ਮਿਤਰ ਪਿਆਰੇ ਨੂੰ

- ਸ਼. ਸੋਜ਼



 ਆਪਣੇ ਆਪ ਨੂੰ ਤੇ ਮੁਰੀਦ ਆਖ ਲਿਐ ਪਤਾਸ਼ਾਹਾਂ-ਪਰ ਪਾਰਲੀ ਸ਼ਕਤੀ ਨੂੰ 'ਮੁਰਸ਼ਦ' ਆਖ ਮੁਖਾਤਬ ਨਹੀਂ ਹੋਏ। ਮਤਲਬ, ਓਦੋਂ ਤੌੜੀ ਦੀ ਤਸੱਵਫੀ ਸਵੀਕਿਰਤੀ ਦੇ ਅਨੁਸਰਣ ਕਰਨ ਥੀਂ ਗੁਰੇਜ਼ ਕੀਤੈ ਦਸ਼ਮੇਸ਼ੀ ਤਸੱਵਰ ਨੇ। ਮੁਰਸ਼ਦ ਕਹਿਣ ਦੀ ਬਜਾਏ 'ਮਿਤਰ ਪਿਆਰੇ' ਦਾ ਸੰਬੋਧਨ ਦੇਣਾ ਸਥਾਪਤ ਪੋਇਟਿਕਸ ਵਿਚ ਜਲਜਲਾ ਲਿਆ ਦੇਣ ਦੇ ਸਮਰੱਥ ਹੈ।


 ਕਿਸੇ ਮਜ਼੍ਹਬ, ਕਿਸੇ ਬੇਦ-ਕਤੇਬ ਨੇ ਕਦੇ ਵੀ ਪਰਮ-ਸ਼ਕਤੀ ਨੂੰ ਮਿਤਰ ਪਿਆਰੇ ਦੇ ਸੰਬੋਧਨ ਦੁਆਰਾ ਐਡਾ ਸਮੀਪ ਲਿਆਉਣ ਦੀ ਜੁਰਅਤ ਨਹੀਂ ਕੀਤੀ। 'ਸੁਪ੍ਰੀਮ' ਦੀ ਸਮੀਪਤਾ ਦਾ ਸੰਕਲਪ ਹੀ ਇਥੇ ਇਨਕਲਾਬੀ ਭਾਂਤਿ ਦਾ ਹੈ। ਬੋਧ ਮੱਤ-ਮਤਾਂਤਰ ਤੇ ਕਿਸੇ ਰਬਾਨੀ ਹਸਤੀ ਦੀ ਕੋਈ ਵਖਰੀ-ਵਾਦੀ ਹੋਂਦ ਤਸਲੀਮ ਹੀ ਨਹੀਂ ਕਰਦੇ। ਰੱਬ ਨਾਂ ਦੀ ਪੁਰਖ-ਇਕਾਈ ਮਨਫੀ ਹੈ ਉਹਨਾਂ ਦੀ 'ਧੰਮਪਦ' ਵਿਚੋਂ। ਤੇ ਕੁਝ ਹੋਰ ਭਿੰਨ ਆਸਥਾਵਾਂ ਰੱਬ ਨੂੰ ਬਸ ਇਕ ਸ਼ਕਤੀ ਸਵੀਕਾਰ ਕਰਨ ਦੀਆਂ ਦਲੀਲਾਂ ਦਿੰਦੀਆਂ ਹਨ।


 ਮਿਤਰ ਪਿਆਰਾ ਆਖਣਾ ਤੇ ਜਿੰਜ ਗਲੇ ਮਿਲ ਗਏ ਯਾਰ ਦੇ ਤੇ ਸਾਰਾ ਗਿਲਾ ਬਸ ਜਾਂਦਾ ਰਿਹਾ।


 ਫੇਰ, ਖੇੜੇ ਦਲੀਲ ਦੇ ਪਰਤੀਕ ਨੇ ਪਰੰਪਰਾ ਦੇ, ਬੰਧੇਜ ਦੇ, ਸੰਗੋੜਵੇਂ ਨਜ਼ਰੀਏ ਦੇ, ਜ਼ੋਰ ਜ਼ਬਰਦਸਤੀ ਦੇ। 'ਯਾਰੜੇ ਦਾ ਸਥਰ' ਈਮੋਸ਼ਨ ਦੀ ਪ੍ਰਤੀਨਿਧਤਾ ਕਰਦੀ ਕਥਨਗੋਈ ਹੈ। ਮਨ ਤੇ ਮਸਤਕ ਦਾ ਨਿਖੈੜਾ ਬਸ ਇਕੋ ਬਰੱਸ਼-ਛੁਹ ਲਾ ਕੇ ਵਿਆਇਆ ਹੈ ਅਲੋਕਿਕ ਪ੍ਰਤਿਭਾ ਨੇ। ਫੇਰ, ਯਾਰ ਨੂੰ- 'ਯਾਰੜਾ' ਬਣਾਉਣ ਦਾ ਵੀ ਇਕ ਆਪਣਾ ਹੀ ਗੁਰਦੇਵ ਟੱਚ ਹੈ।


 ਉਂਜ, ਇਸ ਪਾਤਸ਼ਾਹੀ ਸ਼ਬਦ ਵਿਚਲੀ ਅਜ਼ੀਮ ਨਜ਼ਮਗੋਈ ਜੋਗੇ ਤੇ ਪੂਰੇ ਦਫ਼ਤਰ ਦਰਕਾਰ ਨੇ ਪਰ ਦਾਰਸ਼ਨਿਕ ਪੱਧਰ 'ਤੇ ਇਸ ਵਿਚ ਪਰਮ ਤੇ ਮਜ੍ਹਬ ਦੇ ਸੰਕੀਰਣ ਮਾਅਨਿਆਂ ਵਿਚ ਹਦੋਂ-ਬਾਹਰੀ ਵੁਸਅਤ ਲੈ ਆਂਦੀ ਗਈ ਹੈ। ਭੂ-ਖੰਡ ਦੀ ਕਿਸੇ ਵੀ ਆਸਥਾ-ਸੰਸਥਾ ਵਿਚ ਸ਼ਾਇਦ ਹੀ ਸਰਬ-ਸ਼ਕਤੀਮਾਨ ਨੂੰ ਐਡਾ ਮੁਹੱਬਤੀ ਸੰਬੋਧਨ ਕਿਧਰੇ ਦਿੱਤਾ ਗਿਆ ਹੋਏ। ਜਿਵੇਂ ਕਾਲੀਦਾਸ ਨੇ ਮੇਘ ਨੂੰ ਦੂਤ ਬਣਾ ਸੁਨੇਹੜੇ ਭਿਜਵਾਏ, ਜੋ ਏਹ ਲੌਕਿਕ ਸੀ, ਉਂਜ ਹੀ ਉਹ ਲੌਕਿਕ ਸੰਦੇਸੜਿਆਂ ਜੋਗਾ ਆਪਣੇ ਰੁਖ਼ਸਤ ਹੋ  ਰਹੇ ਮਿਤਰ ਪਿਆਰਿਆਂ ਨੂੰ ਦੂਤ ਬਣਾ 'ਮਿਤਰ ਪਿਆਰੇ' ਤੋੜੀ ਆਪਣੀ ਮਨੋਵੇਦਨ ਘੱਲੀ ਏ ਪ੍ਰੀਤਮ ਪਾਤਸ਼ਾਹਾਂ ਨੇ। ਇਲਾਹੀ ਪ੍ਰਤਿਭਾ ਦੀ ਇਹੋ ਤੇ ਪਛਾਣ ਹੁੰਦੀ ਹੈ-ਕਸ਼ੀਦ-ਦਰ-ਕਸ਼ੀਦ ਕੀਤੀ ਸਦਾਕਤ ਦੀ ਅਭਿਵਿਅਕਤੀ ਤੇ ਅਭਿਵਿਅਕਤੀ ਵੀ ਸੁਰ-ਸੰਗੀਤ ਦੇ ਸੁਮੇਲ ਸਾਥ।


 'ਹਾਲ ਮੁਰੀਦਾਂ ਦਾ' ਐਸਥੈਟਿਕਸ ਦੀ ਸਰਵੁੱਚ ਉਦਾਹਰਣ ਹੈ। ਐਥਿਕਸ ਦੀ ਬੇਮਿਸਾਨ ਖਰੀ ਮਿਸਾਲ ਹੈ। ਉਰਦੂ ਗਜ਼ਲਗੋਈ ਵਿਚ ਔਰਤ-ਮੁਰਦ ਦੇ ਸੰਬੋਧਨੀ ਅੰਤਰ ਨੂੰ ਮੁਕਦਾ ਕਰਨ ਜੋਗ 'ਮਾਹਿਬੂਬ' ਹਰਫ਼ ਦਾ ਪ੍ਰਯੋਗ ਹੁੰਦਾ ਰਿਹਾ ਹੈ। ਪਰ ਸ਼ਾਇਰ ਗੋਬਿੰਦ ਗੁਰੂ ਨੇ 'ਮਿਤਰ ਪਿਆਰਾ' ਆਖ ਹਮੇਸ਼ਾਂ ਹਮੇਸ਼ਾਂ ਲਈ ਰੱਬ ਦਾ ਜਿਨਸੀ ਇਮਤਿਆਜ਼ ਹੀ ਮੁਕਦਾ ਕਰ ਦਿੱਤਾ। ਕਿਸੇ ਸਾਧਕ ਜਾਂ ਸਾਧਵੀ ਜੋਗੀ ਸ਼ੰਕਾ ਗੁਜਾਇਸ਼ ਹੀ ਨਹੀਂ ਰਹਿਣ ਦਿੱਤੀ। ਰੱਬ ਦੀ ਦਾਤ ਇਕੋ ਕਾਵਿ-ਕੌਤਕੀ ਸਮਾਸ 'ਮਿਤਰ ਪਿਆਰੇ' ਨਾਲ ਜਿਨਸ-ਮੁਕਤ ਕਰ ਵਿਖਾਈ। ਨਾਰਾਇਣ ਨਰ ਹੈ ਜਾਂ ਨਾਰੀ-ਝੇੜਾ ਹੀ ਨਹੀਂ ਰਹਿਣ ਦਿੱਤਾ।

 ਉਹ ਤੇ ਬਸ ਮਿਤਰ ਪਿਆਰਾ ਹੈ।


 ਦੱਸਦੇ ਨੇ, ਸੁਆਮੀ ਰਾਮ ਕ੍ਰਿਸ਼ਨ ਪਰਮਹੰਸ ਆਲਣੇ ਛੇਕੜਲੇ ਦਿਨੀਂ 'ਇਸਤ੍ਰੀ' ਹੋ ਗਏ ਸਨ। ਉਂਜੇ ਦੀ ਆਵਾਜ, ਉਂਜੇ ਦੀ ਬਦਨ, ਬਨਾਵਟ। ਜਦੋਂ ਬੰਦਾ ਬੰਦਾ-ਪਰਵਰ ਵਾਲੀ ਲੀਕ ਨੇੜੇ ਅੱਪੜ ਦੋ-ਜਿਨਸੀ ਹੋ ਸਕਦਾ ਹੈ, ਤਾਂ ਬਜ਼ਾਤੇ-ਖੁਦ ਬੰਦਾ-ਪਰਵਰ ਦਾ ਤਸੱਵਰ ਤਾਂ ਦੋ-ਜਿਨਸਾ ਹੀ ਕਰਨਾ ਬਣਦਾ ਹੈ। ਇਹਾ ਕਾਵਿ-ਕੋਤਕ 'ਮਿਤਰ ਪਿਆਰੇ' ਹਰਫ਼ ਦੀ ਸਿਰਜਨਾ ਨਾਲ ਕੀਤਾ ਗਿਆ ਹੈ।


 ਦਰਅਸਲ ਇਹ ਸ਼ਬਦ ਰਚਨਾ ਸੰਕੇਤ-ਬੋਧਕ ਅਤੇ ਕੋਡਭਾਖੀ ਹੈ। ਇਸ ਦੇ ਹਰ ਹਰਫ਼ ਵਿਚ ਲੱਥ ਕੇ ਹੀ ਇਸ ਦਾ ਗੁਹਜ ਪਾ ਸਕਣ ਦੀ ਸੰਭਾਵਣਾ ਬਣ ਸਕਦੀ ਹੈ।


 ਅਸਤਿਤਵਾਦੀ ਦਰਸ਼ਨ ਦੀ ਇਕ ਕਾਤਰ ਤਕੋ: ਜਿੰਦਗੀ ਦੇ ਦੋ ਰਾਹ-ਰਾਸਤੇ ਨੇ। ਇਕ ਤੇ ਹੈ ਐਸ਼ੀਆ ਨਿਵਾਸਾਂ ਵਿਚ ਰਜਾਈਆਂ ਦੇ ਓਢਣ ਦੇ ਸੁਖ-ਆਰਾਮ ਵਾਲਾ। ਸੁਰਾਂ ਸੁਰਾਹੀ ਵਾਲਾ। ਦੂਜਾ ਹੈ ਯਾਰੜੇ ਦੇ ਸੱਥਰ ਨੂੰ ਸਹੇੜਨ ਵਾਲਾ। ਇਥੇ 'ਚਾਇਸ' ਵਾਲਾ ਦਵੰਦ ਹੈ। 'ਚੋਣ' ਤੇ ਤਰਜੀਹ, ਅਸਤਿਤਵਾਦੀ ਫ਼ਲਸਫੇ ਦੀ ਅਹਿਮ ਜੁਜ਼ ਹੈ।


 ਹੁਣ ਕੋਡ ਹੈ, ਸੰਕੇਤ ਹੈ, ਅੰਦਰ ਦੀ ਆਵਾਜ ਵਾਲੇ ਰਸਤੇ ਦੀ ਚੋਣ ਕਰਨ ਦਾ ਤੁਹਾਡਾ ਇਰਾਦਾ ਕਿਹੜੇ ਰਸਤੇ ਨੂੰ ਤਰਜੀਹ ਦਿੰਦਾ ਹੈ? ਤੇ ਇਹੋ ਅਸਤਿਤਵਾਦੀ ਪਛਾਣ ਬਣਦੀ ਹੈ ਕਿਸੇ ਵੀ ਪਰਮ-ਪੁਰਖ ਦੀ।


 ਡਰਾਮੈਟਿਕ ਮੋਨੋਲੋਗ ਜਿਹੀ ਉਠਾਣ ਬਣਦੀ ਹੈ ਇਸ ਪਾਤਸ਼ਾਹੀ ਫੁਰਮਾਨ ਦੀ। ਬਸ, ਇਕੋ ਵਿਅਕਤੀ ਵਿਸ਼ੇਸ ਦਾ ਉਚਾਰ ਇਥੇ ਨਾਟਕੀ ਰੂਪ ਧਾਰਨ ਕਰੀ ਜਾਂਦਾ ਹੈ। ਗੁਫਤਗੁ ਹੈ ਉਚਾਰ-ਪਤਾਰ ਦੀ। ਮੌਜੂਦਗੀ ਵੀ ਬਸ ਉਚਾਰ-ਪਾਤਰ ਦੀ ਹੀ ਦਰਸਾਈ ਗਈ ਹੈ। ਪਰ ਉਂਜ ਬਾਕੀ ਦੇ ਤਮਾਮ ਗੈਰ-ਹਾਜ਼ਰ ਪਾਤਰ ਵੀ ਸਾਮਰਤਖ ਹੋ ਜਾਂਦੇ ਹਨ। 'ਮਿਤਰ ਪਿਆਰਾ' ਕੌਣ ਹੈ, ਟੈਕਸਟ-ਪੱਧਰ ਪਰ ਕੁਝ ਵੀ ਦਰਿਆਫ਼ਤ ਨਹੀਂ ਹੁੰਦਾ। ਕਹਿਣ ਵਾਲਾ ਕੌਣ ਹੈ, ਦਰਸਾਇਆ ਨਹੀਂ ਗਿਆ। ਹਾਲ ਮੁਰੀਦਾਂ ਦਾ ਦਸਣਾ ਹੈ- ਤਾਂ ਮੁਰੀਦ ਕੌਣ ਹਨ? ਇਹ ਸਮਲੰਤ ਅਣਕਿਹਾ ਹੈ ਤੇ ਅਣਕਿਹੇ ਦੀ ਹੀ ਸਰੇਸ਼ਟਤਾ ਉਥਾਪਤ ਹੁੰਦੀ ਹੈ ਇਸ ਟੈਕਸਟ ਵਿਚੋਂ। ਜਿਨ੍ਹਾਂ ਨਾਟਕੀ ਪਾਤਰਾਂ ਵੱਲ ਸੰਕੇਤ ਹਨ, ਉਘੜਵੇਂ ਉਹੀ ਹਨ। ਉਂਜ ਜਿਹੜਾ ਨਾਟਕੀ ਪਾਤਰ ਉਘੜਵੇਂ ਰੂਪ ਵਿਚ ਟੈਕਸਟ ਉਚਾਰ ਰਿਹਾ ਹੈ, ਉਹ ਤੇ ਧੁੰਧਲਾ ਪਈ ਜਾਂਦਾ ਹੈ। ਪਰ ਕੌਤਕ ਤਕੋ। ਟੈਕਸਟ-ਸੰਪੰਨ ਸਮੇਂ ਇਹੋ ਧੁੰਧਲਾ ਪਾਤਰ ਪ੍ਰਜਵੱਲਿਤ ਹੋ ਕੇ ਪ੍ਰਕਾਸ਼ਮਾਨ ਹੋ ਜਾਂਦਾ ਹੈ।

Back to top


HomeProgramsHukamNamaResourcesContact •