ਮਿਤਰ ਪਿਆਰੇ ਨੂੰ

- ਰਾਮ ਸਰੂਪ ਅਣਖੀ



 ਕੁਝ ਵਰ੍ਹੇ ਪਹਿਲਾਂ, ਮਾਛੀਵਾੜੇ ਇਕ ਸਾਹਿਤਿਕ ਪ੍ਰੋਗਰਾਮ ਸਮੇਂ ਰਾਤ ਅਸੀਂ ਓਥੇ ਹੀ ਠਹਿਰੇ। ਕੁਝ ਦੋਸਤਾਂ ਨੇ ਇਛਾ ਪ੍ਰਗਟ ਕੀਤੀ ਕਿਉਂ ਨਾ ਇਤਿਹਾਸਿਕ ਸਥਾਨਾਂ ਦੀ ਯਾਤਰਾ ਕੀਤੀ ਜਾਵੇ। ਸਵੇਰੇ ਅਸੀਂ ਸਾਰੇ ਸਥਾਨ ਬੜੀ ਸਰਧਾ ਨਾਲ ਵੇਖੇ। ਉਹ ਜੰਡ ਦੇਖਿਆ, ਜਿਸ ਥੱਲੇ ਦਸਮ ਪਾਤਸ਼ਾਹ ਨੇ ਟਿੰਡ ਦਾ ਸਿਰ੍ਹਾਣਾ ਲਾ ਕੇ ਰਾਤ ਕੱਟੀ ਸੀ ਤੇ ਇਹ ਮਹਾਨ ਸ਼ਬਦ ਉਚਾਰਣ ਕੀਤਾ-ਮਿਤਰ ਪਿਆਰੇ ਨੂੰ......


 ਗੁਰਦੁਆਰਾ ਚਰਨਕੰਵਲ ਸਾਹਿਬ ਨੂੰ ਪਾਰ ਕਰਕੇ ਅਸੀਂ ਇਕ-ਦੋ ਮਿੱਤਰ ਦੂਰ ਮੈਦਾਨ ਵੱਲ ਝਾਕਣ ਲੱਗੇ। ਮੈਨੂੰ ਕਿਧਰੇ ਕਿਧਰੇ ਕੋਈ ਜੰਡੀ, ਕਿੱਕਰ, ਬੇਰੀ ਤੇ ਪਿੱਪਲ ਦੇ ਰੁੱਖ ਨਜ਼ਰ ਆ ਰਹੇ ਸਨ। ਮਨ ਅਕੀਦਤ ਨਾਲ ਭਰ ਗਿਆ। ਇਹ ਓਹੀ ਜੰਗਲ ਹੈ, ਜਿਸ ਵਿਚ ਗੁਰੂ ਗੋਬਿੰਦ ਸਿੰਘ ਆਏ ਸਨ। ਅਸੀਂ ਉਸ ਜੰਡ ਵਿਚੋਂ ਗੁਰੂ ਸਾਹਿਬ ਦੀ ਤਸਵੀਰ ਲੱਭਦੇ ਰਹੇ। ਇਕ ਬਿੰਦ ਸਾਰੇ ਹੀ ਚੁੱਪ ਸਨ। ਗਹਿਰੀ ਪ੍ਰਸਤਿਸ਼ ਦੇ ਅਹਿਸਾਸ ਦਾ ਜਾਦੂ ਸੀ, ਖਬਰੇ ਕੀ ਸੀ। ਤੇ ਫੇਰ ਕਿਸੇ ਇਕ ਨੇ ਉਚਾਰਨ ਕੀਤਾ। ਮਿਤਰ ਪਿਆਰੇ ਨੂੰ.......ਤੇ ਅਸੀਂ ਸਭ ਧੀਮੀ ਆਵਾਜ਼ ਵਿਚ ਸ਼ਬਦ ਗਾਉਣ ਲਗੇ।


 ਮੇਰੇ ਮਨ ਵਿਚ ਲਹਿਰਾਂ ਉਠ ਰਹੀਆਂ ਸਨ। ਇਸ ਸ਼ਬਦ ਵਿਚ ਕਿੰਨਾ ਕੁਝ ਭਾਰਤੀ ਹੈ, ਪੰਜਾਬੀ ਹੈ। ਪਰਮਾਤਮਾ ਨੂੰ ਮਿੱਤਰ ਪਿਆਰਾ ਆਖਿਆ ਗਿਆ ਹੈ। ਸੁਰਾਹੀ ਤੇ ਪਿਆਲੇ ਦਾ ਪ੍ਰਤੀਕ ਮੁਗਲ ਕਾਲ ਦੇ ਮਹਿਫਲੀ ਰੰਗ ਨੂੰ ਪ੍ਰਗਟਾਉਂਦਾ ਹੈ। 'ਸੂਲ ਸੁਰਾਹੀ' ਤੇ 'ਖੰਜਰ ਪਿਆਲਾ' ਆਖ ਕੇ ਅਰਥਾਂ ਨੁੰ ਕਿੰਨਾ ਵਿਸਥਾਰ ਦਿੱਤਾ ਹੈ। ਫਿਰ ਵਿਸ਼ਰਾਮ ਸਥਾਨ ਨੂੰ 'ਨਾਗ-ਨਿਵਾਸ' ਆਖ ਕੇ ਮਾਹੌਲ ਦੀ ਕਰੂਰਤਾ ਪੇਸ਼ ਕਰ ਦਿੱਤੀ। ਚੌਥੀ ਤੁੱਕ ਵਿਚ ਪੰਜਾਬ ਦੀ ਲੋਕ ਧਾਰਾ ਲਿਆ ਕੇ ਸ਼ਬਦ ਨੂੰ ਹੋਰ ਵੀ ਰੋਚਕ ਤੇ ਲੋਕ-ਪ੍ਰਿਅ ਬਣਾ ਦਿੱਤਾ। ਯਾਰ ਦਾ ਸੱਥਰ ਚੰਗਾ, ਖੇੜਿਆਂ ਦਾ ਰਹਿਣਾ ਅੱਗ ਵਿਚ ਜਲ ਜਾਣ ਤੁਲ ਹੈ। ਇਥੇ ਵੀ ਪਰਮਾਤਮਾ ਯਾਰ ਹੈ।


ਗੁਰੂ ਗੋਬਿੰਦ ਸਿੰਘ ਜੀ ਪਟਨੇ ਦੇ ਜੰਮ-ਪਲ ਸਨ। ਉਹਨਾਂ ਦੀ ਭਾਸ਼ਾਂ ਉੱਤੇ ਅਵੱਸ਼ ਸਥਾਨਕ ਪ੍ਰਭਾਵ ਹੋਵੇਗਾ। ਰਚਨਾਵਾਂ ਵਿਚ ਬ੍ਰਿਜ ਭਾਸ਼ਾ ਵਧੇਰੇ ਹੈ। ਚਾਹੇ 'ਚੰਡੀ ਦੀ ਵਾਰ' ਵਿਚ ਬਹੁਤ ਸਾਰੇ ਸ਼ਬਦ ਨਿਰੋਲ ਪੰਜਾਬੀ ਹਨ। ਪਰ 'ਮਿਤਰ ਪਿਆਰੇ ਨੂੰ' ਇਕ ਅਜਿਹੀ ਰਚਨਾ ਹੈ, ਜੋ ਸਾਰੀ ਦੀ ਸਾਰੀ ਠੇਠ ਪੰਜਾਬੀ ਵਿਚ ਹੈ। ਖਿਆਲ ਪਾਤਸ਼ਾਹੀ ਦਸਵੀਂ ਪੰਜਾਬੀ-ਕਾਵਿ ਦਾ ਵੀ ਇਕ ਉੱਤਮ ਨਮੂਨਾ ਹੈ।

Back to top


HomeProgramsHukamNamaResourcesContact •