ਦੇਹਿ ਸਿਵਾ ਬਰ ਮੋਹਿ… - ਅਮਰਜੀਤ ਸਿੰਘ ਖੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਹੇਠਾਂ ਲਿਖੇ ਮਹਾਂਵਾਕਾਂ ਦਾ, ਅਤੇ ਭਾਈ ਗੁਰਦਾਸ ਜੀ ਵੱਲੋਂ ਆਪਣੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਇੰਨ੍ਹਾਂ ਦਾ ਸੁਵਿਸਥਾਰ ਨਾਲ ਖੁਲਾਸਾ ਕੀਤਾ ਹੋਇਆ ਮਿਲਦਾ ਹੈ। ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ॥ ਸਿਵ, ਯਾਨੀ ਚੇਤਨ-ਪ੍ਰਭੂ,ਪ੍ਰਮਾਤਮਾਂ ਯਾ ਅਕਾਲ-ਪੁਰਖ, ਅਤੇ ਸਕਤੀ, ਯਾਨੀ ਜੜ੍ਹ,ਸ੍ਰਿਸ਼ਟੀ ਯਾ ਮਾਇਆ ਦਾ ਵਰਨਣ ਗੁਰਬਾਣੀ ਵਿਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਸਵੈਯਾਂ ਵਿਚ ਬਹੁਤ ਜਗ੍ਹਾ ਪੜ੍ਹਨ ਨੂੰ ਮਿਲਦਾ ਹੈ।ਪ੍ਰਮਾਤਮਾਂ ਆਪਣੇ ਨਿਰਗੁਣ ਸਰੂਪ ਤੋਂ ਬਦਲ ਕੇ ਜੜ੍ਹ ਵਿਚ ਚੇਤਨਾ-ਪ੍ਰਕਾਸ਼, ਜਾਂ ਜਦ ਸਰਗੁਣ ਰੂਪ ਵਿਚ ਪ੍ਰਗਟ ਹੁੰਦਾ ਹੈ, ਤਾਂ ਇਹੀ ਮਾਇਆ ਦਾ ਪਸਾਰਾ ਯਾ ਪ੍ਰਕਿਰਤੀ ਅਖਵਾਉਂਦਾ ਹੈ।ਇਸ ਸਿਵ ਸਕਤੀ ਦੇ ਮੇਲ, ਸਿਵ ਦੇ ਅੱਗੇ ਸਕਤੀ ਦਾ ਹਾਰਨਾ, ਗੁਰੂ ਦੀ ਮਿਹਰ ਨਾਲ ਸਕਤੀ ਨੂੰ ਮਿਟਾ ਕੇ ਸਿਵ ਘਰ ਜੰਮਣਾ, ਗੁਰੂ ਦੀ ਕ੍ਰਿਪਾ ਨਾਲ ਉਸਦੇ ਭਾਣੇ ਨੂੰ ਸਮਝ ਕੇ ਸਕਤੀ ਨੂੰ ਸਿਵ ਘਰ ਲੈ ਆਉਣਾ ਹੀ ਮਨੁੱਖਾ ਜਨਮ ਦਾ ਮਨੋਰਥ ਹੈ।ਪ੍ਰਕਿਰਤੀ ਦੇ ਪਸਾਰੇ ਵਿਚ ਸਿਵ ਤੇ ਸਕਤੀ ਦਾ ਸੁਮੇਲ ਇਸ ਤਰ੍ਹਾਂ ਹੈ, ਜਿਵੇਂ ਸੂਰਜ ਤੇ ਚੰਦ੍ਰਮਾਂ, (ਜਿਵੇਂ ਸੂਰਜ ਦੀ ਰੌਸ਼ਨੀ ਨਾਲ ਚੰਦ੍ਰਮਾਂ ਚਮਕਦਾ ਦਿਖਾਈ ਦਿੰਦਾ ਹੈ)ਜਾਂ ਚੰਦਨ ਦੇ ਨਜ਼ਦੀਕ ਕੋਈ ਬੂਟਾ, ਜਿਸ ਵਿਚੋਂ ਚੰਦਨ ਦੀ ਖੁਸ਼ਬੂ ਆਉਂਦੀ ਹੈ, ਠੀਕ ਇਸੇ ਤਰ੍ਹਾਂ ਆਤਮਾਂ ਅਤੇ ਪ੍ਰਮਾਤਮਾਂ ਦਾ ਸੰਜੋਗ ਹੈ। ‘ਦਸਮ ਗ੍ਰੰਥ ਸਾਹਿਬ’ ਵਿਚ ਜਦੋਂ ਦਸਮੇਸ਼ ਜੀ:_ ਦੇਹਿ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ॥ ਅਕਾਲ ਪੁਰਖ ਕੋਲੋਂ ਸ਼ੁਭ ਕਰਮ ਕਰਨ ਦਾ ਵਰ ਮੰਗਦੇ ਹਨ, ਤਾਂ ਗੁਰਮਤਿ ਤੋਂ ਸੱਖਣੀਆਂ ਕੁੱਝ ਰੂਹਾਂ ਨੂੰ ਇਹ ਪਤਾ ਨਹੀਂ ਕਿਸ ਵਜ੍ਹਾ ਕਰਕੇ ਮਹੇਸ਼ ਤੋਂ ਵਰ ਮੰਗਿਆ ਜਾ ਰਿਹਾ ਭਾਸਦਾ ਹੈ।ਕਿਸੇ ਪੁਨਰ ਸੰਜੋਗਵੱਸ ਸਿਵ ਦਾ ਨਾਮ ਸੁਨਣ ਸਾਰ ਪਾਰਬਤੀ ਦੇ ਘਰ ਵਾਲੇ ਨੂੰ ਜਾ ਚੰਬੜਦੇ ਹਨ।ਮੇਰੇ ਵਰਗਾ ਅਨਜਾਣ ਜੇ ਕਿਤੇ ‘ਗੁਰਮੁਖਿ ਸਿਵ ਘਰਿ ਜਾਈਐ’॥ (ਪੰ:1328) ਲਿਖ ਬੈਠੇ ਤਾਂ ਇੰਨ੍ਹਾਂ ਨੇ ਕਹਿ ਦੇਣਾ ਹੈ, ਕਿ ਦੇਖ ਲਵੋ ਜੀ! ਅੱਗੇ ਤਾਂ ਪਾਰਵਤੀ ਦੇ ਘਰ ਵਾਲੇ ਤੋਂ ਵਰ ਹੀ ਮੰਗਦੇ ਸੀ, ਪਰ ਹੁਣ ਤਾਂ ਗੁਰਸਿੱਖਾਂ ਨੂੰ ਉਨ੍ਹਾਂ ਦੇ (ਘਰ) ਮੰਦਰਾਂ ਵਿਚ ਭੀ ਲੈ ਵੜੇ ਹਨ।ਬਲਿਹਾਰੇ ਜਾਈਏ ਐਸੀ ਬੁੱਧੀ ਦੇ!! ਕਾਹੇ ਕੋ ਏਸ ਮਹੇਸਹਿ ਭਾਖਤ ਕਾਹਿ ਦਿਜੇਸ ਕੋ ਏਸ ਬਖਾਨਯੋ॥ ਅਉਰ ਕਹਾਂ ਭਯੋ ਜਉ ਜਗਦੀਸ਼ ਬਿਨਾਂ ਸੁ ਗਨੇਸ਼ ਮਹੇਸ਼ ਮਨਾਯੋ॥ ਜਾਹਿ ਸਿਵਾਦਿਕ ਬ੍ਰਹਮ ਨਿਮਿਯੋ ਸੁ ਸਦਾ ਅਪੁਨੇ ਚਿਤ ਬੀਚ ਬਿਚਾਰਯੋ॥ ਖੋਜ ਰਹੇ ਸ਼ਿਵ ਸੇ ਜਿਹ ਅੰਤ ਅਨੰਤ ਕਹਿਓ ਥਕਿ ਅੰਤ ਨ ਪਾਯੋ॥ ਕ੍ਰੋਧੀ ਹ੍ਵੈ ਰੁਦ੍ਰ ਗਰੇ ਰੁੰਡ ਮਾਲ ਕਉ ਡਾਰਿ ਕੈ ਬੈਠੇ ਹੈ ਡਿੰਭ ਜਨਾਈ॥ ਇਸ ਤਰ੍ਹਾਂ ਲਿਖਦੇ? ਜਾਂ ਇਹ ਭੀ ਕਿਸੇ ਸ਼ਿਵ ਜੀ ਦੇ ਪੁਜਾਰੀ ਦੀ ਲਿਖਤ ਹੈ? ਇਸਤੋਂ ਸਪਸ਼ਟ ਦਿਖਾਈ ਦਿੰਦਾ ਹੈ, ਕਿ ਇੰਨ੍ਹਾਂ ਗੁਰਮਤਿ ਤੋਂ ਸੱਖਣੀਆਂ ਰੂਹਾਂ ਨੇ ਭੁੱਲ ਕੇ ਭੀ ਕਦੇ ਗੁਰੂ ਗ੍ਰੰਥ ਸਾਹਿਬ ਜੀ, ਦਸਮ ਗ੍ਰੰਥ ਸਾਹਿਬ ਜਾਂ ਵਾਰਾਂ ਭਾਈ ਗੁਰਦਾਸ ਜੀ ਦੇ ਦਰਸ਼ਨ ਨਹੀਂ ਕੀਤੇ; ਅਗਰ ਕੀਤੇ ਹੁੰਦੇ ਤਾਂ ਅੱਜ ਇੰਨ੍ਹਾਂ ਨੂੰ ਆਪਣਾ ਸਮਾਂ ਤੇ ਸਰਮਾਇਆ ਬਚਾ ਕੇ ਇਸ ਤਰ੍ਹਾਂ ਦੀ ਨਿਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ। |