ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ॥ - ਜੋਧ ਸਿੰਘ ਪ੍ਰੋਫੈਸਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਉਮੈ ਨੂੰ ਮਿਟਾਉਣ ਉਤੇ ਬਹੁਤ ਬਲ ਦਿੱਤਾ ਗਿਆ ਹੈ, ਕਿਉਂਕਿ ਪਰਸਪਰ ਵੈਰ-ਵਿਰੋਧ ਪਿੱਛੇ ਹੋਰਨਾਂ ਕਈ ਕਾਰਨਾ ਤੋਂ ਇਲਾਵਾ ਆਮ ਤੌਰ ਤੇ ਸਭ ਤੋਂ ਬਲਵਾਨ ਕਾਰਨ ਹਉਮੈ ਹੀ ਹੁੰਦਾ ਹੈ। ਰੂਪ, ਧਨ, ਦੌਲਤ, ਸ਼ਰੀਰਕ ਬਲ ਆਦਿ ਦੀ ਹਉਮੈ ਤੋਂ ਇਲਾਵਾ, ਵਿਦਿਆਵਾਨ ਹੋਣ ਦੀ ਹਉਮੈ ਵਿਅਕਤੀ ਦੇ ਅੰਦਰੂਨੀ ਵਿਕਾਸ ਨੂੰ ਤਾਂ ਰੋਕਦੀ ਹੀ ਹੈ, ਸਗੋਂ ਨਾਲ ਹੀ ਨਾਲ ਇਹ ਵਿਅਕਤੀ ਵਿਚ ਅਜਿਹਾ ਅਹਿਸਾਸ ਵੀ ਭਰਦੀ ਹੈ ਜਿਸਦੇ ਅੰਤਰਗਤ ਵਿਅਕਤੀ ਇਹ ਮਨਵਾਉਣ ਦੇ ਆਹਰ ਵਿਚ ਲੱਗਾ ਰਹਿੰਦਾ ਹੈ ਕਿ ਮੇਰਾ ਕਥਨ ਹੀ ਅੰਤਿਮ ਸੱਚ ਹੈ। ਅਜਿਹੇ ਵਿਦਵਾਨਾਂ ਅਤੇ ਪੜ੍ਹਿਆਂ ਲਿਖਿਆਂ ਲਈ ਗੁਰੂ ਨਾਨਕ ਦੇਵ ਜੀ ਨੇ ਮਲਾਰ ਕੀ ਵਾਰ ਵਿਚ ਬੜਾ ਸਟੀਕ ਲਿਖਿਆ ਹੈ: ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ॥ ਦਸਮ ਗ੍ਰੰਥ ਵੀ ਅਜਿਹੇ ਪੜਿਆਂ ਲਿਖਿਆਂ ਦੇ ਹੱਥ ਵਿਚ ਆ ਗਿਆ ਹੈ, ਜਿਹੜੇ ਪਿਛਲੇ ਕਈ ਸਾਲਾਂ ਤੋਂ ਆਪਣੀ ਹੀ ਡੀ ਵਿਚ ਗੋਲ ਕਰਨ ਦੇ ਅਭਿਆਸੀ ਹੋ ਗਏ ਹਨ। ਮਜ਼ੇ ਦੀ ਗੱਲ ਇਹ ਹੈ ਕਿ ਇਸ ਕਿਰਿਆ ਨੂੰ ਖੋਜ ਦਾ ਨਾਂ ਦਿੱਤਾ ਜਾ ਰਿਹਾ ਹੈ। ਅੱਵਲ ਤਾਂ ਬਹੁਤੇ ਵਿਦਵਾਨਾਂ ਨੇ ਪੂਰੇ ਦਾ ਪੂਰਾ ਦਸਮ ਗ੍ਰੰਥ ਪੜ੍ਹਿਆ ਹੀ ਨਹੀਂ ਹੈ; ਜਿੰਨ੍ਹਾਂ ਨੇ ਪੜ੍ਹਿਆ ਹੈ, ਉਹ ਉਸ ਦੇ ਲਫਜ਼ੀ ਅਰਥਾਂ (literal meanings) ਤੇ ਹੀ ਟਿਕੇ ਹੋਏ ਹਨ ਅਤੇ ਲਫਜ਼ੀ ਅਰਥਾਂ ਤੋਂ ਅੱਗੇ ਲਖਛਣਾ ਅਤੇ ਵਿਅੰਜਨਾਤਮਕ ਅਰਥਾਂ ਵੱਲ ਵਧਣ ਦਾ ਯਤਨ ਹੀ ਨਹੀਂ ਕਰਦੇ। ਬਚਿਤ੍ਰ ਨਾਟਕ ਨੂੰ ਹੀ ਜੇਕਰ ਵੇਖਿਆ ਜਾਵੇ ਤਾਂ ਇਹ ਰਚਨਾਂ ਹਿੰਦੂ ਪ੍ਰੰਪਰਾਵਾਂ ਤੋਂ ਵਖਰੇਵਾਂ ਦਿਖਾਉਣ ਵਾਲੀ ਰਚਨਾ ਹੈ, ਜਿਸਦਾ ਆਰੰਭ ਗ੍ਰੰਥ ਰਚਣ ਲਈ ਖੜਗ ਨੂੰ ਨਮਸਕਾਰ ਕਰਨ ਦੀ ਨਵੀਂ ਪਰੰਪਰਾ ਤੋਂ ਹੁੰਦਾ ਹੈ। ਪਿਛਲੇ ਪੰਜ ਹਜ਼ਾਰ ਸਾਲ ਦੇ ਇਤਿਹਾਸ ਵਿਚ ਭਾਰਤਵਰਸ਼ ਵਿਚ ਰਚੇ ਗਏ ਸੰਸਕ੍ਰਿਤ, ਹਿੰਦੀ ਗ੍ਰੰਥਾਂ ਦਾ ਅਧਿਐਨ ਸਰਸਵਤੀ ਵੰਦਨਾ ਅਤੇ ਗਣੇਸ਼ ਵੰਦਨਾ ਤੋਂ ਸ਼ੁਰੂ ਹੁੰਦਾ ਹੈ। ਦਸਮ ਗ੍ਰੰਥ ਨੇ ਇਕ ਨਵੀਂ ਪ੍ਰੰਪਰਾ ਤੋਰਨ ਦਾ ਹੌਸਲਾ ਕੀਤਾ ਹੈ। ਇਸੇ ਤਰ੍ਹਾਂ ਹੋਰ ਅਵਤਾਰ ਕਥਾਵਾਂ ਜਾਂ ਚੰਡੀ ਚਰਿਤਰਾਂ ਆਦਿ ਦੇ ਭੇਦ ਖੋਲ੍ਹਣ ਦੀ ਲੋੜ ਹੈ ਅਤੇ ਇਹ ਕੰਮ ਭਾਰਤ ਦੇ ਧਾਰਮਿਕ ਇਤਿਹਾਸ ਦੇ ਪਿਛਲੇ ਪੰਜ ਹਜ਼ਾਰ ਸਾਲਾਂ ਨੂੰ ਚੰਗੀ ਤਰ੍ਹਾਂ ਘੋਖ ਕੇ ਅਤੇ ਉਸ ਦੇ ਸੰਦਰਭ ਵਿਚ ਸਿੱਖੀ ਦੇ ਨਿਵੇਕਲੇ ਰੂਪ ਨੂੰ ਸਾਹਮਣੇ ਲਿਆਉਣ ਨਾਲ ਹੀ ਸੰਭਵ ਹੋ ਸਕਦਾ ਹੈ। ਬਦਕਿਸਮਤੀ ਦੀ ਗੱਲ ਹੈ ਕਿ ਅੱਜ ਕੱਲ੍ਹ ਬਹੁਤੇ ਵਿਦਵਾਨ ਪ੍ਰਤੀਕਰਮ ਵਜੋਂ ਲਿਖ ਰਹੇ ਹਨ, ਅਤੇ ਉਦੀਕਦੇ ਰਹਿੰਦੇ ਹਨ, ਕਿ ਕਦੋਂ ਕਿਸੇ ਦੀ ਰਚਨਾਂ ਆਵੇ ਤੇ ਉਸਦੀ ਚੀਰ-ਫਾੜ ਕਰਕੇ ਉਸਦਾ ਖੰਡਨ ਕੀਤਾ ਜਾਵੇ। ਇਹ ਰੀਤ ਕੋਈ ਬਹੁਤ ਚੰਗੀ ਪ੍ਰੰਪਰਾ ਨੂੰ ਜਨਮ ਨਹੀਂ ਦੇ ਸਕਦੀ। ਚੰਗਾ ਹੁੰਦਾ ਜੇ ਦਸਮ ਗ੍ਰੰਥ ਨੂੰ ਚੰਗੀ ਤਰ੍ਹਾਂ ਡੀ-ਕੋਡ ਕਰਕੇ ਉਸਦੇ ਉਸਾਰੂ ਪੱਖਾਂ ਨੂੰ ਵਿਦਵਾਨਾਂ ਵੱਲੋਂ ਸਾਹਮਣੇ ਲਿਆਂਦਾ ਜਾਂਦਾ। ਰਿਗ ਵੇਦ ਇਸਦਾ ਪਰਤੱਖ ਉਦਾਹਰਣ ਹੈ, ਜਿਸ ਵਿਚ ਅਨੇਕਾਂ ਹੀ ਸਾਧਾਰਨ ਪੱਧਰ ਦੀਆਂ ਹੀ ਗੱਲਾਂ ਹਨ, ਪਰ ਵਿਦਵਾਨਾਂ ਨੇ ਉਸਦੇ ਦਾਰਸ਼ਨਿਕ ਪੱਖਾਂ ਨੂੰ ਇੰਨੀ ਮਿਹਨਤ ਨਾਲ ਅੱਗੇ ਲਿਆਂਦਾ ਹੈ, ਕਿ ਅੱਜ ਅਦਵੈਤ ਵੇਦਾਂਤ ਦਾ ਫਲਸਫਾ ਸਾਰੇ ਜਗਤ ਵਿਚ ਆਪਣੀ ਵਿਸ਼ੇਸ਼ ਥਾਂ ਰੱਖਦਾ ਹੈ। ਇਸ ਵਿਚ ਤਾ ਕੋਈ ਸੰਦੇਹ ਨਹੀਂ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖ ਚਿੰਤਨ ਨੂੰ ਦਰਸਾਉਣ ਵਾਲਾ ਮਹਾਨ ਮੂਲ ਗ੍ਰੰਥ ਹੈ, ਅਤੇ ਦਸਮ ਗ੍ਰੰਥ ਨੂੰ ਕਿਸੇ ਵੀ ਸੂਰਤ ਗੁਰੂ ਦਾ ਦਰਜਾ ਦੇਣ ਦੀ ਨਾਂ ਤਾਂ ਕੋਈ ਗੱਲ ਕਰਦਾ ਹੈ, ਅਤੇ ਨਾਂ ਹੀ ਇਹ ਸੰਭਵ ਹੈ। ਪਰ ਇਸ ਮਹਾਨ ਗ੍ਰੰਥ ਵਿਚ ਦਾਰਸ਼ਨਿਕ ਅਤੇ ਧਾਰਮਿਕ ਵਿਚਾਰਾਂ ਦੀ ਅਣਹੋਂਦ ਨਹੀਂ ਹੈ। ਇਸ ਮਹਾਨ ਸਾਹਿਤਕ ਕਿਰਤ ਦਾ ਠੰਡੇ ਮਨ ਨਾਲ ਡੂੰਘਾ ਅਧਿਐਨ ਕਰਨ ਦੀ ਲੋੜ ਅਜੇ ਵੀ ਬਣੀ ਹੋਈ ਹੈ। ਚੰਗਾ ਹੋਵੇ ਜੇ ਹੱਠਵਾਦਿਤਾ ਨੂੰ ਛੱਡ ਕੇ ਨਿਰਮਲ ਮਨ ਨਾਲ ਸਿੱਖ ਵਿਦਵਾਨ ਇਸ ਪਾਸੇ ਰੁਚਿਤ ਹੋ ਸਕਣ। - ਜੋਧ ਸਿੰਘ ਪ੍ਰੋਫੈਸਰ (ਸ੍ਰੀ ਦਸਮ ਗ੍ਰੰਥ ਸਾਹਿਬ - ਦਸਮੇਸ਼-ਕ੍ਰਿਤ ਪ੍ਰਮਾਣਿਕਤਾ ਵਿਚੋਂ) |