ਸ੍ਰੀ ਦਸਮ ਗ੍ਰੰਥ : ਵਿਰੋਧੀਆਂ ਨੂੰ ਉਤਰ (ਭਾਗ 2)

- ਡਾ: ਹਰਭਜਨ ਸਿੰਘ



ਜਾਗਰੂਕ ਸਿਖ ਪਾਠਕ ਵਿਦਿਤ ਹਨ ਕਿ ਦਸਮ ਗ੍ਰੰਥ ਦੇ ਵਿਰੋਧੀਆਂ ਨੇ ਆਪਣੀ ਸਾਰੀ ਸਮਰਥਾ ਸੰਚਿਤ ਕਰ ਕੇ ਮੇਰੇ ਵਿਰੁਧ ਕੋਰੇ ਝੂਠ ਉਤੇ ਆਧਾਰਿਤ ਅਪਮਾਨ-ਜਨਕ ਟਿਪਣੀਆਂ ਭਰਿਆ ਇਕ ਲੇਖ ਪ੍ਰਕਾਸ਼ਿਤ ਕਰਵਾਇਆ ਸੀ, ਜਿਸ ਦਾ ਦ੍ਰਿੜ੍ਹਤਾ ਸਹਿਤ ਦਿੱਤਾ ਉਤਰ ਪਹਿਲਾਂ ਪ੍ਰਕਾਸ਼ਿਤ ਹੋ ਚੁਕਾ ਹੈ। ਪਾਠਕ ਜਾਣਦੇ ਹਨ ਕਿ ਵਿਰੋਧੀਆਂ ਦੇ ਇਸ ਲੇਖ ਉਤੇ ਕਈ ਵਿਅਕਤੀਆਂ ਦੇ ਹਸਤਾਖਰ ਸਨ, ਜਿਸ ਸੰਬੰਧੀ ਮੇਰੀ ਇਹ ਟਿਪਣੀ ਪਾਠਕਾਂ ਨੇ ਵੇਖੀ ਹੋਵੇਗੀ “ਮੈਂ ਬਹੁਤ ਹੈਰਾਨ ਹਾਂ, ਇਕ ਨਿਕੰਮੀ ਜਿਹੀ ਲਿਖਿਤ ਲਿਖਣ ਵਿਚ ਇਤਨੇ ਵਿਅਕਤੀਆਂ ਦੀ ਬੁਧੀ ਲਗੀ ਹੈ। ਇਹ ਵੀ ਸੰਭਵ ਹੈ ਕਿ ਸ਼ਾਇਦ ਇਹ ਸਾਰੇ ਮਿਲ ਕੇ ਵੀ ਮੇਰੇ ਨਾਲ ਬੌਧਿਕ ਚਰਚਾ ਕਰਨ ਵਿਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਣਗੇ।”


ਪਿਆਰੇ ਸੁਹਿਰਦ ਪਾਠਕੋ ਵਿਰੋਧੀ ਧਿਰ ਉਤੇ ਇਸ ਦਾ ਵਾਂਛਿਤ ਪ੍ਰਭਾਵ ਹੋਇਆ ਅਤੇ ਮੇਰੇ ਉਤੇ ਅਗਲਾ ਹਮਲਾ ਕਰਨ ਵਾਸਤੇ ਉਨ੍ਹਾਂ ਨੇ ਹੁਣ ਡਾ. ਗੁਰਮੀਤ ਸਿੰਘ ਨੂੰ ਇਕੱਲਿਆਂ ਦੋ-ਦੋ ਹੱਥ ਕਰਨ ਵਾਸਤੇ ਮੈਦਾਨ ਵਿਚ ਉਤਾਰਨ ਦਾ ਖ਼ਤਰਾ ਮੁਲ ਲਿਆ ਹੈ। ਮੈਂ ਖ਼ਤਰਾ ਸ਼ਬਦ ਸਚੇਤ ਮਨ ਨਾਲ ਵਰਤਿਆ ਹੈ, ਕਿਉਂਕਿ ਜੇ ਮੈਂ ਬੜੇ ਪ੍ਰਭਾਵਸ਼ਾਲੀ ਨਾਵਾਂ ਨਾਲ ਮਹਿਮਾਵਾਨ ਹੋਏ ਗਿਆਰਾਂ ਵਿਅਕਤੀਆਂ ਨਾਲ ਬੌਧਿਕ ਲੋਹਾ ਲੈ ਸਕਦਾ ਹਾਂ, ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਦੀ ਬੁਧੀਮਤਾ ਤੋਂ ਮੈਂ ਕਿਵੇਂ ਅਸਥਿਰ-ਚਿੱਤ ਹੋ ਸਕਦਾ ਹਾਂ ? ਪਾਠਕਾਂ ਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ, ਕਿ ਮੇਰੇ ਪਹਿਲੇ ਲੇਖ ਦਾ ਪ੍ਰਭਾਵ ਕਬੂਲਦਿਆਂ, ਵਿਰੋਧੀ ਪੱਖ ਨੇ ਸ਼ਾਲੀਨਤਾ ਦਾ ਰਾਹ ਪਕੜਨ ਦਾ ਲੋਕ-ਵਿਖਾਵਾ ਕਰਨ ਵਾਸਤੇ ਲੇਖ ਦੀ ਸ਼ੁਰੂਆਤ ‘ਸਤਿਕਾਰ ਯੋਗ ਪ੍ਰੋ. ਹਰਭਜਨ ਸਿੰਘ’ ਦੇ ਸੰਬੋਧਨ ਨਾਲ ਕੀਤੀ ਹੈ। ਪਰ ਇਹ ਸ਼ਾਲੀਨਤਾ ਦਾ ਵਿਖਾਵਾ ਕੇਵਲ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਕੀਤਾ ਦੰਭ ਹੈ, ਕਿਉਂਕਿ ਇਨ੍ਹਾਂ ਤੋਂ ਠੀਕ ਉਪਰ ਅੰਕਿਤ ਹੈ “ਝੂਠੇ ਪ੍ਰੋ. ਹਰਭਜਨ ਸਿੰਘ, ਯੂਨੀਵਰਸਿਟੀ ਪਟਿਆਲਾ, ਨੂੰ ਸੱਚੇ ਸਵਾਲ।” ਪਿਆਰੇ ਡਾ. ਗੁਰਮੀਤ ਸਿੰਘ ਝੂਠ ਅਤੇ ਸਚ ਦਾ ਫੈਸਲਾ ਤੁਹਾਡੇ ਜਾਂ ਮੇਰੇ ਹੱਥ ਵਿਚ ਨਹੀਂ ਹੈ, ਇਸ ਦਾ ਫੈਸਲਾ ਸੱਚੀ ਦਰਗਾਹ ਦੇ ਸੱਚੇ ਨਿਆਇਕ ਮਾਨ-ਦੰਡਾਂ ਅਨੁਸਾਰ ਕਰਤਾਰ ਆਪ ਕਰਦਾ ਹੈ। ਸੋ ਤੁਹਾਡੀਆਂ ਅਜਿਹੀਆਂ ਟਿਪਣੀਆਂ ਤੋਂ ਮੈਂ ਕਦੇ ਵਿਚਲਿਤ ਨਹੀਂ ਹੋ ਸਕਦਾ। ਜੋ ਲੋਕ ਆਪਣੇ ਗੁਰੂ-ਪਿਤਾ ਦੇ ਬਚਨਾਂ ਨੂੰ ਗੰਦ ਦਾ ਟੋਕਰਾ ਕਹਿਣ ਤੋਂ ਰਤਾ ਭੀ ਸ਼ਰਮ ਮਹਿਸੂਸ ਨਹੀਂ ਕਰਦੇ ਅਤੇ ‘ਜਪੁ’ ਬਾਣੀ ਸਮੇਤ ਸਮੁਚੇ ਦਸਮ ਗ੍ਰੰਥ ਸਾਹਿਬ ਨੂੰ ਗੰਦ ਦਾ ਟੋਕਰਾ ਕਹਿ ਰਹੇ ਹਨ, ਉਨ੍ਹਾਂ ਦਾ ਅਤਿ ਬੁਰਾ ਹਸ਼ਰ ਦੁਨੀਆ ਦੇ ਹਰ ਕੋਨੇ ਵਿਚ ਵਸਦੇ ਸਿਖ ਜ਼ਰੂਰ ਵੇਖਣਗੇ, ਐਸਾ ਮੇਰਾ ਵਿਸ਼ਵਾਸ ਹੈ।


 ਡਾ. ਸਾਹਿਬ ਤੁਸਾਂ ਮੇਰੀ ਨਕਲ ਕਰਦਿਆਂ ਮੈਨੂੰ ਸ਼ਬਦਾਂ ਦਾ ਸ਼ੁਧ ਰੂਪ ਸਮਝਾਉਣ ਵਾਸਤੇ ਲਿਖਿਆ ਹੈ “(ਤੁਹਾਡੀ ਇਸ ਸਤਰ ਵਿਚ) ਲਫਜ ਕ੍ਰਿਤ ਹੋਣਾ ਚਾਹੀਦਾ ਸੀ ਨਾ ਕੇ ਕ੍ਰਿਤੀ।” ਸ਼ਬਦ ਕ੍ਰਿਤ ਹੋਣਾ ਚਾਹੀਦਾ ਹੈ, ਜਾਂ ਕ੍ਰਿਤੀ ਇਹ ਤਾਂ ਤੁਹਾਨੂੰ ਜ਼ਰੂਰ ਸਮਝਾਵਾਂਗਾ। ਪਹਿਲਾਂ ਇਹ ਜਾਣ ਲਓ ਕਿ ਮੈਂ ਤੁਹਾਡੇ ਉਕਤ ਸ਼ਬਦਾਂ ਨੂੰ ਲਿਖਣਾ ਹੋਵੇ, ਤਾਂ ਇੰਞ ਲਿਖਾਂਗਾ “ਲਫ਼ਜ਼ ਕ੍ਰਿਤ ਹੋਣਾ ਚਾਹੀਦਾ ਸੀ, ਨਾ ਕਿ ਕ੍ਰਿਤੀ।” ਧੜੇਬੰਦੀ ਤੋਂ ਮੁਕਤ ਸਿਆਣਾ ਪਾਠਕ ਸਮਝ ਸਕਦਾ ਹੈ ਕਿ ਕਿਵੇਂ ਤੁਹਾਨੂੰ ਬੱਚਿਆਂ ਵਾਂਗ ਲਿਖਣ ਦੇ ਮੋਟੇ-ਮੋਟੇ ਅਸੂਲ ਸਮਝਾਉਣ ਲਈ ਮੈਨੂੰ ਮੁਸ਼ੱਕਤ ਕਰਨੀ ਪੈ ਰਹੀ ਹੈ। ਹੁਣ ਆਓ ਵੇਖ ਲਈਏ ਕਿ ਚਰਚਿਤ ਸ਼ਬਦ ਕ੍ਰਿਤ ਹੋਣਾ ਚਾਹੀਦਾ ਸੀ, ਜਾਂ ਕ੍ਰਿਤੀ। ਮੈਂ ਇਸ ਦੀ ਵਰਤੋਂ ਇਸ ਤਰ੍ਹਾਂ ਕੀਤੀ ਸੀ “ਪਤਾ ਨਹੀਂ ਲੇਖਕ ਨੇ ਆਪਣੀ ਕਿਸ ਕਮਜ਼ੋਰ ਮਾਨਸਿਕਤਾ ਕਰ ਕੇ ਇਹ ਆਪਣੀ ਵਡਮੁਲੀ ਅਤੇ ਦੁਰਲਭ ਕ੍ਰਿਤੀ ਮੈਨੂੰ ਸਿਧੇ ਭੇਜਣ ਦੀ ਮਿਹਰਬਾਨੀ ਨਹੀਂ ਕੀਤੀ।” ਨਿਸ਼ਚਿਤ ਤੌਰ ਤੇ ਇਸ ਪੰਕਤੀ ਵਿਚ ‘ਕ੍ਰਿਤੀ’ ਦਾ ਅਰਥ ਰਚਨਾ ਬਣਦਾ ਹੈ। ਕ੍ਰਿਤੀ ਪਦ ਦੇ ਅਰਥ ਦਸਦਿਆਂ ਨਾਮਦੇਵ ਦੀ ਪੰਕਤੀ ‘ਆਜੁ ਨਾਮੇ ਬੀਠਲੁ ਦੇਖਿਆ…. ਸਮਝਾਊ ਰੇ’ ਵਾਰ-ਵਾਰ ਜ਼ਿਹਨ ਵਿਚ ਆਉਂਦੀ ਹੈ, ਪਰ ਤੁਹਾਡਾ ਅਪਮਾਨ ਕਰਨਾ ਮੇਰਾ ਨਿਸ਼ਾਨਾ ਨਹੀਂ ਹੈ, ਇਸ ਲਈ ਪੂਰਾ ਪਾਠ ਨਹੀਂ ਦੇ ਰਿਹਾ। ਉਂਞ ਗਿਆਨ ਬਿਨਾ ਜੇ ਗਿਆਨੀ ਬਣੀਏ ਤਾਂ ਅਪਮਾਨ ਆਪਣੀ ਝੋਲੀ ਵਿਚ ਸਮੇਟਣਾ ਹੀ ਪੈਂਦਾ ਹੈ। ਵਾਮਨ ਸ਼ਿਵਰਾਮ ਆਪਟੇ ਦੁਆਰਾ ਰਚਿਤ ਸਭ ਤੋਂ ਪ੍ਰਮਾਣਿਕ ਸੰਸਕ੍ਰਿਤ-ਹਿੰਦੀ ਕੋਸ਼ ਵਿਚ ਕ੍ਰਿਤੀ ਦੇ ਇਹ ਅਰਥ ਲਿਖੇ ਹਨ- ਕਰਨੀ, ਉਤਪਾਦਨ, ਨਿਰਮਾਣ ; ਕਾਰਜ, ਕਰਮ ; ਰਚਨਾ, ਕਾਮ, ਸੰਰਚਨਾ ਆਦਿ। ਸ਼ਬਦ ਕ੍ਰਿਤ ਦੇ ਅਰਥ ਕਰਤਾ, ਨਿਰਮਾਤਾ, ਉਤਪਾਦਕ, ਰਚਇਤਾ ਆਦਿ ਦਸੇ ਗਏ ਹਨ। ਹੁਣ ਸੋਚ ਲਓ ਕਿ ਮੈਂ ਝੂਠ ਬੋਲਦਾ ਹਾਂ, ਜਾਂ ਤੁਸੀਂ। ਚੰਗਾ ਹੋਇਆ ਕਿ ਤੁਸੀਂ ਇਕੋ ਸ਼ਬਦ ਦੇ ਰੂਪ ਦੀ ਚਰਚਾ ਕਰ ਕੇ ਹੀ ਮੇਰੀ ਰੀਸ ਕਰਨ ਵਿਚ ਸੰਤੁਸ਼ਟ ਹੋ ਗਏ, ਨਹੀਂ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਚੇਤਾਵਨੀ ਦੇ ਦਿੱਤੀ ਸੀ “ਜਿਤਨੇ ਮੁਦੇ ਸਾਹਮਣੇ ਲਿਆਓਗੇ, ਉਤਨਾ ਹੀ ਤੁਹਾਡੇ ਅਗਿਆਨ ਦਾ ਪਰਦਾ ਲੀਰੋ-ਲੀਰ ਹੁੰਦਾ ਜਾਵੇਗਾ।” ਪਿਆਰੇ ਵੀਰ ਆਪਣੀ ਤਰਸ-ਯੋਗ ਸਥਿਤੀ ਨੂੰ ਮਹਿਸੂਸ ਕਰਨ ਦਾ ਯਤਨ ਤਾਂ ਕਰ ਕੇ ਵੇਖੋ। ਤੁਸੀਂ ਦੁਲੈਂਕੜਾਂ ਨੂੰ ਦੂਲੈਂਕੜਿਆਂ ਲਿਖਦੇ ਹੋ, ਨਾ (ਨਹੀਂ) ਨੂੰ ਨਾਂ (ਨਾਮ) ਲਿਖਦੇ ਹੋ। ਤੁਹਾਨੂੰ ਕਿ ਅਤੇ ਕੇ ਦਾ ਅੰਤਰ ਪਤਾ ਨਹੀਂ। ਕਥਿਤ ਨੂੰ ਕਥਿੱਤ ਲਿਖਦੇ ਹੋ, ਪੀ. ਏ., ਨੂੰ ਪੀ, ਏ ਲਿਖਦੇ ਹੋ। ਕਿਸੇ ਸਿਆਣੇ ਨੂੰ ਪੁਛ ਲੈਣਾ ਕਿ ਤੁਹਾਡੀ ਇਸ ਪੰਕਤੀ “ਪਰ ਫਿਰ ਵੀ ਇਸ ਦੇ ਪ੍ਰਬੰਧਕ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਪੀ, ਏ ਸਮਝ ਰਹੇ ਹਨ। ਅਤੇ ਆਮ ਸਿੱਖ ਨੂੰ ਇਹ ਸਿੱਖ ਹੀ ਨਹੀਂ ਸਮਝਦੇ” ਵਿਚ ਅਤੇ ਤੋਂ ਪਹਿਲਾਂ ਪੂਰਨ ਵਿਸ਼ਰਾਮ ਚਿੰਨ੍ਹ ਲਗਾਉਣਾ ਉਚਿਤ ਹੈ, ਜਾਂ ਨਹੀਂ। ਤੁਹਾਨੂੰ ਕਾਮੇ, ਵਿਸ਼ਰਾਮ ਚਿੰਨ੍ਹ, ਅੱਧਕ ਆਦਿ ਲਾਉਣ ਦੀ ਹੀ ਜੇ ਸਮਝ ਨਹੀਂ, ਤਾਂ ਉਹ ਗ੍ਰੰਥ ਜਿਸ ਦੇ ਛੰਦ-ਪ੍ਰਬੰਧ ਸਮੇਤ ਸੰਰਚਨਾ ਦਾ ਹਰ ਪੱਖ ਲਾ-ਜਵਾਬ ਹੈ, ਉਸ ਨੂੰ ਕੀ ਸਮਝੋਗੇ ? ਜਦੋਂ ਤੁਸੀਂ ਬਾਵਜੂਦ ਨੂੰ ਬਾਵਜ਼ੂਦ, ਖ਼ਿਲਾਫ਼ ਨੂੰ ਖਿਲਾਫ, ਕਥਿਤ ਨੂੰ ਕਥਿੱਤ, ਦਿਵਾਉਣਾ ਨੂੰ ਦਵਾਉਣਾ, ਚਾਹੁੰਦੇ ਨੂੰ ਚਹੁੰਦੇ, ਇਨ੍ਹਾਂ ਨੂੰ ਇਨਾਂ, ਜ਼ਾਹਿਰ ਨੂੰ ਜ਼ਾਹਰ ਲਿਖਦੇ ਹੋ, ਤਾਂ ਮੈਨੂੰ ਤੁਸੀਂ ਜਰਮਨੀ ਦੀ ਯੂਨੀਵਰਸਿਟੀ ਦੇ ਵਿਦਿਤ ਪੁਰੁਸ਼ ਨਹੀਂ, ਪੇਂਡੂ ਸਕੂਲ ਦੇ ਪੰਜਵੀਂ ਪਾਸ ਜਾਪਦੇ ਹੋ। ਕਿਵੇਂ ਮੰਨਾਂ ਕਿ ਤੁਸੀਂ ਵਿਦਵਾਨਾਂ ਦੀਆਂ ਮਹਾਨ ਕ੍ਰਿਤੀਆਂ ਦੇ ਪਾਰਖੂ ਹੋ ਸਕਦੇ ਹੋ ? ਹਕੀਕਤਨ ਲਿਖਣ-ਪੜ੍ਹਨ ਦੇ ਇਤਨੇ ਨਿਮਨ ਸਤਰ ਕਾਰਨ ਗ੍ਰੰਥਾਂ ਸੰਬੰਧੀ ਵਿਦਵਾਨਾਂ ਨਾਲ ਚਰਚਾ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੋ ਸਕਦਾ ? ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੇ ਇਸ ਸਵਾਲ ਦਾ ਜਵਾਬ ਨਹੀਂ ਮਿਲਿਆ, ਮੇਰੇ ਉਸ ਸਵਾਲ ਨੂੰ ਛਡ ਦਿੱਤਾ ਗਿਆ ਹੈ, ਮੈਂ ਕੋਈ ਤੁਹਾਡਾ ਤਨਖ਼ਾਹਦਾਰ ਹਾਂ ਕਿ ਤੁਹਾਡੀ ਇਛਾ ਮੁਤਾਬਿਕ ਲਿਖਾਂ। ਤੁਸਾਂ ਮੇਰੇ ਕਿਤਨੇ ਸਵਾਲਾਂ ਦਾ ਉਤਰ ਦਿੱਤਾ ਹੈ ? ਮੈਂ ਤੁਹਾਨੂੰ ਪੁਛਿਆ ਸੀ ਕਿ ਕਿਸ ਆਧਾਰ ਤੇ ਤੁਸਾਂ ਛੇਵੇਂ ਪਾਤਸ਼ਾਹ ਨੂੰ ਸ਼ਹੀਦ ਲਿਖਿਆ ਹੈ ? ਤੁਹਾਡਾ ਕੋਈ ਉਤਰ ਨਹੀਂ ? ਮੈਂ ਤੁਹਾਨੂੰ ਪੁਛਿਆ ਸੀ ਕਿ ਅਠਾਰ੍ਹਵੀਂ ਸਦੀ ਦੇ ਕਿਸ ਗ੍ਰੰਥ ਵਿਚੋਂ ਤੁਸਾਂ ਇਹ ਪੜ੍ਹਿਆ ਸੀ ਕਿ ਦਸਮ ਗ੍ਰੰਥ ਅੰਗ਼ਰੇਜ਼ਾਂ ਨੇ ਲਿਖਵਾਇਆ ਹੈ ? ਤੁਹਾਡਾ ਕੋਈ ਉਤਰ ਨਹੀਂ। ਪਾਠਕਾਂ ਦੇ ਹਸਣ ਵਾਸਤੇ ਮੈਂ ਤੁਹਡਾ ਵਿਦਵਤਾ-ਭਰਪੂਰ ਜਵਾਬ ਹੂ-ਬ-ਹੂ ਪ੍ਰਸਤੁਤ ਕਰ ਰਿਹਾ ਹਾਂ “ਅਹਿ (ਸੱਪ ਤੁਹਾਡੇ ਮੁਤਾਬਿਕ) ਦਸਮ ਗ੍ਰੰਥ 1760 ਤੋਂ 1780 ਤਕ ਅੰਗ਼ਰੇਜ਼ਾਂ ਨੇ ਲਿਖਵਾਇਆ। ਸਬੂਤ ਵਜੋਂ ਦਸਮ ਗ੍ਰੰਥ ਪੰਨਾ 194 ਉਪਰੋਂ ਤੀਸਰੀ ਲਾਈਨ: ਏਕ ਮਾਰਗ ਦੂਰ ਹੈ ਇਕ ਨੀਅਰ (ਨੲੳਰ) ਹੈ ਰਾਮ॥ ਰਾਹ ਮਾਰਤ ਰਾਛਸੀ ਜਿਹ ਤਾਰਕਾ ਗਨਿ ਨਾਮ॥64॥” ਮੁਆਫ਼ ਕਰਨਾ ਤੁਹਾਨੂੰ ਪੰਕਤੀਆਂ ਦੇ ਹਵਾਲੇ ਲਾਉਣ ਦੀ ਸਮਝ ਨਹੀਂ। ਮੈਂ ਲਿਖਣਾ ਹੋਵੇ ਤਾਂ ਪੰਕਤੀ ਲਿਖ ਕੇ ਲਿਖਾਂਗਾ ਰਾਮਾਵਤਾਰ, ਪਦ 64। ਪਾਠਕ ਜਨੋ ਪਿਆਰੇ ਡਾ. ਗੁਰਮੀਤ ਸਿੰਘ ਨੂੰ ਹੁਣ ਤਾਂ ਮਹਾਨ ਪੰਥਕ ਵਿਦਵਾਨ ਮੰਨ ਹੀ ਲੈਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੇ ਦਸਮ ਗ੍ਰੰਥ ਵਿਚੋਂ ਅੰਗ਼ਰੇਜ਼ੀ ਦਾ ਇਕ ਸ਼ਬਦ ਲਭ ਹੀ ਲਿਆ ਹੈ, ਪਰ ਉਸੇ ਤਰ੍ਹਾਂ, ਜਿਵੇਂ ਕੁਝ ਅੰਧਕਾਰੀ ਭਾਈਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਦ ‘ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ” ਵਿਚੋਂ ਹਾਈ ਨੂੰ ਅੰਗ਼ਰੇਜ਼ੀ ਦਾ ਹਾਈ (ਹਗਿਹ) ਮਿਥ ਕੇ ਅਰਥ ਉਚਾ ਕਰ ਲਏ ਸਨ। ਪਿਆਰੇ ਵਿਰੋਧੀ ਭਾਈਓ ! ਤੁਸੀਂ ਕਲ੍ਹ ਨੂੰ ਜ਼ਰੂਰ ਕਹਿਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਵੀ ਕਿਸੇ ਅੰਗ਼ਰੇਜ਼ ਨੇ ਹੀ ਲਿਖਵਾਇਆ ਹੋਵੇਗਾ ? ਪ੍ਰਣਾਮ ਹੈ ਤੁਹਾਡੀ ਉਕਤ ਖੋਜ ਨੂੰ ਅਤੇ ਲਖ-ਲਖ ਨਮਨ ਹੈ ਤੁਹਾਡੀ ਬੌਧਿਕਤਾ ਨੂੰ ? ਅਜਿਹੀ ਨਿਮਰ ਡੰਡੌਤ ਤੋਂ ਬਾਅਦ ਹੁਣ ਮੈਨੂੰ ਸ਼ਾਇਦ ਤੁਸੀਂ ਇਸ ਸ਼ਬਦ ਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦੇ ਦਿਓਗੇ। ‘ਨੀਅਰ’ ਸ਼ਬਦ ਭਾਰਤੀ ਸਾਹਿਤ ਵਿਚ ਦਸਮ ਗ੍ਰੰਥ ਦੀ ਸਿਰਜਣਾ ਤੋਂ ਪਹਿਲਾਂ ਇਸੇ ਰੂਪ ਅਤੇ ਇਨ੍ਹਾਂ ਹੀ ਅਰਥਾਂ ਵਿਚ ਵਰਤਿਆ ਜਾਂਦਾ ਰਿਹਾ ਹੈ। ਹਿੰਦੀ ਮਾਨਕ ਕੋਸ਼ ਵਿਚ ਰਾਮ ਚੰਦ੍ਰ ਵਰਮਾ ਲਿਖਦਾ ਹੈ- ਨਿਯਰ : (ਸੰਸਕ੍ਰਿਤ ਨਿਕਟ, ਪ੍ਰਾਕ੍ਰਿਤ ਨਿਅੜੁ) ਸਮੀਪ, ਪਾਸ, ਨਜ਼ਦੀਕ। ਨਿਯਰਾਈ (ਹਿੰਦੀ) ਨਿਯਰ+ਆਈ-ਨਜ਼ਦੀਕ ਆਈ ਅਰਥਾਤ ਨਿਕਟਤਾ। ਨਿਯਰੇ : ਨਿਯਰ (ਨਜ਼ਦੀਕ)। ਨਿਯਰਾਨਾ : ਨੇੜੇ ਆਉਣਾ। ਸ਼੍ਰੀ ਉਦਯ ਚੰਦ ਜੈਨ ਪ੍ਰਾਕ੍ਰਿਤ ਹਿੰਦੀ ਸ਼ਬਦ ਕੋਸ਼ ਵਿਚ ਲਿਖਦੇ ਹਨ- ਣਿਅਡ: ਪਾਸ, ਸਮੀਪ। ਪ੍ਰਾਕ੍ਰਿਤ ਵਿਚ ‘ਨੰਨੇ’ ਵਾਸਤੇ ‘ਣਾਣਾ’ ਵਰਣ ਹੀ ਵਰਤੀਂਦਾ ਹੈ। ‘ੜ’ ਜਿਸ ਵਾਸਤੇ ਇਥੇ ‘ਡ’ ਆਇਆ ਹੈ, ਬਹੁਤ ਥਾਂਵਾਂ ਤੇ ‘ਰਾਰੇ’ ਵਿਚ ਬਦਲ ਜਾਂਦਾ ਹੈ, ਜਿਵੇਂ- ਕੌੜਾ ਅਤੇ ਕੌਰਾ, ਲੜਕਾ ਅਤੇ ਲਰਕਾ, ਗਉੜੀ ਅਤੇ ਗਵਰੀ ਆਦਿ। ਇਸ ਤਰ੍ਹਾਂ ਪ੍ਰਾਕ੍ਰਿਤ ‘ਣਿਅਡ’ ਅਸਲ ਵਿਚ ਨਿਯਰ ਤੋਂ ਬਿਲਕੁਲ ਹੀ ਭਿੰਨ ਨਹੀਂ ਹੈ। ਅਪਭ੍ਰੰਸ਼ ਹਿੰਦੀ ਸ਼ਬਦ ਕੋਸ਼ ਵਿਚ ਡਾ. ਨਰੇਸ਼ ਕੁਮਾਰ ‘ਨਿਅਰ’ ਸ਼ਬਦ ਦੀ ਵਰਤੋਂ ਕਰ ਕੇ ਇਸ ਦੇ ਅਰਥ ਸਮੀਪ, ਨਿਕਟ, ਨੇੜੇ ਆਦਿ ਦੱਸਦੇ ਹਨ। ਆਪ ਜੀ ਦੇ ਵਿਦਿਤ ਹੋਣ ਵਾਸਤੇ ਉਹ ‘ਕੀਰਤਿਲਤਾ’ ਗ੍ਰੰਥ ਦਾ ਪ੍ਰਮਾਣ ਵੀ ਪ੍ਰਸਤੁਤ ਕਰਦੇ ਹਨ- ਦੁਟ੍‍ਠ ਦੈਵ ਮਹੁ ਨਿਅਰ ਆਇਅ (ਕੀਰਤਿਲਤਾ 4. 222)। ਬਹੁਤੇ ਹੈਰਾਨ ਹੋਣ ਦੀ ਜ਼ਰੂਰਤ ਨਹੀਂ, ਵਿਦਵਾਨਾਂ ਦੀ ਮਾਨਤਾ ਹੈ ਕਿ ਸੰਸਕ੍ਰਿਤ ਅਤੇ ਅੰਗ਼ਰੇਜ਼ੀ ਦੀ ਸ਼ਬਦਾਵਲੀ ਵਿਚ 60 ਪ੍ਰਤੀਸ਼ਤ ਸ਼ਬਦਾਂ ਦੀ ਸਾਂਝ ਹੈ। ਇਸੇ ਕਾਰਨ ਸੰਸਕ੍ਰਿਤ ਨੂੰ ਭਾਰਤੀ-ਯੋਰਪੀਅਨ ਭਾਸ਼ਾ ਦਾ ਹੀ ਨਾਮ ਦਿੱਤਾ ਜਾਂਦਾ ਹੈ।


 ਤੁਹਾਡੀ ਅੰਗ਼ਰੇਜ਼ਾਂ ਵਾਲੀ ਥਿਊਰੀ ਬਹੁਤ ਕਮਜ਼ੋਰ ਹੈ। ਜਿਸ ਕੌਮ ਨੇ ਇਕ ਬਹਾਦਰ ਕੌਮ ਨੂੰ ਕਰੜੇ ਸਸ਼ਤ੍ਰ ਸੰਘਰਸ਼ ਵਿਚ ਬਹੁਤ ਵਲ-ਛਲ ਨਾਲ ਹਰਾਇਆ ਹੋਵੇ, ਉਹ ਹਾਰੀ ਹੋਈ ਬਹਾਦਰ ਕੌਮ ਨੂੰ ਕਮਜ਼ੋਰ ਕਰਨ ਵਾਸਤੇ ਉਸ ਅਗੇ ‘ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ’ ਅਤੇ ‘ਖਗ ਖੰਡ ਬਿਹੰਡੰ ਖਲ ਦਲ ਖੰਡੰ’ ਦਾ ਜਾਪ-ਮੰਤ੍ਰ ਅਧਿਆਤਮਕ ਥਾਲ ਵਿਚ ਪਰੋਸ ਕੇ ਰਖੇਗੀ ? ਜਿਹੜੀ ਜੇਤੂ ਕੌਮ ਹਾਰੀ ਹੋਈ ਕੌਮ ਨੂੰ ਹੋਰ ਬਲ-ਹੀਣ ਕਰਨ ਵਾਸਤੇ ‘ਸ਼ਸਤ੍ਰ ਨਾਮਮਾਲਾ’ ਵਰਗੀਆਂ ਬਾਣੀਆਂ ਦੀ ਸਿਰਜਨਾ ਕਰਵਾ ਕੇ ਉਸ ਨੂੰ ਸ਼ਸਤ੍ਰਾਂ ਨੂੰ ਆਪਣੇ ਗੁਰੂ-ਪੀਰ ਵਾਂਗ ਸਤਿਕਾਰ ਦੇਣ ਲਈ ਪ੍ਰੇਰਿਤ ਕਰੇ, ਉਹ ਤਾਂ ਕੋਈ ਮਹਾਂ-ਬੇਵਕੂਫ਼ ਕੌਮ ਹੋ ਸਕਦੀ ਹੈ ਅਤੇ ਜਿਨ੍ਹਾਂ ਅੰਗ਼ਰੇਜ਼ਾਂ ਨੇ ਦੁਨੀਆ ਤੇ ਰਾਜ ਕੀਤਾ ਹੋਵੇ, ਉਹ ਚੌਬੀਸ ਅਵਤਾਰਾਂ ਨੂੰ ਯੁਧ ਵਿਚ ਸੰਘਰਸ਼ ਕਰਦੇ ਵਿਖਾ ਕੇ ਆਪਣੇ ਕੱਟਰ ਵੈਰੀਆਂ ਨੂੰ ਕਹਿਣ ਕਿ ਅਸੀਂ ਤੁਹਾਡੇ ਵਿਚ ਧਰਮ ਯੁਧ ਦਾ ਚਾਅ ਪੈਦਾ ਕਰਨ ਲਈ ਇਹ ਬਾਣੀਆਂ ਰਚੀਆਂ ਹਨ, ਇਹ ਗੱਲ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦੀ। ਤੁਹਾਡਾ ਇਹ ਸਿਧਾਂਤ ਆਧਾਰਹੀਣ ਅਤੇ ਬਚਕਾਨਾ ਹੈ। ਵਾਸਤਵ ਵਿਚ ਜੇ ਸਿਖ ਆਪਣੇ ਰਾਜਸੀ ਨਿਸ਼ਾਨਿਆਂ ਨੂੰ ਪ੍ਰਗਟ ਨਾ ਕਰਦੇ, ਸ਼ਸਤਰਾਂ ਨੂੰ ਜੀਵਨ-ਜੁਗਤਿ ਦਾ ਅਭਿੰਨ ਅੰਗ ਨਾ ਬਣਾਉਂਦੇ ਅਤੇ ਰਣਜੀਤ ਨਗਾਰਿਆਂ ਉਤੇ ਚੋਟਾਂ ਲਾ ਕੇ ਆਪਣੀ ਸੁਤੰਤਰ ਰਾਜਸੀ ਹੋਂਦ ਦਾ ਐਲਾਨ ਨਾ ਕਰਦੇ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਸੰਤਾਂ ਦੀ ਜਮਾਤ ਬਣੇ ਰਹਿੰਦੇ, ਤਾਂ ਸਮੇਂ ਦੀ ਹੁਕੂਮਤ ਨਾਲ ਇਸ ਤਰ੍ਹਾਂ ਦੇ ਖੂੰਖਾਰ ਟਕਰਾਅ ਦੀ ਸੰਭਾਵਨਾ ਘਟ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਉਤੇ ਪਹਾੜੀ ਰਾਜਿਆਂ ਨੂੰ ਕੀ ਇਤਰਾਜ਼ ਸੀ ? ਉਨ੍ਹਾਂ ਨੂੰ ਇਤਰਾਜ਼ ਸੀ ਤਾਂ ਸਿਖਾਂ ਦੇ ਹਥ ਵਿਚ ਪਕੜੀ ਉਸ ਚੰਡੀ ਉਤੇ, ਜਿਸ ਦੀ ਦ੍ਰਿੜ੍ਹ ਪਕੜ ਨੂੰ ਸਥਾਈ ਕਰਨ ਵਾਸਤੇ ਉਹ ਰੋਜ਼ ਦਸਮ ਗੁਰੂ ਦੀਆਂ ਬਾਣੀਆਂ ਦਾ ਪਾਠ ਕਰਦੇ ਸਨ। ਸੋ ਅਜਿਹੀਆਂ ਬਾਣੀਆਂ ਦੀ ਸਿਰਜਨਾ ਉਨ੍ਹਾਂ ਦਾ ਵੈਰੀ ਕਰੇ, ਇਹ ਸੰਭਵ ਨਹੀਂ ਹੋ ਸਕਦਾ।


 ਰਹੀ ਗੱਲ ਗੁਰੂ ਗ੍ਰੰਥ ਸਾਹਿਬ ਵਿਚ ਸਮਾਧੀਆਂ ਦੀ ਵਿਆਪਕ ਆਲੋਚਨਾ ਦੀ। ਇਸ ਸੰਬੰਧੀ ਦੋ ਮੱਤ ਨਹੀਂ ਹੋ ਸਕਦੇ ਕਿ ਜੋਗੀਆਂ, ਨਾਥਾਂ, ਝੂਠੇ ਅਤੇ ਪਾਖੰਡੀ ਸਾਧੂਆਂ ਦੀਆਂ ਝੂਠੀਆਂ ਸਮਾਧੀਆਂ ਦਾ ਗੁਰੂ ਗ੍ਰੰਥ ਸਾਹਿਬ ਵਿਚ ਪ੍ਰਬਲ ਨਿਖੇਧ ਕੀਤਾ ਗਿਆ ਹੈ। ਤੁਸਾਂ ਜੋ ਸਮਾਧੀਆਂ ਸੰਬੰਧੀ ਤੁਕਾਂ ਪ੍ਰਸਤੁਤ ਕੀਤੀਆਂ ਹਨ, ਉਹ ਤੁਹਾਡੇ ਵਿਸ਼ੇ ਸੰਬੰਧੀ ਅਭਿਜ ਹੋਣ ਦਾ ਪਰਿਚੈ ਦਿੰਦੀਆਂ ਹਨ। ਤੁਹਾਡੇ ਵਲੋਂ ਪ੍ਰਸਤੁਤ ਤੁਕਾਂ ਇਹ ਹਨ-


ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥…..ਪੰਨਾ 1

ਸਭਿ ਗੁਣ ਤੇਰੇ ਮੈ ਨਾਹੀ ਕੋਇ ॥

 ਵਿਣੁ ਗੁਣ ਕੀਤੇ ਭਗਤਿ ਨ ਹੋਇ ॥…ਪੰਨਾ 4

ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥…ਪੰਨਾ 768


 ਜੇ ਇਸ ਵਿਸ਼ੇ ਸੰਬੰਧੀ ਮੈਂ ਕੁਝ ਕਹਿਣਾ ਹੁੰਦਾ, ਤਾਂ ਮੈਂ ਨਿਸ਼ਚਿਤ ਤੌਰ ਤੇ ਵਿਸ਼ੇ ਨਾਲ ਸੰਬੰਧਿਤ ਅਨੇਕਾਂ ਪੰਕਤੀਆਂ ਤੁਹਾਡੇ ਸਨਮੁਖ ਰਖ ਦੇਂਦਾ। ਤੁਹਾਡੀ ਚੋਣ ਕੋਈ ਬਹੁਤ ਪੁਸ਼ਟ ਨਹੀਂ। ਉਂਞ ਜੇ ਸਮਾਧੀਆਂ ਦਾ ਨਿਖੇਧ ਵੇਖਣਾ ਹੋਵੇ, ਤਾਂ ਮੇਰੀ ਸਲਾਹ ਹੈ ਕਿ ਇਸ ਵਿਸ਼ੇ ਸੰਬੰਧੀ ਜ਼ਰਾ ਦਸਮ ਗ੍ਰੰਥ ਦੀ ਸ਼ਰਨ ਵਿਚ ਆ ਜਾਓ। ਵੇਖੋ ਗੁਰੂ ਜੀ ਨੇ ਕਿਤਨੀ ਦ੍ਰਿੜ੍ਹਤਾ ਨਾਲ ਦੰਭੀਆਂ ਦੀਆਂ ਪਾਖੰਡ-ਸਮਾਧੀਆਂ ਦੀ ਨਿਖੇਧੀ ਕੀਤੀ ਹੈ-


ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ

ਗਿਦੂਆ ਮਸਾਨ ਬਾਸ ਕਰਿਓ ਈ ਕਰਤ ਹੈਂ।

ਘੁਘੂ ਮਟ ਬਾਸੀ ਲਗੇ ਡੋਲਤ ਉਦਾਸੀ

ਮ੍ਰਿਗ ਤਰਵਰ ਸਦੀਵ ਮੋਨ ਸਾਧੇ ਈ ਮਰਤ ਹੈਂ।

ਬਿੰਦ ਕੇ ਸਧੱਯਾ ਤਾਹਿ ਹੀਜ ਕੀ ਬਡੱਯਾ ਦੇਤ

ਬੰਦਰਾ ਸਦੀਵ ਪਾਇ ਨਾਗੇ ਹੀ ਫਿਰਤ ਹੈਂ।

ਅੰਗਨਾ ਅਧੀਨ ਕਾਮ ਕ੍ਰੋਧ ਮੈ ਪ੍ਰਬੀਨ ਏਕ

ਗਿਆਨ ਕੇ ਬਿਹੀਨ ਛੀਨ ਕੈਸੇ ਕੈ ਤਰਤ ਹੈਂ।1 ॥ 71 ॥


 ਹੋਰ ਅਨੇਕਾਂ ਪਰਮ-ਕਲਿਆਣਕਾਰੀ ਗੁਰ-ਬਚਨਾਂ ਤੋਂ ਕੇਵਲ ਮਨ ਦੇ ਹਠ ਕਾਰਨ ਬੇਮੁਖ ਹੋਣਾ ਅਲਾਭਕਾਰੀ ਹੈ। ਜਿਨ੍ਹਾਂ ਸਮਾਧੀਆਂ ਦਾ ਨਿਖੇਧ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਦਸਮ ਗ੍ਰੰਥ ਦੀ ਬਾਣੀ ਵਿਚ ਕੀਤਾ ਗਿਆ ਹੈ, ਉਹ ਉਪਰ ਵਰਣਿਤ ਪ੍ਰਕਾਰ ਦੀਆਂ ਸਮਾਧੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿਚ ਇਕ ਸੁਭਾਵਿਕ ਸਮਾਧੀ ਦੀ ਚਰਚਾ ਵੀ ਹੈ, ਜਿਸ ਨੂੰ ‘ਸਹਿਜ ਸਮਾਧੀ’ ਦਾ ਨਾਮ ਦਿੱਤਾ ਗਿਆ ਹੈ। ਇਸ ਦੀ ਨਿੰਦਾ ਨਹੀਂ ਕੀਤੀ, ਇਸ ਦੀ ਪ੍ਰਾਪਤੀ ਉਤੇ ਬਲ ਦਿੱਤਾ ਗਿਆ ਹੈ, ਯਥਾ-


ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥

ਸਹਜੇ ਹੀ ਗੁਣ ਊਚਰੈ ਭਗਤਿ ਕਰੇ ਲਿਵ ਲਾਇ ॥

ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥ 3 ॥

                                              (ਗੁਰੂ ਗ੍ਰੰਥ ਸਾਹਿਬ, ਪੰਨਾ 68)

ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥

                                      (ਗੁਰੂ ਗ੍ਰੰਥ ਸਾਹਿਬ, ਪੰਨਾ 122)

ਸੋ ਅਉਧੂਤੁ ਐਸੀ ਮਤਿ ਪਾਵੈ ॥ ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥ 1 ॥ ਰਹਾਉ ॥

                                                     (ਗੁਰੂ ਗ੍ਰੰਥ ਸਾਹਿਬ, ਪੰਨਾ 877)
                      


 ਅਜਿਹੀ ਸਮਾਧੀ-ਪ੍ਰਾਪਤ ਵਿਅਕਤੀ ਨੂੰ ਜੀਵਨ ਵਿਚ ਕ੍ਰਿਆਸ਼ੀਲ ਰਖਣ ਲਈ ਦਸਮ ਗ੍ਰੰਥ ਦੀ ਬਾਣੀ ਪਰਮ-ਸਹਾਇਕ ਹੈ। ਰਹੇ ਤੁਹਾਡੇ ਇਸ ਸੰਬੰਧੀ ਹੋਰ ਤਰਕ ਮੇਰਾ ਪਹਿਲਾ ਲੇਖ ਧਿਆਨ ਪੂਰਵਕ ਪੜ੍ਹ ਲੈਣਾ, ਜਵਾਬ ਜ਼ਰੂਰ ਮਿਲ ਜਾਵੇਗਾ।


 ਪਿਆਰੇ ਡਾ. ਗੁਰਮੀਤ ਸਿੰਘ ਜੀ ! ਤੁਸਾਂ ਲਿਖਿਆ ਹੈ- ਇਸ ਅਖੌਤੀ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ?’ ਨੂੰ ਮੰਨਣਵਾਲਾ ਵੀ ਕਦੇ ਸਿੱਖ ਨਹੀਂ ਹੋ ਸਕਦਾ। ਵੇਖੋ ਮੈਂ ਕਦੇ ਸ੍ਰੀ ਦਸਮ ਗ੍ਰੰਥ ਨਾਲ ਗੁਰੂ ਸ਼ਬਦ ਨਹੀਂ ਸੰਬੰਧਿਤ ਕੀਤਾ, ਜੇ ਮੈਂ ਅਜਿਹਾ ਕਦੇ ਕੀਤਾ ਹੋਵੇ, ਤਾਂ ਮੇਰੀ ਕ੍ਰਿਤੀ ਪ੍ਰਸਤੁਤ ਕਰੋ। ਜੇ ਮੈਂ ਕਦੇ ਵੀ ਦਸ ਗੁਰੂ ਸਾਹਿਬਾਨ ਅਤੇ ਗੁਰੂ ਗ੍ਰੰਥ ਸਾਹਿਬ ਤੋਂ ਸਿਵਾ ਕਿਸੇ ਹਸਤੀ ਜਾਂ ਗ੍ਰੰਥ ਨੂੰ ਗੁਰੂ ਲਿਖਿਆ ਅਤੇ ਮੰਨਿਆ ਹੋਵੇ, ਤਾਂ ਮੈਂ ਦਸਮ ਗ੍ਰੰਥ ਦੇ ਵਿਰੋਧੀਆਂ ਤੋਂ ਹਥ ਜੋੜ ਕੇ ਮੁਆਫ਼ੀ ਮੰਗਾਂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਭਾਵੇਂ ਮੈਂ ਗੁਰੂ ਜੀ ਦੇ ਇਸ ਗ੍ਰੰਥ ਨੂੰ ਗੁਰੂ ਨਹੀਂ ਮੰਨਦਾ, ਫਿਰ ਵੀ ਇਸ ਦਾ ਸਤਿਕਾਰ ਕਰਦਾ ਹਾਂ, ਕਿਉਂਕਿ ਮੈਂ ਆਪਣੇ ਗੁਰੂ ਦਾ ਸਤਿਕਾਰ ਕਰਦਾ ਹਾਂ, ਪਰ ਤੁਸਾਂ ਆਪਣੇ ਵਲੋਂ ਇਸ ਗ੍ਰੰਥ ਨੂੰ ਗੁਰੂ ਲਿਖਿਆ ਹੈ, ਫਿਰ ਇਸ ਨੂੰ ਗੰਦ ਦਾ ਟੋਕਰਾ ਵੀ ਲਿਖਿਆ ਹੈ। ਕੀ ਤੁਸੀਂ ਆਪਣੇ ਗੁਰੂ ਨੂੰ ਇਤਨੀਆਂ ਭੱਦੀਆਂ ਗਾਹਲਾਂ ਦੇ ਕੇ ਚੰਗੇ ਅਤੇ ਸੱਚੇ ਸਿਖ ਹੋਣ ਦਾ ਦਾਅਵਾ ਕਰ ਸਕਦੇ ਹੋ ?


 ਮੈਂ ਆਪਣੇ ਲੇਖ ਵਿਚ ਲਿਖਿਆ ਸੀ ਕਿ “ਮੈਂ ਗੁਰੂ ਦਾ ਸਿਖ ਜਨਮਿਆ ਹਾਂ ਅਤੇ ਗੁਰੂ ਦਾ ਸਿਖ ਹੀ ਮਰਨ ਦਾ ਅਭਿਲਾਸ਼ੀ ਹਾਂ। ਗੁਰੂ ਕਲ੍ਹ ਨੂੰ ਕੀ ਕਰੇਗਾ ? ਮੈਂ ਨਹੀਂ ਜਾਣ ਸਕਦਾ”। ਤੁਸਾਂ ਮੈਨੂੰ ਸਮਝਾਉਂਦਿਆਂ ਲਿਖਿਆ ਹੈ “ਤੁਹਾਡੀ ਇਹ ਮਨੌਤ ਦੱਸਦੀ ਹੈ ਕਿ ਤੁਸੀਂ ਸਿੱਖੀ ਸਿਧਾਂਤ ਤੋਂ ਨਾਵਾਕਿਫ ਹੋ। ਕੋਈ ਬੱਚਾ ਗੁਰੂ ਦਾ ਸਿੱਖ ਨਹੀਂ ਜੰਮਦਾ। ਜੰਮਣ ਕਰਕੇ ਜਾਂ ਸਿੱਖਾਂ ਦੇ ਘਰ ਪੈਦਾ ਹੋਣ ਨਾਲ ਕੋਈ ਵੀ ਸਿੱਖ ਨਹੀਂ ਬਣ ਜਾਂਦਾ। ਗੁਰੂ ਨਾਨਕ ਸਾਹਿਬ ਦੇ ਘਰ ਸ੍ਰੀ. ਚੰਦ  ਪੈਦਾ ਹੋਇਆ ਪਰ ਸਿੱਖ ਉਹ ਫੇਰ ਵੀ ਨਹੀਂ ਬਣਿਆ। ਅੱਜ ਸਿੱਖਾਂ ਦੇ ਘਰ ਨਵੇਂ ਜੰਮੇ ਬੱਚੇ ਨੂੰ ਜੇ ਕਰ ਕਿਸੇ ਮੁਸਲਮਾਨ ਤੇ ਉਨ੍ਹਾਂ ਦੇ ਬੱਚੇ ਨੂੰ ਕਿਸੇ ਹਿੰਦੂ ਦੇ ਬੱਚੇ ਨਾਲ ਜਾਣੇ-ਅਣਜਾਣੇ ‘ਚ ਜੇ ਵਟਾ ਦਿੱਤਾ ਜਾਵੇ ਤਾਂ ਇਹ ਬੱਚੇ ਓਹੀ ਕੁੱਝ ਬਣਨਗੇ ਜੋ ਉਨ੍ਹਾਂ ਦੇ ਮਾਂ ਬਾਪ ਸਿਖਾਉਣਗੇ। ਸੋ ਨਤੀਜਾ ਇਹ ਨਿਕਲਿਆ ਕਿ ਬੱਚਾ ਓਹੀ ਬਣਦਾ ਹੈ ਜਿਸ ਤਰ੍ਹਾਂ ਦੀ ਸਿਖਿਆ ਉਸ ਨੂੰ ਦਿੱਤੀ ਜਾਂਦੀ ਹੈ। ਸਿਖਿਆ ਕਰ ਕੇ ਹੀ ਬੱਚਾ ਵੱਡਾ ਹੋ ਕਿ ਸਿੱਖ, ਹਿੰਦੂ ਜਾਂ ਮੁਸਲਮਾਨ ਬਣਦਾ ਹੈ। ਤੁਹਾਡੀ ਉਪਰਲੀ ਮਨੌਤ ਨੇ ਸਿੱਖੀ ਖਤਮ ਕਰ ਦਿੱਤੀ ਤੇ ਇਹੀ ਸਰਕਾਰੀ ਪਾਲਿਸੀ ਹੈ ਸਿੱਖੀ ਨੂੰ ਖਤਮ ਕਰਨ ਦੀ। ਹੁਣ ਤੁਸੀਂ ਸੋਚੋ,  ਕੀ ਤੁਸੀਂ ਸਰਕਾਰੀਏ ਹੋ ਜਾਂ ਗੁਰੂ ਨਾਨਕ ਸਾਹਿਬ ਦੇ ਸਿੱਖ ?” ਮੇਰੀ ਮਨੌਤ ਹੈ ਕਿ ਤੁਹਾਡਾ ਅਲਪ ਵਿਵੇਕ ਤੁਹਾਨੂੰ ਹਰ ਜਗਹ ਤੇ ਧੋਖਾ ਦੇ ਜਾਂਦਾ ਹੈ। ਬੱਚਾ ਮਾਂ ਦੇ ਰਕਤ-ਬਿੰਦ ਤੋਂ ਨਿਰਮਿਤ ਹੁੰਦਾ ਹੈ। ਜੇ ਮਾਤਾ-ਪਿਤਾ ਗੁਰਸਿਖ ਹੋਣ ਤਾਂ ਉਸ ਦੀ ਕਾਇਆ ਦਾ ਨਿਰਮਾਣ ਸਿਖ ਜੋੜੇ ਦੇ ਰਕਤ-ਬਿੰਦ ਤੋਂ ਹੁੰਦਾ ਹੈ। ਇਸੇ ਕਾਰਨ ਅਸੀਂ ਕਹਿ ਲੈਂਦੇ ਹਾਂ ਕਿ ਅਮਕਾ ਵਿਅਕਤੀ ਜਨਮ ਤੋਂ ਤਾਂ ਇਸ ਧਰਮ ਨਾਲ ਸੰਬੰਧਿਤ ਸੀ, ਪਰ ਮਗਰੋਂ ਹੋਰ ਪਾਸੇ ਚਲਾ ਗਿਆ। ਗੁਰਸਿਖ ਪਰਿਵਾਰ ਵਿਚ ਜਨਮੇ ਬੱਚੇ ਨੂੰ ਜੇ ਮਾਤਾ-ਪਿਤਾ ਤੋਂ ਸਿਖੀ ਵਾਤਾਵਰਣ ਮਿਲੇ ਅਤੇ ਉਹ ਪੂਰਾ ਜੀਵਨ ਸਿਖ ਧਰਮ ਦੇ ਅਸੂਲਾਂ ਨੂੰ ਮੰਨਦਾ ਰਹੇ, ਤਾਂ ਉਸ ਬਾਰੇ ਕਿਹਾ ਜਾਵੇਗਾ ਕਿ ਉਹ ਜਨਮਿਆ ਵੀ ਸਿਖ ਅਤੇ ਮਰਿਆ ਵੀ ਸਿਖ। ‘ਅਜੈ ਸੁ ਨਾਉ ਸਮੁਦ੍ਰ ਮਹਿ’ ਹੋਣ ਕਰ ਕੇ ਮੈਂ ਇਹ ਨਹੀਂ ਡੀਂਗ ਮਾਰੀ ਕਿ ਮੈਂ ਮਰਾਂਗਾ ਵੀ ਸਿਖ, ਸਿਰਫ਼ ਅਭਿਲਾਸ਼ਾ ਦੱਸੀ ਹੈ। ਤੁਸੀਂ ਬਾਬਾ ਸ੍ਰੀ ਚੰਦ ਜਿਨ੍ਹਾਂ ਦਾ ਨਾਮ ਤੁਹਾਨੂੰ ਠੀਕ ਨਹੀਂ ਲਿਖਣਾ ਆਇਆ, ਕਿਉਂਕਿ ਤੁਸਾਂ ਅਧੂਰੇ ਸ਼ਬਦ (ਜਿਵੇਂ ਡਾਕਟਰ ਲਈ ਡਾ.) ਵਾਂਗ  ਇਸ ਅੱਗੇ ਦੋਟ ਲਗਾ ਦਿੱਤਾ ਹੈ, ਉਂਞ ਭਲੇਮਾਣਸੋ ਇਹ ਪੂਰਾ ਸ਼ਬਦ ਹੈ, ਦੀ ਮਿਸਾਲ ਦੇ ਕੇ ਆਪਣੇ ਮੱਤ ਨੂੰ ਮੇਰੀ ਬੁਧੀ ਉਤੇ ਠੋਸਣ ਦਾ ਯਤਨ ਕੀਤਾ ਹੈ। ਬਾਬਾ ਸ੍ਰੀ ਚੰਦ ਜੇ ਪੂਰਾ ਜੀਵਨ ਸਿਖੀ ਮਾਰਗ ਉਤੇ ਚੱਲਦੇ, ਤਾਂ ਉਹ ਜ਼ਰੂਰ ਜਨਮ ਤੋਂ ਮ੍ਰਿਤੂ ਤਕ ਸਿਖ ਕਹੇ ਜਾਂਦੇ। ਹੁਣ ਤੁਸੀਂ ਕਹਿੰਦੇ ਹੋ ਕਿ ਸਾਡੇ ਦੇਸ਼ ਦੀ ਸਰਕਾਰ ਦੀ ਇਹ ਪਾਲਿਸੀ ਹੈ ਕਿ ਲੋਕ ਜਨਮ ਤੋਂ ਹੀ ਸਿਖ ਹੋਣ ਅਤੇ ਪੂਰਾ ਜੀਵਨ ਸਿਖ ਰਹਿਣ। ਸਾਨੂੰ ਤਾਂ ਅਜੇ ਤਕ ਇਹ ਪਤਾ ਨਹੀਂ ਸੀ। ਅਸੀਂ ਤਾਂ ਇਥੇ ਉਲਟ ਹੀ ਸੋਚਦੇ ਸੀ। ਸ਼ਾਇਦ ਸਰਦਾਰ ਮਨਮੋਹਨ ਸਿੰਘ ਦੇ ਪ੍ਰਧਾਨ ਮੰਤ੍ਰੀ ਬਣਨ ਨਾਲ ਸਰਕਾਰ ਦੀਆਂ ਨੀਤੀਆਂ ਵਿਚ ਅਜਿਹਾ ਕੋਈ ਕ੍ਰਾਂਤੀਕਾਰੀ ਪਰਿਵਰਤਨ ਆ ਗਿਆ ਹੋਵੇ। ਜੇ ਸਰਕਾਰ ਦੀ ਇਹ ਨੀਤੀ ਹੈ, ਤਾਂ ਮੈਂ ਅਜਿਹੀ ਸਰਕਾਰ ਤੋਂ ਸਦਕੇ ਜਾਂਦਾ ਹਾਂ। ਅਜਿਹੀ ਸਰਕਾਰ ਦਾ ਏਜੈਂਟ ਬਣਨ ਵਿਚ ਵੀ ਮੈਂ ਮਾਣ ਮਹਿਸੂਸ ਕਰਾਂਗਾ। ਪਰ ਮੇਰੇ ਪਿਛਲੇ ਲੇਖ ਦੇ ਚੈਲੇਂਜ ਦਾ ਜਵਾਬ ਤੁਸਾਂ ਨਹੀਂ ਦਿੱਤਾ। ਤੁਸੀਂ ਤਾਂ ਜਵਾਬ ਦੇਣ ਵਿਚ ਬਹੁਤ ਪ੍ਰਵੀਨ ਹੋ ਅਤੇ ਸਾਡੇ ਜਵਾਬ ਦੇਣ ਦੇ ਬਾਵਜੂਦ ਕਹਿੰਦੇ ਹੋ ਕਿ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ ਗਿਆ। ਤੁਹਾਡੀ ਹਠਧਰਮੀ ਦੀ ਉਦਾਹਰਣ ਦੇ ਦੇਂਦਾ ਹਾਂ। ਮੇਰੇ ਲੇਖ ਵਿਚ ਲਿਖਿਆ ਹੈ “ਤੁਸਾਂ ਮੈਨੂੰ ਇਹ ਪੁਛਿਆ ਹੈ ਕਿ ਮੈਂ ਇਹ ਕਿਸ ਆਧਾਰ ਤੇ ਕਹਿ ਰਿਹਾ ਹਾਂ ਕਿ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕ੍ਰਮ ਵਿਚ ਪਰਿਵਰਤਨ ਕੀਤਾ ਸੀ ਅਤੇ ਦੋਹਾਂ ਗ੍ਰੰਥਾਂ ਦੀ ਬਾਣੀ ਇਕੱਠੀ ਕੀਤੀ ਸੀ ?  ਪਹਿਲੀ ਗੱਲ ਤਾਂ ਇਹ ਗ੍ਰੰਥ ਮੌਜੂਦ ਰਿਹਾ ਹੈ। ਦੂਜੀ ਗੱਲ ਇਹ ਤੱਥ ਪਰੰਪਰਾਗਤ ਸਿਖ ਇਤਿਹਾਸ ਵਿਚ ਚਲਦਾ ਆਇਆ ਹੈ। ਤੀਜਾ ਤੱਥ ਇਹ ਕਿ ਇਸ ਦੀ ਪੁਸ਼ਟੀ ਭਾਈ ਕੇਸਰ ਸਿੰਘ ਕ੍ਰਿਤ ਬੰਸਾਵਲੀਨਾਮੇ ਵਿਚੋਂ ਹੋ ਜਾਂਦੀ ਹੈ।” ਤੁਸੀਂ ਫਿਰ ਕਹਿ ਰਹੇ ਹੋ ਕਿ ਤੁਸਾਂ ਸਾਡੀ ਗੱਲ ਦਾ ਜਵਾਬ ਨਹੀਂ ਦਿੱਤਾ। ਹੁਣ ਪਾਠਕਾਂ ਨੂੰ ਦੱਸੋ ਕਿ ਝੂਠ ਤੁਸੀਂ ਬੋਲਦੇ ਹੋ ਜਾਂ ਮੈਂ। ਮੈਂ ਲਿਖਿਆ ਸੀ ਕਿ “ਚਲੋ ਇਹੋ ਚੈਲੈਂਜ ਕਬੂਲ ਕਰ ਲਓ ਕਿ ਜੇ ਤੁਸੀਂ ਸਾਰੇ ਮੈਨੂੰ ਸਰਕਾਰੀ ਏਜੈਂਟ ਸਾਬਤ ਕਰ ਦਿਓ, ਤਾਂ ਮੈਂ ਤੁਹਾਡਾ ਪੱਖ ਮੰਨ ਲਵਾਂਗਾ, ਨਹੀਂ ਤਾਂ ਤੁਸੀਂ ਝੂਠੀ ਨਿੰਦਿਆ ਤਿਆਗ ਕੇ ਦਸਮ ਗ੍ਰੰਥ ਵਿਰੁਧ ਊਲ-ਜਲੂਲ ਬੋਲਣਾ ਬੰਦ ਕਰ ਦਿਓ। ਮੈਂ ਤੁਹਾਡੀ ਪ੍ਰਤੀਕ੍ਰਿਆ ਦਾ ਇੰਤਜ਼ਾਰ ਕਰਾਂਗਾ। ਜੇ ਚੁਪ ਰਹੋਗੇ ਤਾਂ ਤੁਹਾਡੀ ਕਾਇਰਤਾ ਜੱਗ-ਜ਼ਾਹਿਰ ਕਰਨ ਤੋਂ ਪਿਛੇ ਨਹੀਂ ਹਟਾਂਗਾ।” ਹੁਣ ਪਾਠਕਾਂ ਨੂੰ ਉਤਰ ਦਿਓ ਕਿ ਹੁਣ ਵਾਲੇ ਲੇਖ ਵਿਚ ਤੁਸਾਂ ਮੇਰੇ ਚੈਲੇਂਜ ਦਾ ਜਵਾਬ ਕਿਉਂ ਨਹੀਂ ਦਿੱਤਾ ? ਮੈਂ ਤੁਹਾਨੂੰ ਦਸਮ ਗ੍ਰੰਥ ਦੇ ਸਮਰਥਕਾਂ ਨਾਲ ਆਮ ਸੰਗਤ ਦੇ ਸਾਹਮਣੇ ਚਰਚਾ ਕਰਨ ਦੀ ਪੇਸ਼ਕਸ਼ ਕੀਤੀ ਹੈ, ਤੁਸੀਂ ਇਸ ਪੇਸ਼ਕਸ਼ ਨੂੰ ਪ੍ਰਵਾਨ ਕਿਉਂ ਨਹੀਂ ਕੀਤਾ ?


ਸਿਖੀ ਵਿਚ ਤੁਹਾਡੇ ਵਿਸ਼ਵਾਸ ਦਾ ਇਥੋਂ ਹੀ ਪਤਾ ਲਗ ਜਾਂਦਾ ਹੈ ਕਿ ਤੁਸਾਂ “ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥ 5 ॥” (ਪੰਨਾ 923) ਦਾ ਪ੍ਰਮਾਣ ਦੇ ਕੇ ਲਿਖਿਆ ਹੈ “ਗੁਰੂ ਸਾਹਿਬਾਨ ਨੇ ਗੋਤਰ ਨਾਮ ਦੇ ਪਿਛੇ ਆਪ ਵਰਤਿਆ ਹੈ। ਕੀ ਤੁਸੀਂ ਗੁਰੂ ਸਾਹਿਬ ਨੂੰ ਸਿੱਖ ਮੰਨਦੇ ਹੋ ? ਗੋਤਰ ਨਾਮ ਪਿਛੇ ਲਾਉਣ ਨਾਲ ਆਦਮੀ ਦੇ ਵੱਡੇ ਜਾਂ ਛੋਟੇ ਹੋਣ ਦੀ ਪਹਿਚਾਣ ਨਹੀਂ ਬਣਦੀ। ਨਾਮ ਨਾਲ ਨਾਈ, ਛੀਂਬਾ, ਝਿਉਰ, ਜੱਟ, ਚੂਹੜੇ, ਚਮਿਆਰ ਆਦਿ ਵਰਤਣਾ ਸਿੱਖੀ ਮੁਤਾਬਿਕ ਮਨ੍ਹਾ ਹੈ।” ਤੁਸਾਂ ਮੈਨੂੰ ਸਵਾਲ ਕੀਤਾ ਹੈ ਕਿ ਕੀ “ਤੁਸੀਂ ਗੁਰੂ ਸਾਹਿਬ ਨੂੰ ਸਿੱਖ ਮੰਨਦੇ ਹੋ ?” ਮੇਰਾ ਜਵਾਬ ਹੈ ਬਿਲਕੁਲ ਨਹੀਂ। ਮੈਂ ਤਾਂ ਗੁਰੂ ਨੂੰ ਗੁਰੂ ਮੰਨਦਾ ਹਾਂ ਅਤੇ ਕਦੇ ਉਨ੍ਹਾਂ ਦੀ ਰੀਸ ਨਹੀਂ ਕਰਦਾ। ਮੇਰਾ ਉਸ ਸਿਖੀ ਵਿਚ ਨਿਸ਼ਚਾ ਹੈ, ਜੋ  1699 ਦੀ ਵੈਸਾਖੀ ਵਾਲੇ ਦਿਨ ਸੰਪਾਦਿਤ ਹੋਈ ਸੀ। ਉਸ ਸਮੇਂ ਦਸਵੇਂ ਗੁਰੂ ਜੀ  ਨੇ ਸਿਖਾਂ ਦੀ ਕੁਲ ਨਾਸ਼ ਕੀਤੀ ਸੀ, ਫਿਰ ਮੈੰ ਕਿਹੜਾ ਗੋਤਰ ਆਪਣੇ ਨਾਮ ਨਾਲ ਲਿਖਾਂ ? ਆਪਣੇ ਗੋਤਰ ਲਿਖਣ ਨੂੰ ਉਚਿਤ ਠਹਿਰਾਉਣ ਵਾਸਤੇ ਗੁਰਬਾਣੀ ਦੇ ਪ੍ਰਮਾਣ ਤੁਹਾਨੂੰ ਸੁਝ ਗਏ ਹਨ, ਜਦੋਂ ਕਿ ਬਿਚਿਤ੍ਰ ਨਾਟਕ ਵਿਚੋਂ ਤੁਹਾਨੂੰ ਬੇਦੀਆਂ-ਸੋਢੀਆਂ ਦਾ ਆਉਣਾ ਬਹੁਤ ਚੁਭਦਾ ਹੈ। ਉਸ ਵੇਲੇ ਇਸ ਬਾਣੀ ਨੂੰ ਬ੍ਰਾਹਮਣ ਦੀ ਵਰਣ-ਵੰਡ ਤੋਂ ਪ੍ਰਭਾਵਿਤ ਦਸਦੇ ਹੋ। ਹੇ ਸਜਣੋ ! ਤੁਸੀਂ ਸਰਬ-ਭਾਂਤ ਆਪਣੇ ਗੁਰੂ ਤੋਂ ਸਿਆਣੇ ਹੋ। ਗੁਰੂ ਗੋਬਿੰਦ ਸਿੰਘ ਜੀ ਤੋਂ ਇਹੋ ਭੁਲ ਹੋਈ ਕਿ ਬਾਣੀ ਰਚਨਾ ਕਰਨ ਸਮੇਂ ਉਨ੍ਹਾਂ ਤੁਹਾਡੀ ਵਿਸ਼ੇਸ਼ੱਗ ਸਲਾਹ ਕਿਉਂ ਨਹੀਂ ਲਈ ? ਤੁਸਾਂ ਕੁਝ ਵਿਅਕਤੀਆਂ ਦੀ ਉਦਾਹਰਣ ਦੇ ਕੇ ਮੈਨੂੰ ਪੁਛਿਆ ਹੈ ਕਿ ਇਹ ਵਿਅਕਤੀ ਆਪਣੇ ਨਾਵਾਂ ਨਾਲ ਪੂਛਾਂ ਕਿਉਂ ਲਾਈ ਫਿਰਦੇ ਹਨ ? ਪਿਆਰੇ ਵੀਰ ! ਪੂਛਾਂ ਉਹ ਲਾਉਣ ਤੇ ਪੁਛ ਮੈਨੂੰ ਰਹੇ ਹੋ। ਇਹ ਸਵਾਲ ਉਨ੍ਹਾਂ ਨੂੰ ਕਰੋ, ਮੈਂ ਇਸ ਲਈ ਕਿਵੇਂ ਜ਼ਿਮੇਵਾਰ ਹੋ ਗਿਆ ? ਮੇਰੇ ਨਾਮ ਨਾਲ ਤਾਂ ਕੇਵਲ ਗੁਰੂ ਜੀ ਦੀ ਲਗਾਈ ਹੋਈ ‘ਸਿੰਘ’ ਰੂਪ ਪੂਛ ਹੈ, ਹੋਰ ਕੋਈ ਸੰਧੂ, ਬਰਾੜ, ਗਿੱਲ, ਕੋਹਲੀ ਆਦਿ ਕੁਝ ਨਹੀਂ ਲਗਿਆ।


 ਤੁਸੀਂ ਇਹ ਕਹਿੰਦੇ ਹੋ ਕਿ ਪੰਥ ਕਦੇ ਵੀ ਇਕਜੁਟ ਨਹੀਂ ਰਿਹਾ। ਤੁਸੀਂ ਕਿਉਂਕਿ ਪੰਥ ਨੂੰ ਇਕਜੁਟ ਨਹੀਂ ਰਹਿਣ ਦੇਣਾ, ਇਸ ਲਈ ਤੁਸੀਂ ਆਪਣੀ ਮਨਸ਼ਾ ਛਿਪਾਉਣ ਵਿਚ ਅਸਫਲ ਰਹੇ ਹੋ। ਮੇਰਾ ਪੰਥ ਤਾਂ ਹਮੇਸ਼ਾ ਇਕਜੁਟ, ਇਕਰੂਪ ਹੈ। ਮਾੜੇ-ਮੋਟੇ ਵਕਤੀ ਵਿਵਾਦਾਂ ਦੇ ਬਾਵਜੂਦ ਪੰਥ ਇਕੋ ਹੈ। ਜੋ ਪੰਥ ਵਿਚ ਆਪਣੀ ਹਉਮੈ ਨੂੰ ਜ਼ਜ਼ਬ ਨਹੀਂ ਕਰ ਸਕਦਾ, ਉਹ ‘ਕਾਲੇ ਰੌਲੇ’ (ਕਾਲੇ ਅਫਗਾਨੇ) ਵਾਂਗ ਪੰਥ ਤੋਂ ਵਖ ਕਰ ਦਿੱਤਾ ਜਾਂਦਾ ਹੈ, ਪਰ ਇਸ ਨਾਲ ਪੰਥ ਦੋ ਨਹੀਂ ਹੋ ਜਾਂਦੇ। ਤੁਹਾਡੀ ਇਸ ਮਨੌਤ ਦਾ ਭਾਵ ਹੈ, ਕਿ “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ” ਦੇ ਕਲਿਆਣਕਾਰੀ ਮਾਰਗ ਵਿਚ ਤੁਹਾਡਾ ਨਿਹਚਾ ਨਹੀਂ। ਪੰਥ ਟੁਕੜਿਆਂ ਵਿਚ ਵਿਭਾਜਿਤ ਹੋਵੇ ਅਤੇ ਕਿਸੇ ਟੁਕੜੇ ਦੀ ਤੁਹਾਨੂੰ ਸਰਦਾਰੀ ਪ੍ਰਾਪਤ ਹੋ ਜਾਵੇ। ਤੁਸੀਂ ਆਗੂ ਬਣ ਜਾਓ, ਤੁਹਾਡਾ ਇਹੋ ਮਨਸੂਬਾ ਹੈ। ਇਸੇ ਮਨਸੂਬੇ ਤੋਂ ਪ੍ਰੇਰਿਤ ਹੋ ਕੇ ਤੁਸਾਂ ਆਪਣੇ ਆਪ ਨੂੰ ‘ਪੰਥਕ ਆਗੂ’ ਘੋਸ਼ਿਤ ਕੀਤਾ ਹੈ, ਜਦੋਂ ਕਿ ਤੁਹਾਡੇ ਪਹਿਲੇ ਲੇਖ ਵਿਚਲੇ ਨਾਵਾਂ ਤੋਂ ਮੈਂ ਤੇ ਨਹੀਂ ਸਮਝ ਸਕਿਆ ਕਿ ਇਨ੍ਹਾਂ ਵਿਚੋਂ ਕਿਹੜਾ ਪੰਥ ਦਾ ਧਾਰਮਿਕ ਜਾਂ ਰਾਜਨੀਤਿਕ ਆਗੂ ਹੈ। ਹਾਂ, ਇਹ ਆਪੂੰ ਬਣੇ ਆਗੂ ਜ਼ਰੂਰ ਹਨ, ਜਿਨ੍ਹਾਂ ਦੀ ਦਾਲ-ਰੋਟੀ ਪੰਥ ਦੇ ਵਿਭਾਜਨ ਤੇ ਚਲ ਸਕਦੀ ਹੈ।


ਤੁਸੀਂ ਇਹ ਕਹਿੰਦੇ ਹੋ ਕਿ ਉਹ ਧਾਰਮਿਕ ਗ੍ਰੰਥ ਹੀ ਕੀ ਹੋਇਆ ? ਜੋ ਬਹੂ-ਬੇਟੀਆਂ ਵਿਚ ਪੜ੍ਹਿਆ ਨਾ ਜਾ ਸਕੇ। ਮੈਂ ਕਹਿੰਦਾ ਹਾਂ ਕਿ ਉਹ ਕਿਹੜਾ ਗ੍ਰਿਹਸਤੀ ਘਰ ਹੈ, ਕਿਹੜੀ ਅਜਿਹੀ ਬਹੂ-ਬੇਟੀ ਹੈ, ਕਿਹੜੇ ਅਜਿਹੇ ਮਾਤਾ-ਪਿਤਾ ਹਨ, ਜੋ ਕਾਮ ਦਾ ਆਨੰਦ ਰਚ-ਰਚ ਕੇ ਨਹੀਂ ਮਾਣਦੇ। ਫਿਰ ਵੀ ਇਹ ਕਾਮ-ਲੀਲਾ ਗੰਦੀ ਨਹੀਂ ਕਹੀ ਜਾਂਦੀ। ਜੇ ਇਹ ਗੰਦੀ ਹੋਵੇ ਤਾਂ ਸਾਡੇ ਘਰ ਕੰਜਰਖਾਨੇ ਕਹੇ ਜਾਣ। ਪਰ ਇਸ ਕਾਮ ਦਾ ਪ੍ਰਦਰਸ਼ਨ ਬੱਚਿਆਂ ਵਿਚ ਨਹੀਂ ਕੀਤਾ ਜਾਂਦਾ। ਇਸੇ ਤਰ੍ਹਾਂ ਚਰਿਤਰ-ਉਪਖਿਆਨ ਅਸਲੀਲ ਨਹੀਂ, ਪਰ ਇਨ੍ਹਾਂ ਦਾ ਹਰ ਵਿਅਕਤੀ ਨੂੰ ਸੁਣਾਏ ਜਾਣਾ ਵੀ ਜ਼ਰੂਰੀ ਨਹੀਂ। ਉਂਞ ਤੁਸੀਂ ਤਾਂ ਇਹ ਸੇਵਾ ਅਰਥਾਂ ਸਹਿਤ ਨਿਭਾ ਰਹੇ ਹੋ। ਕੀ ਤੁਸੀਂ ਗਾਰੰਟੀ ਦੇਂਦੇ ਹੋ ਕਿ ਤੁਹਾਡੇ ਲੇਖਾਂ ਨੂੰ ਕਦੇ ਕਿਸੇ ਇਸਤ੍ਰੀ ਨੇ ਨਹੀਂ ਪੜ੍ਹਿਆ।


 ਤੁਸਾਂ ਲਿਖਿਆ ਹੈ ਕਿ “ ਦਸਮ ਗ੍ਰੰਥ ਦੇ ਰੱਬ ਜੀ ਫਿਰ ਭੁੱਲ ਗਏ ਕਿ ਉਸਨੇ ਰਾਮਾਨੰਦ ਨੂੰ ਪਹਿਲਾਂ ਭੇਜਿਆ ਸੀ ਜਾਂ ਮਹਾਦੀਨ ਨੂੰ।” ਪਰ ਕੀ ਤੁਸਾਂ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੈ। ਜੇ ਨਹੀਂ ਪੜ੍ਹਿਆ ਤਾਂ ਹੇਠਾਂ ਦਿੱਤਾ ਸਵੱਈਆ ਜ਼ਰੂਰ ਪੜ੍ਹੋ-


ਗੁਣ ਗਾਵੈ ਰਵਿਦਾਸੁ ਭਗਤੁ ਜੈਦੇਵ ਤ੍ਰਿਲੋਚਨ ॥ ਨਾਮਾ ਭਗਤੁ ਕਬੀਰੁ ਸਦਾ ਗਾਵਹਿ ਸਮ ਲੋਚਨ ॥

ਭਗਤੁ ਬੇਣਿ ਗੁਣ ਰਵੈ ਸਹਜਿ ਆਤਮ ਰੰਗੁ ਮਾਣੈ ॥ ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥

ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥ ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥ 8 ॥


ਗੁਣ ਗਾਵਹਿ ਪਾਯਾਲਿ ਭਗਤ ਨਾਗਾਦਿ ਭੁਯੰਗਮ ॥ ਮਹਾਦੇਉ ਗੁਣ ਰਵੈ ਸਦਾ ਜੋਗੀ ਜਤਿ ਜੰਗਮ ॥

ਗੁਣ ਗਾਵੈ ਮੁਨਿ ਬ੍ਹਾਸੁ ਜਿਨਿ ਬੇਦ ਬ੍ਹਾਕਰਣ ਬੀਚਾਰਿਅ ॥ ਬ੍ਰਹਮਾ ਗੁਣ ਉਚਰੈ ਜਿਨਿ ਹੁਕਮਿ ਸਭ ਸ੍ਰਿਸਟਿ ਸਵਾਰੀਅ ॥

ਬ੍ਰਹਮੰਡ ਖੰਡ ਪੂਰਨ ਬ੍ਰਹਮੁ ਗੁਣ ਨਿਰਗੁਣ ਸਮ ਜਾਣਿਓ ॥ ਜਪੁ ਕਲ ਸੁਜਸੁ ਨਾਨਕ ਗੁਰੁ ਸਹਜੁ ਜੋਗੁ ਜਿਨਿ ਮਾਣਿਓ ॥ 9 ॥


ਕੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਗਲਤ ਕਹੋਗੇ ? ਇਸ ਪਦ ਵਿਚ ਆਏ ਸਾਰੇ ਮਹਾਪੁਰਖ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋ ਚੁਕੇ ਹਨ, ਗੁਰੂ ਜੀ ਦਾ ਗੁਣ-ਗਾਇਨ ਕਰਦੇ ਵਿਖਾਏ ਗਏ ਹਨ। ਫਿਰ ਤੁਹਾਡੇ ਮੱਤ ਅਨੁਸਾਰ ਤਾਂ ਇਥੇ ਬਹੁਤ ਵਡੀ ਚੂਕ ਹੋ ਗਈ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿਚ ਕਿਵੇਂ ਯਕੀਨ ਕਰੋਗੇ ? ਮੇਰੀ ਤਾਂ ਮਾਨਤਾ ਹੈ ਕਿ ਧਰਮ ਗ੍ਰੰਥਾਂ ਵਿਚ ਅਜਿਹੀਆਂ ਅਤਿਸ਼ਯੋਕਤੀਆਂ ਦਾ ਗੂੜ੍ਹ ਅਧਿਆਤਮਿਕ ਪ੍ਰਯੋਜਨ ਹੁੰਦਾ ਹੈ ਅਤੇ ਧਰਮ ਗ੍ਰੰਥਾਂ ਨੂੰ ਇਤਿਹਾਸ ਦੀਆਂ ਪੁਸਤਕਾਂ ਸਮਝਣਾ ਗਲਤੀ ਹੈ। ਜਿਵੇਂ ਗੁਰੂ ਗ੍ਰੰਥ ਸਾਹਿਬ ਦਾ ਉਪਰੋਕਤ ਪਦ ਸਹੀ ਹੈ, ਤਿਵੇਂ ਬਚਿਤਰ ਨਾਟਕ ਵਿਚ ਰਾਮਾਨੰਦ ਅਤੇ ਮਹਾਦੀਨ ਦਾ ਜ਼ਿਕਰ ਵੀ ਉਚਿਤ ਹੈ। ਪਰ ਤੁਹਾਡੇ ਲਈ ਤਾਂ ਦੋਵੇਂ ਗਲਤ ਹੋ ਜਾਣਗੇ। ਫਿਰ ਕੋਈ ਵਖਰਾ ਗ੍ਰੰਥ ਸਾਜ ਕੇ, ਵਖਰਾ ਪੰਥ ਚਲਾਉਣ ਦੇ ਮਨਸੂਬੇ ਸਾਕਾਰ ਕਰ ਲੈਣੇ ਜੀ।


ਇਤਨੀ ਸੇਵਾ ਪ੍ਰਵਾਣ ਕਰਨੀ। ਜਿਤਨੇ ਮੁਦੇ ਸਾਹਮਣੇ ਲਿਆਓਗੇ, ਉਤਨਾ ਹੀ ਤੁਹਾਡੇ ਅਗਿਆਨ ਦਾ ਪਰਦਾ ਲੀਰੋ-ਲੀਰ ਹੁੰਦਾ ਜਾਵੇਗਾ, ਕਿਉਂਕਿ ਨਾ ਕੇਵਲ ਸਾਨੂੰ ਗੁਰਦੇਵ ਨੇ ਤੁਹਾਡੇ ਨਾਲੋਂ ਕਿਤੇ ਵਧੀਕ ਬੌਧਿਕ ਅਮੀਰੀ ਰੂਪ ਸੰਪਤੀ ਬਖ਼ਸ਼ਿਸ਼ ਕੀਤੀ ਹੈ, ਬਲਕਿ ਆਪਣੇ ਕਲਗੀਆਂ ਵਾਲੇ ਉਤੇ ਅਤੇ ਉਸ ਦੇ ਕੀਤੇ ਉਤੇ ਸਾਡਾ ਦ੍ਰਿੜ੍ਹ ਵਿਸ਼ਵਾਸ ਤੁਹਾਡੇ ਝੂਠ ਦੇ ਕਿਲਿਆਂ ਦੀ ਇਟ ਨਾਲ ਇਟ ਵਜਾਉਣ ਦੇ ਸਰਬ-ਭਾਂਤ ਸਮਰਥ ਹੈ।

Back to top


HomeProgramsHukamNamaResourcesContact •