ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ - ਪ੍ਰੋ. ਪਿਆਰਾ ਸਿੰਘ ਪਦਮ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਅਧਿਆਤਮਿਕ ਗੁਰੂ, ਬੀਰ ਸੈਨਾਪਤੀ ਤੇ ਵਿਦਵਾਨ ਕਵੀ ਦਾ ਸੰਗਮ ਸੀ, ਤੇ ਉਹ ਚਾਹੁੰਦੇ ਵੀ ਇਹੋ ਸਨ ਕਿ ਜ਼ਿੰਦਗੀ ਦੀ ਸੰਪੂਰਨਤਾ ਲਈ ਹਰ ਸਿੱਖ ਦਾ ਰੂਹਾਨੀ, ਜਿਸਮਾਨੀ ਤੇ ਦਿਮਾਗੀ ਵਿਕਾਸ ਪੂਰਨ ਭਾਂਤ ਹੋਵੇ। ਬੌਧਿਕ ਪ੍ਰਫੁੱਲਤਾ ਲਈ ਸਾਹਿਤ ਸਿਰਜਨਾ ਇਕ ਜ਼ਰੂਰੀ ਸਾਧਨ ਸੀ ਇਸ ਕਰਕੇ ਗੁਰੂ ਸਾਹਿਬ ਨੇ ਆਪ ਗ੍ਰੰਥ ਲਿਖੇ ਤੇ ਬਹੁਤ ਸਾਰੇ ਹੋਰ ਵਿਦਵਾਨਾਂ ਤੋਂ ਵੀ ਇਹ ਕੰਮ ਕਰਵਾਇਆ। ਇਸ ਸਾਹਿਤ ਸਾਧਨਾਂ ਦਾ ਉੱਤਮ ਫਲ ਦੋ ਮਹਾਨ ਗ੍ਰੰਥ ਤਿਆਰ ਹੋਏ-ਦਸਮ ਗ੍ਰੰਥ ਤੇ ਵਿੱਦਿਆ ਸਾਗਰ। ਦਸਮ ਗ੍ਰੰਥ, ਦਸ਼ਮੇਸ਼ ਗੁਰੂ ਦੀ ਆਪਣੀ ਅਨੇਕ ਭਾਂਤੀ ਹਿੰਦੀ, ਪੰਜਾਬੀ, ਫਾਰਸੀ ਰਚਨਾਵਲੀ ਦਾ ਸੰਗ੍ਰਹਿ ਸੀ ਤੇ ‘ਵਿਦਿਆ ਸਾਗਰ’ ਦਰਬਾਰੀ ਕਵੀਆਂ ਦਾ ਰਚਿਆ ਸਾਹਿਤ ਭੰਡਾਰ। ਕਿਹਾ ਜਾਂਦਾ ਹੈ ਕਿ ਉਨ੍ਹਾਂ ਪਾਸ 52 ਕਵੀ ਸਨ, ਹੋ ਸਕਦਾ ਹੈ ਕਿਸੇ ਸਮੇਂ ਇਹ ਗਿਣਤੀ ਵੀ ਰਹੀ ਹੋਵੇ ਪਰ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਇਸ ਤੋਂ ਵਧੇਰੇ ਵਿਦਵਾਨ ਗੁਰੂ ਦਰਬਾਰ ਦਾ ਸ਼ਿੰਗਾਰ ਸਨ। ਇਹ ਕਵੀ ਕੇਵਲ ਪੰਜਾਬ ਦੇ ਹੀ ਨਹੀਂ ਸਨ ਸਗੋਂ ਸਿੰਧ ਦੇ ਹੋਰ ਭਾਗਾਂ ਵਿਚੋਂ ਵੀ ਕਈ ਪੰਡਿਤ, ਆਲਮ ਫਾਜ਼ਲ ਅਨੰਦਪੁਰ ਆਏ ਤੇ ਮੁਗ਼ਲ ਦਰਬਾਰ ਦੇ ਕਈ ਸਨਮਾਨਿਤ ਕਵੀ ਵੀ ਗੁਰੂ ਸਾਹਿਬ ਜੈਸੇ ਭਾਰਤੀ ਸਭਿਅਤਾ ਦੇ ਰਾਖੇ ਤੇ ਸਾਹਿਤ ਦੇ ਕਦਰਦਾਨ ਗੁਰੂ ਦੀ ਸ਼ਰਨ ਆਉਣਾ ਮਾਣ ਦੀ ਗੱਲ ਸਮਝਦੇ ਸਨ। ਮਿਸਾਲ ਲਈ ਪੰਡਿਤ ਸੁਖਦੇਵ, ਬ੍ਰਿੰਦ, ਆਲਮ, ਕੁੰਵਰੇਸ਼, ਕਾਸ਼ੀਰਾਮ, ਗੁਰਦਾਸ ਗੁਣੀ ਤੇ ਨੰਦ ਲਾਲ ਗੋਯਾ ਦਾ ਨਾਂ ਲਿਆ ਜਾ ਸਕਦਾ ਹੈ। ਇਹ ਲੋਕ ਅਨੁਭਵ ਕਰਦੇ ਸਨ ਕਿ ਸਤਿਗੁਰੂ ਭਾਰਤੀ ਸੰਸਕ੍ਰਿਤੀ ਦੀ ਪੁਨਰ ਸੁਰਜੀਤੀ ਲਈ ਇਕ ਮਹਾਨ ਯੱਗ ਰਚ ਕੇ ਇਨਕਲਾਬ ਦੀ ਬੁਨਿਆਦ ਰੱਖ ਰਹੇ ਸਨ, ਦੂਜੇ ਉਹ ਆਪ ਸੰਸਕ੍ਰਿਤੀ, ਫ਼ਾਰਸੀ ਤੇ ਹੋਰ ਭਾਸ਼ਾਵਾਂ ਦੇ ਧੁਰੰਧਰ ਵਿਦਵਾਨ ਤੇ ਮਹਾਨ ਕਵੀ ਸਨ, ਇਸ ਕਰਕੇ ਗੁਣੀ ਪੁਰਸ਼ ਅਨੰਦਪੁਰ ਆਉਣ ਲਈ ਵਿਸ਼ੇਸ਼ ਖਿੱਚ ਰਖਦੇ ਸਨ, ਫਿਰ ਗੁਰੂ ਸਾਹਿਬ ਵੱਲੋਂ ਕੀਤੀ ਕਦਰਦਾਨੀ ਵੀ ਕਮਾਲ ਦੀ ਸੀ। ਹਰ ਕਵੀ ਨੂੰ ਉਨ੍ਹਾਂ ਪੂਰੇ ਦਾਨ ਨਾਲ ਸੰਤੁਸ਼ਟ ਕੀਤਾ। ਭਾਵੇਂ ਉਸ ਸਮੇਂ ਦੇ ਹੋਰ ਰਾਜ ਦਰਬਾਰਾਂ ਵਿਚ ਵੀ ਕੁਝ ਕਵੀ ਰਹਿੰਦੇ ਸਨ ਪਰ ਉਹ ਵਧੇਰੇ ਨਿਰੋਲ ਕਸੀਦੇ ਤੇ ਸਤੋਤਰ ਲਿਖਣ ਵਾਲੇ ਸਨ ਜਾਂ ਨਵਾਬਾਂ, ਰਾਜਿਆਂ, ਰਾਣਿਆ ਲਈ ਭੋਗ ਵਿਲਾਸ ਦਾ ਸਾਹਿਤ ਰਚ ਕੇ ਸਮਾਜ ਲਈ ਹਾਨੀਕਾਰਕ ਸਿੱਧ ਹੋ ਰਹੇ ਸਨ। ਗੁਰੂ ਸਾਹਿਬ ਦੇ ਦਰਬਾਰ ਵਿਚ ਘਟੀਆਂ ਕਿਸਮ ਦੀ ਖੁਸ਼ਾਮਦ ਕਰਕੇ ਯਾ ਕਸੀਦੇ ਲਿਖ ਕੇ ਕਿਸੇ ਨੂੰ ਆਪਣਾ ਸਵੈਮਾਨ ਨਹੀਂ ਸੀ ਗੁਆਉਣਾ ਪੈਂਦਾ, ਹਰ ਕੋਈ ਰਾਸ਼ਟਰੀ ਵਿਕਾਸ ਦੀਆਂ ਅਨੇਕ ਪੱਖੀ ਯੋਜਨਾਵਾਂ ਤੱਕ ਕੇ ਤੇ ਕ੍ਰਾਂਤੀਕਾਰੀ ਲਹਿਰ ਨੂੰ ਉਭਾਰਦਾ ਵੇਖ ਕੇ ਪ੍ਰਸੰਨ ਹੁੰਦਾ ਸੀ ਸੋ ਇਹ ਸਾਰੀ ਸਾਹਿਤਿਕ ਸਰਗਰਮੀ ਨਿਜੀ ਵਡਿਆਈ ਤਕ ਸੀਮਿਤ ਨਹੀਂ ਸੀ, ਸਗੋਂ ਗੁਰੂ ਸਾਹਿਬ ਦਾ ਮਕਸਦ ਤਾਂ ਅਜੇਹਾ ਸਾਹਿਤ ਪੈਦਾ ਕਰਨਾ ਸੀ ਜਿਸ ਨਾਲ ਜਨ ਸਾਧਾਰਨ ਉਭਾਰ ਵਿਚ ਆਵੇ ਤੇ ਧਰਮ ਯੁੱਧ ਦੇ ਚਾਅ ਨਾਲ ਖੰਡਾ ਫੜ ਕੇ ਧਰਮ ਤੇ ਆਜ਼ਾਦੀ ਦੇ ਵੈਰੀਆਂ ਨਾਲ ਜੂਝਣ ਲਈ ਸਾਵਧਾਨ ਹੋ ਜਾਏ। ਸੋ ਜਦੋਂ ਸਾਹਿਤ ਦਾ ਮੰਤਵ ਅਜੇਹਾ ਪਵਿੱਤਰ ਹੋਵੇ, ਤਾਂ ਸਫਲਤਾ ਆਪਣੇ ਆਪ ਕਦਮ ਚੁੰਮਦੀ ਹੈ। ਅਜੇਹੀ ਅਵਸਥਾ ਕਾਰਨ ਗੁਰੂ ਸਾਹਿਬ ਦੇ ਸਾਹਿਤਿਕ ਦਰਬਾਰ ਨੇ, ਅਨੇਕਾਂ ਵਿਦਵਾਨਾਂ ਨੂੰ ਆਕਰਸ਼ਿਤ ਕੀਤਾ। ਪ੍ਰਾਚੀਨ ਲਿਖਤਾਂ ਤੋਂ ਇਹ ਵੀ ਪਰਗਟ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਗੁਰਗੱਦੀ ਤੇ ਬੈਠਦਿਆਂ ਹੀ ਮਸੰਦਾਂ ਦੇ ਨਾਂ ਅਜੇਹੇ ਹੁਕਮਨਾਮੇ ਘੱਲ ਦਿੱਤੇ ਸਨ ਕਿ ਜਿੱਥੇ ਜਿੱਥੇ ਵੀ ਕੋਈ ਵਿਦਵਾਨ ਕਵੀ ਮਿਲੇ, ਉਸ ਨੂੰ ਅਨੰਦਪੁਰ ਘੱਲ ਦਿੱਤਾ ਜਾਵੇ। ਰਹਿਤਨਾਮਾ ਭਾਈ ਚੌਪਾ ਸਿੰਘ (1724), ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ, (1769) ਮਹਿਮਾ ਪ੍ਰਕਾਸ਼ (1774) ਤੋਂ ਇਸ ਦੇ ਪ੍ਰਮਾਣ ਮਿਲਦੇ ਹਨ। ਇਸ ਸੱਦੇ ਅਨੁਸਾਰ ਬਹੁਤ ਸਾਰੇ ਕਵੀ ਜਨ ਤੇ ਲਿਖਾਰੀ ਗੁਰੂ ਜੀ ਦੀ ਹਜ਼ੂਰੀ ਆਏ। ਦਿਨਾਂ ਵਿਚ ਹੀ ਅਨੰਦਪੁਰ ਦਰਬਾਰ ਦੀ ਐਸੀ ਰੌਣਕ ਬਣੀ ਕਿ ਕਵੀ ਇਸ ਦੀ ਸ਼ੋਭਾ ਕਰਦੇ ਨਹੀਂ ਥੱਕਦੇ। 1680 ਈ. ਵਿਚ ਲੱਖਣ ਨੇ, 1684 ਵਿਚ ਤਨਸੁਖ ਨੇ ‘ਹਿਤੋਪਦੇਸ਼’ ਦਾ ਭਾਖਾਨੁਵਾਦ ਕੀਤਾ। 1683 ਈ. ਦੀ ਲਿਖੀ ਕਵੀ ਗੋਪਾਲ ਦੀ ‘ਮੋਹ ਮਰਦ ਰਾਜੇ ਦੀ ਕਥਾ’ ਮਿਲਦੀ ਹੈ। ਕੁਝ ਹਾਲਤ ਬਦਲਣ ਕਾਰਨ ਗੁਰੂ ਸਾਹਿਬ ਨੂੰ 1685 ਤੋਂ 1688 ਈ. ਤਕ ਪਾਉਂਟੇ (ਰਿਆਸਤ ਨਾਹਣ) ਜਾ ਕੇ ਟਿਕਣਾ ਪਿਆ, ਪਰ ਉੱਥੇ ਵੀ ਜਮਨਾ ਕਿਨਾਰੇ ਸਾਹਿਤਿਕ ਦਰਬਾਰ ਸਜਦੇ ਰਹੇ ਜਦ ਅਨੰਦਪੁਰ ਪਰਤੇ ਤਾਂ ਉਨ੍ਹਾਂ ਸਾਹਿਤਿਕ ਕਾਰਜ ਦੀ ਮਹਾਨ ਯੋਜਨਾ ਬਣਾ ਲਈ ਤੇ ਪੂਰੇ ਜੋਸ਼ ਤੇ ਉਤਸ਼ਾਹ ਨਾਲ ਕਵੀਆਂ ਨੂੰ ਇੱਕਤਰ ਕਰਨਾ ਸ਼ੁਰੂ ਕੀਤਾ। ਇਹ ਗੱਲ 1689 ਈ. ਦੀ ਹੈ ਜਦ ਪ੍ਰਹਿਲਾਦ ਰਾਇ ਨੂੰ 50 ਉਪਨਿਸ਼ਦਾਂ ਦੇ ਅਨੁਵਾਦ ਦਾ ਕੰਮ ਸੌਂਪਿਆ ਗਿਆ ਜੋ ਉਸ ਨੇ ਦਾਰਾ ਸ਼ਿਕੋਹ ਵੱਲੋਂ ਕਰਾਏ ਫ਼ਾਰਸੀ ਤਰਜ਼ਮੇ ਦੀ ਮਦਦ ਨਾਲ ਪੂਰਿਆਂ ਕੀਤਾ। ਭਾਰਤੀ ਸਾਹਿਤ ਵਿਚ ‘ਉਪਨਿਸ਼ਦ’ ਆਤਮ ਵਿਦਯਾ ਦੇ ਮਹਾਨ ਗ੍ਰੰਥ ਹਨ, ਗੁਰੂ ਸਾਹਿਬ ਨੇ ਇਨ੍ਹਾਂ ਨੂੰ ਭਾਖਾ ਵਿਚ ਉਲਥਾ ਕੇ ਬੜੀ ਚਿਰੋਕੀ ਘਾਟ ਨੂੰ ਪੂਰਿਆ ਕੀਤਾ। ਫਿਰ 1693 ਤੋਂ 1696 ਈ. ਤਕ ਕਈ ਕਵੀਆਂ ਤੋਂ ਮਹਾਂ ਭਾਰਤ ਦੇ 18 ਪਰਬਾਂ ਦਾ ਅਨੁਵਾਦ ਕਰਵਾਇਆ। ਅੰਮ੍ਰਿਤ ਰਾਇ ਲਹੌਰੀ ਨੇ ਸਭਾ ਪਰਬ, ਹੰਸਰਾਮ, ਬਾਜਪੇ ਈ ਤੇ ਕਰਣ ਪਰਬ, ਮੰਗਲ ਨੇ ਸ਼ਲਯ ਪਰਬ, ਕੁੰਵਰੇਸ਼ ਨੇ ਦ੍ਰੋਣ ਪਰਬ ਆਦਿ ਦਾ ਤਰਜਮਾ ਕੀਤਾ ਤੇ ਸਤਿਗੁਰਾਂ ਸਭ ਨੂੰ ਯਥਾਯੋਗ ਇਨਾਮ ਦਿੱਤੇ ਜੈਸਾ ਕਿ ਇਨ੍ਹਾਂ ਕਵੀਆਂ ਨੇ ਖੁਦ ਲਿਖਿਆ ਹੈ। ਇਸ ਤੋਂ ਬਿਨਾਂ ਰਾਜਨੀਤਿਕ ਗ੍ਰੰਥਾਂ ਪੰਚਤੰਤ੍ਰ, ਚਾਣਕਯ ਨੀਤੀ ਆਦਿ ਦੇ ਅਨੁਵਾਦ ਕਰਾਏ। ਇਵੇਂ ਜਿਵੇਂ ਸ਼ਸਤ੍ਰਾਂ, ਅਸਤ੍ਰਾਂ ਬਾਰੇ ਤੇ ਜੰਗ ਯੁੱਧ ਵਿਚ ਕੰਮ ਆਉਣ ਵਾਲੇ ਜਾਨਵਰਾਂ ਹਾਥੀਆਂ, ਘੋੜਿਆਂ, ਬਾਜ਼ਾਂ, ਕੁੱਤਿਆਂ, ਆਦਿ ਦੀ ਸੰਭਾਲ ਤੇ ਰੋਗਾਂ ਦੇ ਇਲਾਜ ਬਾਰੇ ਬਾਜ਼ਨਾਮਾ, ਅਸਪਨਾਮਾ, ਫੀਲਨਾਮਾ ਤੇ ਸੁਆਨਨਾਮਾ ਆਦਿ ਕਈ ਉਪਯੋਗੀ ਗ੍ਰੰਥ ਲਿਖਾਏ। ਇਸ ਤੋਂ ਬਿਨਾਂ ਹਿੰਦੀ ਸਾਹਿਤ ਦੇ ਕਈ ਪ੍ਰਸਿੱਧ ਗ੍ਰੰਥਾਂ ਦਾ ਗੁਰਮੁਖੀ ਲਿਖਾਰੀ ਬਾਲਗੋਬਿੰਦ ਤੇ ਆਮ ਪੰਜਾਬੀ, ਭਾਰਤੀ ਸਾਹਿਤ ਤੋਂ ਪਰਿਚਤ ਹੋ ਸਕਣ: ਪ੍ਰਮਾਣ ਲਈ ਦਰਬਾਰੀ ਲਿਖਾਰੀ ਬਾਲਗੋਬਿੰਦ ਤੇ ਫਤਿਹਚੰਦ ਦਾ ਅਨੰਦਪੁਰ 1753 ਬਿ. ਦਾ ਲਿਖਿਆ ‘ਸੂਰ ਸਾਗਰ’ ਦਾ ਗੁਰਮੁਖੀ ਖਰੜਾ ਸਿੱਖ ਰੈਫ਼ਰੈਂਸ ਲਾਇਬਰੇਰੀ ਅੰਮ੍ਰਿਤਸਰ ਵਿਚ ਵੇਖਿਆ ਜਾ ਸਕਦਾ ਹੈ। ਤੇ ਇਸ ਉੱਤੇ ਹਜ਼ਾਰ ਤੋਂ ਉੱਤੇ ਲੱਗੇ ਪੰਨੇ ਦਸਦੇ ਹਨ ਕਿ ਇਸ ਵਿਚ ਹੋਰ ਵੀ ਚੀਜ਼ਾਂ ਸ਼ਾਮਿਲ ਸਨ। ਇਹ ਠੀਕ ਹੈ ਕਿ ਅਨੰਦਪੁਰ ਤਿਆਗ ਸਮੇਂ ਸਰਸੇ ਕੰਡੇ ਹੋਏ ਘਮਸਾਣ ਦੇ ਜੁੱਧ ਕਾਰਨ ਬਹੁਤ ਸਾਰੀ ਸਮੱਗਰੀ ਸਾਹਿਤਿਕ ਦੋਖੀਆ ਹਥੋਂ ਨਸ਼ਟ ਭ੍ਰਸ਼ਟ ਹੋ ਗਈ ਪਰੰਤੂ ਇਤਿਹਾਸ ਤੋਂ ਪਤਾ ਲਗਦਾ ਹੈ ਕਿ ਇਸ ਕਿਸਮ ਦੇ ਅਨੇਕਾਂ ਸਾਹਿਤਿਕ ਗ੍ਰੰਥਾਂ ਦੀ ਲਿਖਤ ਦਾ ਵਜ਼ਨ ਨੌਂ ਮਣ ਸੀ ਤੇ ਇਸ ਸਾਰੀ ਗ੍ਰੰਥਾਵਲੀ ਦਾ ਨਾਂ ‘ਵਿਦਿਆਸਾਗਰ’ ਰੱਖਿਆ ਗਿਆ ਸੀ। ਇਸ ਵਿਚੋਂ ਮਸਾਂ ਨਾਮ ਮਾਤਰ ਹੀ ਬਚ ਸਕਿਆ ਪਰ ਇਸ ਵਿਚ ਮਿਲਦੀ ਸਮੱਗਰੀ ਤੋਂ ਅਨੁਮਾਨ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਦਰਜਨਾਂ ਸੰਸਕ੍ਰਿਤ ਫ਼ਾਰਸੀ ਪੁਸਤਕਾਂ ਦੇ ਤਰਜਮੇ ਕਰਵਾਏ ਤੇ ਕਈ ਮੌਲਿਕ ਗ੍ਰੰਥ ਲਿਖਵਾਏ। ਇਹ ਕੰਮ ਜਿਥੇ ਉਨ੍ਹਾਂ ਆਪ ਕੀਤਾ ਉਥੇ ਅਨੇਕਾਂ ਦਰਬਾਰੀ ਕਵੀਆਂ ਤੋਂ ਕਰਵਾਇਆ। ਇਸ ਸਾਹਿਤ ਦੀਆਂ ਨਕਲਾਂ ਤਿਆਰ ਕਰਨ ਵਾਲੇ ਖੁਸ਼ਨਵੀਸ ਲਿਖਾਰੀ 36 ਸਨ ਜਿਨ੍ਹਾਂ ਦਾ ਕੰਮ ਸ਼ੁੱਧ ਤੇ ਸੁੰਦਰ ਉਤਾਰੇ ਤਿਆਰ ਕਰਨਾ ਸੀ ਤੇ ਇਹ ਉਤਾਰੇ ਸਿਆਣੇ ਸਿੱਖ ਲੋੜ ਅਨੁਸਾਰ ਅਨੰਦਪੁਰ ਤੋਂ ਦੂਰ ਦੂਰ ਆਪਣੇ ਘਰੀਂ ਲੈ ਜਾਂਦੇ ਸਨ। ਗੁਰੂ ਜੀ ਦੇ ਦਰਬਾਰ ਵਿਚ ਕੁੱਲ ਕਵੀ ਕਿਤਨੇ ਸਨ, ਇਹ ਦੱਸਣਾ ਭਾਵੇਂ ਔਖਾ ਹੈ ਪਰ ਫਿਰ ਵੀ ਮਿਲਦੇ ਨਾਵਾਂ ਦੇ ਆਧਾਰ ਤੇ ਇਹ ਸੂਚੀ ਵਿਚ ਇਹ ਨਾਂ ਸੌਖਿਆਂ ਗਿਣੇ ਜਾ ਸਕਦੇ ਹਨ। ਇਨ੍ਹਾਂ ਦੇ ਕੁਝ ਛੰਦ ਮਿਲਦੇ ਹਨ ਤੇ ਕਈ ਨਾਂ ਐਸੇ ਵੀ ਹਨ, ਜਿਨ੍ਹਾਂ ਦੀ ਕਾਵਿ ਰਚਨਾ ਪ੍ਰਾਪਤ ਨਹੀਂ, ਪਰ ਪਰਾਤਨ ਸਿੱਖ ਗ੍ਰੰਥਾਂ ਵਿਚ ਉਨ੍ਹਾਂ ਦਾ ਨਾਮ ਮੌਜੂਦ ਹੈ, ਇਸ ਲਈ ਹੋਰ ਖੋਜ ਭਾਲ ਦੀ ਲੋੜ ਹੈ। |