ, ਇਸ …‘ਖੁਸਿ ਲਏ ਚੰਗਿਆਈ’॥ ਵਾਲੇ (ਗੁਰੂ ਮਾਰੇ) ਨੇ, ਉਸੇ ਗ੍ਰੰਥ ਬਾਰੇ ਜਦੋਂ ‘ਦਸਮ ਗ੍ਰੰਥ ਬਾਰੇ ਚੋਣਵੇਂ ਲੇਖ’ ਲਿਖ ਦਿੱਤੇ, ਤਾਂ ਕੀ ਉਸ ਨਾਲ ਸਭ ਕੀਤੇ ਕੱਤਰੇ ਤੇ ਪਾਣੀ ਨਹੀਂ ਫਿਰ ਗਿਆ?,ਜਿਸ ਵਿਚ ਉਸਨੇ ਦਸਮ ਗ੍ਰੰਥ ਨੂੰ ਭੰਡਣ ਬਾਰੇ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ। ਇੰਨ੍ਹਾਂ ਦੀ ਬਦੌਲਤ ਹੀ ਅੱਜ ਕੱਲ ਦੇ ਅਖੌਤੀ ਪੜ੍ਹਾਕੂ ਅਤੇ ਅਗਾਂਹਵਧੂ ਤਰਕਵਾਦੀ, ਸਿੱਖਾਂ ਦੇ ਨਿੱਤਨੇਮ ਅਤੇ ਅੰਮ੍ਰਿਤ ਸੰਚਾਰ ਵਿਚ ਪੜ੍ਹਨ ਵਾਲੀ ਬਾਣੀ ‘ਬੇਨਤੀ ਚੌਪਈ’ ਨੂੰ ‘ਕੰਜਰ ਕਵਿਤਾ’ ਕਹਿਣ ਦਾ ਹੌਸਲਾ ਰੱਖਦੇ ਹਨ। ਕੋਈ ਹੈ ਜੱਗ ਯਾ ਰੱਬ ਦਾ ਡਰ। ਕੀ ਕੋਈ ਸਿੱਖ ਇਸ ਤਰ੍ਹਾਂ ਲਿਖ ਸਕਦਾ ਹੈ?, ਤੇ ਕੀ ਸਿੱਖਾਂ ਨੂੰ ਇਸ ਸਭ ਕੁੱਝ ਲਈ ਇਸੇ ਤਰ੍ਹਾਂ ਹੀ ਮੂਕ ਦਰਸ਼ਕ ਬਣਕੇ ਬੈਠੇ ਰਹਿਣਾ ਚਾਹੀਦਾ ਹੈ? ਦਸਮੇਸ਼ ਬਾਣੀ ਵਾਸਤੇ ਨਿਰਾਦਰੀ ਭਰੇ ਇਹ ਲਫਜ਼ ਹਰਦੇਵ ਸਿੰਘ ਸ਼ੇਰਗਿਲ ਦੀ ਦੇਖ ਰੇਖ ਵਿਚ ਛਪਦਾ ਮਾਹਵਾਰੀ ਮੈਗਜ਼ੀਨ ‘ਦ ਸਿੱਖ ਬੁਲਿਟਨ’ ਦੇ ਅਗਸਤ, 2003 ਦੇ ਪੰ:24 ਉਪਰ ਕਿਰਪਾਲ ਸਿੰਘ ਵੱਲੋਂ ਛਪਿਆ ਹੈ। ਇਹ ਪ੍ਰਿੰ. ਹਰਿਭਜਨ ਸਿੰਘ ਆਪਣੇ ਕਹੇ ਨੂੰ ਹੀ ਨਹੀਂ, ਸਗੋਂ ਆਪਣੀ ਲਿਖਤ ਨੂੰ ਭੀ ਹਜ਼ਮ ਨਹੀਂ ਕਰ ਸਕਿਆ। “ਗੁਰੂ-ਪੰਥ” ਤੇ ਕੋਈ ਯਕੀਨ ਨਹੀਂ, ਸਿੱਖ ਰਹਿਤ ਮਰਿਯਾਦਾ ਤੋਂ ਇਨਕਾਰੀ ਹੈ। ਦਸਮੇਸ਼ ਦੇ ਅੰਮ੍ਰਿਤ ਉਪਰ ਕਿੰਨਾਂ ਕੁ ਨਿਸ਼ਚਾ ਹੋਵੇਗਾ ?, ਅਤੇ ਕਿਹੜੇ ਨਿਤਨੇਮ ਦਾ ਧਾਰਨੀ ਹੋਵੇਗਾ ?ਮਰੇ ਤੇ ਮੁੱਕਰੇ ਦਾ ਕੋਈ ਦਾਰੂ ਨਹੀਂ ਹੁੰਦਾ। ਇਸ ਨਾਲ ਇਹ ਦੋਵੇਂ ਭਾਣੇ ਵਰਤ ਚੁੱਕੇ ਹਨ। ਸੱਜਣੋ ! ਹੁਣ ਖੁਦ ਹੀ ਨਿਰਣਾ ਕਰੋ, ਕਿ ਇਸ ਤਰ੍ਹਾਂ ਦੇ ਨੂੰ ਕਿਸ ਤਰ੍ਹਾਂ ਦੇ ਖਿਤਾਬ ਨਾਲ ਨਿਵਾਜਿਆ ਜਾਏ, ਅਤੇ ਇੰਨ੍ਹਾਂ ਦੀਆਂ ਲਕੀਰਾਂ ਦੇ ਫਕੀਰਾਂ ਦਾ ਕੀ ਇਲਾਜ ਕੀਤਾ ਜਾਏ???
|