ਅਕਾਲ ਉਸਤਤਿ : ਅਕਾਲ ਸਰੂਪ ਤੇ ਮਾਨਵ ਸੰਦੇਸ਼ - ਡਾ. ਸਮਸ਼ੇਰ ਸਿੰਘ ਅਕਾਲ ਉਸਤਤਿ ਨਾਮ ਦੀ ਰਚਨਾ ਦੇ ਆਪਣੇ ਸਿਰਲੇਖ ਤੋਂ ਹੀ ਸਪਸ਼ਟ ਸੰਕੇਤ ਮਿਲਦਾ ਹੈ ਕਿ ਕਾਲ ਅਤੀਤ ਅਕਾਲ ਪੁਰਖ ਦੀ ਉਸਤਤੀ ਵਖੋ ਵਖਰੇ ਰੂਪਾਂ ਵਿਚ ਕੀਤੀ ਗਈ ਹੈ। ਇਸ ਰਚਨਾ ਅੰਦਰ 271 ਛੰਦ ਤਾਂ ਪੂਰੇ ਹਨ, ਅੰਤਲਾ ਛੰਦ ਅੱਧਾ ਹੀ ਹੈ ਇਸ ਬਾਰੇ ਵਿਦਵਾਨਾਂ ਦੀਆਂ ਰਾਵਾਂ ਵਖੋ ਵਖਰੀਆਂ ਹਨ। ਸ਼ਰਧਾ ਦ੍ਰਿਸ਼ਟੀ ਰਖਣ ਵਾਲੇ ਵਿਦਵਾਨਾਂ ਨੇ ਪ੍ਰਭੂ ਦੀ ਬੇਅੰਤਤਾ ਦਾ ਜ਼ਿਕਰ ਦੇਖਦਿਆਂ ਇਹ ਮੰਨਿਆ ਹੈ ਕਿ ਅਖੀਰਲਾ ਛੰਦ ਇਸ ਲਈ ਅਧੂਰਾ ਹੈ ਕਿ ਅਕੱਥ ਪ੍ਰਭੂ ਦੀ ਉਸਤਤੀ ਦਾ ਕੋਈ ਵੀ ਪੂਰਾ ਕਥਨ ਨਹੀਂ ਕਰ ਸਕਦਾ। ਵਿਦਵਾਨਾਂ ਦਾ ਦੂਸਰਾ ਪੱਖ ਇਸ ਨੂੰ ਇਸ ਤਰ੍ਹਾਂ ਲੈਂਦਾ ਹੈ ਕਿ ਇਸ ਰਚਨਾ ਦਾ ਅਖੀਰਲਾ ਛੰਦ ਪੂਰਾ ਨਹੀਂ ਮਿਲ ਸਕਿਆ ਇਸ ਕਰਕੇ ਅੱਧਾ ਹੀ ਰਹਿ ਗਿਆ ਹੈ। ਸਾਡਾ ਪਰਚਾ ਤਾਂ ਅਕਾਲ ਪੁਰਖ ਦੇ ਸਰੂਪ ਤੇ ਮਾਨਵ ਸੰਦੇਸ਼ ਨਾਲ ਸਬੰਧਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਇਸ ਰਚਨਾ ਅੰਦਰ ਸਮੁੱਚੇ ਰੂਪ ਵਿਚ ਪ੍ਰਭੂ ਨੂੰ ਇਕ, ਸਰਬ ਸ਼ਕਤੀਮਾਨ, ਸਰਬ ਸਮਰੱਥ, ਸਰਬ ਵਿਆਪਕ, ਨਿਰਾਕਾਰ, ਨਿਰਵਿਕਾਰ, ਗੁਣਾਤੀਤ, ਦਇਆਲੂ ਕਿਰਪਾਲੂ, ਦੁਸਟ ਦਮਨ ਆਦਿ ਆਦਿ ਰੂਪ ਬਿਆਨ ਕੀਤੇ ਗਏ ਹਨ, ਉਹ ਕਰਤਾ, ਭਰਤਾ ਅਤੇ ਹਰਤਾ ਹੈ। ਐਸੇ ਸਰਬ ਸ਼ਕਤੀਮਾਨ ਅਕੱਥ ਅਗੋਚਰ, ਤੇ ਅਲੱਖ ਪ੍ਰਭੂ ਦਾ ਅੰਤ ਪਾਉਣ ਲਈ ਸਾਧਕਾਂ ਨੇ ਕਈ ਮਾਰਗ ਅਪਨਾਏ ਜਿਨ੍ਹਾਂ ਵਿਚੋਂ ਮੁਖ ਰੂਪ ਵਿਚ ਗਿਆਨ ਮਾਰਗੀ, ਧਿਆਨ ਮਾਰਗੀ, ਨਵਿਰਤੀ ਮਾਰਗ ਵਾਲੇ, ਹੱਠ ਯੋਗੀ, ਕਰਮ ਯੋਗੀ ਆਦਿ ਸਭ ਮਾਰਗਾਂ ਵਾਲੇ ਆਪੋ ਆਪਣੇ ਢੰਗਾਂ ਨਾਲ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਆ ਰਹੇ ਹਨ। ਇਨ੍ਹਾਂ ਮਾਰਗਾਂ ਤੋਂ ਇਲਾਵਾ ਕਰਮ ਕਾਂਡੀਆਂ ਦਾ ਵਿਸਥਾਰ ਸਹਿਤ ਵਰਣਨ ਕੀਤਾ ਮਿਲਦਾ ਹੈ। ਗੁਰੂ ਜੀ ਇਸ ਪ੍ਰਕਾਰ ਦੇ ਸਭ ਮਾਰਗਾਂ ਦੇ ਧਾਰਨੀਆਂ ਦਾ ਵਰਣਨ ਕਰਦਿਆਂ, ਇਨ੍ਹਾਂ ਨੂੰ ਅਧੂਰਾ ਦਸਿਆ ਹੈ ਇਨ੍ਹਾਂ ਮਾਰਗਾਂ ਦੇ ਅਧੂਰੇਪਨ ਦਾ ਵਰਣਨ ਵੀ ਬੜੇ ਸੋਹਣੇ ਢੰਗ ਨਾਲ ਸਪਸ਼ਟ ਕੀਤਾ ਹੈ ਜਿਵੇ: ਗਿਆਨ ਮਾਰਗ ਦੀ ਆਪਣੀ ਇਕ ਸੀਮਾ ਹੈ। ਮਨੁੱਖੀ ਮਨ ਦੀ ਉਡਾਰੀ ਸੀਮਤ ਹੈ ਪ੍ਰਭੂ ਤਾਂ ਅਸੀਮ ਹੈ। ਗਿਆਨ ਮਨੁੱਖੀ ਇੰਦਰੀਆਂ ਦਾ ਵਿਸ਼ਾ ਹੈ ਜੋ ਦਿਸਦੀ ਵਸਤੂਆਂ ਦੀ ਕਿਸੇ ਹੱਦ ਤੱਕ ਜਾਣਕਾਰੀ ਪ੍ਰਾਪਤ ਕਰ ਸਕਦਾ ਹੈ। ਪ੍ਰਭੂ ਇਨ੍ਹਾਂ ਇੰਦਰੀਆਂ ਤੋਂ ਪਰੇ ਰਹੱਸਮਈ ਖੇਤਰ ਨਾਲ ਸੰਬੰਧਿਤ ਹੈ। ਰਹੱਸ ਹਮੇਸ਼ਾ ਰਹੱਸ ਹੀ ਰਹਿੰਦਾ ਹੈ। ਸਾਧਕ ਵਿਸਮਾਦ ਵਿਚ ਵਾਹ ਵਾਹ ਕਰ ਉਠਦਾ ਹੈ। ਇਸੇ ਤਰ੍ਹਾਂ ਨਿਵਿਰਤੀ ਮਾਰਗ ਦੇ ਧਾਰਨੀ ਸੰਸਾਰ ਤੇ ਗ੍ਰਿਹਸਤ ਦਾ ਤਿਆਗ ਕਰਕੇ ਇਕਾਂਤ ਵਾਸਾ ਤਾਂ ਕਰ ਲੈਂਦੇ ਪ੍ਰੰਤੂ ਨਾ ਤਾਂ ਉਹ ਵਿਕਾਰਾਂ ਉੱਤੇ ਕਾਬੂ ਪਾਉਣ ਵਿਚ ਸਫਲ ਹੁੰਦੇ ਹਨ ਨਾ ਹੀ ਲਕਸ਼ ਦੀ ਪ੍ਰਾਪਤੀ ਹੁੰਦੀ ਹੈ: ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਹਠ ਜੋਗੀ ਸਰੀਰ ਨੂੰ ਕਸ਼ਟ ਦੇਕੇ ਰਿਧੀਆਂ ਸਿਧੀਆਂ ਪ੍ਰਾਪਤ ਕਰਕੇ ਹੀ ਸੀਮਤ ਹੋ ਜਾਂਦਾ ਹੈ, ਉਹ ਇਨ੍ਹਾਂ ਸਿਧੀਆਂ ਨੂੰ ਹੀ ਜੀਵਨ ਲਕਸ਼ ਸਮਝਦਾ ਹੈ। ਰਿਧੀਆਂ ਸਿਧੀਆਂ ਤਾਂ ਪ੍ਰਭੂ ਪ੍ਰਾਪਤੀ ਦੇ ਰਾਹ ਵਿਚ ਰੁਕਾਵਟਾਂ ਹਨ। ਗੁਰਮਤਿ ਨੇ ਇਨ੍ਹਾਂ ਅਵਰਾ ਸਾਦ ਮੰਨਿਆ ਹੈ। ਇਸੇ ਤਰ੍ਹਾਂ ਕਰਮਕਾਂਡੀ ਵਹਿਮਾਂ ਭਰਮਾਂ ਤੇ ਡਰ ਕਾਰਨ ਕਈ ਪ੍ਰਕਾਰ ਦਾ ਪ੍ਰਪੰਚ ਕਚਦਾ ਹੈ। ਧਰਮ ਗ੍ਰੰਥਾਂ ਦਾ ਪਾਠ ਪਠਨ, ਅਗਨੀ ਹੋਮ, ਨਿਉਲੀ ਕਰਮ, ਤੀਰਥਾਂ ਦਾ ਭਰਮਣ, ਇਸ਼ਨਾਨ, ਦਾਨ, ਜਲਧਾਰੇ ਸਭ ਫੋਕਟ ਕਰਮ ਮੰਨੇ ਗਏ ਹਨ। ਕੇਵਲ ਇਕ ਨਾਮ ਸਿਮਰਨ ਹੀ ਸਰੇਸ਼ਟ ਕਰਮ ਹੈ: ਸਭ ਕਰਮ ਫੋਕਟ ਜਾਨ ਗੁਰੂ ਜੀ ਨੇ ਇਸ ਪ੍ਰਕਾਰ ਦੇ ਕਰਮ ਕਾਂਡੀਆਂ ਦੀ ਕਰੜੇ ਸ਼ਬਦਾਂ ਰਾਹੀਂ ਅਲੋਚਨਾਂ ਕਰਦਿਆਂ ਕਿਹਾ ਹੈ: ਜੇਕਰ ਗੰਦ ਮੰਦ ਖਾਣ ਨਾਲ ਜੀਵਨ ਦਾ ਪਾਰ ਉਤਾਰਾ ਹੁੰਦਾ ਹੋਵੇ ਤਾਂ ਸੂਰ ਦਾ ਉਧਾਰ ਹੋਇਆ ਸਮਝਣਾ ਚਾਹੀਦਾ ਹੈ। ਜੇਕਰ ਸਰੀਰ ਤੇ ਵਿਭੂਤੀ ਮਲਣ ਨਾਲ ਮੁਕਤੀ ਮਿਲਦੀ ਹੋਵੇ ਤਾਂ ਹਾਥੀ ਤੇ ਗਧਾ ਮੁਕਤ ਸਮਝੇ ਜਾਣੇ ਚਾਹੀਦੇ ਹਨ ਕਿਉਂਕਿ ਹਾਥੀ ਸਰੀਰ ਤੇ ਖੇਹ ਪਾ ਲੈਂਦੇ ਹਨ। ਗਧਾ ਰੂੜੀ ਵਿਚ ਲਿਟਦਾ ਹੈ। ਜੇਕਰ ਨੰਗਿਆਂ ਰਹਿਣ ਨਾਲ ਗਤੀ ਹੁੰਦੀ ਹੋਵੇ ਤਾਂ ਜੰਗਲ ਦੇ ਜਾਨਵਰ ਗਿੱਦੜ, ਹਿਰਨ, ਬਾਂਦਰ ਆਦਿ ਸਭ ਮੁਕਤ ਹੋ ਗਏ ਸਮਝਣੇ ਚਾਹੀਦੇ ਹਨ। ਜੇਕਰ ਮੋਨ ਧਾਰਨ ਨਾਲ ਕਲਿਆਣ ਹੁੰਦਾ ਹੋਵੇ ਤਾਂ ਰੁਖ ਤਾਂ ਹਮੇਸ਼ਾਂ ਹੀ ਮੋਨਧਾਰੀ ਰਹਿੰਦੇ ਹਨ। ਜੇਕਰ ਬਿੰਦ ਰੱਖਣ ਨਾਲ ਮੁਕਤੀ ਮਿਲਦੀ ਹੈ ਤਾਂ ਹੀਜੜੇ ਮੁਕਤ ਸਮਝੋ। ਧਿਆਨ ਮਾਰਗੀਆਂ ਦਾ ਜ਼ਿਕਰ ਕਰਦਿਆ ਕਿਹਾ ਹੈ ਪੰਛੀ ਤਾਂ ਉਚੀਆਂ ਉਡਾਰੀਆਂ ਮਾਰਨ ਵਾਲੇ ਸਭ ਮੁਕਤ ਹੀ ਸਮਝੋ। ਕਹਿਣ ਤੋਂ ਭਾਵ ਇਸ ਪ੍ਰਕਾਰ ਦਾ ਪ੍ਰਪੰਚ ਰਚਣ ਵਾਲੇ ਗਿਆਨੀ, ਧਿਆਨੀ, ਸੰਨਿਆਸੀ, ਭੇਖ ਧਾਰਕ, ਕਰਮਕਾਂਡੀ ਸਭ ਮੁਕਤੀ ਤੋਂ ਵਾਂਝੇ ਹੀ ਰਹਿੰਦੇ ਹਨ। ਜੇਤੋ ਬਡੇ ਗਿਆਨੀ ਤਿਨੋ ਜਾਨੀ ਪੈ ਬਖਾਨੀ ਨਾਹਿ ਕਈ ਲੋਕ, ਭਾਵਨਾ ਤੋਂ ਖਾਲੀ ਰਮਤੇ ਬਣਕੇ ਫਿਰਦੇ ਹਨ ਕਈ ਸਮਾਧੀਆਂ ਲਾਉਂਦੇ ਹਨ, ਕਈ ਲੰਬੇ ਪੈ ਕੇ ਡੰਡਾਉਤ ਕਰਦੇ ਹਨ, ਜਾਂ ਸਰੀਰ ਨੂੰ ਕਸ਼ਟ ਦੇਣਾ, ਸਭ ਵਿਅਰਥ ਹੈ ਜੋਤ ਸਰੂਪ ਪ੍ਰਭੂ ਤੀਰਥਾਂ ਤੇ ਭਰਮਣ, ਕਬਰਾਂ ਮਸਾਣਾਂ ਵਿਚ ਡੇਰੇ ਲਾਉਣ ਨਾਲ ਨਹੀਂ ਮਿਲਦਾ: ਤੀਰਥ ਜਾਤ ਨ ਦੇਵ ਪੂਜਾ ਗੋਰ ਕੇ ਨ ਅਧੀਨ ਜੋਤ ਸਰੂਪ ਪ੍ਰਭੂ ਤਾਂ ਸਰਵ-ਵਿਆਪਕ ਹੈ। ਉਸ ਨੂੰ ਜੜ ਵਸਤੂਆਂ ਵਿਚੋਂ ਲਭਣਾ, ਜਾਂ ਕਿਸੇ ਖਾਸ ਦਿਸ਼ਾ ਅੰਦਰ ਹੀ ਸੀਮਤ ਕਰ ਦੇਣਾ ਮਨੁੱਖੀ ਅਗਿਆਨਤਾ ਦਾ ਪ੍ਰਗਟਾਵਾ ਹੀ ਮੰਨਿਆ ਗਿਆ ਹੈ। ਪ੍ਰਭੂ ਤਾਂ ਜਲ, ਥਲ, ਇਥੇ-ਉਥੇ, ਉਰੇ-ਪਰੇ, ਸਭ ਥਾਂ ਵਿਆਪਕ ਹੈ। ਗੁਰੂ ਜੀ ਨੇ ਉਸਨੂੰ ਹਰ ਜ਼ਰੇ ਵਿਚ ਅਨੁਭਵ ਕਰਦਿਆਂ ਕਿਹਾ ਹੈ: ਜਲਸ ਤੁਹੀ ਥਲਸ ਤੁਹੀ ਗੁਰੂ ਜੀ ਨੇ ਅਕਾਲ ਪੁਰਖ ਨੂੰ ਪ੍ਰੇਮ ਦਾ ਸੋਮਾ ਮੰਨਿਆ ਹੈ। ਉਸਨੂੰ ਪ੍ਰਾਪਤ ਕਰਨ ਦਾ ਸਾਧਨ ਵੀ ਪ੍ਰੇਮ ਹੀ ਦੱਸਿਆ ਹੈ। ਦੇਵੀ ਦੇਵਤੇ ਅਵਤਾਰ ਸਭ ਉਸਦੇ ਦਰ ਉਤੇ ਖੜ੍ਹੇ ਭਗਤੀ ਕਰਦੇ ਹਨ। ਇਹ ਭਗਤੀ ਪ੍ਰੇਮ ਤੋਂ ਬਿਨਾਂ ਪ੍ਰਭੂ ਦਰ ਉਤੇ ਪ੍ਰਵਾਨ ਨਹੀਂ ਹੁੰਦੀ। ਭਵ ਸਾਗਰ ਤੋਂ ਤਰਨ ਦਾ ਸਾਧਨ ਪ੍ਰੇਮ ਭਰਪੂਰ ਭਗਤੀ ਮੰਨੀ ਗਈ ਹੈ। ਪ੍ਰੇਮਾ ਭਗਤੀ ਤੋਂ ਬਿਨਾਂ ਹੋਰ ਸਾਰੇ ਮਾਰਗ ਹਊਮੇ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ। ਪ੍ਰੇਮਾ ਭਗਤੀ ਨਾਲ ਮੈਂ ਮੇਰੀ ਅੰਹ ਭਰਪੂਰ ਭਾਵਨਾ ਤੂੰ ਹੀ ਤੂੰ ਹੀ ਵਿਚ ਬਦਲ ਜਾਂਦੀ ਹੈ। ਇਹੀ ਪ੍ਰੇਮਾ ਭਗਤੀ ਸਭ ਦੇਵੀ ਦੇਵਤਿਆਂ ਲਈ ਵੀ ਸ੍ਰੋਮਣੀ ਧਰਮ ਹੈ: ਜਿਹ ਕੋਟਿ ਇੰਦ੍ਰ ਨ੍ਰਿਪਾਰ ਅਕਾਲ ਪੁਰਖ ਦੇ ਗਿਆਨ ਬਾਰੇ ਸਾਰੇ ਆਸਤਕ ਧਰਮਾਂ ਅੰਦਰ ਕਈ ਪ੍ਰਕਾਰ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ ਹਨ। ਪ੍ਰੰਤੂ ਇਹ ਰਹੱਸ ਇਕ ਐਸਾ ਰਹੱਸਵਾਦੀ ਵਿਸ਼ਾ ਹੈ ਜਿਸ ਬਾਰੇ ਅਜੇ ਤਕ ਨਾ ਤਾਂ ਪੂਰਨ ਤੌਰ ਤੇ ਜਾਣਿਆ ਗਿਆ ਹੈ ਤੇ ਨਾ ਹੀ ਅਜੇ ਖੋਜ ਪੂਰੀ ਹੋਈ ਹੈ। ਇਹ ਖੋਜ ਹਮੇਸ਼ਾ ਨਵੀਨ ਹੀ ਰਹੇਗੀ। ਇਸ ਅਗਮ ਅਗੋਚਰ ਦੇ ਸਿਖਰ ਵਲ ਜਾਣ ਵਾਲੇ ਅਨੇਕਾਂ ਅਨੇਕਾਂ ਮਾਰਗ ਹਨ। ਮਾਰਗਾਂ ਤੇ ਚਲਣ ਵਾਲੇ ਸਾਧਕ ਉਸਦਾ ਅੰਤ ਨਹੀਂ ਪਾ ਸਕੇ। ਇਸ ਪ੍ਰਕਾਰ ਦੀ ਸਾਧਨਾਂ ਨਾਲ ਅਕਾਲ ਪੁਰਖ ਦੇ ਕਈ ਕਿਰਤਮ ਨਾਂਵ ਘੜੇ ਗਏ। ਅੰਤ ਵਿਚ ਇਨਾਂ ਅਨੇਕ ਨਾਵਾਂ ਨਾਲ ਵੀ ਉਸਦਾ ਅੰਤ ਨਹੀਂ ਪਾਇਆ ਜਾ ਸਕਿਆ। ਅਨੇਕਾਂ ਨਾਵਾਂ ਦੁਆਰਾ ਉਸਦੀ ਬੇਅੰਤਤਾ ਦੀ ਸੋਝੀ ਤਾਂ ਹੁੰਦੀ ਹੈ। ਬਿਨਾਂ ਬੇਅੰਤ ਗੁਣਾਂ ਵਾਲੇ ਅਕਾਲ ਪੁਰਖ ਦੀ ਸਰਬ ਉਤਮਤਾ ਨੂੰ ਕਥਨ ਕਰਨ ਲਈ ਨੇਤਿ ਨੇਤਿ ਸ਼ਬਦ ਹੀ ਵਰਤੇ ਗਏ ਤੇ ਉਸਦੀ ਹਸਤੀ ਅਕੱਥ ਹੀ ਰਹੀ। ਉਹ ਅਗਮ ਅਗੋਚਰ ਤੇ ਅਲੱਖ ਹੀ ਰਿਹਾ। ਗੁਰੂ ਜੀ ਨੇ ਸਭ ਪ੍ਰਕਾਰ ਦੀਆਂ ਸਾਧਨਾਵਾਂ ਦਾ ਕਥਨ ਕਰਕੇ ਅੰਤ ਨੂੰ ਇਹੀ ਸਿੱਧ ਕੀਤਾ ਹੈ ਕਿ ਇਨ੍ਹਾਂ ਨਾਲ ਪ੍ਰਾਪਤੀ ਨਹੀਂ ਹੁੰਦੀ ਸਗੋਂ ਜੀਵਨ ਵਿਅਰਥ ਚਲਾ ਜਾਂਦਾ ਹੈ: ਜਿਹ ਧਿਆਨ ਕਾਜ ਮੁਨਿ ਜਨ ਅਨੰਤ, ਦੇਵੀ ਦੇਵਤਿਆਂ, ਅਵਤਾਰਾਂ, ਧਰਮ ਗ੍ਰੰਥਾਂ, ਵੇਦਾਂ ਕਤੇਬਾਂ, ਜੰਤ੍ਰਾਂ ਮੰਤ੍ਰਾਂ ਤੰਤ੍ਰਾਂ ਨੇ ਵੀ ਉਸ ਅਕਾਲ ਪੁਰਖ ਨੂੰ ਨੇਤਿ ਨੇਤਿ ਹੀ ਕਿਹਾ ਹੈ। ਇਸ ਨਿਖੇਧਾਤਮਕ ਕਥਨ ਅੰਦਰ ਪ੍ਰਭੂ ਅਨੰਤਤਾ ਕਾਰਨ ਜਗਿਆਸੂ ਜਦੋਂ ਅਚਰਜ ਹੁੰਦਾ ਹੈ ਤਾਂ ਉਸਨੂੰ ਧੰਨ ਧੰਨ ਵਾਹ ਵਾਹ ਬਲਿਹਾਰ ਕਹਿ ਕੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਅਕਾਲ ਪੁਰਖ, ਪਰਮ ਪੁਰਖ, ਕਰਤਾ ਪੁਰਖ ਸਵੈ ਪ੍ਰਕਾਸ਼ਤ ਹੈ, ਉਸਦਾ ਮਾਂ ਪਿਓ ਕੋਈ ਨਹੀਂ, ਨਾ ਸਾਕ ਸਬੰਧੀ ਹੈ, ਨਾ ਉਸਨੂੰ ਕੋਈ ਪਾਲਣ ਪੋਸਣ ਵਾਲਾ ਹੈ। ਉਸਦਾ ਕੁਨਬਾ, ਜਾਤਿ, ਨਸਲ, ਰੰਗ ਕੁਝ ਨਹੀਂ ਕੋਈ ਦੇਸ ਨਹੀਂ ਨਾ ਹੀ ਕੋਈ ਭੇਸ ਹੈ। ਇਸ ਲਈ ਕਿਸੇ ਖਾਸ ਦਾ ਨਹੀਂ ਸਗੋਂ ਸਭ ਦਾ ਸਾਂਝਾ ਤੇ ਪਿਆਰਾ ਹੈ। ਸਦ ਭਾਵਨਾ ਤੇ ਸਮ ਦ੍ਰਿਸ਼ਟੀ ਵਾਲਾ ਹੈ। ਉਹ ਸਰੀਰ ਰਹਿਤ ਹੈ, ਇਸ ਲਈ ਉਸਨੂੰ ਨਾ ਕਾਮ ਹੈ ਨਾ ਕ੍ਰੋਧ ਹੈ ਨਾ ਮੋਹ ਹੈ, ਨਾ ਲੋਭ ਹੈ- ਅਕਾਲ ਪੁਰਖ ਜੋਤਿ ਸਰੂਪ ਹੋਣ ਕਰਕੇ ਇਨ੍ਹਾਂ ਸਭ ਪ੍ਰਕਾਰ ਦੇ ਵਿਕਾਰਾਂ ਤੋਂ ਮੁਕਤ ਹੈ: ਨ ਜਾਤੇ ਨ ਪਾਤੇ, ਨ ਸੱਤ੍ਰੇ ਨ ਮਿੱਤ੍ਰੇ। (98) ਨਿਖੇਧਆਤਮਕ ਸ਼ਬਦਾਂ ਦੁਆਰਾ ਅਭਾਵਾਤਮਕ ਉਚਾਰਣ ਵੀ ਅਕਾਲ ਪੁਰਖ ਦੇ ਭਾਵਾਤਮਕ ਗੁਣਾਂ ਪ੍ਰਤਿ ਵਿਸ਼ਵਾਸ਼ ਦ੍ਰਿੜ ਕਰਾਉਂਦਾ ਹੈ। ਮਨੁੱਖ ਸੀਮਤ ਹੈ ਅਕਾਲ ਪੁਰਖ ਅਸੀਮ ਹੈ। ਇਸੇ ਲਈ ਉਸਨੂੰ ਅਕਾਲ ਪੁਰਖ, ਸੋ ਪੁਰਖ, ਹਰਿ ਪੁਰਖ, ਕਰਤਾ ਪੁਰਖ, ਪਰਮ ਪੁਰਖ, ਸਤਿ ਪੁਰਖ ਆਦਿ ਨਾਵਾਂ ਨਾਲ ਜਿਸਨੂੰ ਸਤਿਕਾਰਿਆ ਤੇ ਸਵੀਕਾਰਿਆ ਗਿਆ ਹੈ, ਉਸਦੇ ਦੈਵੀ ਗੁਣਾਂ ਦੀ ਪ੍ਰਾਪਤੀ ਲਈ ਮਨੁੱਖ ਤਾਂਘਦਾ ਹੈ। ਇਹ ਵਿਆਪਕ ਸਰਗੁਣ ਸੰਸਾਰ ਨਿਰਗੁਣ ਪ੍ਰਭੂ ਦਾ ਹੀ ਆਪਣਾ ਆਪਾ ਹੈ। ਉਸਦੀ ਚੇਤਨਾ ਜੋਤ ਰੂਪ ਵਿਚ ਸਾਰੇ ਰਮ ਰਹੀ ਹੈ। ਚੌਹਾਂ ਦਿਸ਼ਾਵਾਂ ਅੰਦਰ ਉਸਦੀ ਜੋਤੀ ਦਾ ਪ੍ਰਕਾਸ਼ ਫੈਲਿਆ ਹੋਇਆ ਹੈ। ਇਸ ਜੋਤ ਅੰਦਰਿ ਘਾਟਾ ਵਾਧਾ ਨਹੀਂ। ਹਾਥੀ ਅਤੇ ਕੀੜੀ ਵਿਚ ਉਸੇ ਦੀ ਜੋਤ ਹੈ। ਉਹ ਹਾਥੀ ਚੰਘਾੜ ਨਾਲੋਂ ਕੀੜੀ ਦੀ ਪੁਕਾਰ ਪਹਿਲਾਂ ਸੁਣਦਾ ਹੈ: ਪ੍ਰਣਵੋ ਆਦਿ ਏਕੰਕਾਰਾ ਅਕਾਲ ਪੁਰਖ ਨੇੜੇ ਤੋਂ ਨੇੜੇ ਤੇ ਦੂਰ ਤੋਂ ਦੂਰ ਹੈ। ਉਹ ਪ੍ਰੇਮੀਆਂ ਨੂੰ ਸਦਾ ਅੰਗ ਸੰਗ ਨੇੜੇ ਤੋਂ ਨੇੜੇ ਅਨੁਭਵ ਹੁੰਦਾ ਹੈ ਜਦਿ ਕਿ ਅਗਿਆਨੀ ਨੂੰ ਦੂਰ ਦਿਸਦਾ ਹੈ। ਉਹ ਅੰਤਰਜਾਮੀ ਹੈ। ਉਹ ਸਭ ਥਾਵਾਂ ਅੰਦਰ ਤੇ ਸਭ ਜੁਗਾਂ ਅੰਦਰ ਅਤੇ ਤਿੰਨਾਂ ਕਾਲਾਂ ਅੰਦਰ ਬਿਰਾਜਮਾਨ ਹੈ: ਸ਼ਤਿ ਦੁਆਪਰ ਤ੍ਰਿਤੀਆਂ ਕਲਜੁਗ ਚਤ੍ਰ ਕਾਲ ਪ੍ਰਧਾਨ॥(199) ਪ੍ਰਭੂ ਦਇਆਲੂ ਕਿਰਪਾਲੂ ਪ੍ਰਤਿਪਾਲਕ ਹੈ। ਅਭਿਮਾਨੀਆਂ ਤੇ ਖਲਕਤ ਉਤੇ ਜ਼ੁਲਮ ਕਰਨ ਵਾਲਿਆਂ ਨੂੰ ਦੰਡ ਦਿੰਦਾ ਹੈ ਤੇ ਨਾਸ਼ ਵੀ ਕਰਦਾ ਹੈ। ਜੁਲਮ ਦਾ ਅੰਤ ਹੋਣ ਤੇ ਗੋਬਿੰਦ ਜੋ ਪ੍ਰਿਥਵੀ ਦਾ ਮਾਲਕ ਹੈ, ਇਸ ਲਈ ਸਾਰੇ ਖੰਡਾਂ ਬ੍ਰਹਿਮੰਡਾਂ ਦਾ ਪ੍ਰਬੰਧ ਉਹ ਆਪਣੇ ਹੁਕਮ ਅੰਦਰ ਚਲਾ ਰਿਹਾ ਹੈ। ਸਰਬ ਠਉਰ ਰਹਿਓ ਬਿਰਾਜ ਧਿਰਾਜ ਰੰਜਪ੍ਰਬੀਨ॥(184) ਅਕਾਲ ਉਸਤਤਿ ਦੀ ਰਚਨਾ ਦੇ ਸ਼ੁਰੂ ਵਿਚ ਹੀ ਪ੍ਰਭੂ ਦੀ ਹਸਤੀ ਸ਼ਕਤੀ ਨੂੰ ਬੜੇ ਵਿਲੱਖਣ ਨਾਮ ਨਾਲ ਯਾਦ ਕਰਕੇ ਉਸ ਤੋਂ ਫੌਲਾਦ ਵਰਗਾ ਵਰਦਾਨ ਮੰਗਿਆ ਹੈ। ਇਸ ਵਰਦਾਨ ਤੋਂ ਲਗਦਾ ਹੈ ਕਿ ਗੁਰੂ ਜੀ ਨੇ ਸਰਬਲੋਹ ਵਰਗਾ ਮਜਬੂਤ ਆਚਰਣ ਖਾਲਸੇ ਅੰਦਰ ਸੰਚਾਰ ਕਰਨ ਲਈ ਅਕਾਲ ਪੁਰਖ ਤੋਂ ਇਹ ਮੰਗ ਮੰਗਦਿਆਂ ਕਿਹਾ ਹੈ: ਅਕਾਲ ਪੁਰਖ ਦੀ ਰੱਛਾ ਹਮ ਨੈ। ਗੁਰੂ ਸਾਹਿਬ ਦੀਆਂ ਬਾਣੀ, ਮੁੱਖ ਮੁੱਖ ਬਾਣੀਆਂ ਅੰਦਰ ਵੀ ਪ੍ਰਭੂ ਦਾ ਐਸਾ ਰੂਪ ਦੇਖਣ ਵਿਚ ਆਉਂਦਾ ਹੈ ਕਿ ਗੁਰੂ ਜੀ ਨੇ ਅਕਾਲ ਪੁਰਖ ਨੂੰ ਸ਼ਸਤ੍ਰਧਾਰੀ ਰੂਪ ਵਿਚ ਨਮਸਕਾਰ ਕੀਤਾ। ਚੰਡੀ ਦੀ ਵਾਰ ਵਿਚ ਅਕਾਲ ਪੁਰਖ ਨੂੰ ਭਗਉਤੀ ਦੇ ਰੂਪ ਵਿਚ। ਜਾਪ ਸਾਹਿਬ ਅੰਦਰ ਸ਼ਸਤ੍ਰਾਂ ਨਾਲ ਲੈਸ ਸਵੀਕਾਰ ਕਰਕੇ ਨਮੋ ਸਸਤ੍ਰਪਾਣੈ (51) ਕਿਹਾ ਹੈ ਅਤੇ ਕਿਤੇ ਖੜਗ ਕੇਤ ਦੇ ਰੂਪ ਵਿਚ ਚਿਤਰਿਆ ਹੈ। ਇਹ ਸਭ ਰੂਪ ਪ੍ਰਭੂ ਦੀ ਪ੍ਰਚੰਡ ਸ਼ਕਤੀ ਦੇ ਚਿਤਰਨ ਦਾ ਭਾਵ ਇਸ ਤਰ੍ਹਾਂ ਲਗਦਾ ਹੈ ਕਿ ਗੁਰੂ ਜੀ ਭਾਰਤ ਵਾਸੀਆਂ ਦੇ ਨਿਰਬਲ ਹੋਏ ਮਨਾਂ ਨੂੰ ਮੁੜ, ਸਵੈਮਾਨ, ਚੜ੍ਹਦੀ ਕਲਾ ਤੇ ਉਤਸ਼ਾਹ ਨਾਲ ਭਰਨਾ ਚਾਹੁੰਦੇ ਸਨ। ਸ਼ਸਤ੍ਰਾਂ ਨੂੰ ਗੁਰੂ ਪੀਰ ਦੀ ਪਦਵੀ ਦੇ ਕੇ ਨਮਸਕਾਰ ਕੀਤਾ ਹੈ: ਨਮੋ ਸਸਤ੍ਰਮਾਣੇ ਨਮੋ ਅਸਤ੍ਰਮਾਣੇ॥ ਪ੍ਰਭੂ ਦਾ ਸਰਬਲੋਹ ਰੂਪ ਇਕ ਪਾਸੇ ਤਾਂ ਫੌਲਾਦ ਵਾਂਗ ਮਜਬੂਤ ਸ਼ਕਤੀ ਦਾ ਪ੍ਰਤੀਕ ਹੈ ਅਤੇ ਦੂਸਰੇ ਪਾਸੇ ਸ਼ਸਤ੍ਰ ਦਾ ਪ੍ਰਤੀਕ ਹੋਣ ਕਰਕੇ ਦੁਸ਼ਟਾਂ ਦਾ ਸੰਘਾਰ ਕਰਨ ਵਾਲਾ ਤੇ ਧਰਮ ਰੱਖਿਅਕ ਹੈ। ਇਸ ਪ੍ਰਕਾਰ ਗੁਰੂ ਜੀ ਨੇ ਭਗਤੀ ਰਾਹੀਂ ਸ਼ਕਤੀ ਦਾ ਸੰਚਾਰ ਕਰਕੇ ਇਕ ਵਿਲੱਖਣ ਤੇ ਨਵਾਂ ਤਜ਼ਰਬਾ ਕੀਤਾ ਜਿਹੜਾ ਬੜਾ ਸਫਲ ਸਿਧ ਹੋਇਆ। ਅਕਾਲ ਉਸਤਤਿ ਵਿਚ ਪਹਿਲਾਂ ਇਸ਼ਟ ਦਾ ਸਰੂਪ ਤੇ ਫਿਰ ਇਸ਼ਟ ਦੇ ਗੁਣਾਂ ਨੂੰ ਜਿਸ ਰੂਪ ਵਿਚ ਚਿਤਰਿਆ ਹੈ ਬੜਾ ਹੀ ਮਹੱਤਵਪੂਰਨ ਪੱਖ ਹੈ। ਇਸ਼ਟ ਦੀ ਪ੍ਰਸੰਨਤਾ ਜਾਂ ਅਸ਼ੀਰਵਾਦ ਲਈ ਕੀਤੇ ਕਰਮ ਵੀ ਆਪਣੇ ਆਪ ਵਿਚ ਵਿਲੱਖਣ ਹਨ। ਇਸ ਰਚਨਾ ਵਿਚ ਗੁਰੂ ਜੀ ਨੇ ਪ੍ਰਚੱਲਤ ਫੋਕਟ ਕਰਮਾਂ ਦਾ ਖੰਡਨ ਕੀਤਾ ਅਤੇ ਭਾਰਤਵਾਸੀਆਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਨਵਾਂ ਆਦਰਸ਼, ਨਵੇਂ ਸਾਧਨ ਤੇ ਨਵਾਂ ਜੀਵਨ ਪ੍ਰਦਾਨ ਕੀਤਾ। ਅਕਾਲ ਪੁਰਖ ਦੇ ਸ਼ਸਤ੍ਰਧਾਰੀ ਰੂਪ ਦਾ ਚਿਤਰਨ, ਸਮੇਂ ਦੀ ਮੰਗ ਸੀ। ਕਿਉਂਕਿ ਗੁਰੂ ਜੀ ਦੇ ਆਗਮਨ ਦਾ ਮੰਤਵ ਹੀ ਸਚ ਧਰਮ ਦੀ ਸਥਾਪਨਾ, ਨੇਕ ਪੁਰਸ਼ਾਂ ਦੀ ਰੱਖਿਆ ਅਤੇ ਦੁਸ਼ਟਾਂ ਦਾ ਨਾਸ਼ ਕਰਨਾ ਸੀ। ਅਜਿਹੇ ਮੰਤਵ ਦੀ ਪੂਰਤੀ ਤਾਂ ਸ਼ਕਤੀਸ਼ਾਲੀ ਰੂਪ ਨਾਲ ਹੀ ਸੰਭਵ ਹੋ ਸਕਦੀ ਹੈ। ਅਕਾਲ ਪੁਰਖ ਨੇ ਆਪਣੇ ਇਸ ਮੰਤਵ ਦੀ ਪੂਰਤੀ ਗੁਰੂ ਰਾਹੀਂ ਕੀਤੀ। ਅਕਾਲ ਪੁਰਖ: ਗਨੀਮੁਲ ਖਿਰਾਜ ਹੈ। ਗਰੀਬੁਲ ਨਿਵਾਜ ਹੈ॥(ਜਾਪੁ ਸਾਹਿਬ) ਮਨੁੱਖੀ ਏਕਤਾ ਦੇ ਆਧਾਰ ਲਈ ਇਸ਼ਟ ਦੀ ਏਕਤਾ ਜਰੂਰੀ ਹੈ। ਗੁਰੂ ਜੀ ਨੇ ਆਪਣੀ ਰਚਨਾ ਵਿਚ ਰੱਬੀ ਏਕਤਾ ਅਤੇ ਮਨੁੱਖੀ ਏਕਤਾ ਤੇ ਬੜਾ ਜ਼ੋਰ ਦਿੱਤਾ। ਭਾਰਤ ਵਾਸੀਆਂ ਦੀਆਂ ਧਰਮ ਸਾਧਨਾਵਾਂ ਅੰਦਰ ਇਸ਼ਟ ਏਕਤਾ ਦੀ ਘਾਟ ਨੇ ਉਨ੍ਹਾਂ ਨੂੰ ਹਰ ਪੱਖ ਤੋਂ ਕਮਜ਼ੋਰ ਕਰ ਦਿੱਤਾ ਸੀ। ਗੁਰੂ ਜੀ ਨੇ ਰੱਬੀ ਏਕਤਾ ਦੇ ਵਿਸ਼ਵਾਸ ਨੂੰ ਮੁੜ ਦ੍ਰਿੜ ਕਰਵਾਇਆ ਤੇ ਨਾਲ ਹੀ ਇਸਨੂੰ ਅਮਲੀ ਰੂਪ ਵਿਚ ਸਥਾਪਤ ਕਰਕੇ, ਮਾਨਵ ਚੇਤਨਾ ਅੰਦਰ ਇਕ ਨਵਾਂ ਮੋੜ ਲਿਆਂਦਾ। ਗੁਰੂ ਜੀ ਨੇ ਧਰਮ ਦੀ ਏਕਤਾ, ਧਰਮ ਗ੍ਰੰਥਾਂ ਅੰਦਰ ਪ੍ਰਭੂ ਦੇ ਗੁਣਾਂ ਦੀ ਅਨੇਕਤਾ ਵਿਚ ਏਕਤਾ, ਧਰਮ ਸਥਾਨਾਂ ਦੀ ਏਕਤਾ, ਜਾਤੀ ਏਕਤਾ, ਮਨੁੱਖਤਾ ਦੀ ਏਕਤਾ ਨੂੰ ਬੜੇ ਜ਼ੋਰਦਾਰ ਸ਼ਬਦਾਂ ਵਿਚ ਦ੍ਰਿੜ ਕਰਾਇਆ: ਧਰਮਾਂ, ਧਰਮ ਗ੍ਰੰਥਾਂ, ਧਾਰਮਕ ਪੂਜਾ ਪੱਧਤੀਆਂ, ਭਾਸ਼ਾਵਾਂ ਦੀ ਅਨੇਕਤਾ ਅੰਦਰ ਵੀ ਏਕਤਾ ਦਾ ਤੱਤ ਦ੍ਰਿੜ ਕਰਵਾਉਣਾ ਗੁਰੂ ਜੀ ਦਾ ਇਕ ਨਵਾਂ ਦ੍ਰਿਸ਼ਟੀਕੋਨ ਸੀ ਜਿਸਨੇ ਸਾਰੀ ਮਾਨਵਤਾ ਅੰਦਰ ਇਕ ਪ੍ਰਸਪਰ ਪਿਆਰ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ: ਦੇਹੁਰਾ ਔ ਮਸੀਤ ਸੋਈ ਪੂਜਾ ਔ ਨਿਵਾਜ ਓਈ॥ ਗੁਰੂ ਜੀ ਨੇ ਭਰਾਤਰੀ ਭਾਵਨਾ ਦਾ ਸੰਦੇਸ਼ ਪਹਿਲਾਂ ਮਨੁੱਖੀ ਮਨ ਅੰਦਰ ਸਾਹਿਤਕ ਰਚਨਾ ਦੇ ਵਿਰਸੇ ਰਾਹੀਂ ਪ੍ਰਗਟ ਕੀਤਾ। ਵੱਖ-ਵੱਖ ਭਾਸ਼ਾਵਾਂ ਦੇ ਵਿਦਵਾਨਾਂ ਰਾਹੀਂ ਭਾਰਤੀ ਬੀਰ ਪ੍ਰੰਪਰਾ ਦੇ ਅਦੁੱਤੀ ਕਾਰਨਾਮਿਆਂ ਨਾਲ ਭਰੇ ਹੋਏ ਇਤਿਹਾਸ ਨੂੰ ਆਮ ਭਾਰਤ ਵਾਸੀਆਂ ਤਕ ਪਹੁੰਚਣ ਲਈ ਇਸਦਾ ਉਲੱਥਾ ਕਰਵਾਇਆ, ਦਰਬਾਰੀ ਕਵੀਆਂ ਰਾਹੀਂ ਇਸ ਬੀਰਤਾ ਭਰੇ ਵਿਰਸੇ ਨੂੰ ਮਾਨਵ ਜਾਗਰਿਤੀ ਲਈ ਸਾਹਮਣੇ ਲਿਆਂਦਾ। ਗੁਰੂ ਜੀ ਦਾ ਇਹ ਕਦਮ ਸਮੇਂ ਦੀ ਮੰਗ ਸੀ ਅਤੇ ਜੁਗ ਪਲਟਾਉ ਭਾਵਨਾ ਨਾਲ ਭਰਪੂਰ ਸੀ। ਲੋਕਾਂ ਦੇ ਮਨਾਂ ਅੰਦਰ ਧਰਮ ਜੁਧ ਦੀ ਭਾਵਨਾ ਦਾ ਸੰਚਾਰ ਕਰਨਾ ਸੀ। ਦੂਸਰਾ ਕਦਮ ਜਿਹੜਾ ਗੁਰੂ ਜੀ ਨੇ ਉਠਾਇਆ ਉਹ ਇਹ ਸੀ ਕਿ ਭਰਾਤਰੀ ਭਾਵ ਨੂੰ ਮਨ੍ਹਾਂ ਅੰਦਰ ਦ੍ਰਿੜ ਕਰਾਇਆ, ਜਾਤੀ ਭਿਨ-ਭੇਦ ਊਚ-ਨੀਚ ਦੇ ਵਿਤਕਰੇ, ਭੇਦ ਭਰਮ ਖਤਮ ਕਰਕੇ ਇਕ ਸਾਂਝੇ ਪਲੇਟਫਾਰਮ ਉੱਤੇ ਮਾਨਵ ਨੂੰ ਇਕੱਤਰਤ ਕੀਤਾ, ਗੁਰੂ ਨਾਨਕ ਮਿਸ਼ਨ ਦੇ ਧਾਰਨੀ ਸਿਖਾਂ ਅੰਦਰ, ਗੁਰਮਤਿ ਦੇ ਅਸੂਲਾਂ ਨੂੰ ਪ੍ਰਮਾਣਤਾ ਦਿੰਦਿਆਂ, ਮਾਨਵਤਾ ਦੇ ਕਲਿਆਣ ਹਿਤ, ਦੇਸ਼, ਨਸਲ, ਜਾਤੀ ਅਭਿਮਾਨ, ਰੰਗਾਂ ਰੂਪਾਂ ਦੇ ਵਿਤਕਰਿਆਂ ਦੀਆਂ ਹੱਦ ਬੰਦੀਆਂ ਟੱਪਕੇ ਇਕ ਐਸੇ ਆਦਰਸ਼ ਮਨੁੱਖ ਦੀ ਕਲਪਨਾ ਨੂੰ ਸਾਕਾਰ ਕੀਤਾ ਜਿਸ ਅੰਦਰ ਮਾਨਵੀਅਤਾ ਦੇ ਤੱਤ ਭਰਪੂਰ ਸਨ। ਇਸ ਆਦਰਸ਼ ਵਿਅਕਤੀ ਨੂੰ ‘ਖਾਲਸਾ’ ਆਖਿਆ। ਇਸ ਖਾਲਸੇ ਲਈ ਸਾਰੀ ਮਾਨਵਤਾ ਇਕ ਸੀ। ਗੁਰੂ ਜੀ ਦਾ ਉਪਦੇਸ਼ ਸੀ: ਕੋਊ ਭਇਓ ਮੁੰਡੀਆ ਸਨਿਆਸੀ ਕੋਊ ਜੋਗੀ ਭਇਓ॥ ਪ੍ਰਭੂ ਇਕ ਹੈ। ਰਾਮ ਤੇ ਰਹੀਮ ਦੋਵੇਂ ਉਸ ਇਕੋ ਪ੍ਰਭੂ ਦੇ ਗੁਣ ਨਾਮ ਹਨ। ਨਾਵਾਂ ਦੀ ਅਨੇਕਤਾ ਕਾਰਨ ਨਾ ਕੋਈ ਕਾਫਰ ਹੈ ਨਾ ਕੋਈ ਮਲੇਸ਼ ਹੈ। ਪ੍ਰਬੂ ਦਿਆਲੂ ਤੇ ਕ੍ਰਿਪਾਲੂ, ਸਭ ਨੂੰ ਰਿਜਕ ਦੇਵ ਵਾਲਾ ਹੈ। ਉਸੇ ਇਕ ਦੀ ਜੋਤ ਦਾ ਪਸਾਰਾ ਸਾਰੇ ਹੀ ਪਸਰਿਆ ਹੋਇਆ ਹੈ। ਉਸੇ ਇਕ ਜੋਤ ਸਰੂਪ ਪ੍ਰਭੂ ਦਾ ਪਸਾਰਾ ਸਾਰੇ ਪਸਰਿਆ ਹੋਇਆ ਸਮਝ ਕੇ ਸਭ ਨੂੰ ਇਕ ਸਮਾਨ ਸਮਝਣਾ ਚਾਹੀਦਾ ਹੈ। ਉਹ ਇਤਨਾ ਦਇਆਲੂ ਤੇ ਕਿਰਪਾਲੂ ਹੈ। ਪਾਪੀਆਂ ਅਤੇ ਨਾਸਤਿਕਾਂ ਨੂੰ ਵੀ ਰੋਜ਼ੀ ਦਿੰਦਾ ਹੈ: ਕਰਤਾ ਕਰੀਮ ਸੋਈ, ਰਾਜ਼ਿਕ ਰਹੀਮ ਉਈ; ਸਾਰੀ ਮਾਨਵਤਾ ਦਾ ਜਨਮ ਤਾਂ ਇਕੋ ਪ੍ਰਭੂ ਦੇ ਹੁਕਮ ਅੰਦਰ ਹੋਇਆ ਹੈ। ਸਾਰਿਆਂ ਦਾ ਅੰਤ ਵੀ ਮੁੜ ਉਸੇ ਇਕ ਹੋਣਾ ਮੰਨਿਆ ਗਿਆ ਹੈ। ਇਸ ਵਿਚਾਰ ਦੀ ਪ੍ਰੋੜਤਾ ਗੁਰੂ ਜੀ ਨੇ ਅਗਨੀ ਵਿਚੋਂ ਨਿਕਲਣ ਵਾਲਿਆਂ ਚੰਗਿਆੜਿਆਂ, ਧੂਰ ਦੇ ਕਿਨਕਿਆਂ ਤੇ ਪਾਣੀ ਦੀਆਂ ਤਰੰਗਾਂ ਦਾ ਦ੍ਰਿਸ਼ਟਾਂਤ ਦੇ ਕੇ ਕੀਤੀ ਹੈ। ਜੈਸੇ ਏਕ ਆਗ ਤੇ, ਕਨੂਕਾ ਕੋਟਿ ਆਗ ਉਠੇ; |