ਬਿਚਿਤ੍ਰ ਨਾਟਕ ਦੇ ਪਰਿਪੇਖ ਵਿਚ ਨਦੌਣ ਦਾ ਯੁੱਧ - ਡਾ. ਐਮ. ਐਸ. ਅੰਮ੍ਰਿਤ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ ਇਕ ਸੰਘਰਸ਼ਮਈ ਜੀਵਨ ਰਿਹਾ ਹੈ। ਗੱਦੀ ਨਸ਼ੀਨੀ ਉਪਰੰਤ, ਗੁਰੂ ਸਾਹਿਬ ਨੂੰ ਆਪਣੇ ਥੋੜ੍ਹੇ ਜਿਹੇ ਅਰਸੇ ਵਿਚ 14 ਯੁੱਧਾਂ ਦੇ ਸਨਮੁੱਖ ਜੂਝਣਾ ਪਿਆ ਅਤੇ ਇਨ੍ਹਾਂ ਸਾਰੇ ਯੁੱਧਾਂ ਵਿਚ ਉਹਨਾਂ ਨੂੰ ਬੇਮਿਸਾਲ ਫ਼ਤਿਹ ਨਸੀਬ ਹੋਈ, ਇਨ੍ਹਾਂ ਵਿਚੋਂ ਪਰਮੁੱਖ ਯੁੱਧਾਂ ਦਾ ਵਰਣਨ ਇਸ ਪ੍ਰਕਾਰ ਹੈ: ਭੰਗਾਣੀ ਦਾ ਯੁੱਧ, ਨਦੌਣ ਦਾ ਯੁੱਧ, ਅੰਨਦਪੁਰ ਦੀਆਂ ਲੜਾਈਆਂ, ਚਮਕੌਰ ਦਾ ਯੁੱਧ ਅਤੇ ਛੇਕੜਲਾ ਮੁਕਤਸਰ ਦਾ ਯੁੱਧ। ਇਨ੍ਹਾਂ ਜੰਗਾਂ, ਯੁੱਧਾਂ ਦੇ ਦੌਰਾਨ ਹੀ ਮਹਾਨ ਬੀਰ-ਰਸੀ-ਸਾਹਿਤ ਦੀ ਉਤਪਤੀ ਹੋਈ ਜਿਸ ਦਾ ਬਾਅਦ ਵਿਚ ‘ਦਸਮ ਗ੍ਰੰਥ’ ਦੇ ਰੂਪ ਵਿਚ ਸੰਕਲਨ ਕੀਤਾ ਗਿਆ। ਦੱਖਣ ਦੀਆਂ ਲੜਾਈਆਂ ਕਾਰਨ, ਹਿੰਦੁਸਤਾਨ ਦੇ ਮਹਾਨ ਸਮਰਾਟ ਔਰੰਗਜ਼ੇਬ ਦਾ ਖਜ਼ਾਨਾ ਖਾਲੀ ਅਤੇ ਹਕੂਮਤ ਬਹੁਤ ਨਿਰਬਲ ਹੋ ਗਈ ਸੀ। ਕਾਫ਼ੀ ਅਰਸੇ ਤੋਂ ਔਰੰਗਜ਼ੇਬ, ਦਿੱਲੀ ਤੋਂ ਦੂਰ ਦੱਖਣ ਵਿਚ ਆਪਣੇ ਡੇਰੇ ਲਾਈ ਬੈਠਾ ਸੀ। ਇੰਜ, ਉੱਤਰ-ਪੱਛਮੀ ਸੂਬਿਆ ਉੱਤੇ ਉਸ ਦੀ ਪਕੜ ਦਿਨੋਂ ਦਿਨ ਢਿੱਲੀ ਹੁੰਦੀ ਆ ਰਹੀ ਸੀ। ਵਿਸ਼ੇਸ਼ ਤੌਰ ‘ਤੇ ਪੰਜਾਬ ਅਤੇ ਪਹਾੜੀ ਇਲਾਕਿਆਂ ਵਿਚੋਂ ਮਾਮਲਾ, ਸਰਕਾਰੀ ਖ਼ਜਾਨੇ ਵਿਚ ਨਹੀਂ ਸੀ ਪੁਜ ਰਿਹਾ, ਇਸ ਲਈ ਔਰੰਗਜ਼ੇਬ ਨੇ ਲਾਹੌਰ ਅਤੇ ਜੰਮੂ ਦੇ ਸਬੰਧਤ ਸੁਬੇਦਾਰਾਂ ਨੂੰ ਬੜੇ ਸਖ਼ਤ ਹੁਕਮ ਦਾਇਰ ਕੀਤੇ। ਨਦੌਣ, ਦਰਿਆ ਬਿਆਸ ਦੇ ਖੱਬੇ ਕੰਢੇ ਉੱਤੇ, ਪਠਾਣਕੋਟ ਤੋਂ ਕਾਂਗੜੇ ਵੱਲ ਜਾਣ ਲਈ ਰੇਲਵੇ ਲਾਈਨ ਉੱਤੇ ਸਥਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਆਯੂ ਉਸ ਸਮੇਂ ਕੇਵਲ 24 ਵਰ੍ਹਿਆਂ ਦੀ ਹੋਵੇਗੀ, ਜਦੋਂ ਉਨ੍ਹਾਂ ਨੂੰ ਨਦੌਣ ਜੰਗ ਵਿਚ ਸ਼ਾਮਿਲ ਹੋਣਾ ਪਿਆ। ਸਭ ਤੋਂ ਪਹਿਲਾਂ ਯੁੱਧ ਉਹਨਾਂ ਨੇ ਪਉਂਟਾ ਸਾਹਿਬ ਕੋਲ ਸਥਿਤ ਭੰਗਾਣੀ ਦੇ ਸਥਾਨ ਉੱਤੇ ਲੜਿਆ, ਜਿਸ ਵਿਚ ਗੁਰੂ ਜੀ ਨੂੰ ਭਰਪੂਰ ਸਫ਼ਲਤਾ ਮਿਲੀ। ਹਜ਼ੂਰ ਆਪਣੀ ਸਵੈਜੀਵਨੀ ‘ਬਿਚਿਤ੍ਰ ਨਾਟਕ’ ਵਿਚ ਨਦੌਣ ਯੁੱਧ ਦਾ ਅਦੁੱਤੀ ਵਰਣਨ ਹੇਠ ਲਿਖਿਆਂ ਕਾਵਿ-ਪੰਕਤੀਆਂ ਵਿਚ ਇਉਂ ਕਰਦੇ ਹਨ: ਬਹੁਤ ਕਾਲ ਇਹ ਭਾਂਤਿ ਬਿਤਾਯੋ, ਮੀਆ ਖ਼ਾਨ ਜੰਮੂ ਕਹ ਆਯੋ। ਗੁਰੂ ਜੀ ਦੇ 52 ਦਰਬਾਰੀ ਕਵੀਆਂ ਵਿਚੋਂ ਸੈਨਾਪਤੀ ਇਕ ਸੀ, ਜੋ ਗੁਰੂ ਜੀ ਕੋਲ ਕਾਫ਼ੀ ਸਮੇਂ ਤੋ (ਅਨੰਦਪਰੁ ਸਾਹਿਬ) ਰਹਿ ਰਿਹਾ ਸੀ। ਇਸ ਨੇ ਸ੍ਰੀ ਗੁਰੂ ਸੋਭਾ ਗ੍ਰੰਥ ਦੇ ਤੀਜੇ ਅਧਿਆਇ ਵਿਚ ਨਦੌਣ ਦੇ ਯੁੱਧ ਦਾ ਵਰਣਨ 22 ਚੇਤ੍ਰ ਸੰਮਤ 1749 ਬਿਕਰਮੀ ਅਰਥਾਤ 1690 ਈ. ਅਨੁਸਾਰ ਕੀਤਾ ਹੈ। ਰਾਜਨ ਕੇ ਹਿਤ ਕਾਰਨੇ, ਕਿਯੋ ਜੁੱਧ ਇਕ ਜਾਨ। ਜੰਮੂ ਦੇ ਸੁਬੇਦਾਰ ਮੀਆਂ ਖਾਨ ਦੀ ਤਾਬੇਦਾਰੀ ਅਧੀਨ ਸਮੁੱਚਾ ਪਹਾੜੀ ਇਲਾਕਾ ਸੀ। ਔਰੰਗਜ਼ੇਬ ਵੱਲੋਂ ਆਦੇਸ ਮਿਲਣ ਤੇ ਮੀਆਂ ਖ਼ਾਨ ਨੇ, ਆਪਣੇ ਪ੍ਰਸਿੱਧ ਜਰਨੈਲ ਅਲਫ ਖਾਨ ਨੂੰ ਪਹਾੜੀ ਰਾਜਿਆਂ ਤੋਂ, ਤਿੰਨ ਵਰ੍ਹਿਆਂ ਦਾ ਬਕਾਇਆ, ਖ਼ਰਾਜ ਵਜੋਂ ਵਸੂਲ ਕਰਨ ਲਈ ਘੱਲਿਆ। ਸਭ ਤੋਂ ਪਹਿਲਾਂ, ਉਸ ਨੇ ਕਾਂਗੜੇ ਦੇ ਰਾਮ ਕਿਰਪਾਲ ਚੰਦ ਕੋਲ ਇਕ ਏਲਚੀ ਦੁਆਰਾ ਹੁਕਮ ਭੇਜਿਆ, “ਤਿੰਨ ਸਾਲਾਂ ਦਾ ਮਾਮਲਾ ਅਦਾ ਕਰੋ, ਨਾ ਦੇਣ ਦੀ ਸੂਰਤ ਵਿਚ ਲੜਾਈ ਕਰਨ ਲਈ ਤਿਆਰ ਹੋ ਜਾਓ”। ਇਕੱਲੇ ਰਾਜਾ ਕਿਰਪਾਲ ਚੰਦ ਦੀ ਕੀ ਔਕਾਤ ਤੇ ਹਿੰਮਤ ਸੀ ਕਿ ਉਹ ਮੁਗਲ ਫ਼ੌਜ ਦਾ ਟਾਕਰਾ ਕਰਦਾ, ਸੋ ਉਸ ਨੇ ਅਲਫ਼ ਖਾਨ ਨੂੰ ਇਕ ਖਚਰੀ ਸਲਾਹ ਦਿੱਤੀ ਕਿ ਪਹਾੜੀ ਰਾਜਿਆਂ ਵਿਚੋਂ ਸਿਰ ਕੱਢ ਤੇ ਸ਼ਕਤੀਸ਼ਾਲੀ ਕਹਿਲੂਰ ਰਿਆਸਤ ਦਾ ਰਾਜਾ ਭੀਮ ਚੰਦ ਹੈ। ਜੇ ਉਹ ਮਾਲੀਆਂ ਅਦਾ ਕਰ ਦੇਵੇ, ਤਾਂ ਬਾਕੀ ਦੇ ਸਾਰੇ ਹੀ ਪਹਾੜੀ ਰਾਜੇ, ਬਿਨਾਂ ਕਿਸੇ ਹੀਲ ਹੁੱਜਤ ਦੇ ਅਦਾ ਕਰ ਦੇਣਗੇ। ਕਿਰਪਾਲ ਚੰਦ ਬਹੁਤ ਮੱਕਾਰ ਰਾਜਾ ਸੀ। ਉਹ ਆਪਣੀ ਬਲਾ ਕਿਸੇ ਹੋਰ ਦੇ ਸਿਰ ਮੜ੍ਹਣ ਵਿਚ ਚਾਤੁਰ ਸੀ। ਕਿਰਪਾਲ ਚੰਦ ਦੀ ਚੁੱਕ ਵਿਚ ਆ ਕੇ ਅਲਫ਼ ਖ਼ਾਨ ਨੇ ਕਹਿਲੂਰ ਵੱਲ ਆਪਣੀਆਂ ਸ਼ਾਹੀ ਫੋਜ਼ਾਂ ਨੂੰ ਕੂਚ ਕਰਨ ਦਾ ਹੁਕਮ ਦਿੱਤਾ। ਰਸਤੇ ਵਿਚ ਬਿਝੜਵਾਲ ਦਾ ਰਾਜਾ ਦਿਆਲ ਚੰਦ ਮਿਲ ਗਿਆ। ਕਿਰਪਾਲ ਚੰਦ ਨੇ ਉਸ ਨੂੰ ਆਪਣੇ ਨਾਲ ਗੰਡ ਲਿਆ ਤੇ ਉਸ ਪਾਸੋਂ ਖ਼ਰਾਜ, ਅਲਫ ਖ਼ਾਨ ਨੂੰ ਦੁਆ ਦਿੱਤਾ। ਦੋਹਾਂ ਰਾਜਿਆਂ ਨੇ ਅਲਫ਼ ਖ਼ਾਨ ਦੀ ਸਹਾਇਤਾ ਕਰਨੀ ਮੰਨ ਲਈ। ਉਨ੍ਹਾਂ ਨੂੰ ਨਾਲ ਲੈ ਕੇ, ਅਲਫ਼ ਖਾਨ ਨਦੌਣ ਆ ਬੈਠਾ, ਅਤੇ ਉਹੀ ਹੁਕਮ ਭੀਮ ਚੰਦ ਨੂੰ ਘੱਲਿਆ, ਜਾਂ ਸਾਰਾ ਬਕਾਇਆ ਘਰ-ਸੁਸ਼ਤ ਤਾਰ ਦਿਓ ਜਾਂ ਫੇਰ ਲੜਾਈ ਦੇ ਮੈਦਾਨ ਵਿਚ, ਮੁਗਲ ਫੌਜਾਂ ਦਾ ਟਾਕਰਾ ਕਰਨ ਲਈ ਤਿਆਰ ਹੋ ਜਓ”। ਰਾਜਾ ਭੀਮ ਚੰਦ ਨੇ ਸਮੂਹ ਗਵਾਂਢੀ ਰਾਜਿਆਂ ਦਾ ਇਕ ਵੱਡਾ ਇੱਕਠ ਕੀਤਾ, ਜਿਸ ਵਿਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਕਿ ਰਲ ਕੇ ਇਸ ਆਈ ਬਲਾ ਤੋਂ ਬਚਣ ਲਈ ਕੋਈ ਠੋਸ ਉਪਾਉ ਲਭਿਆ ਜਾਵੇ। ਉਨ੍ਹਾਂ ਕੋਲ ਨ ਇਤਨਾ ਮਾਲੀਆ ਤਾਰਨ ਦੀ ਹਿੰਮਤ ਸੀ ਨਾ ਹੀ ਉਹ ਮੁਗਲ ਫੌਜ ਦਾ ਟਾਕਰਾ ਕਰਨ ਦੇ ਸਮਰਥ ਸਨ। ਭੀਮ ਚੰਦ ਦਾ ਮੰਤਰੀ ਸ੍ਰੀ ਪਰਮਾ ਨੰਦ ਦੂਰਅੰਦੇਸ਼ ਅਤੇ ਸੂਝ-ਬੂਝ ਵਾਲਾ ਵਿਅਕਤੀ ਸੀ, ਉਸ ਨੇ ਸਲਾਹ ਦਿੱਤੀ, ਕਿ ਜੇ ਤੁਸੀਂ ਇਸ ਜੰਗ ਵਿਚ ਜਿੱਤ ਹਾਸਿਲ ਕਰਨੀ ਚਾਹੁੰਦੇ ਹੋ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਤੇ ਅਸ਼ੀਰਵਾਦ ਹਾਸਿਲ ਕਰੋ”। ਇਹ ਮਤਾ ਸਰਬ-ਸੰਮਤੀ ਨਾਲ ਪਰਵਾਨ ਕੀਤਾ ਗਿਆ। ਜਦੋਂ ਵਜ਼ੀਰ ਸ੍ਰੀ ਪਰਮਾ ਨੰਦ, ਗੁਰੂ ਜੀ ਪਾਸ, ਸ੍ਰੀ ਆਨੰਦਪੁਰ ਸਾਹਿਬ ਹਾਜ਼ਿਰ ਹੋਇਆ ਤਾਂ ਉਹਨਾਂ ਨੇ ਪਹਾੜੀ ਰਾਜਿਆਂ ਦੀ ਮਦਦ ਕਰਨੀ ਪ੍ਰਵਾਨ ਕਰ ਲਈ। ਇਸ ਦੇ ਨਾਲ ਹੀ ਵਿਚਾਰਿਆ ਗਿਆ ਕਿ ਭਾਵੇਂ ਪਹਾੜੀ ਰਾਜਿਆਂ ਦੀ ਮਦਦ ਕਰਨੀ ਪ੍ਰਵਾਨ ਕਰ ਲਈ। ਇਸ ਦੇ ਨਾਲ ਹੀ ਵਿਚਾਰਿਆ ਗਿਆ ਕਿ ਭਾਵੇਂ ਪਹਾੜੀ ਰਾਜੇ ਹੁਣ ਤਕ ਬੇਇਤਬਾਰੇ ਹੀ ਸਾਬਤ ਹੋਏ ਹਨ ਫਿਰ ਵੀ ਜੇ ਮਦਦ ਦੇ ਬਗੈਰ ਇਨ੍ਹਾਂ ਖ਼ਰਾਜ ਭਰਨਾ ਮੰਨ ਲਿਆ ਤਾਂ ਇਹ ਚੱਟੀ ਭੀ ਗ਼ਰੀਬ ਲੋਕਾਂ ਦੇ ਸਿਰ ਉੱਤੇ ਹੀ ਪੈਣੀ ਹੈ ਅਤੇ ਇਸ ਰੁਪਏ ਨੇ ਦੱਖਣ ਦੀ ਗ਼ਰੀਬ ਜਨਤਾ ਉੱਤੇ, ਉੱਤਰੀ-ਹਿੰਦ ਦੇ ਗ਼ਰੀਬਾਂ ਨਾਲੋਂ ਕਈ ਗੁਣਾਂ ਵਧੀਕ ਮੁਸੀਬਤ ਲਿਆਉਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨੂੰ ਫੌਜੀ ਸਹਾਇਤਾ ਦਾ ਪੂਰਾ ਯਕੀਨ ਦੁਆ ਕੇ, ਵਜ਼ੀਰ ਸ੍ਰੀ ਪਰਮਾ ਨੰਦ ਨੂੰ ਪ੍ਰਸੰਨ ਚਿੱਤ ਤੋਰ ਦਿੱਤਾ। ਆਪਣੇ ਵਜ਼ੀਰ ਕੋਲੋਂ, ਗੁਰੂ ਜੀ ਦਾ ਸੁਭ ਸੰਦੇਸ਼ ਪ੍ਰਾਪਤ ਕਰਕੇ, ਭੀਮ ਚੰਦ ਦਾ ਹੌਸਲਾ ਬੁਲੰਦ ਹੋ ਗਿਆ। ਉਸ ਨੇ ਆਪਣੇ ਹੋਰ ਪਹਾੜੀ ਰਾਜਿਆਂ ਸਮੇਤ ਨਦੌਣ ਦਾ ਜੰਗ-ਮੈਦਾਨ ਜਾ ਮੱਲਿਆ। ਇਕ ਪਾਸੇ ਰਾਜਾ ਭੀਮ ਚੰਦ, ਰਾਜਾ ਪ੍ਰਿਥੀ ਚੰਦ, ਡਫਵਾਲ, ਰਾਜਾ ਸੁਖਦੇਵ ਜਸਰੋਟੀਆ, ਰਾਜਾ ਰਾਮ ਸਰਨ ਹੰਡੂਰੀਆ(ਨਾਲਾ ਗੜ੍ਹ),ਰਾਜਾ ਕੇਸਰੀ ਚੰਦ ਜਸਵਾਲੀਆ, ਰਾਜਾ ਰਾਮ ਸਿੰਘ ਤੇ ਰਾਜਾ ਉਦੈ ਸਿੰਘ ਆਉਂਦਾ ਹੈ। ਰਾਜੇ ਇਕੱਤਰ ਸਨ ਅਤੇ ਵਿਰੋਧੀ ਧਿਰ ਵਿਚ, ਅਲਫ਼ ਖਾਨ ਤੇ ਉਸ ਦੇ ਸਹਿਯੋਗੀ ਰਾਜੇ ਕਿਰਪਾਲ ਚੰਦ ਅਤੇ ਦਿਆਲ ਚੰਦ ਹੀ ਸਨ। ਸੂਰਜ ਦੇ ਉਦੈ ਹੋਣ ਸਾਰ ਹੀ ਲੜਾਈ ਅਰੰਭ ਹੋ ਗਈ। ਪੈਂਦੇ ਹੱਲੇ ਸ਼ਾਹੀ ਫ਼ੌਜ ਨੇ ਭੀਮ ਚੰਦ ਦੀ ਫ਼ੌਜ਼ ਦਾ ਬਹੁਤ ਨੁਕਸਾਨ ਕੀਤਾ ਅਤੇ ਉਸ ਸਮੇਂ ਕਈ ਰਾਜੇ ਤਾਂ ਚਕਰਾ ਗਏ ਪਰ ਐਨ ਵੇਲੇ ਸਿਰ, ਗੁਰੂ ਜੀ ਆਪਣੇ ਮਹਾਨ ਸਿੰਘ ਸੂਰਮਿਆਂ ਸਮੇਤ ਰਣ ਵਿਚ ਕੁੱਦ ਪਏ। ਗੁਰੂ ਜੀ ਦੇ ਹੌਂਸਲੇ ਉੱਤੇ, ਭੀਮ ਚੰਦ ਤੇ ਉਸ ਦੇ ਸਹਿਯੋਗੀ ਸਾਥੀ ਵੀ ਦਲੇਰ ਹੋ ਗਏ। ਵੈਰੀ ਦਲ ਪਿਛੇ ਹਟਣ ਬਾਰੇ ਅਜੇ ਸੋਚ ਹੀ ਰਿਹਾ ਸੀ ਕਿ ਉਸੇ ਸਮੇਂ ਰਾਜਾ ਦਿਆਲ ਚੰਦ ਗੁੱਸਾ ਖਾ ਕੇ, ਗੁਰੂ ਸਾਹਿਬ ਦੇ ਸਨਮੁਖ ਆ ਡਟਿਆ, ਗੁਰੂ ਸਾਹਿਬ ਨੇ ਉਸ ਨੂੰ ਵੰਗਾਰਿਆ, ‘ਓ ਦਿਆਲ! ਪਹਿਲਾਂ ਤੂੰ ਸਾਡੇ ਉੱਤੇ ਵਾਰ ਕਰ ਲੈ, ਮਤਾਂ ਬਾਅਦ ਵਿਚ ਤੈਨੂੰ ਕੋਈ ਪਛਤਾਵਾ ਰਹਿ ਜਾਵੇ’। ਰਾਜਾ ਦਿਆਲ ਚੰਦ ਨੇ ਬੜੇ ਰੋਹ ਵਿਚ ਆ ਕੇ ਗੁਰੂ ਸਾਹਿਬ ਉੱਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ, ਪਰ ਉਸ ਦੇ ਸਾਰੇ ਵਾਰ ਖ਼ਤਾ ਖਾ ਗਏ। ਫਿਰ ਦਸਮੇਸ਼ ਜੀ ਨੇ ਅਜਿਹੀ ਗੋਲੀ ਚਲਾਈ, ਜਿਹੜੀ ਰਾਜਾ ਦਿਆਲ ਚੰਦ ਦੀ ਛਾਰੀ ਨੂੰ ਵਿੰਨ੍ਹ ਗਈ ਅਤੇ ਉਹ ਫੱਟ ਖਾ ਕੇ ਬਿਨ ਪਾਣੀ ਮੱਛੀ ਵਾਂਗ ਤੜਪਣ ਲੱਗਾ। ਗੁਰੂ ਜੀ ਨੇ ਉਸ ਸਮੇਂ ਦੇ ਦਰਿਸ਼ ਦਾ ਵਰਣਨ, ‘ਬਿਚਿਤ੍ਰ ਨਾਟਕ’ ਵਿਚ ਇੰਜ ਕੀਤਾ ਹੈ: ਤਵੰ ਕੀਟ ਤੌ ਲੌ ਤੁਫੰਗੰ ਸੰਭਾਰੋ। ਜਦੋਂ ਰਾਜਾ ਦਿਆਲ ਚੰਦ ਦੀ ਫੌਜ਼ ਨੂੰ ਉਸ ਦੇ ਘਾਇਲ ਹੋਣ ਦੀ ਸੂਚਨਾ ਮਿਲੀ ਤਾਂ ਉਸ ਮੈਦਾਨੇ ਜੰਗ ਵਿਚੋਂ ਪਿੱਛੇ ਹਟਣ ਲਗ ਪਈ। ਗੁਰੂ ਸਾਹਿਬ ਦੇ ਬਹਾਦੁਰ ਸੂਰਮਿਆਂ ਨੇ ਇਕ ਹੋਰ ਕਹਿਰੀ ਹੱਲਾ ਬੋਲ ਦਿੱਤਾ। ਵੈਰੀ ਦਲ ਇਸ ਹਮਲੇ ਦੀ ਤਾਬ ਝੱਲਣ ਤੋਂ ਅਸਮਰਥ ਸੀ, ਉਹ ਪਿੜ ਵਿਚੋ ਨੱਸ ਕੇ ਦਰਿਆ ਬਿਆਸ ਦੇ ਪਰਲੇ ਕੰਢੇ ਤੇ ਜਾ ਬੈਠਾ, ਰਾਤ ਦੇ ਘੁਸਮੁਸੇ ਵਿਚ ਅਲਫ਼ ਖਾਨ ਤੇ ਕਿਰਪਾਲ ਚੰਦ, ਮੈਦਾਨ ਛੱਡ ਕੇ ਭੱਜ ਗਏ। ਗਿਆਨੀ ਗਿਆਨ ਸਿੰਘ ਰਚਿਤ ‘ਗੁਰੂ ਖ਼ਾਲਸਾ’ ਅਨੁਸਾਰ ਇਹ ਯੁੱਧ ਕੱਤਕ 1749 ਬਿਕਰਮੀ ਵਿਚ ਹੋਇਆ ਜੋ ਇਤਿਹਾਸਕ ਦਰਿਸ਼ਟੀ ਤੋਂ ਠੀਕ ਨਹੀਂ ਜਾਪਦਾ। ਭੀਮ ਚੰਦ ਬਿਲਾਸਪੁਰੀਏ ਨੂੰ ਅਜੇ ਵੀ ਵੈਰੀ-ਦਲ ਦਾ ਭੈ ਲਗਾ ਹੋਇਆ ਸੀ। ਇਸ ਲਈ ਯੁੱਧ ਤੋਂ ਪਿਛੋਂ, ਗੁਰੂ ਜੀ ਨੂੰ ਆਪਣੇ ਕੋਲ ਪੂਰੇ 8 ਦਿਨ ਰਖਿਆ। ਉਨ੍ਹਾਂ ਦੀ ਬਹੁਤ ਆਉ ਭਗਤ ਕੀਤੀ ਤੇ ਸਾਰੇ ਰਾਜਿਆਂ ਦੇ ਰਾਜ ਮਹਿਲ ਵਖਾਏ। ਫਿਰ ਗੁਰੂ ਜੀ ਨੇ ਆਪਣੇ ਅਦੁੱਤੀ ਬਹਾਦਰਾਂ ਸਮੇਤ ਸ੍ਰੀ ਅਨੰਦਪੁਰ ਸਾਹਿਬ ਵੱਲ ਵਹੀਰਾਂ ਘੱਤ ਦਿੱਤੀਆਂ। ਨਦੌਣ ਦੇ ਲਾਗੇ ਹੀ ਆਲਸੂਨ ਪਿੰਡ ਦੇ ਲੋਕਾਂ ਨੇ ਸਰਕਾਰ ਤੋਂ ਡਰਦਿਆਂ ਸਿੱਖਾਂ ਨੂੰ ਲੋੜੀਦੀ ਰਸਦ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਸਿੱਖ ਰਸਦ ਦਾ ਮੁੱਲ ਵੀ ਦੇਣ ਲਈ ਤਿਆਰ ਸਨ। ਜਦੋਂ ਇਸ ਸੰਬੰਧੀ ਗੁਰੂ ਜੀ ਨੂੰ ਸੂਚਨਾ ਪੁੱਜੀ ਤਾਂ ਹਜ਼ੂਰ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਲੋੜ ਜੋਗੀ ਵਸਤੂ ਬਲ ਪੂਰਬਕ ਲੈ ਲਵੋ ਅਤੇ ਉਸ ਦਾ ਯੋਗ ਮੁੱਲ ਤਾਰ ਦਿੱਤਾ ਜਾਵੇ। ਗੁਰੂ ਸਾਹਿਬ ਨੇ ‘ਬਿਚਿਤ੍ਰ ਨਾਟਕ’ ਵਿਚ ਉਪਰੋਕਤ ਵੇਰਵੇ ਦਾ ਵਰਣਨ ਇੰਜ ਪੇਸ਼ ਕੀਤਾ: ਭੱਜਿਯੋ ਅਲਫ ਖਾਨੰ, ਨਾ ਖਾਨਾ ਸੰਭਾਰਿਯੋ। ਚੌਪਈ ਦੋਹਰਾ ਉਕਤ ਗੱਲ ਦੀ ਹੋਰ ਵਧੇਰੇ ਪ੍ਰੌੜ੍ਹਤਾ ਕਰਦਾ ਹੋਇਆ, ਕਵੀ ਸੈਨਾਪਤੀ ਸ੍ਰੀ ਗੁਰ ਸੋਭਾ ਵਿਚ ਇਹ ਕਾਵਿ ਪੰਕਤੀਆਂ ਇਸ ਪ੍ਰਕਾਰ ਦਰਜ ਕਰਦਾ ਹੈ: ਫਤੇ ਕਿਯੋ ਅਲਸੂਨ ਕੋ, ਬਾਜੋ ਤਬਲ ਨਿਸਾਨ। ਭੰਗਾਣੀ ਦੇ ਜੰਗ ਤੋਂ ਬਾਅਦ, ਗੁਰੂ ਜੀ ਨੇ ਨਦੌਣ ਦੀ ਇਤਿਹਾਸਕ ਲੜਾਈ ਲਈ, ਜਿਸ ਵਿਚ ਬਹੁਤ ਸਾਰੇ ਪਹਾੜੀ ਰਾਜਿਆਂ ਨੇ ਭਾਗ ਲਿਆ। ਗੁਰੂ ਜੀ ਨੇ ਇਸ ਜੰਗ ਵਿਚ ਵੀ ਫ਼ਤਿਹ ਹਾਸਿਲ ਕੀਤੀ, ਜਿਸ ਨਾਲ ਉਹਨਾਂ ਦਾ ਭਵਿੱਖ ਹੋਰ ਵਧੇਰੇ ਰੋਸ਼ਨ ਹੋ ਗਿਆ ਅਤੇ ਇਸ ਲੜਾਈ ਵਿਚ, ਉਹਨਾਂ ਨੂੰ ਬਹੁਤ ਡੂੰਘਾ ਤੇ ਵਿਸ਼ਾਲ ਅਨੁਭਵ ਪ੍ਰਪਾਤ ਹੋਇਆ। ਦੂਜਾ ਮਹਾਨ ਅਨੁਭਵ, ਜੋ ਇਸ ਜੰਗ ਨੇ ਦਿੱਤਾ, ਉਹ ਇਹ ਸੀ ਕਿ ਭਵਿੱਖ ਵਿਚ ਪਹਾੜੀ ਰਾਜਿਆਂ ਉੱਤੇ ਵਿਸ਼ਵਾਸ ਤੇ ਭਰੋਸੇ ਦੀ ਲਕੀਰ ਮੱਧਮ ਪੈ ਗਈ। ਇਹ ਗੁਰੂ ਜੀ ਦਾ ਹੀ ਕਮਾਲ ਸੀ ਕਿ ਇਸ ਨਦੌਣ ਦੀ ਜੰਗ ਤੋਂ ਬਾਦ ਵੀ ਮੁਗਲ ਹਕੂਮਤ ਨਾਲ ਛੋਟੀਆਂ ਛੋਟੀਆਂ ਝੜੱਪਾਂ ਹੁੰਦੀਆਂ ਹੀ ਰਹਿੰਦੀਆਂ ਸਨ। ਇਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਲਾਜਵਾਬ ਤੇ ਲਾਸਾਨੀ ਜਿੱਤ, ਜਿਸ ਨੇ ਯੁੱਧ ਇਤਿਹਾਸ ਵਿਚ ਆਪਣੀ ਅਦੁੱਤੀ ਮਿਸਾਲ ਕਾਇਮ ਕੀਤੀ ਹੈ। |