ਚੰਡੀ ਚਰਿਤ੍ਰ: ਇਕ ਵਿਸ਼ਲੇਸ਼ਣ

- ਡਾ. ਹਿਰਦੇਜੀਤ ਸਿੰਘ



ਪੌਰਾਣਕ ਗਰੰਥ ਭਾਰਤੀ ਮਿਥਿਹਾਸਕ ਕਥਾਵਾਂ ਦਾ ਸ਼ਕਤੀਸ਼ਾਲੀ ਸਰੋਤ ਹਨ ਜਿਨ੍ਹਾਂ ਨੇ ਲੋਕ ਸਾਹਿਤ ਤੇ ਲੋਕ ਵਿਸ਼ਵਾਸਾਂ ਨੂੰ ਸਦੀਆਂ ਤੱਕ ਪ੍ਰਭਾਵਤ ਕੀਤਾ ਹੈ। ਸਤਿਯੁਗ ਤੋਂ ਕਲਯੁਗ ਤੱਕ ਦੀ ਮਨੁੱਖੀ ਹੋਣੀ ਨਾਲ ਮਿਥਕ ਰੂਪ ਵਿਚ ਸੰਵਾਦ ਰਚਾਉਂਦੀਆਂ ਇਹ ਕਥਾਵਾਂ ‘ਇਹ ਲੋਕ’ ਤੇ ‘ਉਹ ਲੋਕ’ ਨੂੰ ਹੋਰ ਵੀ ਰਹੱਸਵਾਦੀ ਬਣਾਉਣ ਦੇ ਨਾਲ ਨਾਲ ਮਨੁੱਖ ਦੀ ਕਲਪਨਾ ਸ਼ਕਤੀ ਦਾ ਵੀ ਰਹੱਸ ਖੋਲ੍ਹਦੀਆਂ ਹਨ।


 ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਤੋਂ ਸਿਰਜੀਆਂ ਗਈਆਂ ਬੀਰ ਕਾਵਿ-ਰਚਨਾਵਾਂ ਭਾਰਤੀ ਮਿਥਿਹਾਸ ਦੀ ਜ਼ੋਰਦਾਰ ਤੇ ਅਦਭੁਤ ਯੋਧਾ ਕਿਰਦਾਰ  ਚੰਡੀ/ਦਰੁਗਾ ਦੇਵੀ ਨੂੰ ਬਤੌਰ ਨਾਇਕਾ ਪੈਸ਼ ਕਰਦੀਆਂ ਹਨ। ਇਹਨਾਂ ਰਚਨਾਵਾਂ ਵਿਚੋਂ ਚੰਡੀ ਚਰਿਤ੍ਰ ਉਕਤਿ ਬਿਲਾਸ (1-233 ਬੰਦ) ਚੰਡੀ ਚਰਿਤ੍ਰ-2(1-262 ਬੰਦ), ਚੰਡੀ ਦੀ ਵਾਰ (1-52)ਹਨ। ਇਹ ਤਿੰਨੋ ਰਚਨਾਵਾਂ ਅਸਲ ਵਿਚ ‘ਬਿਚਿਤ੍ਰ ਨਾਟਕ’ ਦਾ ਹਿੱਸਾ ਹਨ ਜਿਸ ਵਿਚ ਗੁਰੂ ਕਵੀ ਨੇ ਦੈਵੀ ਸ਼ਕਤੀ ਦੀਆਂ ਅਨੇਕ ਹੋਰ ਵਿਚਿਤ੍ਰ ਲੀਲਾਵਾਂ ਦਾ ਵੇਰਵਾ ਵੀ ਦਰਜ ਕੀਤਾ ਹੈ। ਇਨ੍ਹਾਂ ਲੀਲਾਵਾਂ ਵਿਚ ਦੁਰਗਾ ਦੇਵੀ ਦਾ ਸੱਭ ਤੋਂ ਵਿਸਤਰਿਤ ਵਰਣਨ ਦਿਖ ਰੂਪ ਵਿਚ ਇਹ ਭੁਲੇਖਾ ਵੀ ਸਿਰਜਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇਵੀ ਉਪਾਸ਼ਕ ਸਨ। ਦੁਰਗਾ ਦੇਵੀ ਦੀ ਉਪਾਸਨਾ ਦਾ ਪਹਿਲਾ ਭੁਲੇਖਾ ‘ਚੰਡੀ ਦੀ ਵਾਰ’ਦੀਆਂ ਆਖਰੀ ਸਤਰਾਂ (ਦੁਰਗਾ ਪਾਠ ਬਣਾਇਆ ਸਭੇ ਪਉੜੀਆਂ, ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ) ਪੈਦਾ ਕਰਦੀਆਂ ਹਨ ਕਿਉਂਕਿ ਇਹ ਸਤਰਾਂ ਚੰਡੀ ਦੀ ਵਾਰ ਦੇ ਪਾਠ ਨਾਲ ਮਨੁੱਖੀ ਮੁੱਕਤੀ ਵਿਚ ਯਕੀਨ ਪੈਦਾ ਕਰਦੀਆਂ ਹਨ। ਇਸ ਭੁਲੇਖੇ ਦਾ ਸਭ ਤੋਂ ਪੁਰਾਣਾ ਸਰੋਤ ਅਠਾਰ੍ਹਵੀ ਸਦੀ ਦੇ ਮੁੱਢਲੇ ਦਹਾਕਿਆਂ ਵਿਚ ਸਿੰਘ ਸਜੇ ਕੁਇਰ ਸਿੰਘ ਦੀ ਕਾਵਿ-ਰਚਨਾ ‘ਗੁਰਬਿਲਾਸ ਪਾਤਸ਼ਾਹੀ 10’ਵਿਚ ਮਿਲਦੇ ਕੁਝ ਕਥਨ ਹਨ। ਇਤਿਹਾਸਕ ਮਹੱਤਵ ਵਾਲੀ ਇਸ ਪੁਸਤਕ ਦੇ ਕਰਤਾ ਨੇ ਇਹ ਦਾਅਵਾ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਕਾਲ ਦੇ ਆਖਰੀ ਦੌਰ ਵਿਚ 1685 ਈ: ਦੀ ਨਦੌਣ ਜੰਗ ਦੇ ਜਲਦੀ ਮਗਰੋਂ ਦੁਰਗਾ ਪੂਜਾ ਸ਼ੁਰੂ ਕਰਾਈ। ਕਵੀ ਨੇ ਵਿਸਤਾਰ ਸਹਿਤ ਉਹਨਾਂ ਸਾਰੇ ਯਤਨਾਂ ਦਾ ਜਿਕਰ ਕੀਤਾ ਹੈ ਜਿਨ੍ਹਾਂ ਰਾਹੀਂ ਦੇਵੀ ਪ੍ਰਗਟ ਹੋਈ ਅਤੇ ਗੁਰੂ ਕਵੀ ਨੂੰ ਮਲੇਛਾਂ (ਤੁਰਕਾਂ) ਦਾ ਨਾਸ ਕਰਨ ਲਈ ਖਾਲਸੇ ਦੀ ਸਾਜਣਾ ਲਈ ਵਰ ਪ੍ਰਾਪਤ ਹੋਇਆ।


  “ਬਹੰ ਬ੍ਰਹ” ਕਹਯੋ ਦੇਵੀ ਯਾ ਤਬ ਹੀ,

  ਗੁਰ ਹੋਈ ਗਦਾਗਦ ਵਾਕ ਅਲਾਏ।

  ਦਾਨ ਦਿਜੈ ਜਗ ਮਾਤਾ ਇਹੈ,

  ਜਿਸ ਖਾਲਸਾ ਪੰਥ ਕਹੋ ਸੁਖ ਪਾਏ।

  ਨਾਸ ਮਲੇਛ ਕਰੇ ਸਭ ਕੌ,

  ਹਰਿ ਨਾਮ ਸੁਨੇ ਗੁਰ ਧਯਾਨ ਲਗਾਏ।


 ਦੇਵੀ ਪੂਜਾ ਕਰਵਾਏ ਜਾਣ ਦਾ ਐਸਾ ਹੀ ਦਾਅਵਾ ਕੁਇਰ ਸਿੰਘ ਤੋਂ ਪ੍ਰਭਾਵਤ ਹੋ ਕੇ ਉਨੀਵੀਂ ਸਦੀ ਦੇ ਕਈ ਹੋਰ ਗਰੰਥਾਂ ਵਿਚ ਵੀ ਦੁਹਰਾਇਆ ਗਿਆ। ਇਨ੍ਹਾਂ ਵਿਚੋਂ ਭਾਈ ਸੁੱਖਾ ਸਿੰਘ ਦਾ ‘ਗੁਰਬਿਲਾਸ’ ਤੇ ਭਾਈ ਸੰਤੋਖ ਸਿੰਘ ਦਾ ‘ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ’ ਵਿਸ਼ੇਸ਼ ਹਨ। ਇਨ੍ਹਾਂ ਦੋਹਾਂ ਕਵੀਆਂ ਨੇ ਗੁਰੂ ਗੋਬਿੰਦ ਸਿੰਘ ਵੱਲੋਂ ਦੇਵੀ ਪੂਜਾ ਦੀ ਘਟਨਾ ਬਿਆਨ ਕਰਦਿਆਂ ਪੂਜਾ ਦਾ ਸਥਾਨ ਵੱਖਰਾ ਵੱਖਰਾ ਦੱਸਿਆ ਹੈ। ਕੁਇਰ ਸਿੰਘ ਨੇ ਵੀ ਦੇਵੀ ਦੇ ਪ੍ਰਗਟ ਹੋਣ ਦੀ ਘਟਨਾ ਗੰਗਾ ਦੇ ਕਿਨਾਰੇ ਵਾਪਰੀ ਦਸੀ ਹੈ ਜਦੋਂ ਕਿ ਭਾਈ ਸੁੱਖਾ ਸਿੰਘ ਤੇ ਕਵੀ ਸੰਤੋਖ ਸਿੰਘ ਨੇ ਨੈਣਾ ਦੇਵੀ ਪਹਾੜੀ ਦੀ ਚੋਟੀ ਉਤੇ ਦੇਵੀ ਪੂਜਾ ਹੋਣ ਦਾ ਜ਼ਿਕਰ ਕੀਤਾ ਹੈ। ਇਉਂ ਕੁਇਰ ਸਿੰਘ ਤੋਂ ਬਾਅਦ ਦੇ ਕਵੀਆਂ ਨੇ ਕੁਇਰ ਸਿੰਘ ਨੂੰ ਅਧਾਰ ਬਣਾ ਕੇ ਆਪੋ ਆਪਣੀ ਮਨੋਕਲਪਨਾ ਨਾਲ ਹੋਰ ਵੀ ਪ੍ਰਭਾਵਤ ਕਰਨ ਦਾ ਯਤਨ ਕੀਤਾ ਹੈ। ਅਜੋਕੀ ਖੋਜ ਇਸ ਗੱਲ ਨੂੰ ਸਵੀਕਾਰ ਨਹੀਂ ਕਰਦੀ ਕਿ ਗੁਰੂ ਗੋਬਿੰਦ ਸਿੰਘ ਦੇਵੀ ਦੇਵਤਿਆਂ ਦੇ ਉਪਾਸਕ ਸਨ। ਇਸ ਪਿਛੇ ਠੋਸ ਅਧਾਰ ਇਹ ਹੈ ਕਿ ਗੁਰਮਤਿ ਸਮੁੱਚੇ ਰੂਪ ਵਿਚ ਸਨਾਤਨੀ ਪੂਜਾ ਪੱਧਤੀ ਨੂੰ ਨਕਾਰਦੀ ਹੈ। ਰਚਨਾ ਅੰਦਰਲੇ ਤੇ ਬਾਹਰਲੇ ਸੰਕੇਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਮਿਥਿਕ ਬਿਰਤਾਂਤ ਦੀ ਚੋਣ ਨਿਰੋਲ ਸਾਹਿਤਕ ਕਾਰਨਾਂ ਤੋਂ ਕੀਤੀ ਗਈ ਹੈ।


 ਉਕਤਿ ਬਿਲਾਸ (ਚੰਡੀ ਚਰਿਤ੍ਰ ਪਹਿਲਾ) ਮਾਰਕੰਡਯ ਪੌਰਾਣ ਦੇ ਕਾਂਡ ਨੰਬਰ 81 ਜਿਸ ਨੂੰ ਕੀਲ ਕਵਚ ਵੀ ਕਹਿੰਦੇ ਹਨ ਦਾ ਸੁਤੰਤਰ ਅਨੁਵਾਦ ਹੈ। ਇਸ ਵਿਚ ਸੁੰਭ ਚੰਡ, ਧੂਮ ਨੈਣ, ਨਿਸੁੰਭ, ਮਹਿਖਾਸੁਰ, ਮਧੂ ਕੈਂਟਭ, ਮੁੰਡ ਅਤੇ ਰਕਤਬੀਜ ਨਾਮ ਦੇ ਦੈਂਤਾਂ ਨਾਲ ਦੁਰਗਾ ਦੀ ਜੰਗ ਦਾ ਬਿਰਤਾਂਤ ਹੈ। ਚੰਡੀ ਚਰਿਤ੍ਰ-2 ਵਿਚ ਵੀ ਦੁਰਗਾ ਨਾਲ ਦੈਂਤਾਂ ਦੇ ਯੁੱਧ ਦੀ ਬੀਰ ਰਸੀ ਕਥਾ ਬਿਆਨ ਕਰਕੇ ਦੇਸ਼ਵਾਸੀਆਂ ਨੂੰ ਦੇਸ਼ ਦੀ ਰੱਖਿਆ ਲਈ ਧਰਮ ਯੁੱਧ ਕਰਨ ਦੀ ਪ੍ਰੇਰਨਾ ਦਿੱਤੀ ਮਿਲਦੀ ਹੈ।

 ਗੁਰੂ ਗੋਬਿੰਦ ਸਿੰਘ ਦਾ ਆਖਰੀ ਜੀਵਨ ਕਾਲ ਮੁਗਲਾਂ ਨਾਲ ਯੁੱਧਾਂ ਵਿਚ ਬੀਤਿਆ। ਐਸੇ ਦੌਰ ਵਿਚ ਉਹਨਾਂ ਦੀ ਵਕਤੀ ਲੋੜ ਖੁਨ ਖੌਲਦੇ ਸਿਪਾਹੀਆਂ ਦੀ ਫੌਜ ਤਿਆਰ ਕਰਨ ਦੀ ਸੀ। ਇਸ ਸਮੇਂ ਉਹਨਾਂ ਨੂੰ ਬੀਰ ਰਸ ਭਰਪੂਰੀ ਅਦਭੁਤ, ਰੌਚਕ ਤੇ ਨਾਟਕੀ ਘਟਨ-ਕ੍ਰਮ ਵਾਲੀ ਬਿਰਤਾਂਤ ਦੀ ਲੋੜ ਸੀ ਜੋ ਰਿਸ਼ੀ ਮਾਰਕੰਡੇ ਦੇ ਗਰੰਥ ਵਿਚੋਂ ਪੂਰੀ ਹੋਈ। ਇਸ ਕਥਾ ਦੀ ਚੋਣ ਵੇਲੇ ਗੁਰੂ ਕਵੀ ਦਾ ਮਨੋਰਥ ਪੰਜਾਬੀਆਂ ਦੀ ਲੋਕ ਮਾਨਸਿਕਤਾ ਵਿਚ ਬੈਠ ਚੁੱਕੀਆ ਇਹ ਮਿਥਿਹਾਸਕ ਕਥਾਵਾਂ ਦਾ ਮਨੋਵਿਗਿਆਨਕ ਲਾਭ ਉਠਾਣਾ ਵੀ ਹੋ ਸਕਦਾ ਹੈ, ਪਰ ਜ਼ਿਆਦਾ ਕਾਰਨ ਯੁੱਧ ਉਤੇ ਤੁਰਨ ਤੋਂ ਪਹਿਲਾਂ ਜ਼ੋਰਦਾਰ ਵਾਰਾਂ ਢਾਡੀਆਂ ਵੱਲੋਂ ਸੁਣਾ ਕੇ ਸੈਨਿਕਾਂ ਦੀ ਸ਼ਕਤੀ ਤੇ ਜੋਸ਼ ਵਿਚ ਵਾਧਾ ਕਰਨਾ ਸੀ। ਗੁਰੂ ਗੋਬਿੰਦ ਸਿੰਘ ਨੇ ਗੁਰਮਤਿ ਦਰਸ਼ਨ ਦੇ ਅੰਤਰਗਤ ਹੀ ਇਸ ਪੌਰਾਣਕ ਮਿਥ ਨਾਲ ਜੁੜੇ ਵੇਰਵਿਆਂ ਨੂੰ ਤਰਾਸ਼ਿਆ ਤੇ ਸੰਵਾਰਿਆ ਹੈ। ਡਾ. ਜੀਤ ਸਿੰਘ ਸੀਤਲ ਦੇ ਸ਼ਬਦਾਂ ਵਿਚ:


“ਚੰਡੀ ਦੀ ਵਾਰ ਵਿਚ ਚੰਡੀ ਦਾ ਚਰਿਤ੍ਰ ਮਾਰਕੰਡੇ ਪੁਰਾਣ ਨਾਲੋਂ ਕਾਫੀ ਭਿੰਨ ਹੈ। ਇਥੇ ਉਸ ਦੁਆਲਿਓਂ ਮਿਥਿਹਾਸਕ ਕਹਾਣੀਆਂ ਦਾ ਜਾਲਾ ਉਤਾਰ ਕੇ ਉਸ ਨੂੰ ਵੱਧ ਤੋਂ ਵੱਧ ਯਥਾਰਥਮਈ ਬਣਾਕੇ ਪੇਸ਼ ਕੀਤਾ ਗਿਆ”।


 ਮਾਰਕੰਡੇ ਪੌਰਾਣ ਵਿਚ ਇਕ ਪਾਸੇ ਦੁਰਗਾ ਦੇਵੀ ਦਾ ਬੀਰ ਰਸ ਭਰਭੂਰ ਦੈਵੀ ਸ਼ਕਤੀ ਦਾ ਰੂਪ ਸਾਕਾਰ ਹੁੰਦਾ ਹੈ। ਦੂਸਰੇ ਪਾਸੇ ਦੈਂਤਾਂ ਤੇ ਦੇਵੀ ਦੇ ਕੌਤਕਾਂ ਨਾਲ ਭਰਿਆ ਅਦਭੁਤ ਤੇ ਹੈਰਾਨੀਜਨਕ ਪੱਖ ਪੇਸ਼ ਹੋਇਆ ਹੈ, ਤੀਸਰੇ ਪਾਸੇ ਨੇਕੀ ਦੀ ਬਦੀ ਉਤੇ ਜਿਤ ਦਾ ਆਦਰਸ਼ਕ ਸਰੂਪ ਵੀ ਮੌਜੂਦ ਹੈ। ਇਉਂ ਇਹ ਕਥਾ ਅਨੇਕਾਂ ਸੰਭਾਵਨਾਵਾਂ ਭਰਪੂਰ ਰਚਨਾਂ ਦੇ ਰੂਪ ਵਿਚ ਅਪਣਾਈ ਗਈ ਹੈ। ਗੁਰੂ ਗੋਬਿੰਦ ਸਿੰਘ ਨੇ ਸੈਨਿਕਾਂ ਦੀ ਰੁਚੀ ਵਾਲੀ ਪਰ ਹਰ ਕਿਸਮ ਦਾ ਡਰ ਮਿਟਾਣ ਵਾਲੀ ਚੰਡੀ ਦੇਵੀ ਦਾ ਚਰਿਤਰ ਆਪਣੀਆਂ ਰਚਨਾਵਾਂ ਦਾ ਆਧਾਰ ਬਣਾਇਆ ਹੈ “ਚੰਡੀ ਚਰਿਤ੍ਰ” ਦੇ ਇਕ ਦੋਹਰੇ ਵਿਚ ਕਵੀ ਦਾ ਮਨਸ਼ਾ ਹੋਰ ਵੀ ਸਪੱਸ਼ਟ ਹੁੰਦਾ ਹੈ:


  ਪ੍ਰਮੁਦ ਕਰਨ, ਸਭ ਭੈ ਹਰਨ, ਨਾਮੁ ਚੰਡਿਕਾ ਜਾਸੁ

  ਰਚੋ-ਚਰਿਤ੍ਰ ਬਚਿਤ੍ਰ ਤੁਅ, ਕਰੋ ਸਬੁੱਧਿ ਪ੍ਰਕਾਸ॥


 ਗੁਰੂ ਕਵੀ ਉਪਰੋਕਤ ਦੋਹਰੇ ਵਿਚ ਰੱਬ ਤੋਂ ਚੰਗੀ ਮਤ ਮੰਗਦੇ ਹੋਏ ਇਕ ਪ੍ਰਸੰਨ ਕਰਨ ਵਾਲਾ ਤੇ ਡਰ ਨੂੰ ਦੂਰ ਕਰਨ ਵਾਲਾ ਚੰਡੀ ਚਰਿਤ੍ਰ ਉਸਾਰਨ ਦੀ ਅਭਿਲਾਸ਼ਾ ਕਰ ਰਹੇ ਹਨ। ਇਥੇ ਹੀ ਆਪ ਰੱਬ ਨੂੰ ਇਹ ਵੀ ਦੁਆ ਕਰਦੇ ਹਨ ਕਿ ਮੈਨੂੰ ਇਹ ਅਦਭੁਤ ਕਥਾ ਸੁੰਦਰ ਸ਼ਬਦਾਂ ਵਿਚ ਚੁਣ ਚੁਣ ਕੇ ਕਵਿਤਾ ਵਿਚ ਜੜਨ ਦੀ ਸਮਰੱਥਾ ਬਖਸ਼ੋ:


  ਰਤਨ-ਪ੍ਰਮੁਦ ਕਰ ਬਚਨ, ਚੀਨਿ ਤਾਂ ਮੈ ਗਚੋ॥

  ਭਾਖਾ ਸੁਭ ਸਭ ਕਰਹੋ, ਧਰਿ ਹੋ ਕ੍ਰਿੱਤ ਮੈ॥

ਅਦਭੁਤ ਕਥਾ ਅਪਾਰ ਸਮਝ ਕਰ ਚਿੱਤ ਮੈ॥


 ਇਥੇ ਇਹ ਗੱਲ ਵੀ ਸਪੱਸ਼ਟ ਹੁੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਆਪਣੀ ਰਚਨਾ ਦੀ ਰਸਿਕਤਾ ਤੇ ਸੁਹਜ ਸੁਆਦ ਤੋਂ ਬਹੁਤ ਸੁਚੇਤ ਸਨ। ਮਾਰਕੰਡੇ ਪੌਰਾਣ ਦੇ 81 ਤੋਂ 94 ਆਧਿਆਇ ਵਿਚ ਫੈਲੀ ਇਹ ਕਥਾ ‘ਦੁਰਗਾ ਸਪਤਸ਼ਤੀ’ ਨਾਮ ਹੇਠ ਜਾਣੀ ਜਾਂਦੀ ਹੈ। ਇਥੇ ਇਹ ਰਚਨਾ ਪੂਰੇ ਵਿਸਤਿਰਤ ਰੂਪ ਵਿਚ 700 ਸਲੋਕਾਂ ਦੇ ਰੂਪ ਵਿਚ ਦਰਜ ਹੈ। ਕਵੀ ਨੇ ਇਸ ਦੇ ਬਿਰਤਾਂਤ ਦੀਆਂ ਬੇਲੌੜੀਆਂ ਸਥਿਤੀਆਂ ਆਪਣੀਆਂ ਰਚਨਾਵਾਂ ਵਿਚ ਸੁਚੇਤ ਹੋ ਕੇ ਸ਼ਾਮਲ ਨਹੀਂ ਕੀਤੀਆਂ ਪਰ ਜੋ ਕੁਝ ਵਿਚ ਅਪਣਾਇਆ ਹੈ, ਉਹ ਦੁਰਗਾ ਸਪਤਸ਼ਤੀ ਦੀ ਕਥਾ ਦਾ ਹੀ ਭਾਗ ਹੈ।


 ਗੁਰੂ ਕਵੀ ਦੀਆਂ ‘ਦੁਰਗਾ ਸਪਤਸ਼ਤੀ’ ਤੇ ਅਧਾਰਤ ਰਚਨਾਵਾਂ ਦੇ ਅਧਿਐਨ ਤੋਂ ਇਹ ਤੱਥ ਸਾਹਮਣੇ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਦੇਵੀ ਦੇ ਰਹੱਸਵਾਦੀ ਸਰੂਪ ਨੂੰ ਜ਼ਿਆਦਾ ਪ੍ਰਵਾਨ ਨਹੀਂ ਕੀਤਾ। ਜੇ ਥੋੜ੍ਹਾ ਪ੍ਰਵਾਨ ਕੀਤਾ ਹੈ ਤਾਂ ਕੇਵਲ ਉਹਨਾਂ ਹੀ ਜਿੰਨਾ ਹਜ਼ਾਰਾਂ ਦੈਂਤਾਂ ਦੇ ਵਿਰੋਧ ਵਿਚ ਲੜਨ ਵਾਲੀ ਇਕੱਲੀ ਦੁਰਗਾ ਇਕ ਸ਼ਕਤੀਸ਼ਾਲੀ ਧਿਰ ਵਜੋਂ ਸਿਰਜਣੀ ਜ਼ਰੂਰੀ ਸੀ। ਮਿਸਾਲ ਵਜੋਂ ਮਾਰਕੰਡੇ ਪੌਰਾਣ ਦੇ ਕਾਂਡ ਨੰਬਰ 81 ਤੇ 82 ਵਿਚ ਦਰਜ ਹੈ ਕਿ ਦੇਵਤਿਆਂ ਤੇ ਦੈਂਤਾਂ ਵਿਚਕਾਰ ਸੌ ਸਾਲ ਪਹਿਲਾਂ ਯੁੱਧ ਹੁੰਦਾ ਰਿਹਾ, ਜੋ ਇੰਦਰ ਦੇ ਮਹਿਖਾਸੁਰ ਹੱਥੋਂ ਹਾਰ ਜਾਣ ਨਾਲ ਸਮਾਪਤ ਹੋਇਆ। ਅੰਤ ਵਿਚ ਇੰਦਰ ਦੀ ਬੇਨਤੀ ਤੇ ਬ੍ਰਹਮਾਂ, ਸ਼ੰਕਰ ਤੇ ਵਿਸ਼ਨੂੰ ਨੇ ਸਥਿਤੀ ਦਾ ਮੁਕਾਬਲਾ ਕਰਨ ਲਈ ਆਪਣੇ ਆਪਣੇ ਤੇਜ ਦੇ ਮਿਸ਼ਰਣ ਨਾਲ ਸ਼ਕਤੀਸ਼ਾਲੀ ਦੁਰਗਾ ਪੈਦਾ ਕੀਤੀ ਜਿਸ ਦੇ ਪੈਦਾ ਹੁੰਦੇ ਹੀ ਤ੍ਰੈਲੋਕ ਵਿਚ ਚਾਨਣ ਹੋ ਗਿਆ। ਕਥਾ ਅਨੁਸਾਰ ਸਾਰੇ ਦੇਵਤੇ ਅਧਿਅਤਮਕ, ਸ਼ਕਤੀ ਰਾਹੀਂ ਹਾਸਲ ਕੀਤਾ ਵਰ ਵਾਲਾ ਇਕ ਇਕ ਹਥਿਆਰ ਦੇਵੀ ਨੂੰ ਸੌਂਪਦੇ ਹਨ, ਜਿਨ੍ਹਾਂ ਦੀ ਪ੍ਰਾਪਤੀ ਤੋਂ ਬਾਅਦ ਦੇਵੀ ਆਪਣੇ ਸ਼ੇਰ ਦੀ ਸਵਾਰੀ ਕਰਦੀ ਹੋਈ ਦੈਂਤਾਂ ਨੂੰ ਵੰਗਾਰਦੀ ਹੈ। ਕਥਾ ਅਨੁਸਾਰ ਮਹਿਖਾਸੁਰ ਕਰੋੜਾਂ ਰਾਕਸ਼ਾਂ ਸਮੇਤ ਮੁਕਾਬਲਾ ਕਰਦਾ ਹੈ। ਦੇਵੀ ਨੂੰ ਏਨੀ ਵੱਡੀ ਸੰਖਿਆਂ ਵਿਚ ਭਿਅੰਕਰ ਦੈਂਤਾਂ ਦਾ ਮੁਕਾਬਲਾ ਕਰਨ ਲਈ ਜਿਥੇ ਆਪਣੇ ਸੈਨਿਕਾਂ ਵਿਚੋਂ ਅਨੇਕ ਸੈਨਿਕ ਮੈਦਾਨ ਵਿਚ ਉਤਾਰਨੇ ਪੈਂਦੇ ਹਨ ਉਥੇ ਕਈ ਰਹੱਸਮਈ ਸ਼ਕਤੀਆਂ ਦੀ ਮਦਦ ਲੈਣੀ ਪੈਂਦੀ ਹੈ।


 ਗੁਰੂ ਗੋਬਿੰਦ ਸਿੰਘ ਨੇ ਆਪਣੀ ਰਚਨਾ ਵਿਚ ਸੌ ਸਾਲਾ ਯੁੱਧ, ਦੇਵਤਿਆਂ ਦੇ ਇਕੱਠੇ ਹੋਣ, ਦੇਵਤਿਆਂ ਦੇ ਤੇਜ ਨਾਲ ਦੇਵੀ ਦੇ ਪੈਦਾ ਹੋਣ ਜਾਂ ਤ੍ਰੈਲੋਕ ਵਿਚ ਚਾਨਣ ਹੋਣ ਦੀ ਗੱਲ ਨਹੀਂ ਕੀਤੀ। ਕੇਵਲ ਇੰਨਾ ਹੀ ਦੱਸਿਆ ਹੈ ਕਿ ਇੰਦਰ ਦੀ ਹਾਰ ਹੋ ਜਾਣ ਤੋਂ ਬਾਅਦ ਉਹ ਵੈਣ ਪਾਉਂਦਾ ਦੁਰਗਾ ਦੇਵੀ ਪਾਸ ਮਦਦ ਦੀ ਬੇਨਤੀ ਕਰਨ ਗਿਆ। ਦੇਵੀ ਅਨੁਸਾਰ ਦੁਰਗਾ ਬੈਣ ਸੁਣਦੀ ਹੱਸੀ ਹੜੇ ਹੜਾਇ ਉਹਨਾਂ ਤ੍ਰੈਲੋਕ ਦੇ ਕੰਬਣ ਜਾਂ ਧਰਤੀ ਤੇ ਹੜ ਆਉਣ ਦੀ ਘਟਨਾ ਨੂੰ ਵੀ ਸ਼ਾਮਲ ਨਹੀਂ ਕੀਤਾ। ਚੌਣਵੇ ਮਿਥਿਹਾਸਕ ਪ੍ਰਸੰਗਾਂ ਦੀ ਵਰਤੋਂ ਕਰਨ ਕਰਕੇ ਇਸਨੂੰ ਯਥਾਰਥ ਦੇ ਕੁਝ ਨੇੜੇ ਲੈ ਆਂਦਾ ਹੈ।


 ਗੁਰੂ ਕਵੀ ਨੇ ਨਿਰੋਲ ਬੀਰ ਰਸੀ ਰਚਨਾ ਕਰਦਿਆਂ ਕਥਾ ਦੇ ਸਿੰਗਾਰ ਰਸੀ ਵੇਰਵਿਆਂ ਨੂੰ ਵੀ ਛਾਂਗ ਦਿੱਤਾ ਹੈ। ਮਾਰਕੰਡੇ ਪੌਰਾਣ ਅਨੁਸਾਰ ਦੁਰਗਾ ਦੇਵੀ ਆਪਣੀ ਸੁੰਦਰਤਾ ਦੇ ਬਲ ਨਾਲ ਵੀ ਰਾਕਸ਼ਾਂ ਨੂੰ ਹਸਾਉਂਦੀ ਹੈ। ਕਥਾ ਅਨੁਸਾਰ ਚੰਡ ਤੇ ਮੁੰਡ ਦੁਰਗਾ ਦੀ ਸੁੰਦਰਤਾ ਤੋਂ ਪ੍ਰਭਾਵਤ ਹਨ ਤੇ ਉਸ ਨੂੰ ਆਪਣੇ ਮਹਿਲਾਂ ਦੀ ਰਾਣੀ ਬਣਾਉਂਣਾ ਚਾਹੁੰਦੇ ਹਨ। ਮਾਰਕੰਡੇ ਰਿਸ਼ੀ ਨੇ ਰਾਕਸ਼ਾਂ ਨਾਲ ਸਬੰਧਤ ਕਾਫ਼ੀ ਮਿਥਿਹਾਸਕ ਹਵਾਲੇ ਜੋੜੇ ਹਨ, ਜਿਨ੍ਹਾਂ ਨਾਲ ਉਹਨਾਂ ਦੀ ਭਿਅੰਕਰਤਾ ਤੇ ਯੁੱਧ ਸ਼ਕਤੀ ਦਾ ਸਬੂਤ ਮਿਲਦਾ ਹੈ। ਗੁਰੂ ਜੀ ਨੇ ਇਹ ਵੇਰਵੇ ਛੱਡ ਦਿੱਤੇ ਹਨ। ਅਨੇਕ ਹਾਸੋ ਹੀਣੀਆਂ ਘਟਨਾਵਾਂ ਗੁਰੂ ਕਵੀ ਨੇ ਸ਼ਾਮਲ ਕਰਨ ਤੋਂ ਗੁਰੇਜ਼ ਕੀਤਾ ਹੈ। ਵਿਸ਼ੇਸ ਤੌਰ ਤੇ ਦੈਂਤਾਂ ਦੇ ਆਗੂ ਮਹਿਖਾਸੁਰ ਨਾਲ ਸਬੰਧਤ ਮਿਥਾਂ ਨੂੰ ਬਹੁਤ ਜ਼ਿਆਦਾ ਤਿਆਗ ਦਿੱਤਾ ਗਿਆ ਹੈ।


 “ਮਾਰਕੰਡੇ ਪੌਰਾਣ” ਦੇ 91-94 ਅਧਿਆਏ ਵਿਚ ਦੁਰਗਾ ਦੇਵੀ ਦੀ ਜਿੱਤ ਤੋਂ ਬਾਅਦ ਦੇਵਤਿਆਂ ਵੱਲੋਂ ਦੇਵੀ ਦੀ ਉਸਤਤਿ ਕਰਨ ਤੇ ਦੇਵੀ ਵੱਲੋਂ ਉਹਨਾ ਨੂੰ ਸੁਨਾਉਣ ਦੇ ਮਹਾਤਮ ਦੇ ਵਿਸਤਰਿਤ ਵੇਰਵੇ ਨੂੰ ਗੁਰੂ ਜੀ ਨੇ ਜ਼ਿਆਦਾ ਮਹੱਤਵ ਦੇਣ ਦੀ ਥਾਂ ਕੇਵਲ ਇਕ ਹੀ ਸਤਰ ਵਿਚ ਸਮੇਟ ਹੈ:

  ਫੇਰ ਨਾ ਜੂਨੀ ਆਇਆ, ਜਿਨ ਇਹ ਗਾਇਆ।


 ਇਥੇ ਇਹ ਸੱਚਾਈ ਇਕ ਵਾਰ ਫਿਰ ਉਘੜਕੇ ਸਾਮ੍ਹਣੇ ਆਉਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਦੁਰਗਾ ਦੇਵੀ ਤੇ ਦੈਂਤਾਂ ਵਿਚਕਾਰ ਹੋਏ ਮਿਤਿਹਾਸਕ ਭੇੜ ਵਿਚੋਂ ਕੇਵਲ ਯੁੱਧ ਵੇਰਵਿਆਂ ਦੀ ਤਲਾਸ਼ ਹੈ। ਇਸੇ ਲਈ ਗੁਰੂ ਕਵੀ ਦੁਰਗਾ ਤੇ ਰਾਕਸ਼ਾਂ ਵਿਚ ਸੈਨਿਕਾਂ ਵਾਲਾ ਜੋਸ਼ ਤੇ ਨਿਡਰਤਾ, ਯੁੱਧ ਦੀ ਤਿਆਰੀ ਲਈ ਹਥਿਆਰਬੰਦ ਹੋਣ, ਮੈਦਾਨ ਵਿਚ ਵੰਗਾਰਨ, ਜ਼ੋਰਦਾਰ ਵਾਰ ਕਰਨ, ਯੁੱਧ ਚਾਲਾਂ ਚਲਣ ਤੇ ਬਹਾਦਰੀ ਦੀ ਮੌਤ ਮਰਨ ਉਤੇ ਜੱਸ ਪ੍ਰਾਪਤ ਕਰਨ ਨੂੰ ਤਰਜੀਹ ਦੇ ਰਿਹਾ ਹੈ। ਐਸੇ ਮੋਕਿਆਂ ਉਤੇ ਗੁਰੂ ਕਵੀ ਬੁਰਾਈ ਦੀ ਪ੍ਰਤੀਕ ਬਣ ਚੁੱਕੀ ਦੈਂਤਾਂ ਦੀ ਧਿਰ ਦੀ ਬਹਾਦਰੀ ਨੂੰ ਵੀ ਸਲਾਹੁੰਦਾ ਹੈ:


  ਸ਼ਾਬਾਸ਼! ਸ਼ਲੋਣੇ ਖਾਣ ਕਉ।

  ਸਦ ਰਹਮਤ! ਤੁਰੇ ਨਚਾਣ ਕਉ।

  ਸਦ ਸਿਆਬਸ! ਤੇਰੇ ਤਾਣ ਕਉ।

  ਤਾੱਰੀਫਾਂ ਪਾਨ ਚਬਾਣ ਕਉ

  ਸਦ ਰਹਮਤ ਕੈਫਾਂ ਖਾਣ ਕਉ।


 ਗੁਰੂ ਗੋਬਿੰਦ ਸਿੰਘ ਯੁੱਧ ਦੇ ਮੌਕੇ ਉਤੇ ਸੈਨਿਕਾਂ ਵੱਲੋਂ ਨਸ਼ਿਆਂ ਦੀ ਵਰਤੋਂ ਤੋਂ ਭਲੀ ਭਾਂਤ ਜਾਣੂ ਹਨ ਪਰ ਨੇਕੀ ਦੀ ਧਿਰ ਦੁਰਗਾ ਦੇਵੀ ਨੂੰ ਚਿਤਰਦਿਆਂ ਉਹ ਦੁਰਗਾ ਦੇ ਨਸ਼ਾ ਕਰਨ ਦੇ ਬਿਰਤਾਂਤ ਨੂੰ ਸ਼ਾਮਲ ਨਹੀਂ ਕਰਦੇ। ਜਦੋਂ ਕਿ ਮਾਰਕੰਡੇ ਪੌਰਾਣ ਵਿਚ ਯੁੱਧ ਸਮੇਂ ਦੁਰਗਾ ਦੇਵੀ ਦੇ ਸ਼ਰਾਬ ਪੀਣ ਦਾ ਹਵਾਲਾ ਵੀ ਮਿਲਦਾ ਹੈ। ਗੁਰੂ ਕਵੀ ਨੇ ਇਸ ਕਥਾ ਦੇ ਸੈਨਿਕ ਮਹੱਤਵ ਨੂੰ ਵਧਾਉਂਦੇ ਹੋਏ ਦੁਰਗਾ ਨੂੰ ਹਥਿਆਰ ਚਲਾਉਣ ਦੀ ਮਾਹਿਰ ਦਿਖਾਇਆ ਹੈ। ਆਪਣੇ ਸਮੇਂ ਦੀਆਂ ਰਵਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਦੁਰਗਾ ਦੇਵੀ ਨੂੰ ਸਵੇਰੇ ਯੁੱਧ ਤੋਂ ਪਹਿਲਾਂ ਸ਼ਸਤਰਾਂ ਦੀ ਪੂਜਾ ਕਰਦੇ ਵੀ ਦਿਖਾਇਆ ਹੈ:


  ਸ਼ਸਤ੍ਰ ਪਜੂਤੇ ਦੁਰਗਾਸ਼ਾਹ ਗਾਹ ਸਭਨੀ ਬਾਹੀਂ


 ਯੁੱਧ ਵਿਚ ਅਨੇਕ ਅਜਿਹੇ ਹਥਿਆਰ ਦੁਰਗਾ ਦੇਵੀ ਨੂੰ ਚਲਾਉਂਦੇ ਦਿਖਾਇਆ ਗਿਆ ਹੈ ਜੋ ਕੇਵਲ ਗੁਰੂ ਗੋਬਿੰਦ ਸਮੇਂ ਹੀ ਵਰਤੇ ਜਾਂਦੇ ਹਨ। ਇਸ ਤੋਂ ਬਿਨਾਂ ਪੌਰਾਣਿਕ ਕਥਾ ਵਿਚ ਦਰਸਾਏ ਹਥਿਆਰ ਵੀ ਪ੍ਰਯੋਗ ਹੁੰਦੇ ਦਸੇ ਗਏ ਹਨ। ਗੁਰੂ ਜੀ ਦੇ ਉਂਜ ਸਮੇਂ ਦੇ ਹਥਿਆਰ ਉਦਾਹਰਣ ਦੇ ਤੌਰ ਤੇ ਖੜਗ, ਖੰਡਾ, ਤੇਗ ਦਾ ਜ਼ਿਕਰ ਸਭ ਤੋਂ ਵੱਧ ਹੋਇਆ ਹੈ:


1. ਧੂਹਿ ਮਿਆਨੋ ਖੰਡਾ ਹੋਈ ਸਾਮ੍ਹਣੇ।

2. ਰਾਕਸਿ ਆਏ ਰੋਹਲੇ, ਤਲਵਾਰੀ ਬਖ਼ਤਰ ਸਜੇ।


ਸਮਕਾਲੀ ਸੈਨਿਕ ਪ੍ਰਵਿਰਤੀ ਦਾ ਸਬੂਤ ‘ਜ਼ਰਾ-ਬਖਤਰ’ ਜਿਹੇ ਸ਼ਬਦਾਂ ਦੇ ਪ੍ਰਯੋਗ ਤੋਂ ਵੀ ਮਿਲਦਾ ਹੈ ਜੋ ਇਸਲਾਮੀ ਦੌਰ ਵਿਚ ਪ੍ਰਚਲਿਤ ਹੋਇਆ ਸ਼ਬਦ ਹੈ। ਉਸ ਵਕਤ ਦੀ ਯੁੱਧ-ਨੀਤੀ ਵਿਚ ਬਾਹੂ-ਬਲ ਤੇ ਸਰੀਰਕ ਸ਼ਕਤੀ ਦਾ ਮਹੱਤਵ ਸੀ ਜਿਸ ਨਾਲ ਖੰਡਾ, ਤਲਵਾਰ, ਨੇਜ਼ਾ ਜਿਹੇ ਹਥਿਆਰਾਂ ਨਾਲ ਵਾਰ ਕੀਤਾ ਜਾਂਦਾ ਸੀ। ਇਸੇ ਮਹੱਤਵ ਨੂੰ ਉਜਾਗਰ ਕਰਦਿਆਂ ਗੁਰੂ ਕਵੀ ਨੇ ਦੁਰਗਾ ਦੇ ਵਾਰ ਦੀ ਸ਼ਕਤੀ ਨੂੰ ਖੋਣਤ ਦੇ ਸਿੰਘਾਂ ਤੋਂ ਕਛੂ ਕੁੰਮੇਂ ਤਕ ਵੱਜਣ ਦੀ ਰੌਚਿਕ ਮਿੱਥ ਨੂੰ ਪੂਰੀ ਦਿਲਚਸਪੀ ਨਾਲ ਪੇਸ਼ ਕੀਤਾ ਹੈ। ਇਸੇ ਤਰ੍ਹਾਂ ਚੰਡੀ ਦੀ ਵਾਰ ਦੀ 51 ਨੰਬਰ ਪਉੜੀ ਵਿਚ ਤੁਫੰਗ(ਬੰਦੂਕ) ਦਾ ਹਵਾਲਾ ਮਿਲਦਾ ਹੈ। ਜੋ ਮੁਗਲਾਂ ਨੇ ਪਹਿਲੀ ਵਾਰ ਗੋਲਾ ਬਾਰੂਦ ਸਮੇਤ ਭਾਰਤੀ ਯੁੱਧ ਵਿਚ ਪ੍ਰਯੋਗ ਕੀਤੀ।


 ਦੁਰਗਾ ਦੇਵੀ ਦੀ ਮਿਥ ਦਾ ਰੁਪਾਂਤਰਣ ਗੁਰੂ ਕਵੀ ਨੇ ਸ਼ਰਬ ਸ਼ਕਤੀਮਾਨ ਪਰਮਾਤਮਾ ਦੀ ਇਕ ਸ਼ਕਤੀ ਵਜੋਂ ਹੀ ਕੀਤਾ ਹੈ। ਪਰਮਾਤਮਾ ਨੇ ਸਤਿਯੁਗ ਵਿਚ ਖੰਡਾ (ਸ਼ਕਤੀ) ਪੈਦਾ ਕਰਕੇ ਹੀ ਸੰਸਾਰ ਪੈਦਾ ਕੀਤਾ ਤੇ ਇਸ ਸੰਸਾਰ ਵਿਚ ਪ੍ਰਬੰਧ ਚਲਾਉਣ ਲਈ ਜਾਂ ਸ਼ਕਤੀ ਦਾ ਸਤੁੰਲਨ ਬਣਾਈ ਰਖਣ ਲਈ ਪਹਿਲਾਂ ਦੇਵਤੇ ਤੇ ਫਿਰ ਦਾਨਵ ਪੈਦਾ ਕਰਕੇ ਆਪਣੀ ਪ੍ਰਭੁਤਾ ਦਾ ਸਬੂਤ ਦਿੱਤਾ। ਇਥੇ ਪੌਰਾਣਿਕ ਕਥਾ ਦੀ ਧਾਰਨਾ ਨੂੰ ਅਪਣਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਨੇ ਹਾਰੇ ਹੋਏ ਇੰਦਰ ਦੇਵਤਾ ਨੂੰ ਲੈਕੇ ਪਹਿਲਾਂ ਬ੍ਰਹਮ ਕੋਲ ਜਾਂਦੇ ਦਰਸਾਇਆ ਹੈ। ਬ੍ਰਹਮਾ ਉਸ ਦੀ ਸਹਾਇਤਾ ਲਈ ਤਿਆਰ ਹੁੰਦਾ ਹੈ ਤੇ ਉਸ ਨੂੰ ਲੈ ਕੇ ਸ਼ੰਕਰ ਤੇ ਵਿਸ਼ਨੂੰ ਕੋਲ ਜਾਂਦੇ ਹਨ। ਇਉਂ ਇਹ ਸਾਰੇ ਦੇਵਤੇ ਰੱਬ ਵਲੋਂ ਪ੍ਰਾਪਤ ਕੀਤੀਆਂ ਆਪਣੀਆਂ ਅਧਿਆਤਮਕ ਸ਼ਕਤੀਆਂ ਦੇ ਸੁਮੇਲ ਨਾਲ ਚੰਡੀ ਭਾਵ ਦੁਰਗਾ(ਭਗਾਉਤੀ) ਪੈਦਾ ਕਰਕੇ ਦੈਂਤਾਂ ਤੇ ਕਾਬੂ ਪਾਉਂਦੇ ਹਨ। ਇਉਂ ਪੌਰਾਣਿਕ ਕਥਾ ਵਾਂਗ ਰੱਬ ਨੂੰ ਹੀ ਕਰਨ ਕਰਾਵਣਹਾਰ ਸਾਬਤ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਵੀ ਇਸੇ ਰੱਬੀ ਕਿਰਪਾ ਤੇ ਸ਼ਕਤੀ ਦੀ ਆਸ ਕਰਦੇ ਹਨ ਜਿਹੜੀ ਦੇਵਤਿਆਂ ਤੇ ਦੇਵੀ ਉਤੇ ਦੁਸ਼ਟਾਂ ਦਾ ਨਾਸ਼ ਕਰਨ ਵੇਲੇ ਹੋਈ ਸੀ।


 ਗੁਰੂ ਗੋਬਿੰਦ ਸਿੰਘ ਦੀਆਂ ‘ਦਸਮ ਗ੍ਰੰਥ’ ਵਿਚ ਸ਼ਾਮਲ 16 ਰਚਨਾਵਾਂ ਵਿਚੋਂ ਇਹ ਤੱਥ ਹੋਰ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਗੁਰੁ ਕਵੀ ਨੇ ਆਪਣੀਆਂ ਰਚਨਾਵਾਂ ਵਿਚ ਹਿੰਦੂ ਮਿਥਿਹਾਸ ਦੇ ਸੈਂਕੜੇ ਦੇਵੀ ਦੇਵਤੇ ਤੇ ਹੋਰ ਸਹਿਯੋਗੀ ਅਧਿਆਤਮਕ ਸ਼ਕਤੀਆਂ ਨੂੰ ਉਹਨਾਂ ਦੇ ਮਿਥਿਕ ਸੰਕਲਪਾਂ ਸਮੇਤ ਆਪਣੀ ਵਸਤੂ-ਸਮੱਗਰੀ ਵਿਚ ਸ਼ਾਮਲ ਕੀਤਾ ਹੈ ਪਰ ਨਵੇਂ ਅਰਥਾਂ ਵਿਚ। ਗੁਰੂ ਕਵੀ ਨੇ ਇਨ੍ਹਾਂ ਸਾਰੀਆਂ ਸ਼ਕਤੀਆਂ ਨੂੰ ਕਾਲ ਦੀ ਸੀਮਾ ਵਿਚ ਦਿਖਾਇਆ ਹੈ ਤੇ ਕੇਵਲ ਅਕਾਲ ਪੁਰਖ ਨੂੰ ਕਾਲ-ਮੁਕਤ ਦਰਸਾਇਆ ਹੈ।


 ਕੁਝ ਵਿਦਵਾਨ ਇਸ ਮੱਤ ਦੇ ਧਾਰਨੀ ਹਨ ਕਿ ਗੁਰੂ ਕਵੀ ਨੇ ਦੁਰਗਾ ਦੇਵੀ ਦੇ ਇਸ ਪ੍ਰਸੰਗ ਨੂੰ ਵਾਰ ਵਾਰ ਇਸ ਲਈ ਵੀ ਪ੍ਰਯੋਗ ਕੀਤਾ ਹੈ ਕਿ ਉਹ ਸਮਕਾਲੀ ਸਮਾਜ/ਸਭਿਆਚਾਰ ਵਿਚ ਤਬਦੀਲੀ ਦੇਖਣਾ ਚਾਹੁੰਦੇ ਸਨ। ਮਰਦ ਪ੍ਰਧਾਨ ਸਮਾਜ ਵਿਚ ਮਰਦ ਦੀ ਹਉਮੈ ਦੇ ਪ੍ਰਯੋਗ ਵਿਚ ਔਰਤ (ਦੁਰਗਾ) ਨੂੰ ਨਾਇਕਾ ਦੇ ਸਰੂਪ ਵਿਚ ਜੇਤੂ-ਸ਼ਕਤੀ ਰੂਪ ਵਿਚ ਪੇਸ਼ ਕਰਕੇ ਇਕ ਪਾਸੇ ਭਾਰਤੀ ਮਰਦ ਨੂੰ ਆਪਣੇ ਧਰਮ, ਦੇਸ਼ ਦੀ ਰਾਖੀ ਲਈ ਵੰਗਾਰਦੇ ਹਨ, ਦੂਜੇ ਪਾਸੇ ਕਮਜ਼ੋਰ ਸਮਝੀ ਜਾਣ ਵਾਲੀ ਔਰਤ ਰੂਪ ਸ਼ਕਤੀ ਨੂੰ ਨਵੀਂ ਦਿਸ਼ਾ ਵਿਚ ਪ੍ਰਵਰਤਿਤ ਕਰਨ ਲਈ ਯਤਨਸ਼ੀਲ ਹਨ। ਭਗਵੰਤ ਸਿੰਘ ਹਰੀ ਦੇ ਸ਼ਬਦਾਂ ਵਿਚ:


“ਏਸ ਬਾਣੀ ਦੁਆਰਾ ਸਤਿਗੁਰਾਂ ਨੇ ਸੂਰਬੀਰ ਦੁਰਗਾ ਦੀ ਪ੍ਰਸੰਗ ਲਿਖ ਕੇ ਭਾਰਤ ਦੀਆਂ ਇਸਤਰੀਆਂ ਨੂੰ ਟੁੰਬਿਆ ਹੈ। ਦੂਸਰੇ ਪਾਸੇ ‘ਮਰਦਾਂ’ ਨੂੰ ਸ਼ਰਮ ਦਿਵਾਈ ਕਿ ਤੁਸੀਂ ਆਦਮੀ ਹੁੰਦੇ ਹੋਏ ਆਦਮੀ-ਪੁਣੇ ਨੂੰ ਖੋਈ ਬੈਠੇ ਹੋ, ਦੇਸ਼ ਦੀ ਰਾਖੀ ਤਾਂ ਕਿਤੇ ਰਹੀ, ਆਪਣੇ ਘਰਾਂ ਨੂੰ ਭੀ ਨਹੀਂ ਬਣਾ ਸਕਦੇ”।


ਉਪਰੋਕਤ ਅਧਿਐਨ ਦੀ ਰੌਸ਼ਨੀ ਵਿਚ ਇਹ ਤੱਥ ਉਘੜਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੀ ਦੁਰਗਾ ਪ੍ਰਸੰਗ ਵਾਲੀਆਂ ਰਚਨਾਵਾਂ ਦਾ ਦਰਿਸ਼ਟੀ-ਬਿੰਦੂ ਇਕ ਕੇਂਦਰੀ ਸ਼ਕਤੀ ਹੈ ਜਿਸ ਦਾ ਦਿਸ਼ਾ-ਨਿਰਦੇਸ਼ ਪੌਰਾਣਿਕ ਯੁੱਗ ਵਿਚ ਵੀ ਮਹੱਤਵਪੂਰਨ ਸੀ, ਗੁਰੂ ਕਵੀ ਦੀਆਂ ਸਮਕਾਲੀ ਸਥਿਤੀਆਂ ਵਿਚ ਵੀ ਪ੍ਰੇਰਨਾ ਤੇ ਸ਼ਕਤੀ ਦਾ ਸਰੋਤ ਹੈ ਤੇ ਆਉਣ ਵਾਲੇ ਸਮੇਂ ਵਿਚ ਵੀ ਨੇਕੀ ਬਦੀ ਵਿਚਕਾਰ ਬਾਅਦ ਸਮੇਂ ਲੋੜੀਂਦਾ ਹੋਵੇਗਾ। ਇਹ ਕਥਾ ਪ੍ਰਸੰਗ ਸਦੀਆਂ ਵਿਚ ਫ਼ੈਲੇ ਵਿਸ਼ਾਲ ਚਿਤਰ-ਪੱਟ ਨੂੰ ਰੂਪਮਾਨ ਕਰਕੇ ਤਤਕਾਲੀ ਸੰਕਟ (ਦੁਸ਼ਟਾਂ ਦਾ ਨਾਸ) ਦੀ ਘੜੀ ਬਹਾਦਰੀ ਨਾਲ ਜਾਨਾਂ ਵਾਰਨ ਤੇ ਜਿੱਤ ਪ੍ਰਾਪਤ ਕਰਨ ਦਾ ਪ੍ਰੇਰਨਾ ਸਰੋਤ ਵੀ ਬਣਦਾ ਹੈ। ‘ਫੇਰ ਨਾ ਜੂਨੀ ਆਇਆ ਜਿਸ ਇਹ ਗਾਇਆ’ ਜਿਹੀ ਸਤਰ ਦੇ ਸ਼ਾਬਦਿਕ ਅਰਥਾਂ ਤੋਂ ਥੀਮ ਦੇ ਉਲਝਣ ਦੀ ਸਮੱਸਿਆ ਬਣੀ ਰਹਿੰਦੀ ਹੈ। ਜਿੰਨੀ ਦੇਰ ਤੱਕ ‘ਬਿਚਿਤ੍ਰ ਨਾਟਕ’ ਦੇ ਇਸ ‘ਸਪਤਸ਼ਤੀ ਦੁਰਗਾ’ ਪ੍ਰਸੰਗ ਨੂੰ ਗੁਰੂ ਕਵੀ ਦੀ ਸਮੁੱਚੀ ਬਾਣੀ ਦੇ ਪ੍ਰਸੰਗ ਵਿਚ ਨਹੀਂ ਵਿਚਾਰਿਆ ਜਾਂਦਾ।


ਹਵਾਲੇ ਤੇ ਟਿਪਣੀਆਂ


1. ਡਾਂ. ਰਤਨ ਸਿੰਘ ਜੱਗੀ ਦਸਮ ਗ੍ਰੰਥ ਦਾ ਬਾਣੀ ਬਿਓਰਾ (ਭੂਮਿਕਾ), ਕਿਤ੍ਰ ਭਗਵੰਤ ਸਿੰਘ ਹਰੀ ਜੀ, ਪੰਨਾ 4

2. ਗੁਰਬਿਲਾਸ ਪਾਤਸ਼ਾਹੀ 10, ਪੰਜਾਬੀ ਯੂਨੀਵਰਸਟੀ  ਪਟਿਆਲਾ, 1986 ਪੰਨਾ-120

3. ਫੌਜਾ ਸਿੰਘ (ਭੂਮਿਕਾ), ਗੁਰਬਿਲਾਸ ਪਾਤਸ਼ਾਹੀ 10, ਪੰਨਾ 12, 13

4. ਡਾ. ਸਤਿੰਦਰ ਸਿੰਘ ਨੂਰ, “ਮਧਕਾਲੀਨ ਪੰਜਾਬੀ ਸਾਹਿਤ” ਪੁਨਰ ਵਿਚਾਰ, ਪੰਨਾ-64, ‘ਗੁਰੂ ਗੋਬਿੰਦ ਸਿੰਘ ਦੀ ਚੰਡੀ ਦੀ ਵਾਰ ਵਿਚ ਕਿਸੇ ਨਾਇਕ ਜਾਂ ਨਾਇਕਾ ਦੀ ਉਸਤਤ ਲਈ ਰਚਨਾ ਕੀਤੀ ਗਈ, ਸਗੋਂ ਸਮੂਹ ਨੂੰ ਜਾਗਰਤ ਕਰਨ ਲਈ ਇਕ ਨਵੀਂ ਇਤਿਹਾਸਕ ਚੇਤਨਾ ਪੈਦਾ ਕਰਨ ਲਈ ਕੀਤੀ ਗਈ ਹੈ’।

5. ਚੰਡੀ ਦੀ ਵਾਰ (ਸੰਪਾ: ਜੀਤ ਸਿੰਗ ਸੀਤਲ), ਪੰਨਾ 167  

6. ਉਹੀ, ਪੰਨਾ-230

7. ਡਾ. ਜਗਜੀਤ ਸਿੰਘ, ਪੰਜਾਬੀ ਦੁਨੀਆਂ, ਜਨਵਰੀ 1956, ਪੰਨਾ 20, ‘ਚੰਡੀ ਦੀ ਵਾਰ ਦੀ ਭਗਾਉਤੀ ਜਾਂ ਚੰਡੀ ਦੀ ਵਾਰ ਉਹ ਸ਼ਕਤੀ ਹੈ ਜਿਸਨੇ ਉਸ ਸਮੇਂ ਦੇ ਸਮਾਜ ਵਿਚ ਇਕ ਅੰਦੋਲਨ ਪੈਦਾ ਕੀਤਾ ਹੈ ਤੇ ਗੁਰੂ ਜੀ ਨੇ ਇਹ ਵਾਰ ਰਚ ਕੇ ਪੰਜਾਬੀਆਂ ਦੀ ਸਦੀਆਂ ਦੀ ਸੁੱਤੀ ਬੀਰਤਾ ਨੂੰ ਟੁੰਬਿਆ ਹੈ’।

8. ਦਸਮ ਗ੍ਰੰਥ ਦਾ ਬਾਣੀ ਬਿਓਰਾ, ਪੰਨਾ 84


TAKEN FROM KHOJ PATRIKA, PAGE NO. 104 TO 108 (GURU GOBIND SINGH VISHESH ANK---MARCH 1998 VOL. 47)  PUBLISHED BY PUBLICATION BUREAU, PUNJABI UNIVERSITY PATIALA.

Back to top


HomeProgramsHukamNamaResourcesContact •