ਜਾਪੁ ਸਾਹਿਬ ਦੀ ਅਧਿਆਤਮਿਕਤਾ

- ਧਰਮਪਾਲ ਸਿੰਘ ਸਿੰਗਲ



 ਜਾਪੁ, ਜਪ, ਨਾਮ-ਜਪ, ਨਾਮ-ਸਿਮਰਨ ਅਧਿਆਤਮ ਦਾ ਮੂਲਕ ਸਿਧਾਂਤ ਹੈ। ਜਪ ਇਕ ਪੌੜੀ ਹੈ ਜਿਸ ਰਾਹੀਂ ਸਾਧਕ ਇਕ ਇਕ ਡੰਡਾ ਉੱਤੇ ਚੜ੍ਹਦਾ ਖੁਦ ਵੀ ਸ਼ਬਦ ਰੂਪ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਬਾਰੇ ਇਕ ਉਪਾਧੀ ‘ਸੰਤ ਸਿਪਾਹੀ’ ਵਰਤੀ ਜਾਦੀ ਹੈ। ਜਿਸ ਦਾ ਮਤਲਬ ਹੈ ਕਿ ਆਪ ਪਹਿਲਾਂ ਸੰਤ ਤੇ ਫੇਰ ਸਿਪਾਹੀ ਸਨ। ‘ਕ੍ਰਿਸ਼ਨਾਵਤਾਰ’ ਵਿਚ ਗੁਰੂ ਜੀ ਫਰਮਾਉਂਦੇ ਹਨ ਕਿ ਜੱਗ ਵਿਚ ਉਸੇ ਬੰਦੇ ਦਾ ਜੀਵਨ ਸਫਲ ਹੈ ਜੋ ਮੂੰਹ ਤੇ ਸਦਾ ਹਰਿ ਦਾ ਨਾਂ ਉਚਾਰਦਾ ਹੈ ਅਤੇ ਚਿਤ ਵਿਚ ਯੁੱਧ ਦਾ ਵਿਚਾਰ ਦ੍ਰਿੜ੍ਹ ਕਰਕੇ ਚੱਲਦਾ ਹੈ। ਮਨੁੱਖਾ ਸਰੀਰ ਨਾਸ਼ਵਾਨ ਹੈ, ਨਿੱਤ ਪ੍ਰਤਿ ਰਹਿਣ ਵਾਲਾ ਨਹੀਂ ਹੈ, ਕੇਵਲ ਪ੍ਰਭੂ ਦੀ ਜਸ-ਕੀਰਤ ਰੂਪੀ ਕਿਸ਼ਤੀ ਤੇ ਸਵਾਰ ਹੋ ਕੇ ਹੀ ਇਹ ਸੰਸਾਰ ਰੂਪੀ ਸਾਗਰ ਤਰਿਆ ਜਾ ਸਕਦਾ ਹੈ। ਇਸ ਲਈ ਇਸ ਦੇਹ ਨੂੰ ਧੀਰਜ ਦਾ ਟਿਕਾਣਾ ਬਣਾਉ, ਜਿਸ ਕਰਕੇ ਆਪ ਦੀ ਮਨ ਤੇ ਬੁੱਧੀ ਕੇਵਲ ਇਸੇ ਨਾਮ-ਜਾਪ ਕਾਰਨ ਹੀ ਦੀਪਕ ਵਾਂਗ ਸਦਾ ਪ੍ਰਜਵਲਿਤ ਰਹੇਗੀ। ਗਿਆਨ ਦੇ ਇਸੇ ਪਾਸਾਰ (ਬੱਤੀ) ਨੂੰ ਹੱਥ ਵਿਚ ਲੈ ਕੇ ਹੀ ਕਾਇਰਤਾ ਜਾਂ ਬੁਜ਼ਦਿਲੀ ਨੂੰ ਹੂੰਝਾ ਫੇਰਿਆ ਜਾ ਸਕਦਾ ਹੈ:


  ਧੰਨਿ ਜੀਓ, ਤਿਹ ਕੋ ਜਗ ਮੈਂ, ਮੁਖ ਸੇ ਹਰਿ ਚਿੱਤ ਮੇਂ ਜੁੱਧੁ ਬਿਚਾਰੈ।

  ਦੇਹ ਅਨਿੱਤ ਨ ਨਿੱਤ ਰਹੈ, ਜਸ-ਨਾਵਿ ਚੜ੍ਹੈ ਭਵ ਸਾਗਰ ਤਾਰੈ।

  ਧੀਰਜ-ਧਾਮ ਬਨਾਇ ਇਹੈ ਤਨ ਬੁੱਧਿ ਸੁ ਦੀਪਕ ਜਿਉਂ ਉਜਿਆਰੈ।

  ਗਿਆਨਹਿ ਕੀ ਬਢਨੀ ਮਨਹੂ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ।


 ਵਿਚਾਰ ਕਰਨ ਵਾਲੀ ਗੱਲ ਹੈ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲੀ ਰਚਨਾ ‘ਜਪੁਜੀ’ ਹੈ, ਉਸੇ ਤਰ੍ਹਾਂ ‘ਦਸਮ ਗ੍ਰੰਥ’ ਦੀ ਪਹਿਲੀ ਰਚਨਾ ‘ਜਾਪੁ’ ਸਾਹਿਬ ਹੈ। ਇਹ ਗੱਲ ਇਸ ਤੱਥ ਦੀ ਲਖਾਇਕ ਹੈ ਕਿ ਸਾਰੇ ਹੀ ਗੁਰੂ ਸਾਹਿਬ ਜਪੁ ਜਾਂ ਨਾਮ ਜਪ ਨੂੰ ਆਪਣੇ ਅਧਿਆਤਮਿਕ ਮਾਰਗ ਵਿਚ ਸਰੋਵਰ ਥਾਂ ਦਿੰਦੇ ਹਨ। ਨਾਮ ਸਿਮਰਨ ਸਮੁੱਚੀ ਬਾਣੀ ਦੀ ਮੂਲ ਚੂਲ ਹੈ। ਜਾਪੁ ਸਾਹਿਬ ਇਕ ਲਘੂ ਰਚਨਾ ਹੈ, ਮਾਤਰ 198 ਛੰਦਾਂ ਵਿਚ ਸਮੁੱਚੇ ਭਾਰਤੀ ਅਧਿਆਤਮ ਦਰਸ਼ਨ ਨੂੰ ਸਮੇਟ ਕੇ ਰਖ ਦਿੱਤਾ ਗਿਆ ਹੈ। ਜਪੁਜੀ ਸਾਹਿਬ ਦੇ ਮੂਲ ਮੰਤਰ ਵਾਂਗ ਹੀ ਭਾਂਵੇ ਸੂਤਰ ਰੂਪ ਵਿਚ ਤਾਂ ਨਹੀਂ, ਪਰ ਭਾਵਾਤਮਿਕ ਪੱਧਰ ਤੇ ਬ੍ਰਹਮ ਜਾਂ ਈਸ਼ਵਰ ਦੇ ਉਸੇ ਸਰੂਪ ਦਾ ਵਰਨਨ ਕੀਤਾ ਗਿਆ ਹੈ ਜੋ ਸਾਨੂੰ ਮੂਲਮੰਤਰ ਵਿਚ ਮਿਲਦਾ ਹੈ। ਜਿਸ ਅਧਿਆਤਮ ਪੁਰਸ਼, ਪਾਰਬ੍ਰਹਮ ਦੀ ਉਸਤਤ ਕੀਤੀ ਜਾਣੀ ਹੈ ਪਹਿਲਾਂ ਉਸ ਦੇ ਸਰੂਪ ਤੇ ਗੁਣਾਂ ਦਾ ਗੁਣ-ਗਾਣ ਤਾਂ ਹੋਣਾ ਹੀ ਚਾਹੀਦਾ ਹੈ, ਇਸ ਲਈ ਆਪ ਗੁਰਮਤਿ ਆਸ਼ੇ ਦੀ ਅਤਿਅੰਤ ਸੁੰਦਰ ਵਿਆਖਿਆ ਕਰਦੇ ਹੋਏ ਪ੍ਰਭੂ ਬਾਰੇ ਇਨ੍ਹਾਂ ਸ਼ਬਦਾਂ ਵਿਚ ਵਿਚਾਰ ਪੇਸ਼ ਕਰਦੇ ਹਨ:


  ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ।

  ਰੂਪ ਰੰਗ ਅਰੁ ਰੇਖ ਭੇਖ, ਕੋਊ ਕਹਿ ਨ ਸਕਤ ਕਿਹ।

  ਅਚਲ ਮੂਰਤਿ ਅਨਭਉ ਪ੍ਰਕਾਸ ਅਮਿੱਤੋਜ ਕਹਿੱਜੈ।

  ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿੱਜੈ।

  ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤਿ ਨੇਤਿ ਬਨ ਤ੍ਰਿਣ ਕਹਤ।

  ਤਵ ਸਰਬ ਨਾਮ ਕਥੈ ਕਵਨ ਕਰਮ-ਨਾਮ ਬਰਣਤ ਸੁਮੱਤਿ॥1॥


 ਉਸ ਮਾਲਕ ਦਾ ਨਾਮ ਜਪਿਆ ਜਾਵੇ ਤਾਂ ਕਿਹੜਾ ਨਾਮ ਜਪਿਆ ਜਾਵੇ, ਕੀ ਕੋਈ ਨਾਮ ਹੈ ਜੋ ਉਸ ਦੇ ਸਰੂਪ ਨੂੰ ਸਾਡੀਆਂ ਅੱਖਾਂ ਅੱਗੇ ਸਾਵਾਂ ਦਾ ਸਾਵਾ ਖੜ੍ਹਾ ਕਰ ਸਕੇ। ਕੀ ਕੋਈ ਗੁਣ ਹੈ ਜਿਸ ਨਾਲ ਉਸ ਗੁਣਾਤੀਤ ਪਾਰਬ੍ਰਹਮ ਦੀ ਉਸਤਤ ਕੀਤੀ ਜਾ ਸਕੇ? ਨਹੀਂ, ਉਹ ਤਾਂ ਨਾਮ ਤੇ ਗੁਣ ਤੋਂ ਰਹਿਤ ਹੈ। ਕੀ ਕੋਈ ਰੂਪ ਨਿਸ਼ਚਿਤ ਕੀਤਾ ਜਾ ਸਕਦਾ ਹੈ ਉਸ ਪਾਰਬ੍ਰਹਮ ਦਾ, ਉਹ ਬ੍ਰਹਮ ਨਾਮ, ਗੁਣ ਤੇ ਰੂਪ ਤੋਂ ਪਰੇ ਹੈ, ਇਸੇ ਲਈ ਨਾਮਾਤੀਤ, ਗੁਣਾਤੀਤ ਅਤੇ ਰੂਪਾਤੀਤ ਕਰਕੇ ਵੀ ਵਖਾਣਿਆ ਜਾਂਦਾ ਹੈ। ‘ਕਿਰਤਮ ਨਾਮ ਜਪੇ ਤਿਰੀ ਜਿਹਬਾ’ ਵਾਂਗ ਇੱਥੇ ਵੀ ਫੁਰਮਾਇਆ ਹੈ ‘ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮੱਤ’। ਉਸ ਦਾ ਕੋਈ ਨਾਂ ਨਹੀਂ, ਥਾਂ ਨਹੀਂ, ਨਾ ਕੋਈ ਚਿਨ੍ਹ-ਚਕ੍ਰ ਹੀ ਹੈ, ਕੋਈ ਵਰਣ ਨਹੀ, ਨਾ ਹੀ ਜਾਤ ਜਾਂ ਪਾਤ ਹੈ, ਉਸ ਦਾ ਰੂਪ ਕੀ ਹੈ? ਰੰਗ ਕੀ ਹੈ? ਉਸ ਦੀ ਰੇਖ ਬਾਰੇ ਜਾਂ ਉਸ ਦੇ ਭੇਖ ਬਾਰੇ ਵੀ ਕੌਣ ਕੀ ਕਹਿ ਸਕਦਾ ਹੈ? ਕਰੋੜਾਂ ਦੇਵੀ ਦੇਵਤੇ, ਇੰਦਰ ਇੰਦ੍ਰਾਣੀ, ਤਿੰਨਾਂ ਲੋਕਾਂ ਦੇ ਰਾਜੇ, ਸੁਰ, ਨਰ ਤੇ ਦੈਤ ਉਸ ਦੇ ਨਾਮ-ਰੂਪ ਤੇ ਗੁਣ ਦੀ ਥਾਹ ਨਹੀਂ ਪਾ ਸਕਦੇ ਤੇ ਆਖਰ ‘ਨੇਤ ਨੇਤ’, ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਕਹਿ ਕੇ ਵਣ ਤੇ ਤ੍ਰਿਣ ਸਭ ਵਿਚ ਸਮਾਈ ਸ਼ਕਤੀ ਕਹਿ ਕੇ ਹੀ ਚੁੱਪ ਹੋ ਜਾਂਦੇ ਹਨ। ਆਪ ਫਰਮਾਉਂਦੇ ਹਨ:


  ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ।

  ਸਰਬ ਸਾਸਤ੍ਰ ਨ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ।

  ਪਰਮ ਬੇਦ ਪੁਰਾਣ ਜਾਕਹਿ ਨੇਤ ਭਾਖਤ ਨਿੱਤ।

  ਕੋਟਿ ਸਿੰਮ੍ਰਿਤਿ ਪੁਰਾਨ ਸਾਸਤ੍ਰ, ਨ ਆਵਈ ਵਹੁ ਚਿੱਤਿ॥86॥


 ਸਾਡੇ ਸ੍ਰੇਸ਼ਟ ਸ਼ਾਸਤਰ, ਵੇਦ, ਪੁਰਾਣ ਤੇ ਸਿਮਰਤੀਆਂ ਉਸ ਬਾਰੇ ਵਿਚਾਰ ਕਰਦੀਆਂ ਹਨ, ਪਰ ਉਸ ਦਾ ਕੋਈ ਰੂਪ, ਰੰਗ ਤੇ ਰੇਖ ਚਿੱਤ ਵਿਚ ਆਉਂਦਾ ਹੀ ਨਹੀਂ ਹੈ, ਜਦਕਿ ਉਹ ਸਭ ਥਾਂ ਜਾ ਸਕਦਾ ਹੈ, ਸਭ ਦਾ ਅੰਤ ਕਰਨ ਵਾਲਾ ਹੈ ਅਤੇ ਕਿਸੇ ਨਾਮ ਵੀ ਉਸ ਦਾ ਭੇਖ ਨਹੀਂ ਮਿਲਦਾ ਹੈ। ਜਿਵੇ:


  ਦੇਵ ਭੇਵ ਨ ਜਾਨ ਹੀਂ, ਜਿਹ ਬੇਦ ਅਉਰ ਕਤੇਬ।

  ਰੂਪ ਰੰਗ ਨ ਜਾਤਿ ਪਾਤਿ, ਸੁ ਜਾਨਈ ਕਿਹ ਜੇਬ।

  ਤਾਤ ਮਾਤ ਨ ਜਾਤ ਜਾ ਕਰ, ਜਨਮ ਮਰਨ ਬਿਹੀਨ।

  ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕਿ, ਮਾਨ ਹੀ ਪੁਰ ਤੀਨ॥82॥


 ਉਹ ਰੂਪ ਰੰਗ, ਜਾਤ ਪਾਤ ਤੋਂ ਪਰ੍ਹੇ ਹੈ, ਉਸ ਦੀ ਨਾ ਕੋਈ ਮਾਤਾ ਹੈ ਨਾ ਪਿਤਾ ਹੈ, ਜੋ ਜਨਮ ਤੇ ਮਰਨ ਤੋਂ ਰਹਿਤ ਹੈ। ਇਸ ਦੇ ਬਾਵਜੂਦ ਵੀ ਉਹ ਚਹੁ ਚੱਕ ਪ੍ਰਿਥਵੀ ਤੇ ਟੇਢਾ ਮੇਢਾ ਭੌਂਦਾ ਹੈ ਤੇ ਤਿੰਨਾਂ ਲੋਕਾਂ ਦਾ ਸੁਆਮੀ ਮੰਨਿਆ ਜਾਂਦਾ ਹੈ। ਦੇਵਤੇ ਅਤੇ ਵੇਦ ਜਾਂ ਕੁਰਾਨ ਵੀ ਜਿਸਦਾ ਭੇਦ ਨਹੀਂ ਜਾਣ ਸਕਦੇ, ਉਸ ਨੂੰ ਪਾਉਣ ਲਈ, ਉਸ ਤੀਕ ਪੁੱਜਣ ਲਈ, ਉਸ ਦਾ ਅਨੁਮਾਨ ਕਰਨ ਲਈ, ਆਭਾਸ ਕਰਨ ਲਈ ਸਾਡੇ ਕੋਲ ਕੇਵਲ ਇਕ ਇਕ ਸਾਧਨ ਜਾਪ ਜਾਂ ਸਿਮਰਨ ਹੀ ਰਹਿ ਜਾਂਦਾ ਹੈ, ਉਸ ਸਵੈ ਭੂ (ਸੈਭੰ) ਕਰਤਾ ਤੇ ਹਰਤਾ ਨੇ ਸਾਰੇ ਵਿਸ਼ਵ ਦੀ ਰਚਨਾ ਕੀਤੀ ਹੈ, ਉਸ ਪਰਮ ਰੂਪਵਾਨ ਹੈ, ਪੁਨੀਤ ਹੈ, ਮੂਰਤ ਰੂਪ ਹੈ, ਪੂਰਨ ਪੁਰਖ ਹੈ, ਉਸ ਦੀ ਲੀਲ੍ਹਾ ਅਪਰੰਪਾਰ ਹੈ। ਸਾਰੀ ਸ੍ਰਿਸ਼ਟੀ ਦੀ ਥਾਪਣਾ ਕਰਨ ਵਾਲਾ ਉਹ ਆਪ ਹੀ ਆਪ ਹੈ, ਚੌਦਾਂ ਲੋਕਾਂ ਵਿਚ ਲੋਕ ਉਸ ਦਾ ਹੀ ਜਾਪ ਕਰ ਰਹੇ ਹਨ, ਹੋਰ ਕੋਈ ਸਾਧਨ ਨਹੀਂ, ਕੋਈ ਰਸਤਾ ਨਹੀਂ:


  ਲੋਕ ਚਉਦਹ ਕੇ ਬਿਖੈ ਜਗ ਜਾਪ ਹੀ ਜਿਹ ਜਾਪੁ।

  ਆਦਿ ਦੇਵ ਅਨਾਦਿ ਮੂਰਤਿ, ਥਾਪਿਓ ਸਬੈ ਜਿਹ ਥਾਪੁ॥

  ਪਰਮ ਰੂਪ ਪੁਨੀਤ ਮੂਰਤਿ, ਪੂਰਨ ਪੁਰਖੁ ਅਪਾਰ।

  ਸਰਬ ਬਿਸਵ ਰਚਿੲ ਸੁਯੰਭਵ, ਗੜ੍ਹਨ ਭੰਜਨ ਹਾਰ॥83॥


 ਮੁੱਢ ਵਿਚ ਪ੍ਰਭੂ ਦੇ ਸਰੂਪ ਬਾਰੇ ਜੀਵ ਦੀ ਅਗਵਾਈ ਕਰਨ ਪਿਛੋਂ ਉਸ ਪ੍ਰਭੂ ਦੇ ਨਾਮ ਦਾ ਜਾਪ, ਸਰਬ ਪ੍ਰਥਮ ਨਮਸਕਾਰ ਤੋਂ ਪ੍ਰਾਰੰਭ ਕੀਤਾ ਗਿਆ ਹੈ। ਛੰਦ ਨੰਬਰ 2 ਤੋਂ ਲੈ ਕੇ 28 ਤੱਕ ਭੁਜੰਗ ਪ੍ਰਯਾਤ ਛੰਦ ਵਿਚ ਪ੍ਰਭੂ ਦੇ ਵਿਵਿਧ ਕਰਮ ਨਾਮ ਜਾਂ ਕਿਰਤਮ ਨਾਮ ਲੈ ਕੇ ਉਸ ਨੂੰ ਨਮੋ ਬੰਦਨਾ, ਪੂਜਾ-ਅਰਚਨਾ ਤੇ ਜਸ-ਕੀਰਤ ਕੀਤੀ ਗਈ ਹੈ। ਨਮਸਕਾਰ ਪ੍ਰਭੂ ਨੂੰ ਕੀਤਾ ਗਿਆ ਹੈ ਪਰ ਹਰ ਸੰਬੋਧਨ ਪ੍ਰਭੂ ਦੇ ਇਕ ਜਾਂ ਦੂਜੇ ਸੰਸਾਰੀ ਸਰੂਪ ਬਾਰੇ ਪ੍ਰਕਾਸ਼ ਪਾਉਂਦਾ ਹੈ। ਜੇ ਸੋਖ ਲਈ ਨਮਸਤੇ ਜਾਂ ਨਮਸੱਤਸਤ, ਜਾਂ ਨਮੋ ਨਾਲ ਆਏ ਸਾਰੇ ਵਿਸ਼ੇਸ਼ਣ ਤੇ ਸੰਬੋਧਨ ਵੱਖ ਕਰਕੇ ਰਖੇ ਜਾਣ ਤਾਂ ਸਭ ਤੋਂ ਪਹਿਲਾਂ ‘ਨੇਤ’ ਰੂਪ ਵਾਲੇ ਸੰਬੋਧਨ ਹੀ ਵਰਤੇ ਗਏ ਹਨ, ਅਕਾਲੇ, ਅਰੂਪੇ, ਅਨੂਪੇ, ਅਭੇਖੇ, ਅਲੇਖੇ, ਅਨਾਏ, ਅਜਾਏ, ਅਗੰਦੇ, ਅਭੰਜੇ, ਅਨਾਮੇ, ਅਕਰਮੰ, ਅਧਰਮੰ, ਅਨਾਮੰ, ਅਧਾਮੰ, ਅਜੀਤੇ, ਅਭੀਤੇ, ਅਬਾਹੇ, ਅਢਾਹੇ, ਅਨੀਲੇ, ਅਨਾਦੇ, ਲਾਹ ਮੁਖੀ ਜਾਂ ਨੇਤ ਬਚਨਾਂ ਦਾ ਇਹ ਸਿਲਸਿਲਾ ਛੰਦ 18 ਤਕ ਬਰਾਬਰ ਚਲ ਰਿਹਾ ਹੈ। ਦੂਜੇ ਛੰਦ ਵਿਚ ਆਇਆ ਸੰਬੋਧਨ ‘ਕ੍ਰਿਪਾਲ’ ਇਸ ਦਾ ਅਪਵਾਦ ਹੀ ਹੈ। 12ਵੇਂ ਛੰਦ ਤੋਂ 22 ਤਕ ਹਾਂ-ਮੁਖੀ ਸੰਬੋਧਨ ਵੀ ਦੇਖਣ ਵਾਲੇ ਹਨ। ਨਮੋ ਨੂੰ ਪਾਸੇ ਰਖ ਕੇ ਇਹ ਸੰਬੋਧਨ ਹਨ- ਸਰਬਕਾਲੇ, ਸਰਬ ਦਿਆਲੇ, ਸਰਬ ਰੂਪੇ, ਸਰਬ ਭੂਪੇ, ਸਰਬ ਥਾਪੇ, ਸਰਬ ਕਾਲੇ, ਸਰਬ ਪਾਲੇ, ਅੱਗੇ 28 ਤਕ ਦੋਵਾਂ ਕਿਸਮ ਦੇ ਸੰਬੋਧਨਾਂ ਨਾਂਹ ਮੁਖੀ ਤੇ ਹਾਂ ਮੁਖੀ- ਦਾ ਮਿਲਵਾਂ ਜੁਲਵਾਂ ਰੂਪ ਸਾਮ੍ਹਣੇ ਆਇਆ ਹੈ। ਅਗਲੇ ਛੰਦਾਂ ਵਿਚ ‘ਨਮੋ’ ਨਾਲ ਆਏ ਭਾਵ ਸੰਬੋਧਨ ਇੱਥੇ ਇਸ ਲਈ ਦੇ ਰਹੇ ਹਾਂ ਤਾਂ ਜੋ ਪਤਾ ਲੱਗ ਸਕੇ ਕਿ ਗੁਰੂ ਗੋਬਿੰਦ ਸਿੰਘ ਦੀ ਬ੍ਰਹਮ ਦੀ ਅਵਧਾਰਨਾ ਕਿੰਨੀ ਵਿਸ਼ਾਲ, ਬਹੁ ਪਰਤੀ, ਬਹੁ ਪਾਸਾਰੀ ਅਤੇ ਸਰਬ ਧਰਮ ਸਮਨੋਵਕਾਰੀ ਹੈ।


  -ਨਮੋ ਕਾਲ ਕਾਲੇ

  -ਨਮੋ ਦੇਵ ਦੇਵੇ

  -ਨਮੋ ਚੰਦ੍ਰ ਚੰਦ੍ਰੇ। ਨਮੋ ਭਾਨ ਭਾਨੇ,

  -ਨਮੋ ਨ੍ਰਿੱਤ ਨ੍ਰਿੱਤੇ। ਨਮੋ ਨਾਦ ਨਾਦੇ,

  -ਨਮੋ ਪਰਮ ਗਿਆਤਾ। ਨਮੋ ਲੋਕ ਮਾਤਾ।

  -ਸਦਾ ਸਿੱਧਿਦਾ ਬੁੱਧਿਦਾ ਬ੍ਰਿੱਧਿ ਕਰਤਾ,

  -ਨਮੋ ਗੀਤ ਗੀਤੇ। ਨਮੋ ਪ੍ਰੀਤਿ ਪ੍ਰੀਤੇ,

  -ਨਮੋ ਸਰਬ ਰੋਗੇ। ਨਮੋ ਸਰਬ ਭੋਗੇ।


 ਉਹ ਦੇਵਾਂ ਦਾ ਦੇਵ, ਚੰਦਾਂ ਦਾ ਚੰਦ ਤੇ ਸੂਰਜਾਂ ਦਾ ਸੂਰਜ ਹੈ। ਉਸ ਨੂੰ ਮੇਰੀ ਨਮੋ ਹੈ। ਉਹ ਨਿਰਤ ਕਰਦਾ ਨਿਰਤ ਰੂਪ ਹੋਇਆ ਹੈ, ਉਸ ਦਾ ਹੀ ਨਾਦ ਸਗਲ ਦ੍ਰਿਸਟੀ ਵਿਚ ਗੁੰਜਇਮਾਨ ਹੋ ਰਿਹਾ ਹੈ, ਉਹ ਨਿਰਤਦਾਰੀ ਨਾਦਕਾਰੀ, ਪਰਮ ਗਿਆਤਾ ਤੇ ਲੋਕ-ਮਾਤਾ ਨੂੰ ਮੇਰਾ ਪ੍ਰਣਾਮ ਪੁੱਜੇ। ਉਹ ਸਦਾ ਰਹਿਣ ਵਾਲਾ ਹੈ, ਸਿੱਧੀਆਂ ਪ੍ਰਦਾਨ ਕਰਨ ਵਾਲਾ ਹੈ, ਬੁੱਧੀ ਦੇਣ ਵਾਲਾ ਹੈ ਅਤੇ ਹਰ ਤਰ੍ਹਾਂ ਦੀ ਉੱਨਤੀ ਵਿਚ ਵਾਧਾ ਕਰਨ ਵਾਲਾ ਹੈ, ਗੀਤਾਂ ਦਾ ਗੀਤ, ਪ੍ਰੀਤਾ ਦਾ ਪ੍ਰੀਤ ਉਹ ਪ੍ਰਭੂ ਸਭ ਰੋਗਾਂ ਵਿਚ ਵੀ ਹੈ ਅਤੇ ਸਭ ਭੋਗਾਂ ਵਿਚ ਵੀ ਹੈ। ਇਹ ਸੰਸਾਰ ਦਵੈਤ ਤੋਂ ਬਣਿਆ ਹੈ, ਚੰਗਾ-ਮੰਦਾ, ਸੱਚਾ-ਝੂਠਾ, ਨਿਰੋਗ-ਰੋਗੀ, ਬ੍ਰਹਮਚਾਰੀ ਤੇ ਭੋਗੀ ਸਭ ਉਸ ਦੇ ਬਣਾਏ ਤੇ ਸਾਜੇ ਹਨ ਤੇ ਸਭਨਾ ਵਿਚ ਉਸ ਦੀ ਕਲਾ ਭਰਪੂਰ ਜਲਵੇ ਦਿਖਾ ਰਹੀ ਹੈ, ਪਰ ਕੁਝ ਨਾਸਮਝ ਲੋਕ ਸਮਝਦੇ ਹਨ ਕਿ ਉਹ ਚੰਗ ਵਿਚ ਤਾਂ ਹੈ, ਮੰਦ ਵਿਚ ਨਹੀਂ, ਸਚ ਵਿਚ ਤਾਂ ਹੈ, ਪਰ ਝੂਠ ਵਿਚ ਨਹੀਂ, ਨਿਰੋਗਤਾ ਵਿਚ ਤਾਂ ਹੈ ਪਰ ਰੋਗ ਵਿਚ ਨਹੀਂ, ਬ੍ਰਹਮਚਰਯ ਵਿਚ ਤਾਂ ਹੈ ਪਰ ਭੋਗ ਵਿਚ ਨਹੀਂ। ਇੰਝ ਵਿਸਰਨ ਵਾਲੇ ਇਹ ਨਹੀਂ ਜਾਣਦੇ ਕਿ ਇਸ ਸੋਚ ਨਾਲ ਪ੍ਰਭੂ ਦਾ ਸਰਬੱਗ ਰੂਪ ਸੁੰਗੜ ਕੇ ਇਕਾਂਗੀ ਬ੍ਰਹਮ ਵਾਲਾ ਰਹਿ ਜਾਂਦਾ ਹ। ਇਸੇ ਲਈ ਗੁਰੂ ਦੇਵ ਨੇ ਇੱਥੇ ਸਰਬ ਰੋਗਾਂ ਦੇ ਨਾਲ ਹੀ ਸਰਬ ਭੋਗਾਂ ਨੂੰ ਨਮਸਕਾਰ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਪ੍ਰਭੂ ਤਾਂ ਸਰਬਤ ਰੂਪ ਵਾਲਾ ਹੈ ਜੋ ਹਰ ਥਾਂ ਰਹਿੰਦਾ ਹੈ, ਹਰ ਥਾਂ ਜਾਂਦਾ ਹੈ, ਹਰ ਕੰਮ ਕਰਦਾ ਹੈ ਤੇ ਫੇਰ ਵੀ ਇਸ ਸਭ ਤੋਂ ਅਤੀਤ, ਅਲੱਗ-ਥਲੱਗ ਬੈਠਾ ਤਮਾਸ਼ਾ ਵੇਖਦਾ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਆਪਣੀ ਸਾਰੀ ਗੱਲ ਸਮੇਟਦੇ ਹੋਏ ਫਰਮਾਉਂਦੇ ਹਨ:


  ਨਾਮ ਠਾਮ ਨ ਜਾਤਿ ਜਾਕਰ, ਰੂਪ ਰੰਗ ਨ ਰੇਖ।

  ਆਦਿ ਪੁਰਖ ਉਦਾਰ ਮੂਰਤਿ, ਅਜੋਨਿ ਆਦਿ ਅਸੇਖ।

  ਦੇਸ ਅਉਰ ਨ ਭੇਸ ਜਾਕਰ, ਰੂਪ ਰੇਖ ਨ ਰਾਗ।

ਜੱਤ੍ਰ ਤੱਤ੍ਰ ਦਿਸਾ ਵਿਸਾ, ਹੁਇ ਫੈਲਿਓ ਅਨੁਰਾਗ॥76॥

  ਨਾਮ ਕਾਮ ਬਿਹੀਨ ਪੇਖਤ, ਧਾਮ ਹੂੰ ਨਹਿ ਜਾਹਿ।

  ਸਰਬ ਮਾਨ ਸਰਬੱਤ੍ਰ ਮਾਨ, ਸਦੈਵ ਮਾਨਤ ਤਾਹਿ।

  ਏਕ ਮੂਰਤਿ ਅਨੇਕ ਦਰਸਨ, ਕੀਨ ਰੂਪ ਅਨੇਕ।

  ਖੇਲ ਖੇਲਿ ਅਖੇਲ ਖੇਲਨ, ਅੰਤ ਕੋ ਫਿਰਿ ਏਕ॥77॥


 ਹਰਿਬੋਲਮਨਾ ਛੰਦ ਵਿਚ ਉਨ੍ਹਾਂ ਨੇ ਪ੍ਰਭੂ ਦਾ ਇਕ ਨਵਾਂ ਰੂਪ ਲਿਆ ਹੈ ਜੋ ਤਤਕਾਲੀਨ ਭਾਰਤੀ ਸੰਦਰਭ ਨੂੰ ਮੁੱਖ ਰਖ ਕੇ ਸਾਮ੍ਹਣੇ ਲਿਆਦਾਂ ਗਿਆ ਜਾਪਦਾ ਹੈ। ਉਹ ਪ੍ਰਭੂ ਜੋ ‘ਨ ਸਤ੍ਰੈ ਨ ਮਿਤ੍ਰੈ, ਨ ਭਰਮੰ, ਨ ਭ੍ਰਿਤੈ ਹੈ’, ਇੱਥੇ ਆ ਕੇ ਉਹ ‘ਕਿ ਧਰਮੰ ਧੁਜਾ ਹੈ’ ਬਣ ਗਏ ਹਨ। ਕਰੁਣਾ ਜਾਂ ਦਇਆ ਦਾ ਸਾਗਰ ਹੁੰਦੇ ਹੋਏ ਵੀ ਦੁਸ਼ਮਣਾ ਦਾ ਘਾਣ ਕਰਨ ਵਾਲੇ, ਦੁਸ਼ਟਾਂ ਨੂੰ ਨਸ਼ਟ ਕਰਨ ਵਾਲੇ ਅਤੇ ਧਰਤੀ ਤਕ ਦੀ ਮਹਿਮਾ ਨੂੰ ਮੰਡਿਤ ਕਰਨ ਵਾਲੇ ਹੀ ਹਨ:


  ਕਰੁਣਾਲਯ ਹੈ। ਅਰਿ ਘਾਲਯ ਹੈ।

  ਖਲ ਖੰਡਨ ਹੈਂ। ਮਹਿ ਮੰਡਨ ਹੈ॥167॥


 ਪ੍ਰਭੂ ਦੇ ਵਿਵਿਧ ਨਾਵਾਂ ਤੇ ਗੁਣਾਂ ਦਾ ਬਿਰਦ ਕਰਦੇ ਹੋਏ ਗੁਰੂ ਜੀ ਖੁਦ ਵੀ ਅਜਪਾ ਜਾਪ ਹੀ ਹੋ ਗਏ ਹਨ। ਜਾਪ ਹੀ ਇਹ ਚਰਮ ਸੀਮਾ ਹੀ ਹੈ ਕਿ ਜਾਪਕ ਖੁਦ ਜਾਪ, ਸ਼ੁਧ ਜਪ ਹੀ ਹੋ ਗਿਆ ਹੈ। ਅਜਪਾ-ਜਾਪ ਉਸ ਨੂੰ ਕਹਿੰਦੇ ਹਨ ਜਿੱਥੇ ਬੁਲ੍ਹ ਨਹੀਂ ਹਿੱਲਦੇ, ਜ਼ਬਾਨ ਨਹੀਂ ਬੋਲਦੀ, ਕੋਈ ਪ੍ਰਯਤਨ ਨਹੀਂ, ਕੋਈ ਔਖ ਨਹੀਂ, ਸਹਿਜੇ ਹੀ ਨਾਮ ਦੀ ਰਟ ਅੰਦਰੇ ਅੰਦਰ ਸ਼ੁਰੂ ਹੋ ਜਾਂਦੀ ਹੈ, ਸ਼ਬਦ ਦੀ ਧੁਨਕਾਰ ਸ਼ੁਰੂ ਹੋ ਜਾਂਦੀ ਹੈ ਜਿੱਥੇ ਨਾਮ ਤੇ ਨਾਮੀ ਵਿਚ ਕੋਈ ਫਰਕ ਹੀ ਨਹੀਂ ਰਹਿ ਜਾਂਦਾ:


  ਕਰੁਣਾਕਰ ਹੈਂ। ਬਿਸੰਵਭਰ ਹੈਂ।

  ਸਰਬੇਸ਼ਵਰ ਹੈਂ। ਜਗਤੇਸ਼ਵਰ ਹੈਂ॥171॥

  ਬ੍ਰਹਮੰਡਸ ਹੈਂ। ਖਲ ਖੰਡਸ ਹੈਂ।

  ਪਰ ਤੇ ਪਰ ਹੈਂ। ਕਰੁਣਾਕਰ ਹੈਂ॥172॥

  ਅਜਪਾ ਜਪ ਹੈਂ। ਅਥਪਾ ਥਪ ਹੈਂ।

  ਅਕ੍ਰਿਤਾਕ੍ਰਿਤ ਹੈਂ। ਅਮ੍ਰਿਤਾਮ੍ਰਿਤ ਹੈਂ॥173॥


 ਉਹ ਪ੍ਰਭੂ ਕਰੁਣਾ ਦਾ ਭੰਡਾਰ ਹੈ, ਸਾਰੇ ਵਿਸ਼ਵ ਦਾ ਪਾਲਣ-ਪੋਸ਼ਣ ਕਰਨ ਵਾਲਾ ਹੈ, ਸਭ ਦਾ ਸੁਆਮੀ ਹੈ, ਸਾਰੇ ਜਗਤ ਦਾ ਮਾਲਕ ਹੈ। ਸਾਰੇ ਬ੍ਰਹਮੰਡ ਦਾ ਸਿਰਜਕ ਹੈ, ਦੁਸ਼ਟਾਂ ਨੂੰ ਖੰਡਨ ਕਰਨ ਵਾਲਾ ਹੈ, ਪ੍ਰਾਤਪਰ ਪ੍ਰਭੂ ਹੈ, ਕਰੁਣਾ ਦਾ ਭੰਡਾਰ ਹੈ, ਉਹ ਖੁਦ ਹੀ ਅਜਪਾ ਜਪ ਹੈ, ਬਿਨਾਂ ਥਾਪ ਦਿੱਤੇ ਸਹਿਜੇ ਹੀ ਅੰਦਰ ਫੁੱਟ ਕੇ ਵਗ ਟੁਰਨ ਵਾਲਾ ਅਨਹਦ ਨਾਦ ਹੈ। ਸਭ ਅਕਰਮਾਂ ਤੇ ਕਰਮਾਂ, ਅੰਮ੍ਰਿਤ ਤੇ ਮ੍ਰਿਤੂ ਦਾ ਮਾਲਕ ਹੈ।


 ਜਾਪ ਦਾ ਲਖ਼ਸ ਇਹ ਅਜਪਾ ਜਪ ਤੇ ਅਤਪਾ ਥਪ ਰੂਪ ਬਿਸੰਵਭਰ ਕਰਣਾਲਯ ਨੂੰ ਪ੍ਰਾਪਤ ਕਰਕੇ ਉਸ ਦੇ ਰੂਪ ਵਿਚ ਹੀ ਸਮਾਂ ਜਾਣਾ ਹੈ। ਇਹੋ ਗੱਲ ਆਪ ਮੁੜ ਦੁਹਰਾਉਂਦੇ ਹਨ:


  ਭਵ ਭੰਜਨ ਹੈਂ। ਅਰਿ ਗੰਜਨ ਹੈਂ,

  ਰਿਪੁ ਤਾਪਨ ਹੈਂ। ਜਪੁ ਜਾਪਨ ਹੈਂ॥178॥


 ਸਾਰੇ ਸੰਸਾਰ ਦਾ ਭੰਜਕ, ਦੁਸ਼ਮਨ ਦਾ ਹਰਤਾ, ਅਤੇ ਵੈਰੀਆਂ ਨੂੰ ਤਪਾਉਣ ਅਤੇ ਖਮਾਉਣ ਵਾਲਾ ਪ੍ਰਭੂ ਜਪ ਜਾਪਨ ਰੂਪ ਹੈ, ਖੁਦ ਹੀ ਜਪ ਰੂਪ ਹੋ ਕੇ ‘ਜਾਪ ਸਾਹਿਬ’ ਬਣ ਗਿਆ ਹੈ। ਅਗਲੇ ਛੰਦ ਵਿਚ ਕਿਹਾ ਹੈ, ਪਰਮਾਤਮ ਹੈਂ, ਸਰਬ ਆਤਮ ਹੈਂ, ਆਤਮ ਬਸ ਹੈਂ, ਜਸ ਕੇ ਜਸ ਹੈਂ। ‘ਹਮ ਇਹ ਕਾਜ ਜਗਤ ਮੋ ਆਏ’ ਵਾਲਾ ਆਪਣਾ ਪ੍ਰਿਯ ਵਿਸ਼ਾ ਲੈ ਕੇ ਹੀ ਆਪ ਇਹ ਜਾਪ ਧੁਨ ਸਥਾਪਿਤ ਕਰਦੇ ਹਨ ਅਤੇ ਦੁਕਾਨ ਜਾਂ ਭੈੜੇ ਸਮੇਂ ਦਾ ਨਾਸ ਕਰਨ ਦੀ ਮੰਗ ਕਰਦੇ ਹਨ। ਅਰਥਾਤ ਆਪ ਦਾ ਜਾਪ ਦਾ ਲਖ਼ਸ਼ ਆਤਮ ਕਲਿਆਣ ਜਾਂ ਮੁਕਤੀ ਪ੍ਰਾਪਤ ਕਰਨਾ ਨਹੀਂ ਹੈ, ਸਗੋਂ ਲੋਕ-ਕਲਿਆਣ ਲਈ ਕਾਮਨਾ ਕਰਦੇ ਹੋਏ ਇਹੋ ਵਰ ਮੰਗਦੇ ਹਨ ਕਿ ਦੁਸ਼ਮਣ ਦਾ ਨਸ ਹੋਵੇ ਤੇ ਦੇਸ ਤੇ ਪਈ ਭੀੜ ਮਿਟੇ:


  ਚਤ੍ਰ ਚੱਕ੍ਰ ਵਰਤੀ, ਚਤ੍ਰ ਚੱਕ੍ਰ ਭੁਗਤੇ। ਸੁਯੰਭਵ ਸੁਭੰ, ਸਰਬਦਾ ਸਰਬ ਜੁਗਤੇ।

  ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ। ਸਦਾ ਅੰਗ ਸੰਗੇ ਅਭੰਗੰ ਬਿਭੂਤੇ॥196॥ 

Back to top


HomeProgramsHukamNamaResourcesContact •