ਦਸਮ ਗ੍ਰੰਥ ਦਾ ਛੰਦ ਬਿਓਰਾ ਤੇ ਛੰਦ ਵਿਧਾਨ

- ਗੁਲਜਾਰ ਸਿੰਘ ਕੰਗ



ਨਿਰੁਕਤ ਦੇ ਇਕ ਭਾਸ਼ਕਾਰ ਦਾ ਕਹਿਣਾ ਹੈ ਕਿ ਛੰਦ ਤੋਂ ਬਿਨਾਂ ਵੇਦ-ਬਾਣੀ ਦਾ ਉਚਾਰਨ ਸੰਭਵ ਨਹੀਂ ਹੈ। ਸ਼ਾਇਦ ਇਸੇ ਕਰਕੇ ਛੰਦ ਆਦਿ ਕਾਲ ਤੋਂ ਕਵਿਤਾ ਦਾ ਜ਼ਰੂਰੀ ਤੱਤ ਰਿਹਾ ਹੈ ਤੇ ਇਸ ਤੋਂ ਬਿਨਾਂ ਕਵਿਤਾ ਦੀ ਕਲਪਨਾ ਵੀ ਨਹੀਂ ਕੀਤੀ ਜਾਂਦੀ ਸੀ। ਅਜੋਕੇ ਸਮੇਂ ਵਿਚ ਬੇਸ਼ਕ ਛੰਦ-ਮੁਕਤ ਕਵਿਤਾ ਰਚੀ ਜਾਣ ਲੱਗ ਪਈ ਹੈ ਪਰ ਫਿਰ ਵੀ ਕਾਵਿ ਸਿਰਜਨਾ ਵਿਚੋਂ ਅਸੀਂ ਛੰਦ ਦੀ ਮਹੱਤਾ ਨੂੰ ਮਨਫ਼ੀ ਨਹੀਂ ਕਰ ਸਕਦੇ। ਛੰਦ-ਸ਼ਾਸਤਰ ਦਾ ਸਭ ਤੋਂ ਪੁਰਾਣਾ ਗ੍ਰੰਥ 'ਛੰਦ ਸੂਤ੍ਰ' ਹੈ, ਜਿਸ ਦਾ ਲੇਖਕ 'ਪਿੰਗਲ ਆਚਾਰਯ' ਸੀ। ਇਸੇ ਕਰਕੇ ਇਸ ਨੂੰ 'ਪਿੰਗਲ ਸ਼ਾਸਤਰ' ਵੀ ਕਿਹਾ ਜਾਂਦਾ ਰਿਹਾ ਹੈ। ਅਰਬੀ ਫ਼ਾਰਸੀ ਵਿਚ ਛੰਦ ਵਿਦਿਆ ਨੂੰ 'ਅਰੂਜ' ਕਿਹਾ ਗਿਆ ਹੈ। ਅੰਗਰੇਜ਼ੀ ਵਿਚ ਛੰਦ ਨੂੰ ਮੀਟਰ (Meter) ਤੇ ਛੰਦ ਸ਼ਾਸਤਰ ਨੂੰ Meteries ਜਾਂ  Prosody  ਆਖਿਆ ਜਾਂਦਾ ਹੈ। ਛੰਦ ਸ਼ਬਦ ਦੀਆਂ ਭਾਵੇਂ ਅਸੀਂ ਅਨੇਕਾਂ ਨਿਰੁਕਤੀਆਂ ਤੇ ਅਨੇਕਾਂ ਨਿਰੁਕਤੀਆਂ ਤੇ ਅਨੇਕਾਂ ਅਰਥ ਕੀਤੇ ਹਨ ਪਰ ਆਮ ਧਾਰਨਾ ਹੈ ਕਿ ਛੰਦ ਸ਼ਬਦ ਦੀ ਵਿਉਤਪਤੀ ਸੰਸਕ੍ਰਿਤ ਦੇ ਦੋ ਸ਼ਬਦਾਂ 'ਛੰਦਸ' ਅਤੇ 'ਛੰਦਕ' ਤੋਂ ਹੋਈ ਹੈ। 'ਛੰਦਕ' ਹੱਥ ਵਿਚ ਪਾਉਣ ਵਾਲਾ ਗਹਿਣਾ ਹੈ। 'ਛੰਦਸ' ਦੇ ਦੋ ਅਰਥ ਹਨ, ਇਕ ਢਕਣ ਦੇ ਅਰਥ ਦੇਣ ਵਾਲੀ ਧਾਤੂ 'ਛਦਿ' ਤੇ ਦੂਜਾ ਖੁਸ਼ੀ ਦਾ ਹੁਲਾਰਾ ਦੇਣ ਲਈ ਧਾਤੂ 'ਚਦਿ'। ਕਾਵਿ ਰਚਨਾ ਵਿਚ ਛੰਦ ਰਵਾਨੀ ਪੈਦਾ ਕਰਕੇ ਹੁਲਾਰਾ ਜਾਂ ਉਲਾਸ ਵੀ ਪੈਦਾ ਕਰਦਾ ਹੈ ਤੇ ਇਸ ਦੇ ਵਸਤੂ ਨੂੰ ਵੀ ਢਕ ਕੇ ਰਖਦਾ ਹੈ। ਪਹਿਲੇ ਅਰਥ ਅਨੁਸਾਰ ਇਹ ਕਵਿਤਾ ਵਿਚ ਸੁਹਜ (ਸ਼ਿੰਗਾਰ) ਵੀ ਭਰਦਾ ਹੈ। ਛੰਦ ਸ਼ਬਦ ਨੂੰ ਪਰਿਭਾਸ਼ਤ ਕਰਦੇ ਹੋਏ 'ਮਹਾਨ ਕੋਸ਼' ਦਾ ਕਰਤਾ ਇਸ ਨੂੰ ਕਵਿਤਾ ਵਿਚ ਮਾਰਤਾ, ਅਖੱਰਗਣ, ਵਿਸ਼ਰਾਮ ਤੇ ਅਨੁਪ੍ਰਾਸ ਆਦਿ ਨਿਯਮਾਂ ਦੀ ਪਾਬੰਦੀ ਕਹਿੰਦਾ ਹੈ। 'ਹਿੰਦੀ ਸਾਹਤਿਯ ਕੋਸ਼' ਅਨੁਸਾਰ ਅਜਿਹੀ ਪਦ ਰਚਨਾ ਹੀ ਛੰਦ ਹੈ ਜੋ ਅੱਖਰਾਂ, ਮਾਤਰਾ ਦੀ ਗਿਣਤੀ, ਤਰਤੀਬ ਦੇ ਖਾਸ ਬਿਸਰਾਮ ਦੇ ਨਿਯਮਾਂ ਅਧੀਨ ਰਚੀ ਗਈ ਹੋਵੇ। ਕੁਝ ਇਕ ਵਿਦਾਵਨਾਂ ਨੇ ਜਿਥੇ ਛੰਦ ਨੂੰ ਉਚੀਆਂ ਨੀਵੀਆਂ ਸਵਰਾਂ ਦਾ ਪ੍ਰਬੰਧ ਕਿਹਾ ਹੈ ਉਥੇ ਕੁਝ ਨੇ ਕਾਵਿ-ਬੱਧ ਲੈਆਤਮਕ ਤੇ ਮਾਪਣ-ਯੋਗ ਪੈਟਰਨ ਵੀ ਸਵੀਕਾਰ ਕੀਤਾ ਹੈ। ਨਿਰਨਾ ਇਹ ਲਿਆ ਜਾ ਸਕਦਾ ਹੈ ਕਿ ਕਵਿਤਾ ਵਿਚ ਮਾਤਰਾ ਜਾਂ ਵਰਣਾਂ ਨੂੰ ਖਾਸ ਵਿਉਂਤ ਨਾਲ ਜੋੜ ਕੇ ਵਜ਼ਨ, ਤਾਲ, ਸੁਰ, ਬਿਸਰਾਮ, ਦਾ ਖ਼ਿਆਲ ਰਖਦੇ ਹੋਏ ਤੁਕਾਂਤ ਦੇ ਮੇਲ ਨਾਲ ਲੈਅ ਪੈਦਾ ਕਰਨੀ ਛੰਦ ਹੈ। 


 ਸਿੱਖ ਧਰਮ ਚਿੰਤਨ ਤੇ ਸਿੱਖ ਸਮਾਜ ਵਿਚ 'ਸ੍ਰੀ ਗੁਰੂ ਗ੍ਰੰਥ ਸਾਹਿਬ' ਤੋਂ ਬਾਅਦ 'ਦਸਮ ਗ੍ਰੰਥ' ਦਾ ਦਰਜਾ ਗੌਰਵਈ ਤੇ ਮਹੱਤਵਪੂਰਨ ਹੈ। 'ਦਸਮ ਗ੍ਰੰਥ' ਵਿਚ ਪਰਸਤੁਤ ਵਿਸ਼ੈ ਵਸਤੂ ਤੇ ਅਧਿਆਤਮਕ ਸਰੋਕਾਰਾਂ ਨੂੰ ਜੇਕਰ ਅਸੀਂ ਇਕ ਪਾਸੇ ਰਖ ਕੇ, ਇਸ ਦੀ ਜਲਾਲ ਮਈ ਬਲਵਾਨ ਸ਼ਬਦਾਵਲੀ ਤੇ ਨਾਨਾ ਪ੍ਰਕਾਰ ਦੀ ਛੰਦਾਵਲੀ ਦੇ ਜਲੌ ਦੀ ਗੱਲ ਕਰੀਏ ਤਾਂ ਇਸ ਦੀ ਵਚਿੱਤਰਤਾ ਦੀ ਆਪਣੇ ਆਪ ਵਿਚ ਇਕ ਨਵੇਕਲੀ ਮਿਸਾਲ ਹੈ ਜਿਸ ਦੇ ਤੁਲ ਸੰਸਾਰ ਸਾਹਿਤ ਦੀ ਕੋਈ ਵੀ ਰਚਨਾ ਖਲੋ ਨਹੀਂ ਸਕਦੀ। 1428 ਪੰਨਿਆਂ ਵਿਚ ਪਸਰੇ ਇਸ ਵੱਡ ਆਕਾਰੀ ਗ੍ਰੰਥ ਦੀ ਛੰਦਾਵਲੀ ਸਬੰਧੀ ਗਿਣਤੀ ਕੀਤੀ ਜਾਵੇ ਤਾਂ ਇਹ ਡੇਢ ਸੌ ਤੋਂ ਵੱਧ ਬਣਦੀ ਹੈ। ਇਸ ਤੋਂ ਪਹਿਲਾਂ ਕਿ ਇਸ ਗ੍ਰੰਥ ਦੀਆਂ ਰਚਨਾਵਾਂ ਦਾ ਰਚਨਾ ਵਾਰ ਛੰਦ-ਬਿਓਰਾ ਅੰਕਿਤ ਕਰੀਏ, ਛੰਦ-ਭੇਦ ਅਨੁਸਾਰ ਇਸ ਦੇ ਪ੍ਰਮੁੱਖ ਛੰਦਾਂ ਦਾ ਵੇਰਵਾ ਜਾਣ ਲੈਣਾ ਜ਼ਰੂਰੀ ਹੈ, ਜੋ ਇਸ ਪ੍ਰਕਾਰ ਹੈ:

 (1) ਮਾਤ੍ਰਿਕ ਛੰਦ : ਅਤਿ ਮਾਲਤੀ, ਅਭੀਰ, ਅੜਿੱਲ, ਏਲਾ, ਸਵੈਯਾ, ਸਿਰਖਿੰਡੀ, ਸੋਰਨਾ, ਹਰਿ ਗੀਤਾ, ਹੰਸਾ, ਕਲਸ, ਕੁੰਡਲੀਆਂ, ਗਾਹਾ, ਗੀਤ ਮਾਲਤੀ, ਘਤਾ, ਚਉਬੋਲਾ, ਛਪੈ, ਤਿਲਕ, ਤ੍ਰਿਭੰਗੀ, ਤੋਮਰ, ਪਦਮਾਵਤੀ, ਪਾਧੜੀ, ਬੇਹੜਾ, ਬਿਸ਼ਨਪਦ, ਮਕਰਾ, ਮਧੁਭਾਰ, ਮਾਧੋ, ਮੋਹਨ, ਬੈਂਤ, ਵਿਜੈ ਆਦਿ।

 (2) ਵਰਣਕ ਛੰਦ : ਉਗਾਥਾ, ਉਛਲਾ, ਉਟੰਕਣ, ਉਤਭੁਜ, ਅਸਤਰ, ਅਕਰਾ, ਅਚਕੜਾ, ਅਜਬਾ, ਅਨਹਦ, ਅਨਕਾ, ਅਨਾਦ, ਅਨੰਤਕਾ, ਅਪੂਰਬਾ, ਅਰੂਪਾ, ਅਲਕਾ, ਏਕ ਅਛਰੀ, ਸਮਾਨਕ, ਸਰਸਵਤੀ, ਸੁੰਦਰੀ,ਸੋਮਰਾਜੀ, ਸੰਖਨਾਰੀ, ਸੰਗੀਤਰਾਜ, ਸੰਗੀਤ ਭੁਜੰਗ, ਹਰਿ ਬੋਲਮਨਾ, ਕਬਿਤ, ਕਿਲਕਾ, ਕੁਸਮ, ਬਚਿਤਰ, ਚਰਪਟ, ਚਾਚਰੀ, ਚਾਮਰ, ਚੰਚਲਾ, ਝੂਲਨਾ, ਝਲਾ, ਤਾਰਕਾ, ਤੋਟਕ, ਤ੍ਰਿਗਤਾ, ਤ੍ਰਿਣਣਿਣ, ਦੋਧਕੇ, ਨਾਗ ਸਰੂਪਨੀ, ਨਾਰਾਜ਼, ਨਿਸਪਾਲ, ਪ੍ਰਿਯਾ, ਬਚਿਤਰ ਪਦ, ਬਾਨ, ਤਰੰਗਮ, ਬੋਲੀ ਬਿਦ੍ਰਮ, ਬਿਸ਼ੇਸਕ, ਭਗਵਤੀ, ਭੁਯੰਗ ਪ੍ਰਯਾਤ, ਮਧੁਰ ਧੁਨਿ, ਮੋਦਕ, ਮਨੋਹਰ, ਮਾਲਤੀ, ਰੁਣਝੁਣ, ਰੁਆਲ, ਰਸਾਵਲ ਆਦਿ।

 ਇਨ੍ਹਾਂ ਛੰਦਾਂ ਦੀ ਵਰਤੋਂ ਗੁਰੂ ਸਾਹਿਬ ਨੇ ਰਚਨਾ ਵਿਚਲੀ ਵਸਤੂ ਦੇ ਨਿਭਾਅ ਅਨੁਸਾਰ ਕੀਤੀ ਹੈ। ਜਿਵੇਂ ਕਥਾ ਪ੍ਰਸੰਗ ਲਈ ਚੌਪਈ ਦੀ ਵਰਤੋਂ ਹੋਈ ਹੈ, ਜੁੱਧ ਵਾਰਤਾ ਲਈ ਭੁਜੰਗ, ਨਰਾਜ, ਤ੍ਰਿਣਣਿਣ, ਸੰਗੀਤ, ਭੁਯੰਗ ਪ੍ਰਯਾਤ, ਤ੍ਰਿਭੰਗੀ ਤੇ ਪਉੜੀ ਵਰਤੇ ਹਨ। ਛੰਦ ਫਾਰਸੀ ਜ਼ਬਾਨ ਵਿਚੋਂ ਵੀ ਆਏ ਹਨ ਤੇ ਦੇਸੀ ਛੰਦਾਂ ਉਪਰ ਫਾਰਸੀ ਛੰਦਾਵਲੀ ਦੀ ਪੁੱਠ ਵੀ ਚਾਹੜੀ ਗਈ ਹੈ। ਭਾਵੇਂ 'ਦਸਮ ਗ੍ਰੰਥ' ਦੀਆਂ ਰਚਨਾਵਾਂ ਬਾਰੇ ਵਿਦਵਾਨਾਂ ਦੇ ਮਤਭੇਦ ਹਨ ਪਰ ਅਸੀਂ ਇਨ੍ਹਾਂ ਸੰਦੇਹਾਂ ਤੋਂ ਵੱਖ ਰਹਿ ਕੇ ਸਮੁੱਚੀਆਂ ਰਚਨਾਵਾਂ ਦਾ ਛੰਦ ਬਿਓਰਾ ਪੇਸ਼ ਕਰਦੇ ਹਾਂ, ਜਿਸ ਦੀ ਤਫਸੀਲ ਇਸ ਪ੍ਰਕਾਰ ਹੈ:


(ੳ)  ਜਾਪੁ ਸਾਹਿਬ


 ਇਸ ਰਚਨਾ ਦੇ ਕੁਲ 199 ਛੰਦ ਹਨ। ਕੁਝ ਵਿਦਵਾਨਾਂ ਨੇ ਗਿਣਤੀ 200 ਕੀਤੀ ਹੈ ਕਿਉਂਕਿ ਉਨ੍ਹਾਂ ਨੇ 185 ਨੰਬਰ ਵਾਲੇ ਭੁਜੰਗ ਪ੍ਰਯਾਤ ਛੰਦ ਨੂੰ ਦੋ ਅਰਧ ਭੁਜੰਗ ਪ੍ਰਯਾਤ ਛੰਦ ਮੰਨਿਆ ਹੈ। ਪਰ ਸਾਰੀਆਂ ਪੁਰਾਣੀਆਂ ਬੀੜਾਂ ਵਿਚ ਛੰਦਾਂ ਦੀ ਗਿਣਤੀ 199 ਹੈ। ਕੁਲ 10 ਕਿਸਮ ਦੇ ਛੰਦ ਵਰਤੇ ਗਏ ਹਨ:

   (1) ਛਪੈ ਛੰਦ=01

   (2) ਭੁਜੰਗ ਪ੍ਰਯਾਤ ਛੰਦ=65

   (3) ਚਾਚਰੀ ਛੰਦ=32

   (4) ਚਰਪਟ ਛੰਦ=08

   (5) ਰੂਆਲ ਛੰਦ=08

   (6) ਮਧੁਭਾਰ ਛੰਦ=17

   (7) ਭਗਵਤੀ ਛੰਦ=41

   (8) ਰਸਾਵਲ ਛੰਦ=05

   (9) ਹਰਿ ਬੋਲਮਨਾ ਛੰਦ=14

   (10) ਏਕ ਅਛਰੀ ਛੰਦ=08


 ਇਨ੍ਹਾਂ ਛੰਦਾਂ ਦਾ 22 ਵਾਰ ਪਰਿਵਰਤਨ ਹੋਇਆ ਹੈ। ਇਹ ਛੰਦ ਵਧੇਰੇ ਕਰਕੇ ਛੋਟੇ ਤੇ ਤੀਬਰ ਗਤੀ ਵਾਲੇ ਹਨ। ਪੁਰਾਤਨ ਕਾਲ ਵਿਚ ਸਿੱਖ ਯੁੱਧ-ਵੀਰ ਇਨ੍ਹਾਂ ਛੰਦਾਂ ਦੀ ਚਾਲ ਤੇ ਗੱਤਕੇ ਦੇ ਪੈਂਤੜੇ ਨਿਸਚਿਤ ਕਰਦੇ ਹਨ। ਇਸ ਰਚਨਾ ਦਾ ਪਾਠ ਕਰਦੇ ਹੋਏ ਇਨ੍ਹਾਂ ਛੰਦਾਂ ਦੀ ਯੋਜਨਾ ਸ਼ਸਤਰ ਅਭਿਆਸ ਤੇ ਯੁੱਧ ਸੰਘਰਸ ਦੀ ਭੂਮਿਕਾ ਨਿਭਾਂਦੀ ਰਹੀ ਹੈ। 


(ਅ) ਅਕਾਲ ਉਸਤਤਿ

 ਇਸ ਰਚਨਾ ਦੇ ਕੁਲ ਸਾਢੇ 271 ਛੰਦ ਹਨ ਅੰਤ ਵਾਲਾ ਛੰਦ ਪੂਰਾ ਨਹੀਂ ਹੈ। 17 ਵਾਰ ਛੰਦ ਪਰਿਵਰਤਨ ਹੁੰਦਾ ਹੈ। ਛੰਦ ਵਾਰ ਬਿਓਰਾ ਇਸ ਪ੍ਰਕਾਰ ਹੈ-

 (1) ਚੌਪਈ = 10 ਛੰਦ (ਸਰਬ ਵਿਆਪਕ ਜੋਤ ਦੇ ਪਸਾਰੇ ਦਾ ਵਰਨਨ)

 (2) ਕਬਿੱਤ 11 ਤੋਂ 20 = 10 ਛੰਦ (ਸਰਬ ਵਿਆਪਕ ਹਸਤੀ ਦੀ ਵਿਆਖਿਆ)

 (3) ਸਵੈਯਾ 21 ਤੋਂ 30 = 10 ਛੰਦ (ਕਰਮਕਾਂਡੀ ਤੇ ਰਾਜਸੀ ਬਲ ਦੇ ਦਾਅਵੇਦਾਰਾਂ ਦਾ ਖੰਡਨ)

 (4) ਤੋਮਰ 31 ਤੋਂ 50 = 20 ਛੰਦ (ਬਿਨ ਏਕ ਨਾਮ ਆਧਾਰ ਸਭ ਕਰਮ ਭਰਮ ਬਿਚਾਰ ਹੈ)

 (5) ਲਘੂ ਨਰਾਜ 51 ਤੋਂ 70 =20 ਛੰਦ (ਰੱਬੀ ਵਿਆਪਕਤਾ ਦਾ ਨਿੱਜੀ ਅਨੁਭਵ)

 (6) ਕਬਿੱਤ 71 ਤੋਂ 90 = 20 ਛੰਦ (ਦੰਭੀ ਮਤ ਮਤਾਂਤਰਾਂ ਤੇ ਵਿਅੰਗ)

 (7) ਭੁਜੰਗ 91 ਤੋਂ 120 = 30 ਛੰਦ (15 ਵਿਚ ਰੱਬ ਇਹ ਨਹੀਂ, 15 ਵਿਚ ਰੱਬ ਇਹ ਹੈ)

 (8) ਪਾਧੜੀ 121 ਤੋਂ 140 =20 ਛੰਦ (ਕਰਮ ਕਾਂਡ ਤੇ ਚੋਟ)

 (9) ਤੋਟਕ 141 ਤੋਂ 160 = 20 ਛੰਦ (ਕਰਤਾ ਦੀ ਜੈ ਜੈਕਾਰ)

 (10) ਨਰਾਜ 161 ਤੋਂ 180 =20 ਛੰਦ (ਰੂਪ ਰੇਖ ਤੋਂ ਉਪਰ ਜੋਤਿ ਦੀ ਸਰਬ ਵਿਆਪਕਤਾ)

 (11) ਰੂਆਮਲ 181 ਤੋਂ 200 = 20 ਛੰਦ (ਸਰਬ ਕਰਤਾ ਦੀ ਮਹਿਮਾ)

 (12) ਦੀਘਰ ਤ੍ਰਿਭੰਗੀ 201 ਤੋਂ 220 =20 ਛੰਦ (ਦੁਰਜਨ ਦਲ ਦੰਡਣ ਦੀ ਮਹਿਮਾ)

 (13) ਦੋਹਰਾ 221 ਤੋਂ 230 = 10 ਛੰਦ (ਆਤਮਾ ਦਾ ਵਰਣਨ)

 (14) ਪਾਧੜੀ 231 ਤੋਂ 242 = 12 ਛੰਦ (ਬੇਅੰਤ ਪ੍ਰਭੂ ਦੇ ਸਾਰੇ ਦੇਵਤੇ ਸੇਵਕ ਹਨ)

 (15) ਸਵੈਯਾ 243 ਤੋਂ 252 = 10 ਛੰਦ (ਰੱਬ ਪ੍ਰਤਿਪਾਲਕ ਹੈ, ਉਸ ਨੂੰ ਸਭ ਨੇਤਿ ਨੇਤਿ ਆਖਦੇ ਹਨ)

 (16) ਕਬਿੱਤ 253 ਤੋਂ 166 = 14 ਛੰਦ (ਦੇਸ ਦੇਸ ਦੇ ਲੋਕਾਂ ਨੂੰ ਰਬੀ ਕੀਰਤੀ ਕਰਦੇ ਦਸਿਆ)

 (17) ਪਾਧੜੀ 267 ਤੋਂ 271/1/2 = 5/2 ਛੰਦ


(ੲ) ਬਿਚਿਤ੍ਰ ਨਾਟਕ

 ਬਚਿਤ੍ਰ ਨਾਟਕ 'ਦਸਮ ਗ੍ਰੰਥ' ਦੀ ਸਭ ਤੋਂ ਲੰਮੇਰੀ ਰਚਨਾ ਹੈ। ਇਸ ਰਚਨਾ ਵਿਚ ਚੰਡੀ ਚਰਿਤ੍ਰਾਂ, ਚਉਬੀਸ ਅਵਤਾਰ, ਬ੍ਰਹਮਾ ਰੁਦ੍ਰ ਸਾਰੇ ਆਉਂਦੇ ਹਨ ਕਿਉਂਕਿ ਸਮਾਪਨ-ਸੂਚਕ ਉਕਤੀਆਂ ਜਾਂ ਪੁਸ਼ਪਿਕਾਵਾਂ ਵਿਚ ਬਿਚਿਤ੍ਰ ਨਾਟਕ ਦਾ ਹੀ ਵਰਣਨ ਹੈ। ਇਸ ਹਿਸਾਬ ਨਾਲ ਪ੍ਰੋ. ਪਿਆਰਾ ਸਿੰਘ ਪਦਮ ਨੇ ਇਸ ਦੇ 6356 ਛੰਦਾਂ ਦਾ ਜ਼ਿਕਰ ਕੀਤਾ ਹੈ। ਇਸ ਰਚਨਾ ਦੇ 634 ਪੰਨੇ ਬਣਦੇ ਹਨ। ਆਮ ਕਰਕੇ ਜਿਸ ਰਚਨਾ ਨੂੰ ਬਿਚਿਤ੍ਰ ਨਾਟਕ ਵਜੋਂ ਜਾਣਿਆਂ ਜਾਂਦਾ ਹੈ ਉਹ ਗੁਰੂ ਸਾਹਿਬ ਦੀ ਅਪਨੀ ਕਥਾ ਹੈ ਜਿਸ ਦੇ ਕੁਲ 14 ਅਧਿਆਇ ਹਨ। ਇਸ ਰਚਨਾ ਦੇ ਛੰਦਾਂ ਦੀ ਕੁਲ ਗਿਣਤੀ 471 ਹੈ। ਇਸ ਦਾ ਵੇਰਵਾ ਇਸ ਪ੍ਰਕਾਰ ਹੈ। 


 (1) ਅਧਿਆਇ ਪਹਿਲਾ: 101 ਛੰਦ। ਇਸ ਵਿਚ ਦੋਹਰਾ 1, ਤ੍ਰਿਭੰਗੀ 1, ਭੁਜੰਗ ਪ੍ਰਯਾਤ ਛੰਦ 43, ਰਸਾਵਲ ਛੰਦ 27, ਨਰਾਜ 8, ਤੋਟਕ 6 ਤੇ 11 ਸਵੈਯੇ ਹਨ। 19 ਵਾਰ ਛੰਦ ਪਰਿਵਰਤਨ ਹੁੰਦਾ ਹੈ।

 (2) ਅਧਿਆਇ ਦੂਜਾ: 36 ਛੰਦ, ਨੌਂ ਵਾਰ ਛੰਦ ਪਰਿਵਰਤਨ ਹੁੰਦਾ ਹੈ। ਚੌਪਈ =32, ਦੋਹਰਾ=04

 (3) ਅਧਿਆਇ ਤੀਜਾ: ਕੁਲ ਛੰਦ 52 ਹਨ, ਜਿਨ੍ਹਾਂ ਵਿਚ ਭੁਜੰਗ ਪ੍ਰਯਾਤ ਛੰਦ 14, ਰਸਾਵਲ 27, ਨਰਾਜ 9, ਛਪੈ ਛੰਦ ਇਕ ਤੇ ਇਕ ਚੌਪਈ ਹੈ। ਗਿਆਰਾਂ ਵਾਰ ਛੰਦ ਪਰਿਵਰਤਨ ਹੁੰਦਾ ਹੈ।

 (4) ਅਧਿਆਇ ਚੌਥਾ: ਇਸ ਦੇ ਕੁਲ 10 ਛੰਦ ਹਨ। ਇਸ ਵਿਚ 3 ਵਾਰ ਭੁਜੰਗ ਪ੍ਰਯਾਤ ਛੰਦ, 3 ਵਾਰ ਰਸਾਵਲ, ਇਕ ਵਾਰ ਅੜਿਲ, ਇਕ ਦੋਹਰਾ ਤੇ ਦੋ ਚੋਪਈਆਂ ਆਈਆਂ ਹਨ। ਪੰਜ ਵਾਰ ਛੰਦ ਪਰਿਵਰਤਨ ਹੁੰਦਾ ਹੈ।

 (5) ਅਧਿਆਇ ਪੰਜਵਾਂ: ਕੁਲ ਛੰਦ 16 ਹਨ ਜਿਨ੍ਹਾਂ ਵਿਚ ਇਕ ਵਾਰ ਨਰਾਜ ਛੰਦ, 4 ਵਾਰ ਦੋਹਰਾ ਤੇ 11 ਚੌਪਈ ਛੰਦ ਆਏ ਹਨ। 6 ਵਾਰ ਛੰਦ ਪਰਿਵਰਤਨ ਹੁੰਦਾ ਹੈ।

 (6) ਅਧਿਆਇ ਛੇਵਾਂ: ਕੁਲ 64 ਛੰਦ ਹਨ, ਜਿਨ੍ਹਾਂ ਵਿਚ ਚੌਪਈ 49, ਦੋਹਰਾ 6, ਨਰਾਜ ਛੰਦ 7 ਤੇ ਰਸਾਵਲ 2 ਵਾਰ ਆਏ ਹਨ। ਪੰਦਰਾਂ ਵਾਰ ਛੰਦ ਪਰਿਵਰਤਨ ਹੋਇਆ ਹੈ।

 (7) ਅਧਿਆਇ ਸੱਤ: ਇਹ ਛੋਟਾ ਜਿਹਾ ਅਧਿਆਇ ਹੈ। ਇਸ ਵਿਚ ਚੌਪਈ ਛੰਦ ਨੂੰ ਵਰਤਿਆ ਗਿਆ ਹੈ ਤੇ ਕੁਲ ਤਿੰਨ ਚੌਪਈਆਂ ਹਨ।

 (8) ਅਧਿਆਇ ਅੱਠ: ਇਸ ਵਿਚ ਕੁਲ 38 ਛੰਦ ਹਨ ਜਿਨ੍ਹਾਂ ਵਿਚ ਚੌਪਈ 4 ਵਾਰ, ਭੁਜੰਗ ਪ੍ਰਯਾਤ ਛੰਦ 21 ਵਾਰ, ਰਸਾਵਲ 9 ਵਾਰ ਤੇ ਦੋਹਰਾ 4 ਵਾਰ ਆਏ ਹਨ। ਗਿਆਰਾਂ ਵਾਰ ਛੰਦ ਪਰਿਵਰਤਨ ਹੋਇਆ ਹੈ।

 (9) ਅਧਿਆਇ ਨੌਂ: ਇਸ ਦੇ ਕੁਲ ਚੌਵੀ ਛੰਦ ਹਨ। ਚੌਪਈ 3 ਵਾਰ, ਭੁਜੰਗ ਪ੍ਰਯਾਤ ਛੰਦ 5 ਵਾਰ, ਮਧੁਭਾਰ ਛੰਦ 3 ਵਾਰ, ਰਸਾਵਲ 4 ਵਾਰ ਤੇ ਦੋਹਰਾ 2 ਵਾਰ ਤੇ ਭੁਜੰਗ ਛੰਦ 7 ਵਾਰ ਇਸਤੇਮਾਲ ਹੋਇਆ ਹੈ। ਅੱਠ ਵਾਰ ਛੰਦ ਪਰਿਵਰਤਨ ਹੋਇਆ ਹੈ।

 (10) ਅਧਿਆਇ ਦਸਵਾਂ: ਇਸ ਦੇ ਕੁਲ 10 ਛੰਦ ਹਨ। ਇਸ ਵਿਚ ਚੌਪਈ 4 ਵਾਰ, ਭੁਜੰਗ ਪ੍ਰਯਾਤ ਛੰਦ 2 ਵਾਰ, ਨਰਾਜ 2 ਵਾਰ, ਦੋਹਰਾ 2 ਵਾਰ ਵਰਤਿਆ ਗਿਆ ਹੈ। ਚਾਰ ਵਾਰ ਛੰਦ ਪਰਿਵਰਤਨ ਹੋਇਆ ਹੈ।

 (11) ਅਧਿਆਇ ਗਿਆਰਵਾਂ: ਕੁਲ ਛੰਦ 69 ਹਨ, ਜਿਨ੍ਹਾਂ ਵਿਚ ਭੁਜੰਗ ਪ੍ਰਯਾਤ ਛੰਦ 18 ਵਾਰ, ਦੋਹਰਾ 9 ਵਾਰ, ਚੌਪਈ 13 ਵਾਰ, ਮਧੁਭਾਰ ਛੰਦ 9 ਵਾਰ, ਤ੍ਰਿਭੰਗੀ ਇਕ ਵਾਰ, ਰਸਾਵਲਾ ਛੰਦ 15 ਵਾਰ, ਪਾਧੜੀ ਛੰਦ 2 ਵਾਰ ਤੇ ਨਰਾਜ ਛੰਦ 2 ਵਾਰ ਵਰਤਿਆ ਗਿਆ ਹੈ। 18 ਵਾਰ ਛੰਦ ਪਰਿਵਰਤਨ ਹੋਇਆ ਹੈ।

 (12) ਅਧਿਆਇ ਬਾਰ੍ਹਵਾਂ: ਇਸ ਦੇ ਛੰਦਾਂ ਦੀ ਗਿਣਤੀ 12 ਹੈ। ਇਸ ਵਿਚ ਚੌਪਈ 7 ਵਾਰ, ਰਸਵਾਲ 3 ਵਾਰ ਤੇ ਦੋਹਰੇ ਦੀ 2 ਵਾਰ ਵਰਤੋਂ ਹੋਈ ਹੈ। ਛੇ ਵਾਰ ਛੰਦ ਪਰਿਵਰਤਨ ਹੋਇਆ ਹੈ।

 (13) ਅਧਿਆਇ ਚੌਧਵਾਂ: ਇਸ ਦੇ 11 ਛੰਦ ਹਨ ਤੇ ਸਾਰੇ ਹੀ ਚੌਪਈ ਰੂਪ ਵਿਚ ਆਏ ਹਨ।

 

 ਕੁਲ ਮਿਲਾ ਕੇ ਵੇਖਿਆ ਜਾਵੇ ਤਾਂ 13 ਕਿਸਮ ਦੇ ਛੰਦਾਂ ਦੀ ਇਸ ਰਚਨਾ ਵਿਚ ਵਰਤੋਂ ਹੋਈ ਹੈ। ਸਭ ਤੋਂ ਅਧਿਕ ਵਰਤੋਂ ਚੌਪਈ ਦੀ ਹੈ ਤੇ ਇਸ ਤੋਂ ਪਿਛੋਂ ਰਸਾਵਲ ਤੇ ਭੁਜੰਗ ਪ੍ਰਯਾਤ ਛੰਦ ਆਉਂਦੇ ਹਨ। ਕੁਲ 115 ਵਾਰ ਛੰਦ ਪਰਿਵਰਤਨ ਹੁੰਦਾ ਹੈ।

(ਸ) ਚੰਡੀ ਚਰਿਤ੍ਰ 1

 ਦਸਮ ਗ੍ਰੰਥ ਵਿਚ ਇਸ ਰਚਨਾ ਦਾ ਨਾਮ 'ਚੰਡੀ ਚਰਿਤ੍ਰ ਉਕਤਿ ਬਿਲਾਸ' ਲਿਖਿਆ ਗਿਆ ਹੈ। ਇਸ ਰਚਨਾ ਦੇ ਕੁਲ 233 ਛੰਦ ਹਨ ਅਤੇ 8 ਅਧਿਆਇ ਹਨ। ਇਹ ਬਿਚਿਤ੍ਰ ਨਾਟਕ ਦਾ ਭਾਗ ਹੀ ਹੈ ਅਪਨੀ ਕਥਾ ਦੇ ਚੌਦਵੇਂ ਅਧਿਆਇ ਦੇ ਅੰਤ ਵਿਚ ਇਸ ਦਾ ਜਿਕਰ ਇਸ ਪ੍ਰਕਾਰ ਹੈ:

  ਪਹਿਲੇ ਚੰਡੀ ਚਰਿਤ੍ਰ ਬਨਾਯੋ। ਨਖ ਸਿਖ ਤੇ ਕ੍ਰਮ ਭਾਖ ਸੁਨਾਯੋ।

  ਛੌਰ ਕਥਾ ਤਬ ਪ੍ਰਥਮ ਸੁਨਾਈ। ਅਬ ਚਾਹਤ ਫਿਰਿ ਕਰੋ ਬਡਾਈ।

 ਰਚਨਾਕਾਰ ਅਨੁਸਾਰ ਭਾਵੇਂ ਸਾਰੀ ਰਚਨਾ ਕਬਿੱਤਾ ਵਿਚ ਰਚੀ ਗਈ ਪਰ ਇਸ ਦੇ ਸਾਰੇ 233 ਛੰਦ ਕਬਿੱਤ ਨਹੀਂ ਹਨ ਸਗੋਂ ਸਵੈਯਾ, ਦੋਹਰਾ, ਸੋਰਠਾ, ਤੋਟਕ, ਰੇਖਤਾ, ਪੁਨਹਾ ਆਦਿ ਛੰਦਾਂ ਵਿਚ ਹੈ ਅਤੇ ਸਵੈਯਾ ਛੰਦ ਦੀ ਪ੍ਰਧਾਨਤਾ ਹੈ। ਇਸ ਰਚਨਾ ਦਾ ਛੰਦ ਬਿਓਰਾ ਇਸ ਪ੍ਰਕਾਰ ਹੈ:


(1) ਅਧਿਆਇ ਪਹਿਲਾ : ਕੁਲ ਛੰਦ =12 (ਸਵੈਯਾ 4+ਦੋਹਰਾ 4+ਪੁਨਹਾ 1+ਤੋਟਕ 2+ਸੋਰਠਾ 1=12)

(2) ਅਧਿਆਇ ਦੂਜਾ  : ਕੁਲ ਛੰਦ =40 (ਪੁਨਹਾ 1+ਸਵੈਯਾ 17+ਦੋਹਰਾ 20+ਰੇਖਤਾ 1+ਕਬਿੱਤ 1=40)

(3) ਅਧਿਆਇ ਤੀਜਾ  : ਕੁਲ ਛੰਦ =50  (ਦੋਹਰਾ 27+ਸਵੈਯਾ 21+ਸੋਰਠਾ 1+ਕਬਿੱਤ 1=50)

(4) ਅਧਿਆਇ ਚੌਥਾ   : ਕੁਲ ਛੰਦ =14 (ਦੋਹਰਾ 6+ਸਵੈਯਾ 8=14)

(5) ਅਧਿਆਇ ਪੰਜਵਾਂ  : ਕੁਲ ਛੰਦ =56  (ਸੋਰਠਾ 4+ਦੋਹਰਾ 13+ ਸਵੈਯਾ 39=56)

(6) ਅਧਿਆਇ ਛੇਵਾਂ   : ਕੁਲ ਛੰਦ =30 (ਸਵੈਯਾ 24+ ਦੋਹਰਾ 5+ ਕਬਿੱਤ 1=30)

(7) ਅਧਿਆਇ ਸਤਵਾਂ  : ਕੁਲ ਛੰਦ =22 (ਦੋਹਰਾ 6+ ਸਵੈਯਾ 14+ ਕਬਿੱਤ 2=22)

(8) ਅਧਿਆਇ ਅੱਠਵਾਂ : ਕੁਲ ਛੰਦ =09 (ਸਵੈਯਾ 5+ ਕਬਿੱਤ 3+ ਦੋਹਰਾ 1=09)

 ਇਸ ਰਚਨਾ ਵਿਚ ਸਭ ਤੋਂ ਵਧੇਰੇ ਵਰਤੋਂ ਸਵੈਯਾ ਛੰਦ ਦੀ (132 ਵਾਰ) ਹੋਈ ਹੈ ਅਤੇ ਦੂਜੇ ਨੰਬਰ ਤੇ ਦੋਹਰੇ ਦੀ 82 ਵਾਰ ਵਰਤੋਂ ਹੋਈ ਹੈ।


(ਹ) ਚੰਡੀ ਚਰਿਤ੍ਰ 2

 ਇਸ ਰਚਨਾ ਦੇ ਕੁਲ 262 ਛੰਦ ਤੇ 8 ਅਧਿਆਇ ਹਨ। ਜਿਥੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਾਰਕੰਡੇ ਪੁਰਾਣ ਦੇ ਮੂਲ ਸਰੋਤ ਤੇ ਅਧਾਰਤ ਹੈ ਉਥੇ ਇਸ ਰਚਨਾ ਦੇ ਮੂਲ ਸਰੋਤ ਸਬੰਧੀ ਕੋਈ ਸੰਕੇਤ ਨਹੀਂ ਹੈ। ਇਸ ਰਚਨਾ ਵਿਚ ਕੁਲ 15 ਛੰਦਾਂ ਨਰਾਜ, ਰਸਾਵਲ, ਦੋਹਰਾ, ਭੁਜੰਗ ਪ੍ਰਯਾਤ, ਤੋਟਕ, ਚੌਪਈ, ਮਧੁਭਾਰ, ਰੂਆਲ, ਰੁਆਮਲ, ਸੋਰਠਾ, ਵਿਜੈ, ਮਨੋਹਰ, ਬੋਲੀ ਵਿਦ੍ਰਮ, ਮਧੁਰਾ, ਕੁਲਕ ਆਦਿ ਦੀ ਵਰਤੋਂ ਹੋਈ ਹੈ। ਇਨ੍ਹਾਂ ਵਿਚ ਪ੍ਰਧਾਨਤਾ ਭੁਜੰਗ ਪ੍ਰਯਾਤ ਛੰਦ ਦੀ ਹੈ। ਕੁਲ 57 ਵਾਰ ਛੰਦ ਪਰਿਵਰਤਨ ਹੋਇਆ ਹੈ। ਇਸ ਰਚਨਾ ਦੇ ਛੰਦਾਂ ਦਾ ਬਿਓਰਾ ਇਸ ਪ੍ਰਕਾਰ ਹੈ:


(1) ਅਧਿਆਇ ਪਹਿਲਾ : ਕੁਲ ਛੰਦ =38

      (ਨਰਾਜ 07+ਰਸਾਵਲ 06+ਦੋਹਰਾ 02+ਭੁਜੰਗ ਪ੍ਰਯਾਤ ਛੰਦ 07+ਤੋਟਕ 04+ਚੌਪਈ 02+ਮਧੁਭਾਰ 04+ਰੂਆਮਲ 06=38)

(2) ਅਧਿਆਇ ਦੂਜਾ   : ਕੁਲ ਛੰਦ =26

      (ਕੁਲਕ 04+ਦੋਹਰਾ 03+ਚੌਪਾਈ 02+ਨਰਾਜ 02+ਰਸਾਵਲ 11+ਭੁਜੰਗ ਪ੍ਰਯਾਤ ਛੰਦ 04=26)

(3) ਅਧਿਆਇ ਤੀਜਾ  : ਕੁਲ ਛੰਦ =13

      (ਦੋਹਰਾ 02+ਚਉਪਈ 02+ਰੂਆਲ 09 =13)

(4) ਅਧਿਆਇ ਚੌਥਾ   : ਕੁਲ ਛੰਦ =45

      (ਸੋਰਠਾ 01+ ਚੌਪਈ 05+ਭਜੰਗ ਪ੍ਰਯਾਤ 06+ਰਸਾਵਲ 21+ਬਿਜੇ 02+ਮਨੋਹਰ 01+ਸੰਗੀਤ ਭੁਜੰਗ ਪ੍ਰਯਾਤ 07+ਨਰਾਜ 02=45)

(5) ਅਧਿਆਇ ਪੰਜਵਾਂ  : ਕੁਲ ਛੰਦ =34

      (ਦੋਹਰਾ 02+ਭੁਜੰਗ ਪ੍ਰਯਾਤ 03+ਰਸਾਵਲ 15+ਬੇਲੀ ਬਿੰਦ੍ਰਮ 06+ਨਿਰਾਜ 03+ਮਧੁਭਾਰ 04+ਬਿਰਧ ਨਿਰਾਜ 01=34)

(6) ਅਧਿਆਇ ਛੇਵਾਂ  : ਕੁਲ ਛੰਦ =63

    : (ਭੁਜੰਗ ਪ੍ਰਯਾਤ 13+ਦੋਹਰਾ 04+ਨਰਾਜ਼ 03+ਸੰਗੀਤ ਮਧੁਭਾਰ 07+ਸੰਗੀਤ ਨਰਾਜ 01+ਰਸਾਵਲ 20+ਚੌਪਈ 07+ਮਧੁਭਾਰ 04      +ਬੇਲੀ ਬਿਦ੍ਰਮ 04=63)


ਨੋਟ : ਇਸ ਅਧਿਆਇ ਵਿਚ ਅੰਕ 176 ਤੋਂ 187 ਤਕ ਵਰਤੇ 12 ਰਸਾਵਲ ਛੰਦ ਪੁਰਾਣੀਆਂ ਸੈਂਚੀਆਂ ਵਿਚ ਬਿਰਾਜ ਛੰਦ ਸਿਰਲੇਖ ਅਧੀਨ ਆਇਆ ਹੈ ਜੋ ਵਿਜੋਹਾ ਤੇ ਵਿਔਹਾ ਭੀ ਸਦਿਆ ਜਾਂਦਾ ਹੈ।


(7) ਅਧਿਆਇ ਸੱਤਵਾਂ : ਕੁਲ ਛੰਦ =37

     (ਬੇਲੀ ਬਿਦ੍ਰਮ 01+ਚੌਪਈ 02+ਭੁਜੰਗ ਪ੍ਰਯਾਤ 34=37)

(8) ਅਧਿਆਇ ਅਠਵਾਂ : ਕੁਲ ਛੰਦ =06

      (ਭੁਜੰਗ ਪ੍ਰਯਾਤ 05+ਦੋਹਰਾ 01=06)


(ਕ) ਚੰਡੀ ਦੀ ਵਾਰ

 ਦਸਮ ਗ੍ਰੰਥ ਵਿਚ ਇਸ ਰਚਨਾ ਦਾ ਸਿਰਲੇਖ 'ਅਬ ਵਾਰ ਦੁਰਗਾ ਦੀ ਲਿਖਯਤੇ' ਹੈ। ਇਹ ਰਚਨਾ ਪਉੜੀਆਂ ਵਿਚ ਹੈ ਜਿਨ੍ਹਾਂ ਦੀ ਕੁਲ ਗਿਣਤੀ 55 ਹੈ। ਪਟਨੇ ਵਾਲੀ ਬੀੜ ਵਿਚ ਇਸ ਦੇ 6 ਅਧਿਆਇ ਬਣਾਏ ਗਏ ਹਨ। ਇਨ੍ਹਾਂ ਪਉੜੀਆਂ ਵਿਚ ਨਿਸ਼ਾਨੀ ਤੇ ਸਿਰਕੰਡੀ ਛੰਦ ਵਰਤੇ ਗਏ ਹਨ। ਰਚਨਾ ਵਿਚ ਕੁਲ 54 ਪਉੜੀਆਂ+1 ਦੋਹਰਾ ਆਉਂਦਾ ਹੈ।


(ਖ) ਗਿਆਨ ਪ੍ਰਬੋਧ

 ਇਸ ਰਚਨਾ ਦੇ ਕੁਲ 336 ਛੰਦ ਹਨ। ਇਹ ਇਕ ਵੱਖਰੀ ਪੋਥੀ ਦੇ ਰੂਪ ਵਿਚ ਸੁਤੰਤਰ ਰਚਨਾ ਹੈ ਕਿਉਂਕਿ ਦੂਜੇ ਜੱਗ ਦੀ ਸਮਾਪਤੀ ਉਪਰੰਤ (156ਵੇਂ ਛੰਦ ਤੋਂ ਬਾਅਦ) ਇਸ ਪ੍ਰਕਾਰ ਪੁਸ਼ਪਿਕਾ ਲਿਖੀ ਹੈ:


  'ਸ੍ਰੀ ਗਿਆਨ ਪ੍ਰਬੋਧ ਪੋਥੀ ਦੁਤੀਆ ਜਗ ਸਮਾਪਤੰ'।

 ਇਸ ਦੇ ਅੰਤ ਤੇ ਸਮਾਪਤੀ ਸੂਚਕ ਕੋਈ ਪੁਸ਼ਪਿਕਾ ਨਹੀਂ ਦਿੱਤੀ ਹੋਈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਰਚਨਾ ਸੰਪੂਰਨ ਨਹੀਂ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਕਾਸ਼ਤ ਦਸਮ ਗ੍ਰੰਥ ਦੇ ਸ਼ਬਦਾਰਥ ਵਿਚ ਇਸ ਰਚਨਾ ਨੂੰ ਚਉਬੀਸ ਅਵਤਾਰ ਤੇ ਸ਼ਸਤ੍ਰਨਾਮਮਾਲਾ ਤੋਂ ਬਾਅਦ ਲਿਆ ਗਿਆ ਹੈ। ਅਸਲ ਵਿਚ ਚਉਬੀਸ ਅਵਤਾਰ ਬਿਚਿਤ੍ਰ ਨਾਟਕ ਦਾ ਭਾਗ ਹਨ ਤੇ ਇਹ ਰਚਨਾ ਸੁਤੰਤਰ ਹੈ। ਵਿਸ਼ੈ ਦੇ ਅਧਾਰ ਤੇ ਇਸ ਦੇ ਦੋ ਭਾਗ ਬਣਦੇ ਹਨ, ਇਕ ਦਾ ਅੰਤ 125 ਛੰਦਾ ਉਪਰ ਹੁੰਦਾ ਹੈ ਤੇ ਦੂਜਾ ਭਾਗ ਪਾਧੜੀ ਛੰਦ ਨਾਲ ਸ਼ੁਰੂ ਹੁੰਦਾ ਹੈ। ਇਸ ਰਚਨਾ ਵਿਚ ਕੁਲ 16 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਦੇ ਨਾਮ ਇਸ ਪ੍ਰਕਾਰ ਹਨ:


 ਤ੍ਰਿਭੰਗੀ, ਨਰਾਜ, ਕਲਸ, ਛਪੈ, ਕਬਿਤ, ਬਹਿਰਤਵੀਲ, ਅਰਧ ਨਰਾਜ, ਬ੍ਰਿਧ ਨਰਾਜ, ਰਸਾਵਲ, ਪਾਧੜੀ, ਰੂਆਲ, ਭੁਜੰਗ ਪ੍ਰਯਾਤ, ਚੌਪਈ, ਦੋਹਰਾ, ਤੋਟਕ ਤੇ ਤੋਮਰ ਆਦਿ।


(ਗ) ਚਉਬੀਸ ਅਵਤਾਰ : ਕੁਲ ਛੰਦ =3871

 ਚਉਬੀਸ ਅਵਤਾਰ 'ਦਸਮ ਗ੍ਰੰਥ' ਦੀ ਮਹੱਤਵ ਪੂਰਨ ਤੇ ਵੱਡ-ਆਕਾਰੀ ਰਚਨਾ ਹੈ। ਇਸ ਵਿਚ ਵਿਸ਼ਨੂੰ ਦੇ 24 ਅਵਤਾਰਾਂ ਦੀਆਂ ਚਰਿਤ੍ਰ ਕਥਾਵਾਂ ਹਨ। ਇਸੇ ਕਰਕੇ ਇਹ ਬਿਚਿਤ੍ਰ ਨਾਟਕ ਦਾ ਭਾਗ ਹਨ। ਇਸ ਰਚਨਾ ਦਾ ਛੰਦ-ਬਿਓਰਾ ਇਸ ਪ੍ਰਕਾਰ ਹੈ:


(1) ਰਚਨਾ ਦਾ ਅਰੰਭ  : ਕੁਲ ਛੰਦ = 38

        ਇਸ ਵਿਚ ਅਵਤਾਰਾਂ ਦੇ ਕਥਾ ਪ੍ਰਸੰਗ ਤੋਂ ਪਹਿਲਾਂ ਪਰਮਾਤਮਾ ਪ੍ਰਤੀ ਗੁਰੂ ਸਾਹਿਬ ਦੀ ਧਾਰਨਾ ਸਪਸ਼ਟ ਹੋਈ ਹੈ। ਇਹ ਸਾਰੇ 38 ਛੰਦ       ਚੌਪਈ ਰੂਪ ਵਿਚ ਹਨ।

(2) ਮੱਛ ਅਵਤਾਰ  : ਕੁਲ ਛੰਦ = 16

      (ਚੌਪਈ 02+ਭੁਜੰਗ ਪ੍ਰਯਾਤ 10+ਰਸਾਵਲ 03+ਤ੍ਰਿਭੰਗੀ 01 =16)

(3) ਕੱਛ ਅਵਤਾਰ  : ਕੁਲ ਛੰਦ = 5

       (ਸਾਰੇ ਦੇ ਸਾਰੇ ਭੁਜੰਗ ਪ੍ਰਯਾਤ ਛੰਦ ਹਨ)

(4) ਨਰ ਨਾਰਾਇਣ ਅਵਤਾਰ : ਕੁਲ ਛੰਦ =20 (ਨਰ ਤੇ ਨਰਾਇਣ ਦੇ ਅਵਤਾਰ ਹਨ)

      (ਤੋਟਕ 10+ਦੋਹਰਾ 01+ਚੌਪਈ 02+ ਭੁਜੰਗ ਪ੍ਰਯਾਤ 07=20)

(5) ਮਹਾਮੋਹਨੀ ਅਵਤਾਰ : ਕੁਲ ਛੰਦ =08

      (ਭੁਜੰਗ ਪ੍ਰਯਾਤ 05+ਚੌਪਈ 01+ਦੋਹਰਾ 02= 08)

(6) ਬੈਰਾਹ ਅਵਤਾਰ  : ਕੁਲ ਛੰਦ =14

      (ਸਾਰੇ ਦੇ ਸਾਰੇ ਭੁਜੰਗ ਪ੍ਰਯਾਤ ਛੰਦ ਹਨ)

(7) ਨਰ ਸਿੰਘ ਅਵਤਾਰ : ਕੁਲ ਛੰਦ =42

      (ਪਾਧੜੀ 07+ਤੋਟਕ 15+ਬੋਲੀ ਬਿੰਦ੍ਰਮ 02+ਤੋਮਰ 02+ਦੋਧਕ 05+05+ਭੁਜੰਗ ਪ੍ਰਯਾਤ 04+ਦੋਹਰਾ 01+ਭੁਜੰਗ 02=42)

(8) ਬਾਵਨ ਅਵਤਾਰ  : ਕੁਲ ਛੰਦ =27 ਇਸ ਨੂਮ ਵਾਮਨ ਅਵਤਾਰ ਵੀ ਆਖਦੇ ਹਨ।

      (ਭੁਜੰਗ ਪ੍ਰਯਾਤ ਛੰਦ 03+ ਨਰਾਜ 04+ਚੌਪਈ 15+ਦੋਹਰਾ 02+ਤੋਮਰ 03)

(9) ਪਰਸ ਰਾਮ ਅਵਤਾਰ : ਕੁਲ ਛੰਦ =35

      (ਚੌਪਈ 05+ਭੁਜੰਗ ਪ੍ਰਯਾਤ 07+ਨਰਾਜ 02+ਰਸਾਵਲ 13+ਭੁਜੰਗ ਛੰਦ 08)

(10) ਬ੍ਰਹਮਾ ਅਵਤਾਰ  : ਕੁਲ ਛੰਦ =7

      (6 ਚੌਪਈ +1 ਦੋਹਰਾ)

(11) ਰੁਦ੍ਰਾਵਤਾਰ ਅਵਤਾਰ : ਕੁਲ ਛੰਦ = 07

      (ਤੋਟਕ 19+ਪਾਧੜੀ 02+ਰੁਆਲਮ 04+ਨਰਾਜ 06+ਰਸਾਵਲ 10+ਚੌਪਈ 43+ਅੜਿੱਲ 02+ਦੋਹਰਾ 02+ਬ੍ਰਿਧ ਨਰਾਜ 04      +ਭੁਜੰਗ ਪ੍ਰਯਾਤ 03)

(12) ਜਲੰਧਰ ਅਵਤਾਰ  : ਕੁਲ ਛੰਦ =28

      (ਚੌਪਈ 12+ਦੋਹਰਾ 07+ਤੋਟਕ 06+ਭੁਜੰਗ ਪ੍ਰਯਾਤ 03)

(13) ਬਿਸਨ ਅਵਤਾਰ  : ਕੁਲ ਛੰਦ =05

      (ਚੌਪਈ 04+ਦੋਹਰਾ 1)

(14) ਮਧੁ ਕੈਟਭ ਦੇ ਸੰਗਾਰਕ ਰੂਪ ਅਵਤਾਰ: ਕੁਲ ਛੰਦ =07

      (ਚੌਪਈ 03+ਚੌਪਈ 04)

(15) ਅਰਹੰਤ ਦੇਵ ਅਵਤਾਰ : ਕੁਲ ਛੰਦ =20

      (17 ਚੌਪਈ+03 ਦੋਹਰੇ)

(16) ਮਨੁ ਰਾਜਾ ਅਵਤਾਰ : ਕੁਲ ਛੰਦ =08

      (7 ਚੌਪਈ+01 ਦੋਹਰੇ)

(17) ਧਨੰਤਰ ਬੈਦ ਅਵਤਾਰ : ਕੁਲ ਛੰਦ = 06

      (4 ਚੌਪਈ+01 ਦੋਹਾਰੇ)

(18) ਸੂਰਜ ਅਵਤਾਰ  : ਕੁਲ ਛੰਦ = 27

      (ਚੌਪਈ 03+ਨਰਾਜ 05+ਅਰਧ ਨਰਾਜ 03+ਦੋਹਰਾ 02+ਅੜਿੱਲ 02+ਅਨੁਭਵ 01+ਮਧੁਰ ਧੁਨੀ 07+ਬੋਲੀ ਬਿੰਦ੍ਰਮ 02      +ਤੋਟਕ 02)

(19) ਚੰਦ ਅਵਤਾਰ  : ਕੁਲ ਛੰਦ =15

      (ਦੋਧਕ 04+ਤੋਮਰ 07+ਚੌਪਈ 04)

(20) ਰਾਮ ਅਵਤਾਰ  : ਕੁਲ ਛੰਦ =864

  &    ਕੁਲ 25 ਭਾਗ ਹਨ। ਇਸ ਰਚਨਾ ਵਿਚ ਕਲਸ਼, ਉਲਾਸ, ਕ੍ਰੀੜਾ, ਮੀਤ, ਮਾਲਤੀ, ਚਾਚਰੀ, ਚੌਬੋਲਾ, ਤਿਲਕੜਿਆ, ਰਸਾਵਲ, ਸਸਿ,       ਸੁਖਦਾ, ਸੁਧਿ, ਦੋਹਰਾ, ਅਲਕਾ, ਅਗਾਧ, ਉਟੰਕਣ, ਅਰਧ, ਭੁਜੰਗੀ, ਅਰਧ, ਨਰਾਜ, ਅਰੂਪ, ਅਮ੍ਰਿਤਗੀਤ, ਅਨੂਪ ਨਰਾਜ,        ਅਨਕਾ, ਅਜਬਾ, ਚੌਪਈ, ਤੋਟਕ, ਪਾਧੜੀ, ਰੂਆਮਲ, ਸੁੰਦਰੀ, ਭੁਜੰਗ, ਪ੍ਰਯਾਤ, ਮਧੁਰ ਧੁਨਿ, ਸਵੈਯਾ, ਚਰਪਟ ਛੀਗਾ, ਕਬਿੱਤ,       ਦੋਧਕ, ਸ਼ਮਾਨਕਾ, ਸਾਰਸੁਤੀ, ਨਗ ਸਰੂਪੀ, ਨਗ ਸਰੂਪੀ ਅਰਧ ਛੰਦ, ਉਮਾਧ, ਉਮਾਥਾ, ਦੋਹਰਾ, ਸੋਰਠਾ, ਮਨੋਹਰ, ਬਿਜੈ,        ਅਪੂਰਬ, ਕੁਸਮ ਬਚਿਤ੍ਰ, ਕੰਠ ਅਭੂਖਨ, ਝੂਲਾ, ਝੂਲਨਾ, ਤਾਰਕਾ, ਸੰਗੀਤ ਛਪੈ ਛੰਦ, ਬਿਰਾਜ ਛੰਦ, ਨਵ ਨਾਮਕ ਛੰਦ, ਸਿਰਖੰਡੀ,       ਪਾਧੜੀ, ਸੰਗੀਤ, ਪਧਿਸਟਕਾ ਛੰਦ, ਹੋਹਾ ਛੰਦ, ਤ੍ਰਿਣ ਣਿਣ ਛੰਦ, ਤ੍ਰਿਮਤਾ ਛੰਦ, ਅਨਾਦ ਛੰਦ, ਬਹੜਾ ਛੰਦ, ਸੰਮੀਤ ਬਹੜਾ, ਅਨੰਤ       ਤੁਕਾ ਸਵੈਯਾ, ਅਕਲਾ ਛੰਦ, ਮਕਰਾ ਛੰਦ, ਅਣਕਾ ਛੰਦ, ਅੜੂਹਾ ਛੰਦ। ਇਵੇਂ ਕੁਲ ਮਿਲਾਕੇ 67 ਪ੍ਰਕਾਰ ਦੇ ਛੰਦਾਂ ਦੀ ਇਸ ਰਚਨਾ       ਵਿਚ ਵਰਤੋਂ ਹੋਈ ਹੈ।

(21) ਕ੍ਰਿਸ਼ਨਾਵਤਾਰ  : ਕੁਲ ਛੰਦ =2492

      ਭਾਈ ਮਨੀ ਸਿੰਘ ਵਾਲੀ ਬੀੜ ਵਿਚ 43 ਛੰਧ ਵੱਧ ਹਨ। ਸੰਗਰੂਰ ਵਾਲੀ ਬੀੜ ਵਿਚ 2559 ਛੰਦ ਤੇ ਪਟਨੇ ਵਾਲੀ ਬੀੜ ਵਿਚ 2580       ਛੰਦ ਹਨ।

      ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਰਕਾਸ਼ਤ ਦਸਮ ਗ੍ਰੰਥ ਸ਼ਬਦਾਰਥ ਅਨੁਸਾਰ ਅਸੀਂ ਛੰਦ ਬਿਓਰਾ ਦੇ ਰਹੇ ਹਾ,       ਇਸ ਵਿਚ 2492 ਛੰਦ ਹਨ।

 492 ਪੰਨਿਆਂ ਦੀ ਇਸ ਰਚਨਾ ਵਿਚ ਵਧੇਰੇ ਕਰਕੇ ਦੀਰਘ ਛੰਦ ਵਰਤੇ ਗਏ ਹਨ। ਸਵੈਯਾ ਛੰਦ ਦੀ ਵਰਤੋਂ ਸਭ ਤੋਂ ਵਧੇਰੇ ਹੋਈ ਹੈ। ਇਸ ਤੋਂ ਬਿਨਾਂ ਚੌਪਈ, ਦੋਹਰਾ, ਕਬਿੱਤ, ਅੜਿੱਲ, ਸੋਰਠਾ, ਛੱਪੈ, ਤੋਟਕ, ਬਿਸ਼ਨਪਦ ਛੰਦ ਵਰਤੇ ਗਏ ਹਨ।

(22) ਨਰ ਅਵਤਾਰ  : ਕੁਲ ਛੰਦ =07

      (ਸਾਰੇ ਹੀ ਛੌਪਈ ਛੰਦ ਹਨ। )

(23) ਬਊਧ ਅਵਤਾਰ  : ਕੁਲ ਛੰਦ =03

      (ਦੋ ਚੌਪਈ+ਇਕ ਦੋਹਰਾ)ਇਹ ਅਤਿ ਲਘੂ ਅਵਤਾਰ ਕਥਾ ਹੈ ਜੋ ਬੁੱਧ ਦੀ ਮੂਰਤੀ ਬਾਰੇ ਹੈ।

(24) ਨਿਹਕਲੰਕੀ ਅਵਤਾਰ : ਕੁਲ ਛੰਦ =588

 ਅਕਾਰ ਵਜੋਂ ਇਹ ਰਚਨਾ ਚਉਬੀਸ ਅਵਤਾਰ ਵਿਚ ਤੀਜੇ ਨੰਬਰ ਤੇ ਆਉਂਦੀ ਹੈ। ਸਭ ਤੋਂ ਵੱਡੀ ਰਚਨਾ ਕ੍ਰਿਸ਼ਨਾਵਤਾਰ ਹੈ। ਦੂਜੇ ਨੰਬਰ ਤੇ ਰਾਮਾਵਤਾਰ ਹੈ। ਇਸ ਰਚਨਾ ਦੇ ਚਾਰ ਅਧਿਆਇ ਹਨ। ਛੰਦ ਬਿਓਰਾ ਇਸ ਪ੍ਰਕਾਰ ਹੈ:

   (1) ਅਧਿਆਇ ਪਹਿਲਾ = 454 ਛੰਦ

   (2) ਅਧਿਆਇ ਦੂਜਾ = 52 ਛੰਦ

   (3) ਅਧਿਆਇ ਤੀਜਾ = 04 ਛੰਦ

   (4) ਅਧਿਆਇ ਚੌਥਾ =78 ਛੰਦ

      -------

    ਕੁਲ ਜੋੜ       588 ਛੰਦ

      -------

 ਕੁਲ ਮਿਲਾ ਕੇ 60 ਕਿਸਮ ਦੇ ਛੰਦ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ ਪ੍ਰਮੁੱਖ ਇਸ ਪ੍ਰਕਾਰ ਹਨ:

 'ਚੌਪਈ, ਮਾਲਤੀ, ਬ੍ਰਿਧ ਨਰਾਜ, ਕੁਮਾਰ, ਲਲਿਤ, ਨਵਪਦੀ, ਅੜਿਲ, ਕੁਲਕ, ਕਿਲਕਾ, ਮਧੁਭਾਰ, ਹਰਿਗੀਤਕਾ, ਤ੍ਰਿਭੰਗੀ, ਹੀਰ, ਸੋਰਠਾ, ਦੋਹਰਾ, ਕੁੰਤਲੀਆ,ਪਾਧਰੀ, ਸਿਰਖੰਡੀ, ਅਨੂਪ, ਅਕਵਾ, ਚਾਚਰੀ, ਰਸਾਵਲ, ਤੋਮਰ, ਸਵੈਯਾ, ਸੁਪ੍ਰਿਯਾ, ਤ੍ਰਿੜਕਾ, ਅਨਹਦ, ਸੁਖਦਾ ਆਦਿ।


(ਘ) ਬ੍ਰਹਮਾ ਅਵਤਾਰ

 ਚਉਬੀਸ ਅਵਤਾਰ ਵਿਸ਼ਨੂੰ ਦੇ ਹਨ। ਬ੍ਰਹਮਾ ਦੇ ਸੱਤ ਅਵਤਾਰ ਹਨ। ਦਸਮ ਗ੍ਰੰਥ ਵਿਚ ਚਉਬੀਸ ਅਵਤਾਰ ਤੋਂ ਬਾਅਦ ਇਹ ਰਚਨਾ ਆਉਂਦੀ ਹੈ ਤੇ ਇਸ ਤੋਂ ਬਾਅਦ ਰੁਦ੍ਰ ਦੇ ਦੋ ਅਵਤਾਰਾਂ ਦਾ ਚਰਿਤ੍ਰ ਹੈ। ਇਹ ਸਭ ਰਚਨਾਵਾਂ ਬਿਚਿਤ੍ਰ ਨਾਟਕ ਦਾ ਭਾਗ ਹਨ।

 ਇਸ ਰਚਨਾ ਦਾ ਕੁਲ 306 ਛੰਦ ਹਨ ਜਿਨ੍ਹਾਂ ਦਾ ਬਿਓਰਾ ਇਸ ਪ੍ਰਕਾਰ ਹੈ:

(1) ਬਾਲਮੀਕ ਅਵਤਾਰ  : ਕੁਲ ਛੰਦ = 6

      (ਸਾਰੇ ਨਰਾਜ ਛੰਦ ਹਨ)

(2) ਕਸਪ ਅਵਤਾਰ  : ਕੁਲ ਛੰਦ = 3

      (ਸਾਰੇ ਤੋਮਰ ਛੰਦ ਹਨ)

(3) ਸੁਕ੍ਰ (ਸ਼ੁਕ੍ਰ) ਅਵਤਾਰ : ਕੁਲ ਛੰਦ = 2

      (ਸਾਰੇ ਪਾਧੜੀ ਛੰਦ ਹਨ)

(4) ਬਾਚੇਸ (ਬ੍ਰਹਸਪਤਿ) : ਕੁਲ ਛੰਦ = 2

     ਅਵਤਾਰ     (ਸਾਰੇ ਪਾਧੜੀ ਛੰਦ ਹਨ)

(5) ਬਿਆਸ ਅਵਤਾਰ  : ਕੁਲ ਛੰਦ = 285

      ਇਸ ਵਿਚ ਤੋਮਰ, ਨਰਾਜ, ਪਾਧੜੀ, ਹਰਿਬੋਲਮਨਾ, ਤੋਟਕ, ਰੂਆਲ, ਮਧੁਭਾਰ, ਦੋਧਕ, ਮੋਹਨੀ, ਭੁਜੰਗ ਪ੍ਰਯਾਤ, ਸਵੈਯਾ, ਦੋਹਰਾ,       ਕਬਿੱਤ ਆਦਿ ਦੀ ਵਰਤੋਂ ਹੋਈ ਹੈ।

(6) ਸਾਸਤ੍ਰੋਧਾਰਕ ਅਵਤਾਰ : ਕੁਲ ਛੰਦ = 4

      (ਸਾਰੇ ਤੋਟਕ ਛੰਦ ਹਨ)

(7) ਕਾਲੀਦਾਸ ਅਵਤਾਰ : ਕੁਲ ਛੰਦ =4

      (ਸਾਰੇ ਤੋਮਰ ਛੰਦ ਹਨ)

      ਕੁਲ ਮਿਲਾ ਕੇ ਇਸ ਰਚਨਾ ਵਿਚ 20 ਛੰਦਾਂ ਦੀ ਵਰਤੋਂ ਹੋਈ ਹੈ।

(ਙ) ਰੁਦ੍ਰ ਅਵਤਾਰ   : ਕੁਲ ਛੰਦ =856

      ਇਸ ਰਚਨਾ ਵਿਚ ਦੋ ਅਵਤਾਰਾਂ ਦਤਾਤ੍ਰੇਯ ਤੇ ਪਾਰਸਨਾਥ ਦਾ ਵਰਣਨ ਹੈ ਇਹ ਦੋਵੇਂ ਰੁਦ੍ਰ ਦੇ ਅਵਤਾਰ ਹਨ। ਛੰਦ-ਬਿਓਰਾ ਇਸ

      ਪ੍ਰਕਾਰ ਹੈ:

 (1) ਦਤਾਤ੍ਰੇਯ  : ਕੁਲ ਛੰਦ = 498

      ਪ੍ਰਸਤਾਵਨਾ =06 ਛੰਦ

      ਵਰਨਣ =492

      ਇਸ ਰਚਨਾ ਵਿਚ ਤੋਮਰ, ਪਾਧੜੀ, ਚੌਪਈ, ਰਸਾਵਲ, ਤੋਟਕ, ਵਿਚਿਤ੍ਰ, ਭੁਜੰਗ ਪ੍ਰਯਾਤ, ਮੋਹਨ, ਅਨੂਪ, ਨਰਾਜ, ਕੁਲਕ, ਤਰਕ,       ਦੋਹਰਾ, ਮੋਹਿਨੀ, ਰੁਨਝੁਨ, ਰੁਆਲ, ਸਵੈਯਾ, ਭਗਵਤੀ, ਮਧੁਭਾਰ, ਚਰਪਟ ਆਦਿ ਛੰਦਾਂ ਦੀ ਵਰਤੋਂ ਹੋਈ ਹੈ। 


 (2) ਪਾਰਸਨਾਥ : ਕੁਲ ਛੰਦ = 358

      ਇਸ ਵਿਚ ਕੁਲ ਮਿਲਾ ਕੇ 16 ਪ੍ਰਕਾਰ ਦੇ ਛੰਦਾਂ ਦੀ ਵਰਤੋਂ ਹੋਈ ਹੈ, ਜਿਨ੍ਹਾਂ ਵਿਚੋਂ ਅਖਰ, ਸਵੈਯਾ, ਭਗਵਤੀ, ਨਰਾਜ, ਭੁਜੰਗ        ਪ੍ਰਯਾਤ, ਮੋਹਿਨੀ, ਰਸਾਵਲ, ਰੂਆਮਲ, ਰੂਆਲ ਤੇ ਬਿਸ਼ਨਪਦ ਆਦਿ ਪ੍ਰਮੁੱਖ ਹਨ।

(ਚ) ਸ਼ਸਤ੍ਰ ਨਾਮ ਮਾਲਾ : ਇਸ ਰਚਨਾ ਦੇ ਕੁਲ ਛੰਦ 1318 ਹਨ। ਇਹ ਰਚਨਾ ਪੰਜ ਅਧਿਆਇ ਵਿਚ ਵੰਡੀ ਗਈ ਹੈ। ਛੰਦ-ਬਿਓਰਾ ਇਸ ਪ੍ਰਕਾਰ ਹੈ:

(1) ਅਧਿਆਇ ਪਹਿਲਾ : ਕੁਲ ਛੰਦ =27 (30 ਸ਼ਸਤ੍ਰਾਂ ਦੇ ਨਾਂ ਗਿਣੇ ਗਏ ਹਨ)

(2) ਅਧਿਆਇ ਦੂਜਾ  : ਕੁਲ ਛੰਦ =47 (ਚਕ੍ਰ, ਤਲਵਾਰ, ਜਮਦਾੜ੍ਹ, ਸੈਹਬੀ, ਬਰਛੀ ਦਾ ਵਰਣਨ)

(3) ਅਧਿਆਇ ਤੀਜਾ  : ਕੁਲ ਛੰਦ =178 (ਤੀਰ ਦੇ ਨਾਵਾਂ ਦਾ ਵਰਣਨ)

(4) ਅਧਿਆਇ ਚੌਥਾ  : ਕੁਲ ਛੰਦ =208 (ਪਾਸ ਦੇ ਨਾਵਾਂ ਦਾ ਵਰਣਨ)

(5) ਅਧਿਆਇ ਪੰਜਵਾ  : ਕੁਲ ਛੰਦ =858 (ਬੰਦੂਕ ਦੇ ਨਾਵਾਂ ਦਾ ਵਰਣਨ)

      ਕੁਲ ਮਿਲਾ ਕੇ 7 ਕਿਸਮ ਦੇ ਛੰਦਾਂ ਦੀ ਵਰਤੋਂ ਹੋਈ ਹੈ। ਦੋਹਰਾ, ਅੜਿੱਲ, ਚੌਪਈ, ਸੋਰਠਾ, ਰੁਆਮਲ ਪ੍ਰਮੁੱਖ ਹਨ। ਦੋਹਰੇ ਤੇ ਚੌਪਈ

      ਦੀ ਪ੍ਰਧਾਨਤਾ ਹੈ।


(ਛ) ਚਰਿਤ੍ਰੋਪਾਖਿਆਨ : ਕੁਲ ਛੰਦ =7555

 ਭਾਵੇਂ ਇਸ ਰਚਨਾ ਤੇ ਕਈ ਸ਼ੰਕੇ ਪ੍ਰਗਟ ਕੀਤੇ ਗਏ ਹਨ ਪਰ 'ਕਬਿਓ ਬਾਚ ਬੇਨਤੀ ਚੌਪਈ ' ਇਸ ਰਚਨਾ ਦਾ ਹਿੱਸਾ ਹੈ। ਇਹ ਇਕ ਲੰਮੇਰੀ ਰਚਨਾ ਹੈ ਜਿਸ ਦੇ 580 ਪੰਨੇ ਹਨ। ਇਸ ਵਿਚ 16 ਪ੍ਰਕਾਰ ਵਿਚ ਦੇ ਛੰਦ ਵਰਤੇ ਗਏ ਹਨ। ਜਿਵੇਂ ਚੌਪਈ, ਦੋਹਰਾ, ਅੜਿੱਲ, ਭੁਜੰਗ ਪ੍ਰਯਾਤ, ਕਬਿੱਤ, ਸੋਰਠਾ, ਛਪੈ, ਰੁਆਲ, ਤੋਮਰ, ਰੂਆਮਲ, ਭੁਜੰਗ, ਨਰਾਜ, ਵਿਜੈ, ਤੋਟਕ ਆਦਿ। ਚਉਪਈ ਛੰਦ ਦੀ ਵਰਤੋਂ ਸਭ ਤੋਂ ਵਧੇਰੇ ਲਗਭਗ 4500 ਵਾਰ ਹੋਈ ਹੈ। ਇਸ ਤੋਂ ਬਾਅਦ ਦੋਹਰੇ ਤੇ ਅੜਿੱਲ ਛੰਦ ਦੀ ਵਰਤੋਂ ਹੋਈ ਹੈ। ਛੰਦ ਪਰਿਵਰਤਨ ਬਹੁਤ ਘੱਟ ਹੈ। ਵੱਡੇ ਤੋਂ ਵੱਡੇ ਚਰਿਤ੍ਰ ਪ੍ਰਸੰਗ ਵਿਚ 8 ਤੋਂ ਜ਼ਿਆਦਾ ਕਿਸਮ ਦੇ ਛੰਦ ਨਹੀਂ ਵਰਤੇ ਗਏ।


(ਜ) ਜ਼ਫਰਨਾਮਾ

 ਇਹ ਔਰੰਗਜੇਬ ਬਾਦਸ਼ਾਹ ਨੂੰ ਲਿਖਿਆ ਪੱਤਰ ਹੈ। ਇਸ ਦੇ ਕੁਲ 111 ਛੰਦ ਹਨ ਜੋ ਸ਼ੇਅਰ ਰੂਪ ਹਨ ਇਸ ਦੀ ਬਣਤਰ ਮਸਨਵੀ ਵਾਲੀ ਹੈ। ਇਸ ਦੇ ਦੋ ਭਾਗ ਹਨ:

  ਪਹਿਲਾ ਹਿੱਸਾ- ਮੰਗਲਾਚਰਣ =12 ਛੰਦ

  ਦੂਜਾ ਹਿੱਸਾ- ਦਾਸਤਾਨ = 99 ਛੰਦ

 ਕੁਝ ਵਿਦਵਾਨਾਂ ਨੇ ਹਕਾਇਤ ਨੰ: 7 ਵਿਚ ਅੰਕਿਤ 4 ਸ਼ੇਅਰਾਂ ਨੂੰ ਮਿਲਾ ਕੇ ਇਨ੍ਹਾਂ ਦੀ ਗਿਣਤੀ 115 ਦਿੱਤੀ ਹੈ।


(ਝ) ਹਿਕਾਯਤਾਂ

 ਹਿਕਾਯਤਾਂ ਦੀ ਕੁਲ ਗਿਣਤੀ 11 ਹੈ। ਤੇ ਕੁਲ ਛੰਦ 752 ਬੈਂਤ ਹਨ, ਇਸ ਦਾ ਛੰਦ ਬਿਓਰਾ ਇਸ ਪ੍ਰਕਾਰ ਹੈ:

ਪਹਿਲਾ ਹਿਕਾਯਤ =65 ਬੈਂਤ ਛੰਦ (ਰਾਜਾ ਦਲੀਪ ਦੀ ਕਹਾਣੀ)

ਦੂਜੀ ਹਿਕਾਯਤ = 57 ਬੈਂਤ ਛੰਦ (ਚੀਨ ਦੇ ਇਕ ਰਾਜੇ ਦੀ ਕਥਾ)

ਤੀਜੀ ਹਿਕਾਯਤ = 139 ਬੈਂਤ ਛੰਦ (ਰਾਜਕੁਮਾਰੀ ਬਛਤ੍ਰਾਮਤੀ ਦਾ ਪ੍ਰਸੰਗ)

ਚੌਥੀ ਹਿਕਾਯਤ = 51 ਬੈਂਤ ਛੰਦ (ਕਾਜੀ ਦੀ ਅਨੂਪਮ ਪਤਨੀ ਦੀ ਕਹਾਣੀ)

ਪੰਜਵੀ ਹਿਕਾਯਤ =40 ਬੈਂਤ ਛੰਦ (ਉਤਰੀ ਦਿਸ਼ਾ ਦੇ ਦੋ ਬਾਦਸ਼ਾਹਾਂ ਦਾ ਜ਼ਿਕਰ ਜੋ ਇਕੱਠੇ ਸ਼ਿਕਾਰ ਤੇ ਗਏ ਸਨ)

ਛੇਵੀਂ ਹਿਕਾਯਤ = 49 ਬੈਂਤ ਛੰਦ (ਉਸ ਰਾਜਕੁਮਾਰੀ ਦਾ ਪ੍ਰਸੰਗ ਜੋ ਆਪਣੇ ਨਜ਼ਾਇਜ ਪੁੱਤਰ ਨੂੰ ਸੰਦੂਕ ਵਿਚ ਪਾ ਕੇ ਦਰਿਆ ਵਿਚ ਰੋੜ੍ਹ ਦਿੰਦੀ ਹੈ)

ਸੱਤਵੀਂ ਹਿਕਾਯਤ = 47 ਬੈਂਤ ਛੰਦ (ਬਾਦਸ਼ਾਹ ਦੀ ਸੁੰਦਰ ਪਤਨੀ ਦਾ ਪ੍ਰਸੰਗ)

ਅੱਠਵੀ ਹਿਕਾਯਤ = 44 ਬੈਂਤ ਛੰਦ (ਇਕ ਰਾਣੀ ਕਿਸੇ ਜੌਹਰੀ ਦੇ ਪੁੱਤਰ ਤੇ ਮੋਹਿਤ ਹੋ ਜਾਂਦੀ ਹੈ, ਉਸ ਦਾ ਪ੍ਰਸੰਗ ਹੈ)

ਨੌਵੀਂ ਹਿਕਾਯਤ = 179 ਬੈਂਤ ਛੰਦ (ਇਕ ਬਾਦਸ਼ਾਹ ਦੇ ਪੁੱਤਰ ਤੇ ਮੰਤਰੀ ਦੀ ਪੁੱਤਰੀ ਦਾ ਕਥਾ)

ਦਸਵੀਂ ਹਿਕਾਯਤ =60 ਬੈਂਤ ਛੰਦ (ਕਾਲਿੰਜਰ ਦੇ ਰਾਜਕੁਮਾਰ ਅਤੇ ਇਕ ਸਾਹੂਕਾਰ ਦੀ ਪੁੱਤਰੀ ਦੇ ਪ੍ਰੇਮ ਦਾ ਪ੍ਰਸੰਗ)

ਗਿਆਰਵੀਂ ਹਿਕਾਯਤ =21 ਬੈਂਤ ਛੰਦ (ਅਫਗਾਨ ਰਹੀੰਮ ਖਾਨ ਦੀ ਪਤਨੀ ਦਾ ਹਸਨਖਾਨ ਨਾਂ ਦੇ ਅਫਗਾਨ ਤੇ ਮੁਗਧ ਹੋਣਾ)


(ਵ) ਫੁਟਕਲ ਰਚਨਾਵਾਂ

 ਇਸ ਵਿਚ ਸ਼ਬਦ ਹਜ਼ਾਰੇ, ਸਵੈਯੇ ਤੇ ਖਾਲਸਾ ਮਹਿਮਾ ਰਚੱਨਾਵਾਂ ਆਉਂਦੀਆਂ ਹਨ। ਇਨ੍ਹਾਂ ਦਾ ਛੰਦ-ਬਿਓਰਾ ਇਸ ਪ੍ਰਕਾਰ ਹੈ

(1) ਸ਼ਬਦ ਹਜ਼ਾਰੇ: ਕੁਲ 9 ਸ਼ਬਦ ਹਨ ਜੋ ਰਾਮਕਲੀ, ਸੋਰਠ, ਕਲਿਆਣ, ਤਿਲੰਗ, ਬਿਲਾਵਲ ਤੇ ਦੇਵ ਗੰਧਾਰੀ ਰਾਗਾਂ ਵਿਚ ਹਨ।

(2) ਸਵੈਯੇ : ਇਨ੍ਹਾਂ ਦੀ ਗਿਣਤੀ 33 ਹੈ। ਕਰਮ ਕਾਂਡ ਛੱਡ ਕੇ ਪ੍ਰੇਮਾ ਭਗਤੀ ਦਾ ਉਪਦੇਸ਼ ਦਿਤਾ ਹੈ।

(3) ਖਾਲਸਾ ਮਹਿਮਾ: ਇਸ ਦੇ ਕੁਲ 4 ਛੰਦ ਹਨ। ਇਸ ਵਿਚ ਬ੍ਰਾਹਮਣ ਦੀ ਬਜਾਏ ਖਾਲਸੇ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ।

 ਕੁਲ ਮਿਲਾ ਕੇ ਵੇਖਿਆ ਜਾਵੇ ਤਾਂ ਦਸਮ ਗ੍ਰੰਥ ਵਿਚ 16643 ਛੰਦਾਂ ਦੀ ਵਰਤੋਂ ਹੋਈ ਹੈ।


ਛੰਦ ਵਿਧਾਨ

 ਦਸਮ ਗ੍ਰੰਥ ਵਰਤੇ ਗਏ ਛੰਦਾਂ ਦੇ ਵਿਧਾਨ ਨੂੰ ਸਪਸ਼ਟ ਕਰਨ ਲਈ ਅਸੀਂ ਇਨ੍ਹਾਂ ਛੰਦਾਂ ਦੇ ਲੱਛਣ ਉਦਾਹਰਣਾਂ ਸਹਿਤ ਅੰਕਿਤ ਕਰਦੇ ਹਾਂ, ਜੋ ਇਸ ਪ੍ਰਕਾਰ ਹਨ:


(1) ਉਗਾਥਾ

 ਚਾਰ ਚਰਣ, ਪ੍ਰਤੀ ਚਰਣ ਜ, ਤ, ਰ, ਗ, (ੀਸ਼ੀ,ਸ਼ਸ਼ੀ,ਸ਼ੀਸ਼,5) ਆਉਂਦੇ ਹਨ। ਪੰਜ ਪੰਜ ਅੱਖਰਾਂ ਤੇ ਵਿਸ਼ਰਾਮ ਹੁੰਦਾ ਹੈ। ਉਦਾਹਰਣ:

  ਅਜਿੱਤ ਜਿੱਤੇ। ਅਬਾਹ ਬਾਹੇ।

  ਅਖੰਡ ਖੰਡੇ। ਅਦਾਹ ਦਾਹੇ।

  ਅਭੰਡ ਭੰਡੇ। ਅਡੰਗ ਡੰਗੇ।

  ਅਮੁੰਨ ਮੁੰਨੇ। ਅਭੰਗ ਭੰਗੇ॥224॥     (ਰਾਮਾਵਤਾਰ)

(2) ਉਗਾਧ

 ਇਸ ਦਾ ਨਾਮ ਤਿਲਕੜੀਆ ਅਤੇ ਯਸ਼ੋਧਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ ਪ੍ਰਤੀ ਚਰਣ ੀਸ਼ੀ,ਸ਼ਸ਼ ਆਉਂਦੇ ਹਨ। ਉਦਾਹਰਣ:

  ਸਬਾਰਿ ਨੈਣੰ। ਉਦਾਸ ਬੈਣੰ।

  ਕਹਯੋ ਕੁਨਾਰੀ। ਕੁਬ੍ਰਿਤ ਕਾਰੀ॥212॥    (ਰਾਮਾਵਤਾਰ)

(3) ਉਛਲਾ ਜਾਂ ਉਛਾਲ

 ਇਸ ਦਾ ਨਾਮ ਹੰਸਕ ਅਤੇ ਪੰਕਤਿ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ -

  ਗਾਵਤ ਨਾਰੀ। ਬਾਜਤ ਤਾਰੀ।

  ਦੇਖਤ ਰਾਜਾ। ਦੇਵਤ ਸਾਜਾ॥160॥    (ਅਜਰਾਜ)

(4) ਉਟੰਗਣ

 ਚਾਰ ਚਰਣ, ਪ੍ਰਤੀ ਚਰਣ ਸੱਤਜਗਣ ਇਕ ਗੁਰੂ। ਹਰੇਕ ਚਰਣ ਵਿਚ ਪਹਿਲਾ ਵਿਸ਼ਰਾਮ 12 ਤੇ ਦੂਜਾ 10 ਅੱਖਰਾਂ ਤੇ ਹੁੰਦਾ ਹੈ ਉਦਾਹਰਣ:

  ਸੂਰਬੀਰਾ ਸਜੇ ਘੋਰ ਬਾਜੇ ਬਜੇ।

  ਭਾਜ ਕੰਤਾ ਸੁਣੇ ਰਾਮ ਆਏ।

  ਬਾਲਿ ਮਾਰਯੋ ਬਲੀ ਸਿੰਧੁ ਪਾਟਯੋ ਜਿਨੈ,

  ਤਾਹਿ ਸੋਂ ਬੈਰਿ ਕੈਸੇ ਰਚਾਏ॥380॥    (ਰਾਮਾਵਤਾਰ)

(5) ਉਤਭੁਜ

 ਇਸ ਨੂੰ ਅਰਧ ਭੁਜੰਗ, ਸੋਮਰਾਜੀ ਤੇ ਸ਼ੰਖਨਾਰੀ ਭੀ ਆਖਦੇ ਹਨ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ਦੋ ਜਗਣ (ਸ਼ਸ਼ੀ, ੀਸ਼ਸ਼) ਆਉਂਦੇ ਹਨ ਉਦਾਹਰਣ:

  ਹਮਾਸੰ ਕਪਾਲੰ। ਸੁਭਾਸੰ ਛਿਤਾਲੰ।

  ਪ੍ਰਤਾਸੰ ਜੁਆਲੰ। ਅਨਾਸੰ ਕਰਾਲੰ।

(6) ਅਸਤਰ

 ਇਸ ਦਾ ਨਾਮ ਭੁਜੰਗ ਪ੍ਰਯਾਤ ਭੀ ਹੈ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ਚਾਰ ਜਗਣ (ੀਸ਼ਸ਼,ੀਸ਼ਸ਼,ੀਸ਼ਸ਼,ੀਸ਼ਸ਼)ਆਉਂਦੇ ਹਨ। ਉਦਾਹਰਣ:

  ਮਹਾ ਘੋਰ ਕੈ ਕੈ ਘਨੰ ਕੀ ਘਟਾ ਜਿਯੋ।

  ਸੁ ਧਾਇਆ ਰਣੰ ਬਿੱਜੁਲੀ ਕੀ ਛਟਾ ਜਯੋ।

  ਸੁਨੇ ਸਰਬ ਦਾਨੋ ਸੁਮੁਹਿ ਸਿਧਾਏ,

  ਮਹਾ ਕ੍ਰੋਧ ਕੈ ਕੈ ਸੁ ਬਾਜੀ ਨਚਾਯੇ,    (ਮਾਨਸਤਾ)

(7) ਅਸਤਾ-ਅਸਤ੍ਰਾ

 ਇਸ ਦਾ ਨਾਮ ਕਿਲਕਾ, ਤਾਰਕ ਅਤੇ ਤੋਟਕ ਭੀ ਹੈ। ਇਸ ਦੇ ਚਾਰ ਚਰਣ ਅਤੇ ਪ੍ਰਤੀ ਚਰਣ ਚਾਰ ਸਗਣ (ੀਸ਼,ੀਸ਼,ੀਸ਼,ੀਸ਼) ਆਉਂਦੇ ਹਨ। ਉਦਾਹਰਣ:

  ਅਸਿ ਲੈ ਕਲਕੀ ਕਰਿ ਕੋਪ ਭਿਰਓ।

  ਰਣ ਰੰਗ ਸੁਰੰਗ ਬਿਖੈ ਬਿਚਰਿਓ।

  ਗਹਿ ਪਾਨਿ ਕ੍ਰਿਪਾਣ ਬਿਖੇ ਨ ਡਰਿਓ।

  ਰਿਸ ਸੋ ਰਣ ਚਿਤ੍ਰ ਬਿਚਿਤ੍ਰ ਕਰਿਓ।     (ਨਿਹਕਲੰਕੀ)

(8) ਅਕਰਾ

 ਇਸ ਦਾ ਨਾਮ ਅਣਕਾ, ਅਨਹਦ, ਅਨੁਭਵ, ਸ਼ਸ਼ਿਵਦਨਾ, ਚੰਡਰਸਾ ਅਤੇ ਮਧੁਰਧੁਨਿ ਭੀ ਹੈ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ੀ, ੀਸ਼ਸ਼ ਆਉਂਦੇ ਹਨ। ਉਦਾਹਰਣ:

  ਕਸਿ ਸਰ ਮਾਰੇ। ਸਿਸੁ ਨਹਿ ਹਾਰੇ।

  ਬਹੁ ਬਿਧਿ ਬਾਣੰ। ਅਤਿ ਧਨੁ ਤਾਣੰ॥814॥   (ਰਾਮਾਵਤਾਰ)

(9) ਅਕਵਾ

 ਇਸ ਦਾ ਨਾਮ ਅਜਬਾ, ਕਨਯਾ ਅਤੇ ਤੀਰਣਾ ਭੀ ਹੈ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਜੁਟੇ ਵੀਰੰ। ਛੁਟੇ ਤੀਰੰ।

  ਜੁੱਝੇ ਤਾਜੀ। ਡਿੱਗੇ ਗਾਜੀ।      (ਨਿਹਕਲੰਕੀ)

(10) ਅਕੜਾ

 ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਮੁਨਿ ਬਾਲ ਛਾਡਹੁ ਗਰਬ।

  ਮਿਲੁ ਆਨ ਮੋ ਹਿਯ ਸਰਬ।

  ਲੈ ਜਾਂਹਿ ਰਾਘਵ ਤੀਰ।

  ਤੁਹਿ ਨੇਕ ਦੈ ਕੈ ਚੀਰ॥777॥     (ਰਾਮਾਵਤਾਰ)

(11) ਅਚਕੜਾ

 ਇਸ ਦਾ ਨਾਮ ਸ੍ਰਮਿਈ, ਕਾਮਿਨੀ ਮੋਹਨਾ ਤੇ ਲਖਮੀਧਰ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ ਅਤੇ ਪ੍ਰਤੀ ਚਰਣ ਚਾਰਯਗਣ ( ਸ਼ੀਸ਼,ਸ਼ੀਸ਼,ਸ਼ੀਸ਼,ਸ਼ੀਸ਼) ਆਉਂਦੇ ਹਨ। ਉਦਾਹਰਣ:

  ਅੰਬਕਾ ਤੋਤਲਾ ਸੀਤਲਾ ਸਾਕਿਨੀ।

  ਸਿੰਧੁਰੀ ਸੁਪ੍ਰਭਾ ਸੁਭ੍ਰਪਾ ਡਾਕਿਨੀ।

  ਸਾਵਜਾ ਸੰਭਰੀ ਸਿੰਧੁਲਾ ਦੁੱਖਰੀ।

  ਸੰਮਿਲਾ ਸੰਭਲਾ ਸੁਪ੍ਰਭਾ ਦੁੱਧਰੀ।     (ਪਾਰਸਨਾਥ)

(13) ਅਜਬਾ

 ਇਸ ਦਾ ਨਾਮ ਅਕਵਾ, ਕਨਯਾ ਤੇ ਤੀਰਣਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਲੱਗੈ ਤੀਰੰ। ਭੱਗੈ ਵੀਰੰ।

  ਰੋਸੰ ਰੁੱਝੇ। ਅੰਸਤ੍ਰੰ ਜੁੱਝੇ॥404॥    (ਰਾਮਾਵਤਾਰ) 

(14) ਅਜਿਨਾ

 ਇਸ ਦਾ ਨਾਮ ਅਜੰਨ ਵੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਅਜੀਤੇ ਜੀਤੇ ਜੀਤ ਕੋ।

  ਅਭੀਗੰ ਭਾਜ ਭੀਰ ਹੈ।

  ਸਿਧਾਰੇ ਚੀਨਰਾਜ ਪੈ।

  ਸਥੋਈ ਸਰਬ ਸਾਥ ਕੈ॥424॥     (ਨਿਹਕਲੰਕੀ)

(15) ਅਨਕਾ

 ਪਿਛੋ ਦੇਖੋ ਅਕਰਾ ਵਿਚ।

(16) ਅਤਿਮਾਲਤੀ

 ਇਸ ਦਾ ਨਾਮ ਪਾਦਾਕੁਲਕ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। 8 ਮਾਤਰਾ ਤੇ ਦੋ ਵਿਸ਼ਰਾਮ ਤੇ ਅੰਤ ਦੋ ਗੁਰੂ ਹੁੰਦੇ ਹਨ। ਉਦਾਹਰਣ:

  ਕਹੂੰ ਨ ਪੂਜਾ। ਕਹੂ ਨ ਅੰਚਾ।

  ਕਹੂੰ ਨ ਸ਼੍ਰਤਿ ਧੁਨਿ। ਸਿਮ੍ਰਤਿਨ ਚੰਚਾ।

  ਕਹੂੰ ਨ ਹੋਮੰ। ਕਹੂੰ ਨ ਦਾਨੰ।

  ਕਹੂੰ ਨ ਸੰਜਮ ਕਹੂੰ ਸਕਾਨ।      (ਨਿਹਕਲੰਕੀ)

(17) ਅਨਹਦ

 ਦੇਖੋ ਅਕਰਾ ਛੰਦ।

(18) ਅਨਕਾ

 ਇਸ ਦਾ ਨਾਮ ਸਸ਼ੀ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਪ੍ਰਤੀ ਚਰਣ ਯਗਣ  (ੀਸ਼ਸ਼) ਆਉਂਦੇ ਹੈ। ਉਦਾਹਰਣ:

  ਪ੍ਰਭੂ ਹੈ। ਅਜੂ ਹੈ। ਅਜੈ ਹੈ। ਅਭੈ ਹੈ।     (ਰਾਮਾਵਤਾਰ)

(19) ਅਨਾਦ

 ਇਸ ਦਾ ਨਾਮ ਵਾਪੀ ਵੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। 4-4 ਅੱਖਰਾਂ ਤੇ ਦੋ ਵਿਸ਼ਰਾਮ ਹੁੰਦੇ ਹਨ। ਉਦਾਹਰਣ:

  ਚੱਲੇ ਬਾਣ, ਰੁੱਕੇ ਗੈਣ। ਮੱਤੇ ਸੂਰ, ਰੱਤੇ ਨੈਣ।

  ਢੱਕੇ ਢੋਲ, ਢੂਕੀ ਢਾਲ। ਛੁੱਟੈਂ ਭਾਣ ਉੱਠੈ ਜਾਲ॥55॥  (ਰਾਮਾਵਤਾਰ)

(20) ਅਨੂਪ ਨਰਾਜ ਛੰਦ

 ਇਸ ਦਾ ਲੱਛਣ ਨਰਾਜ ਛੰਦ ਤੋਂ ਭਿੰਨ ਨਹੀਂ, ਕਿਉਂਕਿ ਇਸ ਵਿਚ ਵੀ ਲਘੁ ਗੁਰੂ ਦੇ ਕ੍ਰਮ ਕਰਕੇ ਪ੍ਰਤੀ ਚਰਣ 16-16 ਅੱਖਰ ਹੁੰਦੇ ਹਨ। ਸਿਰਫ ਅੱਖਰਾਂ ਦੀ ਅਨੂਪਤਾ ਹੁੰਦੀ ਹੈ। ਉਦਾਹਰਣ:

  ਗਜੰ ਗਜੇ ਹਯੰ ਹਲੇ ਹਲਾ ਹਲੀ ਹਲੋ ਹਲੰ।

  ਬੱਬਜ ਸਿੰਧਰੇ ਸੁਰੰ ਛੁਟੰਤ ਬਾਣ ਕੇਵਲ।

  ਪਪੱਕ ਪੱਖਰੇ ਤੁਰੇ ਭੱਭਖ ਘਾਯ ਨਿਰਮਲੰ।

  ਪਲੁੱਥ ਲੁੱਥ ਬਿੱਥਰੀ ਅਮੱਥ ਜੁੱਥ ਉੱਥਲੰ॥308॥  (ਰਾਮਾਵਤਾਰ)

(21) ਅਪੂਰਬ

 ਇਸ ਦੇ ਦੋ ਰੂਪ ਹਨ। ਪਹਿਲੇ ਵਿਚ ਚਾਰ ਚਰਣ ਤੇ ਪ੍ਰਤੀ ਚਰਣ ਸ਼ੀਸ਼,ਸ਼ਸ਼ੀ ਵਰਤੇ ਜਾਂਦੇ ਹਨ। ਦੂਜੇ ਰੂਪ ਵਿਚ ਇਕ ਜਗਣ ਤੇ ਇਕ ਗੁਰੂ (ੀਸ਼ਸ਼,ਸ਼) ਵਰਤੇ ਜਾਂਦੇ ਹਨ। ਦੂਜਾ ਰੂਪ ਅਰੂਪਾ ਤੇ ਕ੍ਰੀੜਾ ਛੰਦ ਦੇ ਸਮਾਨ ਹੈ। ਉਦਾਹਰਣ:

  ਗਣੇ ਕੇਤੇ। ਹਣੇ ਜੇਤੇ।

  ਕਈ ਮਾਰੇ। ਕਿਤੇ ਹਾਰੇ॥762॥     (ਰਾਮਾਵਤਾਰ)

(22) ਅਭੀਰ ਜਾਂ ਅਹੀਰ

 ਇਸ ਦੇ ਚਾਰ ਚਰਣ ਹੁੰਦੇ ਹਨ। ਪ੍ਰਤੀ ਚਰਣ 11 ਮਾਤ੍ਰਾ ਤੇ ਅੰਤ ਗੁਰੂ ਲਘੂ ਆਉਂਦੇ ਹਨ। ਉਦਾਹਰਣ:

  ਅਤਿ ਸਾਧੂ ਅਤਿਰਾਜ। ਕਰਨ ਲਗੇ ਦੁਰਕਾਜ।

  ਪਾਪ ਹ੍ਰਿਦੇ ਮਹਿ ਠਾਨ। ਕਰਤ ਧਰਮ ਕਰ ਹਾਨਿ।    (ਨਿਹਕਲੰਕੀ)

(23) ਅਮ੍ਰਿਤ ਗਤਿ

 ਇਸ ਦੇ ਚਾਰ ਚਰਣ ਤੇ ਹਰ ਚਰਣ ਦੀਆਂ 12 ਮਾਤਰਾਂ ਹੁੰਦੀਆਂ ਹਨ। ਉਦਾਹਰਣ:

  ਸੁਮਤਿ ਮਹਾਂ ਰਿਖਿ ਰਘੁਵਰ। ਦੁੰਦਭਿ ਬਾਜਤ ਦਰਿ ਦਰਿ

  ਜੱਗ ਕੀਅਸੁ ਧੁਨਿ ਘਰਿ ਘਰਿ। ਪੂਰ ਰਹੀ ਧੁਨਿ ਸੁਰਪੁਰਿ॥703॥

          (ਰਾਮਾਵਤਾਰ)

(24) ਅਰਿੱਲ-ਅਰਿੱਲਾ

 ਦੇਖੋ ਅੜਿੱਲ ਛੰਦ।

(25) ਅਰੂਪਾ

 ਇਸ ਦਾ ਨਾਮ ਕ੍ਰੀੜਾ ਭੀ ਹੈ। ਦੇਖੋ ਅਪੂਰਬ ਛੰਦ।

(26) ਅਕਲਾ

 ਇਸ ਦਾ ਨਾਮ ਕੁਸਮਵਿਚਿਤ੍ਰਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਚਰਪਟ ਸੈਣੰ ਖਟਪਟ ਭਾਜੇ।

  ਝਟਪਟ ਜੁੱਝਯੋ ਲਖ ਰਣ ਰਾਜੇ।

  ਸਟਪਟ ਭਾਜੇ ਅਟਪਟ ਸੂਰੰ।

  ਝਟਪਟ ਬਿਸ੍ਰੀ ਘਟਪਟ ਹੂਰੰ।      (ਰਾਮਾਵਤਾਰ)

(27) ਅੜਿਲ

 ਚਾਰ ਚਰਣ ਹੁੰਦੇ ਹਨ ਤੇ ਹਰ ਚਰਣ ਦੀਆਂ 16 ਮਾਤਰਾਂ ਹੁੰਦੀਆਂ ਹਨ। ਇਸ ਦੇ ਚਾਰ ਰੂਪ ਮੰਨੇ ਗਏ ਹਨ। ਉਦਾਹਰਣ:

  ਡੋਲਤ ਜਹ ਤਹ ਪੁਰਖ ਅਪਾਵਨ।

  ਲਾਗਤ ਕਤ ਹੀ ਧਰਮ ਕੋ ਦਾਵਨ।

  ਅਰਥਹ ਛਾਡ ਅਨਰਥ ਬਤਾਵਤ।

  ਧਰਮ ਕਰਮ ਚਿਤਿ ਏਕ ਨ ਲਿਆਵਤ॥84॥   (ਨਿਹਕਲੰਕੀ)

(28) ਅੜੂਹਾ

 ਇਸ ਦਾ ਨਾਮ ਸੰਯੁਕਾ ਭੀ ਹੈ। ਇਸ ਦੇ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਸਜ ਸੈਨ ਭਰਥ ਚਲੇ ਤਹਾਂ।

  ਰਣਿ ਬਾਲ ਬੀਰ ਮੰਡੇ ਜਹਾਂ।

  ਬਹੁ ਭਾਂਤ ਬੀਰ ਸੰਘਾਰ ਹੀ।

  ਸਰ ਓਘ ਪ੍ਰਓਘ ਪ੍ਰਹਾਰ ਹੀ॥115॥    (ਰਾਮਾਵਤਾਰ)

(29) ਏਕ ਅਛਰੀ ਛੰਦ

 ਇਸ ਦੇ ਚਾਰ ਭੇਦ ਮੰਨੇ ਗਏ ਹਨ ਸ੍ਰੀ, ਮਹੀ, ਮ੍ਰਿਗੇਂਦ੍ਰ, ਤੇ ਸ਼ਸੀ। ਇਸ ਵਿਚ ਇਕੋ ਅੱਖਰ ਹੁੰਦਾ ਹੈ, ਉਦਹਾਰਣ:

  ਮਹੀਰੂਪ-ਅਜੈ। ਅਲੈ। ਅਭੈ। ਅਬੈ॥(ਜਾਪੁ)

  ਮ੍ਰਿਗੇਂਦ੍ਰ ਰੂਪ-ਅਗੰਜ। ਅਭੰਜ। ਅਲੱਖ। ਅੱਭਖ॥(ਜਾਪੁ)

  ਸ਼ਸੀ ਰੂਪ-ਨ ਰਾਮੇ। ਨ ਰੰਗੇ। ਨ ਰੂਪੇ। ਨ ਰੇਖੇ॥(ਜਾਪੁ)

(30) ਏਲਾ

 ਤਿੰਨ ਚਰਨ ਹੁੰਦੇ ਹਨ ਹਰ ਚਰਣ ਦੀਆਂ 24 ਮਾਤ੍ਰਾਂ ਤੇ 11+13 ਤੇ ਵਿਸ਼ਰਾਮ ਹੁੰਦਾ ਹੈ। ਅੰਤ ਦੇ ਗੁਰੂ ਆਉਂਦੇ ਹਨ। ਉਦਾਹਰਣ:

  ਕਰਹੈਂ ਨਿੱਤ ਅਨਰਥ, ਅਰਥ ਨਹਿ ਏਕ ਕਮੈਂ ਹੈਂ।

  ਨਹਿ ਲੈਹੈਂ ਕਰਿ ਨਾਮੁ, ਦਾਨ ਕਾਹੂੰ ਨਹਿ ਦੇ ਹੈਂ।

  ਨਿੱਤ ਇੱਕ ਮਤ ਤਜੈਂ, ਇੱਕ ਮਤ ਨਿੱਤ ਉਚੈ ਹੈਂ॥72॥  (ਨਿਹਕਲੰਕੀ)

(31) ਸਮਾਨਕਾ-ਸਮਾਨਿਕਾ

 ਦਸਮ ਗ੍ਰੰਥ ਵਿਚ ਇਸ ਦਾ ਨਾਮ ਪ੍ਰਮਾਣਿਕਾ ਵੀ ਆਇਆ ਹੈ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਨਰੇਸ ਸੰਗ ਕੈ ਦਏ। ਪ੍ਰਬੀਨ ਬੀਨ ਕੈ ਲਏ।

  ਸਨੱਧ ਬੱਧ ਹੁਇ ਚਲੇ। ਸੁ ਬੀਰ ਬੀਰਹਾ ਭਲੇ॥72॥  (ਰਾਮਾਵਤਾਰ)

(32) ਸਵੈਯਾ

 ਸਵੈਯਾ ਛੰਦ ਦੇ 34 ਰੂਪ ਦੇਖੇ ਗਏ ਹਨ। ਦਸਮ ਗ੍ਰੰਥ ਵਿਚ ਇਸ ਦੇ ਮਦਿਰਾ, ਇਦਵ, ਮਾਲਤੀ, ਬਿਜੈ, ਰਮਯਮ ਕਿਰੀਟ, ਦੁਰਮਿਲ, ਸੁਰਧੁਨਿ, ਮਨੋਜ, ਉਟੰਕਣ, ਸਰਵਗਾਮੀ, ਆਦਿ ਰੂਪ ਆਏ ਹਨ। ਇਥੇ ਸਾਰਿਆਂ ਦੇ ਉਦਾਹਰਣ ਨਹੀਂ ਦਿੱਤੇ ਜਾ ਸਕਦੇ ਸਿਰਫ ਇਕ ਉਦਾਹਰਣ ਹੀ ਦੇ ਰਹੇ ਹਾਂ:

  ਦਾਨਵ ਦੇਵ ਫਨਿੰਗ ਨਿਸਾਚਰ ਭੂਤ ਭਵਿੱਖ ਭਵਾਨ ਜਪੈਂਗੇ।

  ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ।

  ਪੁੰਨ ਪ੍ਰਤਾਪਨ ਬਾਢਤ ਜੈ ਧੁਨਿ ਪਾਪਨ ਕੇ ਬਹੁ ਪੁੰਜ ਖਪੈਂਗੇ।

  ਸਾਧੁ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਿਲੋਕ ਚਪੈਂਗੇ।  (ਅਕਾਲ ਉਸਤਿਤ)

(33) ਸਾਰਸਵਤੀ

 ਦਸਮ ਗ੍ਰੰਥ ਵਿਚ ਰੁਆਮਣ, ਰੁਆਮਲ, ਰੁਆਲ, ਰੁਆਲਾ, ਰੂਆਮਲ ਅਤੇ ਰੂਆਲ ਇਸੀ ਛੰਦ ਦੇ ਹੀ ਨਾਮ ਹਨ। ਇਸ ਦੇ ਚਾਰ ਚਰਣ ਹੁੰਦੇ ਹਨ। 8 ਅਤੇ 9 ਅੱਖਰਾਂ ਤੇ ਵਿਸ਼ਰਾਮ ਹੁੰਦਾ ਹੈ। ਉਦਾਹਰਣ:

  ਦੇਸ ਦੇਸਨ ਕੀ ਕ੍ਰਿਆ। ਸਿਖਵੰਤ ਹੈ ਦਿਜ ਏਕ।

  ਬਾਨ ਅਉਰ ਕਮਾਨ ਕੀ। ਬਿਧਿ ਦੇਤ ਆਨਿ ਅਨੇਕ।   (ਰਾਮਾਵਤਾਰ)

(34) ਸਿਰਖੰਡੀ

 ਇਸ ਦਾ ਨਾਮ ਸ੍ਰੀਖੰਡ ਭੀ ਹੈ ਤੇ ਇਹ ਪਲਵੰਗਮ ਛੰਦ ਦਾ ਰੂਪਾਂਤਰ ਹੈ। ਇਸ ਛੰਦ ਦਾ ਤੁਕਾਰਾ ਮਿਲਦਾ ਹੁੰਦਾ ਹੈ ਤੇ ਤੁਕਾਂਤ ਬੇਮੇਲ ਹੁੰਦਾ ਹੈ। ਇਸ ਦੇ 21, 22 ਤੇ 23 ਮਾਤ੍ਰਾ ਵਾਲੇ ਤਿੰਨ ਰੂਪ ਹਨ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਜੁੱਟੇ ਵੀਰ ਜੁਝਾਰੇ, ਧੱਗਾਂ ਵੱਜੀਆਂ।

  ਬੱਜੇ ਨਾਦ ਕਰਾਰੇ, ਦਲਾਂ ਮੁਸ਼ਾਹਦਾ।

  ਲੁੱਝੇ ਕਾਰਣ ਯਾਰੇ, ਸੰਘਰਿ ਸੂਰਮੇ।

  ਵੁੱਠੇ ਜਾਣ ਡਰਾਰੇ, ਘਣਿਅਰ ਕੈਬਰੀ॥467॥   (ਰਾਮਾਵਤਾਰ)

(35) ਸੁਖਦਾ

 ਇਸ ਦੇ ਚਾਰ ਚਰਣ ਹੁੰਦੇ ਹਨ। ਹਰ ਚਰਣ ਦੀਆਂ 8 ਮਾਤ੍ਰਾਂ ਹੁੰਦੀਆਂ ਤੇ ਅੰਤ ਤੇ ਗੁਰੂ ਲਘੂ ਆਉਂਦੇ ਹਨ। ਮਧੁਭਾਰ ਛੰਦ ਨਾਲੋਂ ਇਸ ਦਾ ਅੰਤਰ ਇਹੀ ਹੈ ਉਸ ਦੀ ਤੁਕ ਦੇ ਅੰਤ ਤੇ ਗੁਰੂ ਲਘੂ ਆਉਂਦੇ। ਉਦਾਹਰਣ:

  ਰਿਖਿ ਬਿਦਾ ਕੀਨ। ਆਸਿਖਾ ਦੀਨ।

  ਦੁੱਤਿ ਰਾਮ ਚੀਨ। ਮੁਨਿ ਮਨ ਪ੍ਰਬੀਨ॥326॥   (ਰਾਮਾਵਤਾਰ)

(36) ਸੁਖਦਾ ਬ੍ਰਿਧ

 ਇਸ ਦਾ ਨਾਮ ਸਗੋਨਾ ਭੀ ਹੈ। ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਹਰ ਚਰਣ ਦੇ ਅੱਠ ਅੱਖਰ ਹੁੰਦੇ ਹਨ। ਤੁਕ ਦੇ ਆਦਿ ਵਿਚ ਲਘੂ ਤੇ ਅੰਤ ਤੇ ਗੁਰੂ ਹੁੰਦਾ ਹੈ। ਉਦਾਹਰਣ:

  ਕਿ ਨਾਗਨੀ ਕੇ ਏਸ ਹੈ। ਕਿ ਮ੍ਰਿਗੀ ਕੇ ਨਰੇਸ ਹੈ।

  ਕਿ ਰਾਜਾ ਛਤ੍ਰ ਧਾਰੀ ਹੈ। ਕਿ ਕਾਲੀ ਕੇ ਭਿਖਾਰੀ ਹੈ।   (ਨਿਹਕਲੰਕੀ)

(37) ਸੰਗੀਤ ਛੰਦ

 ਦਸਮ ਗ੍ਰੰਥ ਵਿਚ ਸੰਗੀਤ ਛੰਦ ਦੇ ਅਨੇਕ ਰੂਪ ਆਏ ਹਨ ਜਿਵੇਂ ਸੰਗੀਤ ਛੱਪਯ, ਸੰਗੀਤ ਨਰਾਜ, ਸੰਗੀਤ ਪਧਸਿਟਕਾ, ਸੰਗੀਤ ਪਾਧੜੀ, ਸੰਗੀਤ ਬਹੜਾ, ਸੰਗੀਤ ਭੁਜੰਗ ਪ੍ਰਯਾਤ ਤੇ ਸੰਗੀਤ ਮਧੁਭਾਰ ਆਦਿ। ਜਿਨ੍ਹਾਂ ਛੰਦਾਂ ਵਿਚ ਮ੍ਰਿਦੰਗ ਦੇ ਬੋਲ ਆਉਂਦੇ ਹਨ ਤੇ ਜਿਨ੍ਹਾਂ ਦਾ ਪਾਠ ਲੈਅ ਦਾ ਧਿਆਨ ਰੱਖ ਕੇ ਕੀਤਾ ਜਾਂਦਾ ਹੈ ਉਹ ਛੰਦ ਸੰਗੀਤ ਹਨ। ਇਨ੍ਹਾਂ ਦੇ ਉਦਹਾਰਣ ਹੇਠ ਲਿਖੇ ਹਨ:

(ੳ) ਸੰਗੀਤ ਛੱਪੈ

  ਕਾਗੜ ਕੁੱਪਯੋ ਕਪਿ ਕਟਕ। ਬਾਗੜਦਿ ਬਾਜਨ ਬੱਜੀਯੰ।

  ਤਾਗੜਦਿ ਤੇਗ ਝਲਹਲੀ। ਗਾਗੜਦਿ ਜੋਧਾ ਗਲ ਗੱਜੀਯੰ॥390॥

          (ਰਾਮਾਵਤਾਰ)

(ਅ) ਸੰਗੀਤ ਨਰਾਜ

  ਸੁਵੀਰ ਜਾੜੰਦ ਜਗੇ। ਲੜਾਕ ਲਾੜਦੰ ਪਗੇ॥   (ਚੰਡੀ ਚਰਿਤ੍ਰ-2)

(ੲ) ਸੰਗੀਤ ਪਧਿਸਕਾ

  ਕਾਗੜਦੰ ਕੋਪਕੈ ਦਈਤਰਾਜ।

  ਜਾਗੜਦੰ ਜੁੱਧ ਕੋ ਸੱਜਯੋ ਸਾਜ॥483॥    (ਰਾਮਾਵਤਾਰ)

(ਸ) ਸੰਗੀਤ ਪਾਧੜੀ

  ਤਾਗਦੰਗ ਤਾਲ ਬਾਜਤ ਮੁਚੰਗ।

  ਬੀਣਾ ਸੁ ਬੈਨ ਬੰਸੀ ਮ੍ਰਿਦੰਗ॥     (ਮਨੁਰਾਜ)

(ਹ) ਸੰਗੀਤ ਬਹੜਾ

  ਸਾਂਗੜਦੀ ਸਾਂਗ ਸੰਗ੍ਰਹੈ ਤਾਗੜਦੀ ਰਣਿ ਤੁਰੀ ਨਚਾਵਹਿੰ।

  ਝਾਗੜਦੀ ਝੂਮਿ ਗਿਰਿ ਭੂਮਿ ਸਾਗੜਦੀ ਸੁਰ ਪੁਰਹਿ ਸਿਧਾਵਹਿੰ॥ (ਰਾਮਾਵਤਾਰ)

(ਕ) ਸੰਗੀਤ ਭੁਜੰਗ ਪ੍ਰਯਾਤ

  ਸਾਗੜਦੰ ਸੁੱਨਹੋ, ਰਾਗੜਦੰ ਰਾਸੰ।

  ਦਾਗੜਦੰ ਦੀਜੇ, ਪਾਗੜਦੰ ਪਾਨੰ॥480॥   (ਰਾਮਾਵਤਾਰ)

(ਖ) ਸੰਗੀਤ ਮਧੁਭਾਰ

  ਕਗਦੰ ਕੜਾਕ। ਤਗਦੰ ਤੜਾਕ॥     (ਚੰਡੀ ਚਰਿਤ੍ਰ-2)

(38) ਹਰਿਗੀਤਾ-ਹਰਿਗੀਤਿਕਾ

 ਇਸ ਦੇ ਚਾਰ ਚਰਣ ਤੇ ਹਰ ਚਰਣ ਦੀਆਂ 28 ਮਾਤ੍ਰਾਂ ਹੁੰਦੀਆਂ ਹਨ। 16+12 ਤੇ ਵਿਸ਼ਰਾਮ ਤੇ ਅੰਤ ਤੇ ਲਘੂ ਗੁਰੂ ਆਉਂਦੇ ਹਨ। ਉਦਾਹਰਣ:

  ਸਬ ਦ੍ਰੋਨ ਗਿਰਵਰ ਸਿਖਰ ਤਰ ਨਰ, ਪਾਪ ਕਰਮ ਭਏ ਭਨੋ।

  ਉਠਿ ਭਾਜ ਧਰਮ ਸਭਰਮ ਹੁਐ ਚਮਕੰਤ ਦਾਮਿਨ ਸੋ ਮਨੋ॥104॥

          (ਨਿਹਕਲੰਕੀ)

(39) ਹਰਿਬੋਲਮਨਾ

 ਇਸ ਦੇ ਚਾਰ ਚਰਣ ਹੁੰਦੇ ਹਨ ਤੇ ਪ੍ਰਤੀ ਚਰਣ ਦੋ ਸਗਣ (ੀਸ਼) ਆਉਂਦੇ ਹਨ। ਉਦਾਹਰਣ:

  ਕਰੁਣਾਲਯ ਹੈਂ। ਅਰਿ ਘਾਲਯ ਹੈਂ।

  ਖਲ ਖੰਡਨ ਹੈਂ। ਮਹਿ ਮੰਡਨ ਹੈਂ।     (ਜਾਪੁ)

(40) ਹੀਰ

 ਚਾਰ ਚਰਣ, ਪ੍ਰਤੀ ਚਰਣ 23 ਮਾਤ੍ਰਾਂ। ਦੋ ਵਿਸ਼ਰਾਮ 6+6 ਤੇ ਤੀਜਾ 11 ਮਾਤਰਾਂ ਤੇ ਹੁੰਦਾ ਹੈ। ਉਦਾਹਰਣ:

  ਸਤਿਯ ਰਹਿਤ, ਪਾਪ ਗ੍ਰਹਤ, ਕ੍ਰੋਧ ਚਰਤ ਜਾਨੀਐ।

  ਅਧਰਮ ਲੀਣ, ਅੰਗਡੀਨ, ਕ੍ਰੋਧ ਪੀਣ ਮਾਨੀਐ॥   (ਜਾਪੁ)

(41) ਹੋਹਾ

 ਇਸ ਦਾ ਨਾਮ ਸੁਧੀ ਭੀ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ:

  ਟੁਟੇ ਪਰੇ। ਨਾ ਵੇ ਮੁਰੇ। ਅਸੰ ਧਰੇ। ਰਿਸੰ ਭਰੇ॥491॥  (ਰਾਮਾਵਤਾਰ)

(42) ਹੰਸ

 ਦੋ ਚਰਣ, ਪ੍ਰਤੀ ਚਰਣ 15 ਮਾਤ੍ਰਾਂ, 7+8 ਤੇ ਵਿਸ਼ਰਾਮ। ਉਦਾਹਰਣ:

  ਜਹਿੱ ਤਹਿੱ ਬਢਾ ਪਾਪ ਕਾ ਕਰਮ॥

  ਜਗ ਤੇ ਘਟਾ ਧਰਮ ਕਾ ਭਰਮ॥     (ਨਿਹਕਲੰਕੀ)

(43) ਕਬਿੱਤ ਜਾਂ ਕਵਿਤ

 ਇਸ ਦਾ ਨਾਮ ਮਨਹਰ ਜਾਂ ਮਨਹਰਣ ਵੀ ਹੈ। ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ 31 ਅੱਖਰ ਹੁੰਦੇ ਹਨ। 8+8+8+7 ਤੇ ਵਿਸ਼ਰਾਮ। ਉਦਾਹਰਣ:

  ਸੋਧਿ ਹਾਰੇ ਦੇਵਤਾ ਬਿਰੋਧਹਾਰੇ ਦਾਨੋ ਬਡੇ।

  ਬੋਧਿਹਾਰੇ ਬੋਧਕ ਪ੍ਰਬੋਧਿ ਹਾਰੇ ਜਾਪਸੀ।     (ਅਕਾਲ ਉਸਤਤਿ)

 (ਨੋਟ ਕ੍ਰਿਪਾਨ ਤੇ ਅਨਾਕਰੀ ਵੀ ਕਬਿੱਤ ਜਾਤੀ ਦੇ ਹੀ ਛੰਦ ਹਨ)

(44) ਕਰਖਾ

 ਚਾਰ ਚਰਣ, ਪ੍ਰਤੀ ਚਰਣ 37 ਮਾਤਰਾਂ, 8+12+8+9 ਤੇ ਵਿਸ਼ਰਾਮ। ਉਦਾਹਰਣ:

  ਢਾਢਿ ਸੈਨ ਢਾਡੀ ਭਵ ਲਯੋ।

  ਕਰਖਾ ਵਾਰ ਉਚਾਰਤ ਭਯੋ।      (ਚਰਿਤ੍ਰੋ ਪਾਖਯਾਨ)

 (ਇਹ ਉਦਾਹਰਣ ਕਰਖੇ ਬਾਰੇ ਹੈ)

(45) ਕਲਸ

 ਇਸ ਦਾ ਨਾਮ ਉੱਲਾਸ ਜਾਂ ਹੁੱਲਾਸ ਭੀ ਹੈ। ਇਹ ਛੰਦ ਦੋ ਛੰਦਾਂ ਦੇ ਮੇਲ ਤੋਂ ਬਣਦਾ ਹੈ। ਦਸਮ ਗ੍ਰੰਥ ਵਿਚ ਇਹ ਛੰਦ ਤ੍ਰਿਭੰਗੀ ਤੇ ਚੌਪਈ ਤੇ ਮੇਲ ਤੋਂ ਬਣਿਆ ਹੈ। ਉਦਾਹਰਣ:

  ਆਦਿ ਅਭੈ ਅਨਗਾਧ ਸਰੂਪੰ। ਰਾਗ ਰੰਗ ਜਿਹ ਰੇਖ ਨ ਰੂਪੰ।

  ਰੰਕ ਭਯੋ ਰਾਵਤ ਕਹੁ ਭੂਪੰ। ਕਹੁ ਸਮੁੰਦ੍ਰ ਸਰਿਤਾ ਕਹੁ ਕੂਪੰ।  (ਗਿਆਨ ਪ੍ਰਬੋਧ)

(46) ਕਿਲਕਾ

 ਇਸ ਦੇ ਨਾਮ ਅਸਤਾ ਤੇ ਤੋਟਕ ਭੀ ਹਨ। ਜਿਵੇਂ ਸੰਖਨਾਰੀ ਦਾ ਦੁਗਣਾ ਸਰੂਪ ਭੁਜੰਗ ਪ੍ਰਯਾਤ ਹੈ, ਇਵੇਂ ਹੀ ਤਿਲਕਾ ਦਾ ਦੁਗਣਾ ਕਿਲਕਾ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ:

  ਪਾਪਕਰੈਂ ਨਿਤ ਪ੍ਰਾਤ ਘਨੇ।

  ਜਨੁ ਦੋਖਨ ਕੇ ਤਰ ਸੁੱਧ ਬਨੇ।

  ਜਗ ਛੋਰਿ ਭਜਾ ਗਤਿ ਧਰਮਣ ਕੀ।

  ਸੁ ਜਹਾਂ ਤਹਾਂ ਪਾਪਕ੍ਰਿਆ ਪ੍ਰਚੁਰੀ।     (ਨਿਹਕਲੰਕੀ)

(47) ਕੁਸਮਬਿਚਿਤ੍ਰ-ਕੁਸੁਮਵਿਚਿਤ੍ਰਾ

 ਇਸ ਦੇ ਚਾਰ ਚਰਣ ਤੇ ਪ੍ਰਤੀ ਚਰਣ ੀ,ੀਸ਼ਸ਼,ੀ,ੀਸ਼ਸ਼, ਆਉਂਦੇ ਹਨ। ਉਦਾਹਰਣ:

  ਤਿਨ ਬਨਬਾਸੀ ਰਘੁਬਰ ਜਾਨੇ।

  ਦੁਖ ਸੁਖ ਸਮ ਕਰਿ ਸੁਖ ਦੁਖ ਮਾਨੇ।

  ਬਲਕਲ ਧਰ ਕਰਿ ਅਬ ਬਨਿ ਜੈਹੈਂ।

  ਰਘੁਪਤਿ ਸੰਗਿ ਹਮ, ਬਨ ਫਲ ਖੈਂਹੇ॥277॥   (ਰਾਮਾਵਤਾਰ)

(48) ਕੁੰਡਰੀਆ

 ਇਸ ਦੇ ਚਾਰ ਚਰਣ ਹੁੰਦੇ ਹਨ। ਦੋ ਛੰਦਾਂ ਦੇ ਮੇਲ ਤੋਂ ਬਣਦਾ ਹੈ। ਦਸਮ ਗ੍ਰੰਥ ਵਿਚ ਵਰਤਿਆ ਕੁੰਡਲੀਆਂ ਦੇ ਪਹਿਲੇ ਦੋ ਚਰਨ ਦੋਹਾਂ ਤੇ ਪਿਛਲੇ ਗੋਲੇ ਦੇ ਹਨ। ਉਦਾਹਰਣ:

  ਦੀਨਨ ਕੀ ਰੱਛਾ ਨਮਿਤ, ਕਰ ਹੈਂ ਆਪ ਉਪਾਇ।

  ਪਰਮ ਪੁਰਖ ਪਾਵਨ ਸਦਾ, ਆਪ ਪ੍ਰਗਟ ਹੈਂ ਆਯ।

  ਆਪ ਪ੍ਰਗਟ ਹੈ ਆਯ, ਦੀਨ ਰੱਛਾ ਕੇ ਕਾਰਣ।

  ਆਵਤਾਰੀ ਅਵਤਾਰ, ਧਰਾ ਕੇ ਪਾਪ ਉਤਾਰਣ।    (ਨਿਹਕਲੰਕੀ)

(49) ਕੁਮਾਰਿ ਲਲਤ

 ਚਾਰ ਚਰਣ ਹੁੰਦੇ ਹਨ। ਉਦਾਹਰਣ:

  ਕਿਸੂ ਨ ਦਾਨ ਦੇਹਿੰਗੇ। ਸੁ ਸਾਧੁ ਲੁਟਿ ਲੇਹਿੰਗੇ॥39॥  (ਨਿਹਕਲੰਕੀ)

(50) ਕੁਲਕ

 ਚਾਰ ਚਰਣ, ਪ੍ਰਤੀ ਚਰਣ ਸ਼ੀ,ੀਸ਼ੀ ਆਉਂਦੇ ਹਨ। ਉਦਾਹਰਣ:

  ਧੰਧਕਤ ਇੰਦ। ਚੰਚਚਕਤ ਚੰਤ।

  ਥੰ ਥਕਤ ਪੌਨ। ਭੰ ਭਜਤ ਮੋਨ॥     (ਦੱਤ ਅਵਤਾਰ)

(51) ਕੰਠ ਅਭੂਖਣ

 ਚਾਰ ਚਰਣ, ਪ੍ਰਤੀ ਚਰਣ ਤਿੰਨ ਭਗਣ ਤੇ ਦੋ ਗੁਰੂ ਆਉਂਦੇ ਹਨ। ਉਦਾਹਰਣ:

  ਭਰਮ ਕੁਮਾਰ ਨ ਅਉ ਹਠ ਕੀਜੈ। ਜਾਹੁ ਘਰੈ ਨ ਹਮੈ ਦੁਖ ਦੀਜੈ।

  ਰਾਜ ਕਹਯੋ ਜੁ ਹਮੈ ਹਮ ਮਾਨੀ। ਤ੍ਰਿਯੋਦਸ ਬਰਖ ਬਸੈ ਬਨਧਾਨੀ॥285॥

          (ਰਾਮਾਵਤਾਰ)

(52) ਕਿਰਪਾਨ ਜਾਂ ਕ੍ਰਿਪਾਨ ਕ੍ਰਿਤ

 ਦੇਖੋ ਕਬਿਤ ਛੰਦ

(53) ਗਾਹਾ

 ਦਸਮ ਗ੍ਰੰਥ ਵਿਚ ਇਸ ਦਾ ਸਿਰਲੇਖ ਗਾਹਾ ਦੂਜਾ ਹੈ। ਇਸ ਦੇ ਚਾਰ ਚਰਣ, ਪ੍ਰਤੀ ਚਰਣ 27 ਮਾਤ੍ਰਾਂ ਹੁੰਦੀਆਂ ਹਨ। 14+13 ਤੇ ਵਿਸ਼ਰਾਮ। ਉਦਾਹਰਣ:

  ਮਾਤਵੰ ਮਦਿਆਂ ਕੁਨਾਰੰ। ਅਨਰਤੰ ਧਮੰਣੋ ਤ੍ਰਿਆਇ।

  ਕੁਕਰਮਣੰ ਕਥਿਤੰ। ਲੱਜਣੋਹ ਤਜੰਤ ਨਰੰ॥   (ਨਿਹਕਲੰਕੀ)

(54) ਗੀਤ ਮਾਲਤੀ

 ਚਾਰ ਚਰਣ, ਪ੍ਰਤੀ ਚਰਣ 28 ਮਾਤ੍ਰਾਂ, 14+14 ਤੇ ਵਿਸ਼ਰਾਮ। ਉਦਾਰਹਣ:

  ਪਛਰਾਜ ਰਾਵਨ ਮਾਰਿਕੇ। ਰਘੁਰਾਜ ਸੀਤਹਿ ਲੈਗਯੇ॥

  ਨਭ ਓਰ ਖੋਹ ਨਿਹਾਰ ਕੇ। ਸੁ ਜਟਾਉ ਸਿਅ ਸੰਦੇਸ ਦਯੋ॥364॥ 

          (ਰਾਮਾਵਤਾਰ)

(55) ਗੰਗਾਧਰ ਜਾਂ ਗੰਗੋਦਕ

 ਦੇਖੋ ਸਵੈਯਾ ਛੰਦ।

(56) ਘੱਤਾ

 ਤਿੰਨ ਚਰਣ 1 ਪਹਿਲੇ ਚਰਣ ਦੀਆਂ 24 ਮਾਤ੍ਰਾਂ 11+13, ਦੂਜੇ ਦੀਆਂ 16 ਮਾਤ੍ਰਾਂ 8+8 ਤੇ ਤੀਜੇ ਵਿਚ 32 ਮਾਤ੍ਰਾਂ 8+8+16। ਉਦਾਹਰਣ:

  ਧਰਮ ਨ ਕਰਹੈਂ ਏਕ, ਅਨੇਕ ਪਾਪ ਕੈਹੈਂ ਸਕ।

  ਲਾਜ ਬੇਚਿ ਤਹਿ, ਫਿਰੈ ਸਕਲ ਜਗ।

  ਪਾਪ ਕਮੈਵਹ ਦੁਰਗਹਿ ਪੈਹੈ, ਪਾਪ ਸਮੁੰਦਰ ਜੈਹੈਂ ਨਹੀ ਤਰਿ।  (ਨਿਹਕਲੰਕੀ)

(57) ਚਉਬੇਲਾ

 ਜਿਸ ਛੰਦ ਵਿਚ ਚਾਰ ਬੋਲੀਆਂ ਹੋਣ ਉਹ ਚਉਬੋਲਾ ਹੈ। ਦਸਮ ਗ੍ਰੰਥ ਗ੍ਰੰਥ ਦੇ ਹੇਠਲੇ ਉਦਾਹਰਣ ਵਿਚ ਬ੍ਰਿਜਭਾਸ਼ਾ, ਮੁਲਤਾਨੀੰ, ਡਿੰਗਲ ਤੇ ਖੜੀ ਬੋਲੀ ਵਰਤੀ ਗਈ ਹੈ।

  ਧਾਏ ਮਹਾਂ ਬੀਰ, ਸਾਧੇ ਸਿਤੰ ਤੀਰ,

  ਕਾਛੇ ਰਣੰਚੀਰ ਬਾਨਾ ਸੁਹਾਏ।

  ਰਵਾਂ ਕਰਦ ਮਰਕਬ, ਯਲੋ ਤੇਜ ਇਸ ਸ਼ਬਚੂੰ ਤੁੰਦ

  ਅਜ਼ਦਹੋ ਓ ਮਿਆਂ ਜਗਾ ਹੈ।      (ਰਾਮਾਵਤਾਰ)

(58) ਚਰਪਟ

 ਇਸ ਦੇ ਨਾਮ ਉਛਾਲ, ਹੰਸਕ ਤੇ ਪੰਕਿ ਵੀ ਹਨ। ਉਦਾਹਰਣ:

  ਸਰਬੰ ਹੰਤਾ। ਸਰਬੰ ਗੰਤਾ।

  ਸਰਬੰ ਖਿਆਤਾ। ਸਰਬੰ ਗਿਆਤਾ॥138॥   (ਜਾਪੁ)

(59) ਚਟਪਟ ਛੀਗਾ

 ਇਹ ਚਰਪਟ ਦਾ ਹੀ ਰੂਪ ਹੈ।

(60) ਚਾਚਰੀ ਛੰਦ

 ਇਹ ਸੁਧੀ ਛੰਦ ਦਾ ਹੀ ਰੂਪ ਹੈ। ਚਾਰ ਚਰਣ ਹੁੰਦੇ ਹਨ। ਇਸ ਦੇ ਲਈ ਰੂਪ ਹਨ। ਉਦਾਹਰਣ:

  ਅਲੇਖ ਹੈਂ। ਅਭੇਖ ਹੈਂ, ਅਢਾਹ ਹੈ। ਅਗਾਹ ਹੈ॥136॥  (ਜਾਪੁ)

(61) ਚਾਮਰ

 ਇਸ ਦੇ ਸੋਮਵੱਲਰੀ ਤੇ ਤੂਣ ਨਾਮ ਭੀ ਹਨ। ਚਾਰ ਚਰਣ, ਪ੍ਰਤੀ ਚਰਣ 15 ਅੱਖਰ ਹੁੰਦੇ ਹਨ। ਉਦਾਹਰਣ:

  ਸਸਤ੍ਰ ਅਸਤ੍ਰ ਲੈ ਸਕੋਪ ਬੀਰ ਬੋਲਿ ਕੈ ਸਬੈ।

  ਕੋਪ ਓਪ ਦੋ ਹਠੀ ਸੁ ਧਾਘਕੈ ਪਰੋ ਸਬੈ।

  ਕਾਨ ਕੋ ਪ੍ਰਮਾਨ ਬਾਨ ਤਾਨਿ ਤਾਨ ਤੋਰ ਹੀ।

  ਸੁ ਜੂਝਿ ਜੂਝਕੈ ਮਰੈ ਨ ਨੈਕੁ ਮੁੱਖ ਮੋਰ ਹੀ।    (ਨਿਹਕਲੰਕੀ)

(62) ਚੌਪਈ

 ਚਾਰ ਚਰਣ, ਪ੍ਰਤੀ ਚਰਣ 15 ਮਾਤ੍ਰਾਂ 8+7 ਤੇ ਬਿਸ਼ਰਾਮ ਅੰਤ ਤੇ ਗੁਰੂ। ਉਦਾਹਰਣ:

  ਜਾਤਿ ਪਾਤਿ ਜਿਹ ਚਿਹਨ ਨ ਬਰਨਾ।

  ਅਬਿਗਤਿ ਦੇਵ ਅਛੈ ਅਨਭਰਮਾ।

  ਸਭ ਕੋ ਕਾਲ ਸਭਨ ਕੋ ਕਰਤਾ।

  ਰੋਗ ਸੋਗ ਦੋਖਨ ਕੋ ਹਰਤਾ॥10॥    (ਅਕਾਲ ਉਸਤਤਿ)

(63) ਚੰਚਲਾ

 ਇਸ ਦੇ ਚਿਤ੍ਰ, ਬਿਰਾਜ ਤੇ ਬ੍ਰਹਮਰੂਪਕ ਨਾਮ ਭੀ ਹਨ। ਚਾਰ ਚਰਣ ਤੇ ਹਰ ਚਰਣ ਦੇ 16 ਅੱਖਰ ਹੁੰਦੇ ਹਨ। ਉਦਾਹਰਣ:

  ਮਾਰਬੇ ਕੁ ਤਾਂਹਿ ਤਾਕਿ ਧਾਂਇ ਬੀਰ ਸਾਵਧਾਨ।

  ਹੋਨ ਲਾਗੇ ਯੁਧ ਕੇ ਜਹਾਂ ਤਹਾਂ ਸਬੈ ਬਿਧਾਨ।    (ਨਿਹਲੰਕੀ)

(64) ਛਪੈ ਛੰਦ

 ਇਸ ਦੇ ਅਨੇਕ ਰੂਪ ਹਨ। ਛੇ ਚਰਣ ਹੋਣ ਕਰਕੇ ਇਸ ਨੂੰ ਖਟਪਟ ਵੀ ਕਹਿੰਦੇ ਹਨ। ਇਥੇ ਸਿਰਫ 29 ਗੁਰੂ ਤੇ 94 ਲਘੂ ਵਾਕੇ 'ਬੁਧਿ' ਛਪੈ ਛੰਦ ਦੀ ਉਦਾਹਰਣ ਦਿੰਦੇ ਹਨ:

  ਚਕ੍ਰ ਚਿਹਨ ਅਰੁ ਬਰਨ

  ਜਾਤਿ ਅਰੁ ਪਾਤਿ ਨਹਿਨ ਜਿਹ,

  ਰੂਪ ਰਗ ਅਰੁ ਰੇਖ

  ਭੇਖ ਕੋਊ ਕਹਿ ਨ ਸਕਤ ਕਿਹ,

  ...................      (ਜਾਪੁ)

 ਨੋਟ: (ਮਕਰ, ਮੇਰੁ, ਸਮਰ, ਅਜੰਗਮ, ਬਾਰਟ, ਕਮਲ ਰਲਹੰਸਾ ਆਦਿ ਇਸ ਦੇ ਰੂਪ ਹਨ। )

(65) ਛੰਦ ਵਡਾ

 ਇਹ ਹਰਿਗੀਤਿਕਾ ਦਾ ਰੂਪ ਹੈ। ਚਾਰ ਚਰਣ ਤੇ ਦਸ ਮਾਤ੍ਰਾਂ ਹੁੰਦੀਆਂ ਹਨ। ਦਸਮਗ੍ਰੰਥ ਵਿਚ ਸ਼ਸਤ੍ਰਨਾਮਮਾਲਾ ਵਿਚ ਇਸ ਦੇ ਉਦਾਹਰਣ ਹਨ:

(66) ਝੂਲਨਾ

 ਇਸ ਦੇ ਚਾਰ ਚਰਣ ਹੁੰਦੇ ਹਨ। ਇਸ ਦੇ ਅਨੇਕਾਂ ਰੂਪ ਹਨ। ਉਦਾਰਹਣ:

  ਸੁਨੇ ਕੂਕ ਕੇ ਕੋਕਿਲਾ ਕੋਪ ਕੀਨੇ, ਮੁਖੰ ਦੇਖ ਕੈ ਚੰਦ ਦਾਰੇਰ ਖਾਈ।

  ਲਖੈ ਨੈਨ ਬਾਂਕੇ, ਮਨੈਮੀਨ ਮੋਹੈਂ, ਲਖ ਜਾਤ ਕੇ ਸੂਰ ਕੀ ਜੋਤਿ ਛਾਈ॥298॥

          (ਰਾਮਾਵਤਾਰ)

(67) ਝੂਲਾ

 ਦੇਖੋ ਸੋਮਰਾਜੀ ਤੇ ਅਰਧ ਭੁਜੰਗ ਛੰਦ।

(68) ਤਰ ਨਰਾਜ

 ਇਸ ਦਾ ਨਾਮ ਸਮਾਨਿਕਾ ਭੀ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ:

  ਛਾਡ ਸੁਭ੍ਰ ਸਾਜ ਕੋ, ਲਾਗ ਹੈਂ ਅਕਾਜ ਕੋ।    (ਨਿਹਕਲੰਕੀ)

(69) ਤਾਰਕ

 ਦੇਖੋ ਅਸਤਾ ਤੇ ਤੋਟਕ ਛੰਦ।

(70) ਤਾਰਕਾ

 ਚਾਰ ਚਰਣ, ਹਰ ਚਰਣ ਵਿਚ ਚਾਰ ਸਗਣ ਤੇ ਅੰਤ ਤੇ ਇਕ ਗੁਰੂ ਆਉਂਦਾ ਹੈ। ਉਦਾਹਰਣ:

  ਦਿਜਦੇਵ ਤਬੈ ਗੁਰ ਚਉਬੀਸ ਕੈ ਕੈ।

  ਗਿਰਿ ਮੇਰੁ ਗਏ ਸਭ ਹੀ ਮੁਨਿ ਲੈਕੈ॥485॥   (ਦੱਤ ਅਵਤਾਰ)

(71) ਤਿਲਕਾ

 ਦੇਖੋ ਅਜਬਾ ਤੇ ਕਨਯਾ ਛੰਦ।

(72) ਤਿਲੋਕੀ

 ਇਸ ਦਾ ਨਾਮ ਉਪਚਿਤ੍ਰਾ ਭੀ ਹੈ। ਚਾਰ ਚਰਣ, ਪ੍ਰਤੀ ਚਰਣ 16 ਮਾਤ੍ਰਾਂ। ਉਦਾਰਹਣ:

  ਸਤਜੁਗ ਆਦਿ ਕਲੀਜੁਗ ਅੰਤੇ।

  ਜਹਿ ਤਹਿ ਆਨਦ ਸੰਤ ਮਹੰਤੇ।      (ਨਿਹਕਲੰਕੀ)

(73) ਤੋਟਕ

 ਦੇਖੋ ਅਸਤਾ ਤੇ ਕਿਲਕਾ ਛੰਦ।

(74) ਤੋਮਰ

 ਚਾਰ ਚਰਣ ਹੁੰਦੇ ਹਨ। ਉਦਾਹਰਣ:

  ਅਕਲੰਕ ਰੂਪ ਅਪਾਰ। ਸਭ ਲੋਕ ਧੋਸ ਬਿਦਾਰ।

  ਕਲ ਕਾਲ ਕਰਮ ਬਿਹੀਨ। ਸਭ ਕਰਮ ਧਰਮ ਪ੍ਰਬੀਨ॥33॥ (ਅਕਾਲ ਉਸਤਤਿ)

(75) ਤ੍ਰਿਗਤਾ

 ਦੇਖੋ ਅਕਵਾ ਅਤੇ ਅਜਬਾ ਛੰਦ।

(76) ਤ੍ਰਿਣਣਿਣ

 ਦੇਖੋ ਅਕਰਾ, ਅਣਕਾ ਜਾਂ ਸ਼ਸ਼ਿਵਦਨਾ ਛੰਦ।

(77) ਤ੍ਰਿਭੰਗੀ

 ਚਾਰ ਚਰਣ, ਪ੍ਰਤੀ ਚਰਣ 32 ਮਾਤ੍ਰਾਂ, 16+8+8 ਤੇ ਬਿਸ਼ਰਾਮ।

 ਹਰ ਚਰਣ ਵਿਚ ਤਿੰਨ ਤੰਗ (ਅਨੁਪ੍ਰਾਸ) ਹੋਣੇ ਜਰੂਰੀ ਹਨ। ਉਦਾਹਰਣ:

  ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ ਬਰਬੰਡੰ।

  ਭੁਜ ਦੰਡ ਅਖੰਡੰ, ਤੇਜ ਪ੍ਰਚੰਡੰ, ਜੋਤਿ ਅਮੰਡੰ ਭਾਨੁ ਪ੍ਰਭੰ।  (ਬਿਚਿਤ੍ਰ ਨਾਟਕ)

(78) ਤ੍ਰਿੜਕਾ

 ਦੇਖੋ ਅਕਵਾ ਛੰਦ।

(79) ਦੋਹਰਾ ਜਾਂ ਦੋਹਾ

 ਦੋ ਚਰਣ, ਪ੍ਰਤੀ ਚਰਣ 24 ਮਾਤ੍ਰਾਂ, 13+11 ਤੇ ਬਿਸ਼ਰਾਮ। ਅੰਤ ਗੁਰੂ ਲਘੂ। ਇਸ ਦੇ ਅਨੇਕਾਂ ਰੂਪ ਦਸਮ ਗ੍ਰੰਥ ਵਿਚ ਆਏ ਹਨ। ਉਦਾਹਰਣ:

  ਏਕ ਸਮੇਂ ਸ੍ਰੀ ਆਤਮਾ, ਉਚਰਓ ਮਤਿ ਸਿਉ ਬੈਨ।

  ਸਭ ਪ੍ਰਤਾਪ ਜਗਦੀਸ਼ ਕੋ, ਕਹੋ ਸਕਲ ਬਿਧਿ ਤੈਨ॥221॥ (ਅਕਾਲ ਉਸਤਤਿ)

(80) ਦੋਧਕ

 ਇਸ ਦੇ ਦੋ ਨਾਮ ਹਨ ਬੰਧੁ ਤੇ ਮੋਦਕ। ਇਹ ਨਾਮ ਦਸਮ ਗ੍ਰੰਥ ਵਿਚ ਹਨ। ਚਾਰ ਚਰਣ ਹੁੰਦੇ ਹਨ। ਉਦਾਹਰਣ:

  ਬਾਹਿ ਕ੍ਰਿਪਾਣ ਸੁ ਬਾਣ ਭੱਟਗਣ,

  ਅੰਤਿ ਗਿਰੇ ਪੁਨਿ ਜੂਝ ਮਹਾਂ ਰਣ।     (ਨਰ ਸਿੰਘਾਵਤਾਰ)

(81) ਨਗ ਸਰੂਪੀ

  ਇਸ ਦਾ ਨਾਮ ਪ੍ਰਮਾਣਿਕ ਭੀ ਹੈ। ਚਾਰ ਚਰਣ ਹੁੰਦੇ ਹਨ। ਉਦਾਹਰਣ:

  ਅਨੇਕ ਸੰਤ ਤਾਰਣੰ। ਅਦੇਵ ਦੇਵ ਕਾਰਣੰ।

  ਸੁਰੇਸ ਭਾਇ ਰੂਪਣੰ। ਸਮ੍ਰਧਿ ਸਿੱਧ ਕੂਪਣੰ॥204॥  (ਰਾਮਾਵਤਾਰ)

(82) ਨਰਾਜ

 ਇਸ ਦੇ ਕਈ ਰੂਪ ਹਨ ਜਿਵੇਂ ਨਾਗਰਾਜ, ਪੰਚਚਅਰ, ਵਿਚਿਤ੍ਰਾ, ਅਰਧ ਨਰਾਜ, ਬ੍ਰਿਧ ਨਰਾਜ, ਲਘੂ ਨਰਾਜ ਆਦਿ। ਉਦਾਹਰਣ:

  ਅਗੰਜ ਆਦਿ ਦੇਵ ਹੈ, ਅਭੰਜ-ਭੰਜ ਜਾਣਿਐ।

  ਅਭੂਤ ਭੂਤ ਹੈ ਸਦਾ, ਅਗੰਜ ਗੰਜ ਮਾਨਿਐ॥161॥  (ਅਕਾਲ ਉਸਤਤਿ)

(83) ਨਵਨਾਮਕ

 ਇਸ ਦਾ ਨਾਮ ਨਰ ਹਰਿ ਭੀ ਹੈ। ਚਾਰ ਚਰਣ। ਉਦਾਹਰਣ:

  ਤਰ ਭਰ ਪਰਿ ਸਰ। ਨਿਰਖਤ ਸੁਰ ਨਰ।

  ਹਰਿ ਪੁਰ ਪੁਰ ਸਰ। ਨਿਰਖਤ ਬਰ ਨਰ॥454॥   (ਰਾਮਾਵਤਾਰ)

(84) ਨਵਪਦੀ

 ਇਹ ਚੌਪਈ ਤੇ ਅੜਿੱਲ ਦਾ ਹੀ ਰੂਪ ਹੈ। ਦੇਖੋ ਚੌਪਈ।

(85) ਨਿਸਪਾਲ

 ਇਸ ਦੇ ਵੀ ਚਾਰ ਚਰਣ ਹੁੰਦੇ ਹਨ। ਉਦਾਹਰਣ:

  ਪ੍ਰਾਨ ਤਜ ਪੈ ਨ ਭਜ ਭੂ ਮਿਰਣ ਸ਼ੋਭਹੀ।

  ਪੇਖ ਛਬਿ ਦੇਖ ਦੁਤਿ ਨਾਰਿ ਸੁਰ ਲੋਭਹੀ।    (ਨਿਹਕਲੰਕੀ)

(86) ਪਊੜੀ

 ਇਸ ਦੇ ਅਨੇਕ ਰੂਪ ਹਨ। ਨਿਸ਼ਾਨੀ ਤੇ ਸਿਰਖੰਡੀ ਇਸ ਅਧੀਨ ਆਉਂਦੇ ਹਨ। ਦਸਮ ਗ੍ਰੰਥ ਵਿਚ ਇਸ ਦੇ ਕਈ ਰੂਪ ਆਏ ਹਨ। ਵੇਖੋ ਚੰਡੀ ਦੀ ਵਾਰ।

(87) ਪਦ

 ਪਦ ਨੂੰ ਸ਼ਬਦ ਵੀ ਕਹਿੰਦੇ ਹਨ। ਇਸ ਦੇ ਅਨੇਕ ਰੂਪ ਹਨ। ਦਸਮ ਗ੍ਰੰਥ ਵਿਚ ਸ਼ਬਦ ਹਜ਼ਾਰੇ ਆਉਂਦੇ ਹਨ। ਉਦਾਹਰਣ:

  ਰੇਮਨ ਇਹ ਬਿਧਿ ਜੋਗ ਕਮਾਓ,

  ਸਿੰਙੀ ਸਾਚੁ ਅਕਪਟ ਕੰਠਲਾ, ਧਯਾਨ ਬਿਭੂਤ ਚੜਾਓ।

          (ਸ਼ਬਦ ਹਜ਼ਾਰੇ)

(88) ਪੁਨਹਾ

 ਇਸ ਦਾ ਨਾਮ ਫੁਨਹਾ ਭੀ ਹੈ। ਚਾਰ ਚਰਣ, ਪ੍ਰਤੀ ਚਰਣ 21 ਮਾਤ੍ਰਾ। ਉਦਾਹਰਣ:

  ਆਇਸ ਅਬ ਜੌ ਹੋਇ, ਗ੍ਰੰਥ ਤਉ ਮੈਂ ਰਚੋ।

  ਰਤਨ ਪ੍ਰਮੁਦ ਕਰ ਬਚਨ, ਚੀਨਿ ਤਾਂਮੈ ਗਚੋ।    (ਚੰਡੀ ਚਰਿਤ੍ਰ-1)

(89) ਪੰਕਜ ਬਾਟਿਕ

 ਦੇਖੋ ਮੋਦਕ ਛੰਦ

(90) ਬਿਸਨਪਾਦ

  ਇਸ ਦੇ ਅਨੇਕ ਰੂਪ। ਚਰਣ ਵੀ ਵਖ ਵਖ ਹਨ। ਇਕ ਉਦਾਹਰਣ:

  ਸੁਨਿਪਾਈ ਬ੍ਰਿਜਬਾਲਾ ਮੋਹਨ, ਆਏ ਹੈ ਕੁਰੁ ਖੇਤਿ।

  ਦਰਸਨ ਦੇਖਿ ਸਭੈ ਦੁਖ ਬਿਸਰੇ, ਬੇਦ ਕਹਤ ਜਿਹ ਨੇਤਿ।  (ਕ੍ਰਿਸਨਾਵਤਾਰ)

(91) ਬੇਲੀ ਬਿੰਦ੍ਰਮ

 ਚਾਰ ਚਰਣ, ਪ੍ਰਤੀ ਚਰਣ ਵਖ ਵਖ ਮਾਤ੍ਰਾ ਰੂਪਾਂ ਅਨੁਸਾਰ। ਉਦਾਹਰਣ:

  ਕਹ ਕਹ ਸੁ ਕੂਕਤ ਕੰਕੀਯੰ।

  ਬਹਿ ਬਹਤ ਬੀਰ ਸੁ ਬੰਕੀਘੰ।

  ਲਹ ਲਹਤ ਬਾਣਿ ਕ੍ਰਿਪਾਣਯੰ।

  ਗਹ ਗਹਤ ਪ੍ਰੇਤ ਮਸਾਣਯੰ।      (ਚੰਡੀ ਚਰਿਤ੍ਰ-2)

(92) ਬੈਂਤ

 ਇਸ ਦੇ ਵੀ ਅਨੇਕ ਰੂਪ ਹਨ। ਇਸ ਦੇ ਦੋ ਚਰਣ ਹੁੰਦੇ ਹਨ। ਉਦਾਹਰਣ:

  ਹਮ ਮਰਦ ਬਾਯਦ ਸ਼ਵਦ ਸੁਖਨਵਰ।

  ਨ ਸ਼ਿਕਸੇ ਦਿਗਰ ਦਰ ਦਹਾਨੇ ਦਿਗਰ।     (ਜ਼ਫਰਨਾਮਾ)

(92) ਭਗਵਤੀ

 ਇਸ ਦੇ ਦੋ ਰੂਪ ਹਨ ਸੋਮਰਾਜੀ ਤੇ ਸ਼ੰਖਨਰੀ। ਉਦਾਹਰਣ:

  ਕਿ ਜ਼ਾਹਿਰ ਜ਼ਹੂਰ ਹੈ। ਕਿ ਹਾਜ਼ਿਰ ਹਜ਼ੂਰ ਹੈ।

  ਹਮੇਸ਼ੁਲ ਸਲਾਮ ਹੈ। ਸਮਸਤੁਲ ਕਲਾਮ ਹੈ।    (ਜਾਪੁ)

(93) ਭੁਜੰਗ ਪ੍ਰਯਾਤ

  ਚਾਰ ਚਰਣ, ਪ੍ਰਤੀ ਚਰਣ ਜਗਣ। ਉਦਾਹਰਣ:

  ਨਮੋ ਰਾਜਸੰ ਤਾਮਸੰ ਸ਼ਾਂਤਿਰੂਪੇ।

  ਨਮੋ ਪਰਮ ਤੱਤੰ ਅੱਤਤੰ ਸਰੂਪੇ॥183॥    (ਜਾਪੁ)

(94) ਮਕਰਾ

 ਚਾਰ ਚਰਣ, ਪ੍ਰਤੀ ਚਰਣ 12 ਮਾਤ੍ਰਾਂ ਅਤੇ ਗੁਰੂ ਲਘੂ। ਉਦਾਹਰਣ:

  ਜੀਤੇ ਬਜੰਗ ਜ਼ਾਲਿਮ, ਕੀਨੇ ਖਤੰਗ ਪਰਰਾਂ।

  ਪੁਹਪਕ ਬਿਬਾਨ ਬੈਠੇ, ਸੀਤਾਰਮਣ ਕਹਾਂ ਹੈ।    (ਰਾਮਾਵਤਾਰ)

(95) ਮਥਾਨ

 ਚਾਰ ਚਰਣ, ਪ੍ਰਤੀ ਚਰਣ ਦੋ ਤਗਣ। ਉਦਾਹਰਣ:

  ਛਾਜੈ ਮਹਾ ਜੋਤ। ਤਾਨੰ ਮਨੋ ਦੋਤ।

  ਰਾਜੈ ਮਹਾਂ ਰੂਪ। ਲਾਜੈਂ ਸਭੈ ਭੂਪ।     (ਨਿਹਕਲੰਕੀ)

(96) ਮਧੁਭਾਰ

 ਛਬਿ ਤੇ ਮੋਹਣਾ ਭੀ ਇਸ ਦੇ ਨਾਮ ਹਨ। ਚਾਰ ਚਰਣ, ਪ੍ਰਤੀ ਚਰਣ 8 ਮਾਤ੍ਰਾਂ। ਉਦਾਹਰਣ:

  ਗੁਨ ਗਨ ੳਦਾਰ। ਮਹਿਮਾ ਅਪਾਰ।

  ਆਸਨ ਅਭੰਗ। ਉਪਮਾ ਅਨੰਗ॥83॥    (ਜਾਪੁ)

(97) ਮਧੁਰ ਧੁਨਿ

 ਦੇਖੋ ਅਕਰਾ, ਅਣਕਾ ਜਾਂ ਅਨਹਦ ਛੰਦ।

(98) ਮਾਧੋ

 ਇਸ ਦਾ ਨਾਮ ਕ੍ਰੀੜਾ ਭੀ ਹੈ। ਚਾਰ ਚਰਣ, ਪ੍ਰਤੀ ਚਰਣ 16 ਮਾਤ੍ਰਾਂ। ਉਦਾਹਰਣ:

  ਜਬ ਕੋਪਾ ਕਲਕੀ ਅਵਤਾਰਾ, ਬਾਜਤ ਤੂਰ ਹੋਤ ਝੁਨਕਾਰਾ।  (ਨਿਹਕਲੰਕੀ)

(99) ਮੋਹਣੀ

 ਮਧੁਭਾਰ ਦਾ ਹੀ ਰੂਪ ਹੈ। ਦੇਖੋ ਮਧੁਭਾਰ।

(100) ਰਸਾਵਲ

   ਇਸ ਦੇ ਅਨੇਕਾਂ ਰੂਪ ਹਨ। ਜਾਪੁ ਇਸ ਅਰਧ ਭੁਜੰਗ ਹੀ ਰਸਾਵਲ ਛੰਦ ਹੈ। ਇਕ ਉਦਾਹਰਣ ਦੇਖੋ:

  ਨਮੋ ਨਰਕ ਨਾਸੇ। ਸਦੈਵੰ ਪ੍ਰਕਾਸੇ।

  ਅਨੰਗੰ ਸਰੂਪੇ। ਅਭੰਗੰ ਬਿਭੂਤੇ॥141॥    (ਜਾਪੁ)

(101) ਰੁਆਮਲ

   ਰੁਆਮਲ ਚਾਰ ਚਰਣ, ਦਸ ਤੇ ਸਤ ਅਖਰਾਂ ਤੇ ਬਿਸ਼ਰਾਮ। ਉਦਾਹਰਣ:

  ਦੇਵ ਭੇਵ ਨ ਜਾਨਹੀਂ ਜਿਹ, ਬੇਦ ਔਰ ਕਤੇਬ।    (ਜਾਪੁ)


 ਲੇਖ ਨੂੰ ਸੰਖੇਪ ਰਖਣ ਦੇ ਨਜ਼ਰੀਏ ਤੋਂ 50 ਕੁ ਛੰਦਾਂ ਦਾ ਇਥੇ ਵਰਣਨ ਨਹੀਂ ਹੋ ਸਕਿਆ ਹੈ। ਕੁਝ ਛੰਦਾਂ ਦੇ ਨਾਮ ਇਕ ਤੋ ਵਧੇਰੇ ਹਨ। ਉਹਨਾਂ ਬਾਰੇ ਨੋਟ ਦੇ ਦਿਤੇ ਗਏ ਹਨ। ਕੁਝ ਛੰਦਾਂ ਦੇ ਰੂਪ ਅਨੇਕ ਹਨ। ਸੋ ਇਵੇਂ 150 ਦੇ ਲਗਭਗ ਛੰਦ ਦਸਮ ਗ੍ਰੰਥ ਵਿਚ ਆਏ ਹਨ।


ਹਵਾਲੇ ਤੇ ਟਿਪਣੀਆਂ

1. ਸ਼ਿਵ ਨੰਦਨ ਪ੍ਰਸਾਦ (ਡਾ.) 'ਮਾਤ੍ਰਿਕ ਛੰਦੋ ਕਾ ਵਿਕਾਸ' (ਹਿੰਦੀ) ਬਿਹਾਰ ਰਾਸ਼ਟਰ ਭਾਸ਼ਾ ਪਰਿਸ਼ਦ, ਪਟਨਾ 1964, ਪੰਨਾ 9-10

2. ਕਾਨ੍ਹ ਸਿੰਘ ਨਾਭਾ 'ਗੁਰਰਤਨਾਕਰ ਮਹਾਨ ਕੋਸ਼', ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, 1974, ਪੰਨਾ 495

3. ਹਿੰਦੀ ਸਾਹਤਿਯ ਕੋਸ਼, ਪੰਨਾ 290

4. "A meter is nothing but a particular arrangment of high and low tones." V.S Ghate. Ghate's Lecture on Rigveda', The oriental Book Agency,                      Poona 1926. P. 181]

5. 'Encyclopaedia of Poetry and Poetics', Princeton Uni. Press U.S.A. 1965. Page 496.

6. ਸ਼ਬਦਾਰਥ ਦਸਮ ਗ੍ਰੰਥ ਸਾਹਿਬ, ਪੰਜਾਬੀ ਯੂਨੀਵਰਸਟੀ ਪਟਿਆਲਾ ਵਿਚ ਇਸ ਰਚਨਾ ਦੇ 196 ਛੰਦ ਗਿਣੇ ਗਏ ਹਨ।

7. ਰਤਨ ਸਿੰਘ ਜੱਗੀ (ਡਾ.) ਦਸਮ ਗ੍ਰੰਥ ਪਰਿਚਯ, ਪੰਨਾ 19

8. ਪਿਆਰਾ ਸਿੰਘ ਪਦਮ, ਦਸਮ ਗ੍ਰੰਥ ਦਰਸ਼ਣ, ਪੰਨਾ 81.

9. 'ਚੰਡੀ ਚਰਿਤ੍ਰ ਕਵਿੱਤਨ ਮੈ ਬਰਨਿਓ, ਸਭ ਹੀ ਰਸਰੁਦ੍ਰ ਮਈ ਹੈਂ'। ਦੇਖੋ ਸ਼ਬਦਾਰਥ ਦਸਮ ਗ੍ਰੰਥ (ਪੋਥੀ ਪਹਿਲੀ) ਪੰ. ਯੂ. ਪ. ਪੰਨਾ 127

10. ਰਤਨ ਸਿੰਘ ਜੱਗੀ (ਡਾ.), ਦਸਮ ਗ੍ਰੰਥ ਪਰਿਚਯ, ਪੰਨਾ 37

11. ਪਿਆਰਾ ਸਿੰਘ ਪਦਮ, ਦਸਮ ਗ੍ਰੰਥ ਦਰਸ਼ਨ, ਪੰਨਾ 137

12. ਇਨ੍ਹਾਂ ਸ਼ਬਦਾਂ ਵਿਚ 'ਮਿਤ੍ਰ ਪਿਆਰੇ ਨੂੰ' ਵਾਲਾ ਖਿਆਲ ਨਾਂ ਦਾ ਸ਼ਬਦ ਵੀ ਜੋੜ ਦਿੱਤਾ ਗਿਆ ਹੈ। ਇਵੇਂ ਇਨ੍ਹਾਂ ਦੀ ਗਿਣਤੀ 10 ਹੋ ਗਈ ਹੈ।

Back to top


HomeProgramsHukamNamaResourcesContact •