ਦਸਮ ਗ੍ਰੰਥ ਅਤੇ ਬ੍ਰਜ ਭਾਸ਼ਾ ਦੇ ਪ੍ਰਤਿਮਾਨ - ਡਾ. ਹਰਮਿੰਦਰ ਸਿੰਘ ਬੇਦੀ ਉੱਤਰ ਮੱਧ-ਕਾਲ ਦੀ ਮਹੱਤਵਪੂਰਨ ਕਾਵਿ ਕ੍ਰਿਤ 'ਦਸਮ ਗ੍ਰੰਥ' ਹੈ। ਭਾਸ਼ਾ ਅਤੇ ਵਿਸ਼ੇ ਵਸਤੂ ਦੇ ਪੱਖ ਤੋਂ 'ਸ੍ਰੀ ਗੁਰੂ ਗ੍ਰੰਥ ਸਾਹਿਬ' ਤੋਂ ਬਾਅਦ 'ਦਸਮ ਗ੍ਰੰਥ' ਹੀ ਉੱਤਰੀ ਭਾਰਤ ਦੀ ਪ੍ਰਤੀਨਿਧ, ਇਤਿਹਾਸਕ, ਸਭਿਆਚਾਰਕ ਅਤੇ ਸਾਹਿਤਿਕ ਪੋਥੀ ਹੈ। 'ਦਸਮ ਗ੍ਰੰਥ' ਦਾ ਮਹੱਤਵ ਕਈ ਹੋਰ ਪੱਖਾਂ ਤੋਂ ਇਲਾਵਾ ਭਾਸ਼ਾ ਦੇ ਪੱਖ ਤੋਂ ਕਈ ਅਹਿਮ ਪ੍ਰਸ਼ਨ ਖੜੇ ਕਰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਕਈ ਭਾਸ਼ਾਵਾਂ ਦੇ ਗਿਆਤਾ ਸਨ। ਹਿੰਦੀ, ਪੰਜਾਬੀ, ਫ਼ਾਰਸੀ ਅਤੇ ਸੰਸਕ੍ਰਿਤ ਜਬਾਨਾਂ ਉੱਪਰ ਉਹਨਾਂ ਨੂੰ ਕਮਾਲ ਦਾ ਅਬੂਰ ਹਾਸਿਲ ਸੀ। ਉਹ ਇਕੋ ਵੇਲੇ ਇਨ੍ਹਾਂ ਭਾਸ਼ਾਵਾਂ ਵਿਚ ਉੱਚ ਕੋਟੀ ਦਾ ਸਾਹਿੱਤ ਸਿਰਜ ਲੈਂਦੇ ਸਨ। 'ਦਸਮ ਗ੍ਰੰਥ' ਦੀ ਮੂਲ ਭਾਸ਼ਾ ਬ੍ਰਜ ਹੈ। 'ਦਸਮ ਗ੍ਰੰਥ' ਵਿਚ ਸੰਕਲਿਤ ਰਚਨਾਵਾਂ ਵਿਚੋਂ 'ਜਫ਼ਰਨਾਮਾ' ਫਾਰਸੀ ਦੀ ਰਚਨਾ ਹੈ ਅਤੇ 'ਚੰਡੀ ਦੀ ਵਾਰ' ਪੰਜਾਬੀ ਦੀ ਬਾਕੀ ਰਚਨਾਵਾਂ ਬ੍ਰਜ ਭਾਸ਼ਾ ਦੀਆਂ ਹਨ। ਬ੍ਰਜ ਭਾਸ਼ਾ ਦੀਆਂ ਰਚਨਾਵਾਂ ਹੋਣ ਦੇ ਨਾਲ ਨਾਲ ਇਨ੍ਹਾਂ ਉੱਤੇ ਤਤਕਾਲੀ ਭਾਸ਼ਾਵਾਂ ਦਾ ਪ੍ਰਭਾਵ ਵੀ ਬਹੁਤ ਗਹਿਰਾ ਹੈ। ਪਰੰਤੂ ਇਨ੍ਹਾਂ ਰਚਨਾਵਾਂ ਦਾ ਸੂਖਮ ਅਧਿਐਨ ਇਹ ਤੱਥ ਜਰੂਰ ਪੇਸ਼ ਕਰਦਾ ਹੈ ਕਿ 'ਦਸਮ ਗ੍ਰੰਥ' ਦੀ ਪ੍ਰਮੁੱਖ ਭਾਸ਼ਾ ਅਤੇ ਸ਼ੈਲੀ ਬ੍ਰਜ ਪਰੰਪਰਾ ਵਾਲੀ ਹੈ। ਸਤਾਰਵ੍ਹੀਂ ਅਤੇ ਅਠਾਰਵੀਂ ਸਦੀ ਦੇ ਪੰਜਾਬ ਦੀ ਸਾਹਿਤਕ ਭਾਸ਼ਾ ਬ੍ਰਜ ਸੀ। ਸਿੱਖ ਵਿਦਵਾਨ ਵੀ ਗੁਰੂ ਜੀਵਨੀਆਂ, ਗੁਰ ਇਤਿਹਾਸ, ਜਨਮ ਸਾਖੀਆਂ ਅਤੇ ਗੁਰ ਬਲਾਸ ਆਦਿ ਦੀ ਰਚਨਾ ਕਰਨ ਵਾਸਤੇ ਬ੍ਰਜ ਭਾਸ਼ਾ ਦਾ ਸਹਾਰਾ ਲੈਂਦੇ ਰਹੇ। ਇਥੋਂ ਤਕ ਕਿ ਭਾਈ ਗੁਰਦਾਸ ਨੇ ਕਬਿੱਤ-ਸਵੱਯੈ ਵਰਗੀ ਉੱਚਕੋਟੀ ਦੀ ਰਚਨਾ ਹਿੰਦੀ ਭਾਵ ਬ੍ਰਜ ਵਿਚ ਹੀ ਰਚੀ। 'ਗੁਰੂ ਗੰ੍ਰਥ ਸਾਹਿਬ' ਵਿਚ ਦਰਜ ਭੱਟ-ਬਾਣੀ ਦੀ ਭਾਸ਼ਾ ਵੀ ਬ੍ਰਜ ਹੈ। ਬ੍ਰਜ ਦੀ ਇਹ ਪਰੰਪਰਾ ਉੱਤਰੀ ਭਾਰਤ ਦੀ ਸਾਹਿਤਕ ਭਾਸ਼ਾ ਸੀ। ਰਾਮ ਅਤੇ ਕ੍ਰਿਸ਼ਨ-ਕਥਾ ਅਵਧੀ ਅਤੇ ਬ੍ਰਜ ਵਿਚ ਹੀ ਲਿਖੀ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਬ੍ਰਜ ਭਾਸ਼ਾ ਵਿਚ ਹੈ। ਨੌਵੇਂ ਗੁਰੂ ਦੀ ਬਾਣੀ ਵਿਚਲੀ ਬ੍ਰਜ ਭਾਸ਼ਾ ਉੱਚਕੋਟੀ ਦੀ ਸਾਹਿਤਕ ਬ੍ਰਜ ਹੈ, ਜਿਸ ਦੀ ਤੁਲਨਾ ਸੂਰਦਾਸ ਵਰਗੇ ਪ੍ਰਤੀਨਿਧ ਕਵੀ ਨਾਲ ਕੀਤੀ ਜਾ ਸਕਦੀ ਹੈ। ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ 'ਦਸਮ ਗ੍ਰੰਥ' ਦੀ ਰਚਨਾ ਵਾਸਤੇ ਬ੍ਰਜ ਨੂੰ ਹੀ ਕਿਓਂ ਪਹਿਲ ਦਿੱਤੀ? ਭਾਰਤੀ ਸਾਹਿਤ ਦੇ ਇਤਿਹਾਸ ਪੱਖੋਂ ਗੁਰੂ ਗੋਬਿੰਦ ਸਿੰਘ ਜੀ ਦਾ ਕਾਲ ਰੀਤੀਕਾਲ ਸੀ। ਦਰਬਾਰੀ ਕਵਿਤਾ ਸਿਖਰ ਤੇ ਸੀ। ਰੀਤੀ ਕਾਲ ਦੇ ਕਵੀ ਨਖਸ਼ਿਖ ਵਰਣਨ, ਨਾਇਕ-ਨਾਇਕਾ ਭੇਦ ਅਤੇ ਸ਼ਿੰਗਾਰ ਰਸ ਦਾ ਅਸ਼ਲੀਅਤਾ ਪੂਰਨ ਉਪਯੋਗ ਆਪਣੀਆਂ ਕਾਵਿ ਰਚਨਾਵਾਂ ਵਿਚ ਕਰ ਰਹੇ ਸਨ। ਕਵਿਤਾ ਭੋਗ ਵਿਲਾਸ ਦੀ ਵਸਤੂ ਬਣ ਚੁੱਕੀ ਸੀ। ਵਾਰਸਾਯਨ ਦਾ 'ਕਾਮ ਸੂਤਰ' ਇਸ ਯੁੱਗ ਦੀ ਕਵਿਤਾ ਦਾ ਪ੍ਰੇਰਨਾ ਸਰੋਤ ਸੀ। ਰਾਜ ਦਰਬਾਰ ਦੀ ਵਲਗਣ ਅੰਦਰ ਇਹ ਕਵਿਤਾ ਸਿਰਫ਼ ਰਾਜਿਆਂ ਦੀ ਕਾਮ ਲਿਪਸਾ ਨੂੰ ਤ੍ਰਿਪਤ ਕਰਦੀ ਸੀ। ਇਹੋ ਜਿਹੇ ਮਹੌਲ ਦੀ ਸਾਹਿਤਕ ਗਿਰਾਵਟ ਵਾਲੀ ਪਰੰਪਰਾ ਨੂੰ ਗੁਰੂ ਜੀ ਨੇ ਆਪਣੀਆਂ ਕਾਵਿ ਕਿਰਤਾਂ ਰਾਹੀਂ ਨਵਾਂ ਮੋੜ ਦਿੱਤਾ। ਇਹ ਮੋੜ ਕੇਵਲ ਬ੍ਰਜ ਰਾਹੀਂ ਹੀ ਵੱਡੇ ਪੱਧਰ ਉੱਤੇ ਦਿੱਤਾ ਜਾ ਸਕਦਾ ਸੀ। ਫ਼ਾਰਸੀ ਰਾਜ ਭਾਸ਼ਾ ਸੀ। ਆਮ ਜਨਤਾ ਇਸ ਭਾਸ਼ਾ ਤੋਂ ਉਸੇ ਤਰ੍ਹਾਂ ਹੀ ਅਨਜਾਣ ਸੀ ਜਿਸ ਤਰ੍ਹਾਂ ਸੰਸਕ੍ਰਿਤ ਤੋਂ। ਗੁਰੂ ਜੀ ਨੇ ਲੋਕਾਂ ਦੀ ਸਾਹਿਤਕ ਬ੍ਰਜ ਭਾਸ਼ਾ ਰਾਹੀਂ ਨਵੀਂ ਸਾਹਿਤਕ ਕ੍ਰਾਂਤੀ ਖੜੀ ਕਰ ਦਿੱਤੀ। ਸਭ ਤੋਂ ਪਹਿਲਾਂ ਉਹਨਾਂ ਨੇ ਆਪਣੀ ਗੱਲ, ਆਪਣੇ ਵਿਰਸੇ ਦੀ ਪਹਿਚਾਣ ਅਤੇ ਆਪਣੇ ਮਿਸ਼ਨ ਦਾ ਉਦੇਸ਼ 'ਬਿਚਿਤ੍ਰ ਨਾਟਕ' ਰਾਹੀਂ ਸਾਹਮਣੇ ਲਿਆਂਦਾ। 'ਬਿਚਿਤ੍ਰ ਨਾਟਕ' ਇਤਿਹਾਸਕ ਪੱਖੋਂ ਬ੍ਰਜ-ਭਾਸ਼ਾ ਵਿਚ ਲਿਖੀ ਹੋਈ ਹਿੰਦੀ ਦੀ ਪਹਿਲੀ ਆਤਮ ਕਥਾ ਹੈ। ਲੋਕ-ਭਾਸ਼ਾ ਦੇ ਪੱਖ ਤੋਂ ਇਹ ਇਕ ਨਵਾਂ ਪ੍ਰਯੋਗ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਬ੍ਰਜ ਭਾਸ਼ਾ ਦੀ ਸਾਹਿਤਕ ਸ਼ਕਤੀ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਸ਼ਬਦ ਪ੍ਰਯੋਗ ਦੀਆਂ ਗੰਭੀਰ ਅਤੇ ਸੂਖਮ ਵਿਸ਼ੇਸ਼ਤਾਵਾਂ ਤੋਂ ਉਹ ਚੰਗੀ ਤਰ੍ਹਾਂ ਜਾਣੂ ਸਨ। 'ਸ਼ਸਤਰ ਨਾਮ ਮਾਲਾ ਪੁਰਾਣ' ਦੇ ਛੰਦਾਂ ਤੋਂ ਬ੍ਰਜ ਭਾਸ਼ਾ ਦੀਆਂ ਧੁਨੀਆਂ ਇਸ ਤਰ੍ਹਾਂ ਸੰਚਾਰਿਤ ਹੁੰਦੀਆਂ ਹਨ ਜਿਵੇਂ ਜੰਗ ਦੇ ਮੈਦਾਨ ਵਿਚ ਸ਼ਸ਼ਤਰਾਂ ਦੇ ਭਿੜਨ ਦੀ ਆਵਾਜ਼ ਅਤੇ ਟੁੰਕਾਰ ਆ ਰਹੀ ਹੋਵੇ। ਲੋਕ-ਭਾਸ਼ਾ ਦੀਆ ਇਨ੍ਹਾਂ ਧੁਨੀਆਂ ਦਾ ਜਿੰਨਾ ਵਧੀਆ ਪ੍ਰਯੋਗ ਗੁਰੂ ਜੀ ਨੇ ਆਪਣੇ ਵੀਰ ਰਸ ਦੀਆਂ ਕਾਵਿ ਕਿਰਤਾਂ ਵਿਚ ਕੀਤਾ ਹੈ, ਓਨਾਂ ਹੋਰ ਕਿਸੇ ਬ੍ਰਜ ਦੇ ਕਵੀ ਨੇ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਜੀ 'ਚਉਬੀਸ ਅਵਤਾਰਾਂ ਦੀ ਕਥਾ' ਦੇ ਲਿਖਣ ਦੀ ਭਾਸ਼ਾ ਵੀ ਬ੍ਰਜ ਹੀ ਰਖਦੇ ਹਨ। ਇਉਂ ਲਗਦਾ ਹੈ ਕਿ ਗੁਰੂ ਜੀ ਆਪਣੇ ਮੌਲਕ ਵਿਚਾਰ ਅਤੇ ਪਰੰਪਰਾ ਨੂੰ ਨਵੀਂ ਸੇਧ ਵੀ ਉਸੇ ਭਾਸ਼ਾ ਰਾਹੀਂ ਦੇਣੀ ਚਾਹੁੰਦੇ ਸਨ, ਜਿਸ ਭਾਸ਼ਾ ਵਿਚ ਇਹ ਸਭਿਆਚਾਰ ਛੁਪਿਆ ਹੋਇਆ ਸੀ। ਦੇਖਿਆ ਜਾਵੇ ਤਾਂ 'ਦਸਮ ਗ੍ਰੰਥ' ਰਾਹੀਂ ਉਹ ਭਾਰਤੀ ਸਭਿਆਚਾਰ ਦਾ ਸਰਲੀਕਰਨ ਕਰ ਰਹੇ ਸਨ। ਇਹ ਸਰਲੀਕਰਨ ਭਾਸ਼ਾ ਅਤੇ ਮਿਥ ਦੀਆਂ ਦੀਵਾਰਾਂ ਤੋੜ ਰਿਹਾ ਸੀ। ਸੰਸਕ੍ਰਿਤ ਤੇ ਅਰਬੀ ਗਲਵਕੜੀ ਪਾ ਕੇ ਵਿਆਕਰਣ ਦੀਆਂ ਦੀਵਾਰਾਂ ਤੋਂ ਪਾਰ ਕਦੇ ਸਮਾਸ ਬਣ ਜਾਂਦੇ ਸਨ ਅਤੇ ਕਦੇ ਨਵੇਂ ਬਿੰਬਾਂ ਤੇ ਪ੍ਰਤੀਕਾਂ ਵਿਚ ਢਲ ਜਾਂਦੇ ਸਨ। 'ਜਾਪੁ ਸਾਹਿਬ' ਇਸ ਦੀ ਸਰਵੋਤਮ ਉਦਾਹਰਣ ਹੈ। ਗੁਰੂ ਗੋਬਿੰਦ ਸਿੰਘ ਜੀ ਬ੍ਰਜ-ਭਾਸ਼ਾ ਦਾ ਸ਼ਬਦ-ਭੰਡਾਰ ਤਾਂ ਵਧਾ ਹੀ ਰਹੇ ਸਨ, ਉਸ ਦੇ ਨਾਲ ਹੀ ਉੱਤਰੀ ਭਾਰਤ ਦੀ ਇਸ ਸਾਹਿਤਿਕ ਭਾਸ਼ਾ ਦਾ ਸ਼ਿਲਪ ਦੇ ਪੱਖੋਂ ਵੀ ਉੱਧਾਰ ਕਰ ਰਹੇ ਸਨ। ਕ੍ਰਿਸ਼ਨ-ਕਾਵਿ ਦੇ ਮਹਾਨ ਕਵੀ ਸੂਰਦਾਸ ਤੋਂ ਬਾਅਦ ਬ੍ਰਜ ਭਾਸ਼ਾ ਦਾ ਵੱਡੇ ਪੱਧਰ ਉੱਤੇ ਪ੍ਰਯੋਗ ਗੁਰੂ ਗੋਬਿੰਦ ਸਿੰਘ ਹੀ ਕਰਦੇ ਹਨ। ਬ੍ਰਜ ਭਾਸ਼ਾ ਵਿਚ ਰਚੀ ਹੋਈ ਉਹਨਾਂ ਦੀ ਕਾਵਿ-ਕਿਰਤ 'ਕ੍ਰਿਸ਼ਨਾਵਤਾਰ' ਇਸ ਦੀ ਅਨੂਠੀ ਉਦਾਹਰਣ ਹੈ। 'ਕ੍ਰਿਸ਼ਨਾਵਤਾਰ' ਰਾਹੀਂ ਉਹ ਸ੍ਰੀ ਕ੍ਰਿਸ਼ਨ ਦੇ ਚਰਿੱਤਰ ਦਾ ਰੁਪਾਂਤਰਣ ਤਾਂ ਕਰ ਹੀ ਦਿੰਦੇ ਹਨ, ਉਸ ਦੇ ਨਾਲ ਹੀ ਇਹ ਪਹਿਲੀ ਵਾਰੀ ਹੁੰਦਾ ਹੈ ਕਿ ਗਊ ਦੇ ਜ਼ਿਕਰ ਤੋਂ ਬਿਨਾਂ ਵੱਡ ਅਕਾਰੀ ਕ੍ਰਿਸ਼ਨ-ਕਥਾ ਲਿਖੀ ਗਈ ਹੋਵੇ। 'ਕ੍ਰਿਸ਼ਨਾਵਤਾਰ' ਵਿਚ ਗਊ ਦੀ ਜਗ੍ਹਾ ਸ਼ੇਰ, ਚੀਤੇ ਹਾਥੀ ਹਨ। ਗੁਰੂ ਗੋਬਿੰਦ ਸਿੰਘ ਦਾ ਵਿਦਿਆ ਦਰਬਾਰ ਵੀ ਅਸਲ ਵਿਚ ਬ੍ਰਜ-ਭਾਸ਼ਾ ਦਾ ਪਰਸ਼ਿਕਸ਼ਣ ਕੇਂਦਰ ਸੀ। ਰਾਜ ਦਰਬਾਰੀ ਕਵਿਤਾ ਦੇ ਮੁਕਾਬਲੇ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਵਿਦਿਆ ਦਰਬਾਰ ਵਿਚ ਭਾਰਤੀ ਸਭਿਆਚਾਰ ਦਾ ਬ੍ਰਜ-ਭਾਸ਼ਾ ਰਾਹੀਂ ਉਦਾਰੀਕਰਨ ਕਰ ਰਹੇ ਸਨ। ਇਸ ਉਦਾਰੀਕਰਨ ਵਿਚ ਸੰਸਕ੍ਰਿਤ ਗ੍ਰੰਥਾਂ ਦਾ ਬ੍ਰਜ-ਭਾਸ਼ਾ ਵਿਚ ਵੱਡੇ ਪੱਧਰ ਉਤੇ ਅਨੁਵਾਦ ਹੋ ਰਿਹਾ ਸੀ। ਮਹਾਂਭਾਰਤ ਦੇ ਕਈ ਪਰਵਾਂ ਦਾ ਗੁਰੂ ਜੀ ਅਨੁਵਾਦ ਕਰਵਾ ਚੁੱਕੇ ਸਨ। ਪੰਜਾਹ ਉਪਨਿਸ਼ਦ ਵੀ ਹਿੰਦੀ ਭਾਸ਼ਾ ਵਿਚ ਅਨੁਵਾਦ ਹੋ ਚੁੱਕੇ ਸਨ। ਭਾਰਤੀ ਸਭਿਆਚਾਰ ਨੂੰ ਲੋਕ-ਭਾਸ਼ਾ ਬ੍ਰਜ ਰਾਹੀਂ ਉਹ ਸਹਿਜ ਅਤੇ ਸਰਲ ਬਣਾ ਰਹੇ ਸਨ। ਕਵੀ ਟਹਿਕਣ ਨੇ 'ਅਸ਼ਵਮੇਧ ਪਰਵ' ਦਾ ਅਨੁਵਾਦ ਗੁਰੂ ਜੀ ਦੇ ਵਿਦਿਆ ਦਰਬਾਰ ਵਿਚ ਰਹਿ ਕੇ ਹੀ ਕੀਤਾ। ਅਣੀਰਾਇ, ਸੈਨਾਪਤੀ, ਆਲਮ ਅਤੇ ਕੇਸ਼ਵ ਜਿਹੇ ਕਵੀਆਂ ਨੇ ਗੁਰੂ ਜੀ ਦੀ ਸਰਪ੍ਰਸਤੀ ਹੇਠ ਬ੍ਰਜ ਭਾਸ਼ਾ ਦੀਆਂ ਉੱਤਮ ਕਿਰਤਾਂ ਰਚੀਆਂ। ਅਨੰਦਪੁਰ ਅਤੇ ਪਉਂਟਾ ਸਾਹਿਬ ਬ੍ਰਜ ਭਾਸ਼ਾ ਦੇ ਸਾਹਿਤਕ ਕੇਂਦਰ ਸਨ। ਇਕ ਪਾਸੇ ਬਨਾਰਸ ਹਿੰਦੀ ਕਵਿਤਾ ਦਾ ਗੜ੍ਹ ਸੀ ਅਤੇ ਦੂਜੇ ਪਾਸੇ ਉੱਤਰੀ ਭਾਰਤ ਦੇ ਇਹ ਕੇਂਦਰ ਬ੍ਰਜ-ਭਾਸ਼ਾ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਬ੍ਰਜ-ਭਾਸ਼ਾ ਨੂੰ ਜਿਹੜੀ ਅਮੀਰੀ ਬਖਸ਼ੀ ਉਸ ਦਾ ਕੋਈ ਸਾਨੀ ਨਹੀਂ। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਤੇ ਆਚਾਰਯ ਹਜ਼ਾਰੀ ਪ੍ਰਸਾਦ ਦਿਵੇਦੀ ਨੇ ਇਹ ਮੰਨਿਆ ਹੇ ਕਿ ਗੁਰੂ ਗੋਬਿੰਦ ਸਿੰਘ ਦੀ ਬ੍ਰਜ ਰਚਨਾ ਰੀਤੀ-ਕਾਲ ਦੇ ਯੁੱਗ ਨੂੰ ਨਵੇਂ ਦਰਿਸ਼ਟੀਕੋਣ ਤੋਂ ਸੁਹਜ ਪ੍ਰਦਾਨ ਕਰ ਰਹੀ ਸੀ। ਅਚਾਰਯ ਹਜਾਰੀ ਪ੍ਰਸਾਦ ਦਿਵੇਦੀ ਨੇ ਤਾਂ ਇਥੋਂ ਤਕ ਕਿਹਾ ਕਿ ਦਸਮ ਗ੍ਰੰਥ ਭਾਰਤੀ ਸਾਹਿਤ, ਕਲਾ, ਸਭਿਆਚਾਰ ਅਤੇ ਬ੍ਰਜ-ਭਾਸ਼ਾ ਦੀ ਸ਼ਬਦਾਵਲੀ ਦਾ 'ਲੋਕ-ਕੋਸ਼' ਹੈ। ਹਿੰਦੀ ਸਾਹਿਤ ਦੇ ਸਾਰੇ ਇਤਿਹਾਸਾਂ ਵਿਚ ਗੁਰੂ ਗੋਬਿੰਦ ਸਿੰਘ ਜੀ ਬ੍ਰਜ ਕਵਿਤਾ ਦੀ ਮੁਕਤ ਕੰਠ ਨਾਲ ਸਰਾਹਨਾ ਕੀਤੀ ਗਈ ਹੈ। ਭਾਰਤੀ ਸਾਹਿਤ ਦੇ ਕਲਾਸੀਕਲ ਗ੍ਰੰਥਾਂ ਵਿਚ ਅਜ 'ਦਸਮ ਗ੍ਰੰਥ' ਦਾ ਉਸੇ ਤਰ੍ਹਾਂ ਜਿਕਰ ਹੁੰਦਾ ਹੈ ਜਿਸ ਤਰ੍ਹਾਂ ਵੇਦ, ਉਪਨਿਸ਼ਦ, ਪੁਰਾਣ, ਗੀਤਾ, ਰਮਾਇਣ, ਮਹਾਭਾਰਤ ਆਦਿ ਦਾ। ਗੁਰੂ ਜੀ ਭਾਰਤ ਦੀ ਪ੍ਰਮੁੱਖ ਸਾਹਿਤਕ ਭਾਸ਼ਾ ਹਿੰਦੀ ਦੇ ਸਚਮੁੱਚ ਪ੍ਰਕਾਂਡ ਵਿਦਵਾਨ ਹਨ। |