ਸ੍ਰੀ ਦਸਮ ਗ੍ਰੰਥ : ਵਿਰੋਧੀਆਂ ਨੂੰ ਉਤਰ

- ਡਾ: ਹਰਭਜਨ ਸਿੰਘ ਕੁਝ ਦਿਨ ਪਹਿਲਾਂ ਕਿਸੇ ਸਨੇਹੀ ਦੀ ਮਾਰਫ਼ਤ ਮੈਨੂੰ ਕਾਲਾ ਅਫ਼ਗਾਨਾ ਦੇ ਅਮ੍ਰਿਤ ਬਚਨਾਂ ਦੀ ਪਾਹੁਲ-ਪ੍ਰਾਪਤੀ ਤੋਂ ਵਿਦਵਤ ਹੋਏ ਕੁਝ ਦਸਮ ਗ੍ਰੰਥ ਦੇ ਵਿਰੋਧੀਆਂ ਵਲੋਂ ਮੇਰੇ ਵਿਰੁਧ ਲਿਖੇ ਮਿਠੇ-ਬੋਲਾਂ ਦੀ ਇਕ ਪ੍ਰਤੀ ਪ੍ਰਾਪਤ ਹੋਈ। ਪਤਾ ਨਹੀਂ ਲੇਖਕ ਨੇ ਆਪਣੀ ਕਿਸ ਕਮਜ਼ੋਰ ਮਾਨਸਿਕਤਾ ਕਰ ਕੇ ਇਹ ਆਪਣੀ ਵਡਮੁਲੀ ਅਤੇ ਦੁਰਲਭ ਕ੍ਰਿਤੀ ਮੈਨੂੰ ਸਿਧੇ ਭੇਜਣ ਦੀ ਮਿਹਰਬਾਨੀ ਨਹੀਂ ਕੀਤੀ। ਇਸ ਲਿਖਿਤ ਦੇ ਹੇਠਾਂ ਈ-ਮੇਲ ਪਤੇ ਵਿਚ ਕਿਸੇ ਗੁਰਚਰਨ ਸਿੰਘ ਦਾ ਨਾਮ ਆਇਆ ਹੈ। ਮੈਨੂੰ ਇਹ ਪਤਾ ਨਹੀਂ ਕਿ ਇਹ ਵਿਅਕਤੀ ਇਸ ਲਿਖਿਤ ਦਾ ਲੇਖਕ ਹੈ, ਜਾਂ ਫਿਰ ਖ਼ਬਰਨਾਮਾ ਪੱਤਰ ਦਾ ਸੰਪਾਦਕ। ਇਸ ਲੇਖ ਦੇ ਅੰਤ ਵਿਚ ਗੁਰੂ ਪੰਥ ਦੀ ਵਿਨਾਸ਼ਕਾਰੀ ਅਥੱਕ ਸੇਵਾ ਵਿਚ ਲਗੇ ਪੰਥ ਸੇਵਕਾਂ ਦੇ ਨਾਮ ਇਸ ਪ੍ਰਕਾਰ ਦਿੱਤੇ ਹੋਏ ਹਨ- ਸ੍ਰ. ਕਾਰਜ ਸਿੰਘ ਸੰਧੂ ਫਿਲਾਡੈਲਫੀਆ, ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ. ਤਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ੍ਰੋਮਣੀ ਕਮੇਟੀ), ਸ੍ਰ. ਗੁਰਚਰਨ ਸਿੰਘ (ਜਿਉਣਵਾਲਾ ਕਨੇਡਾ), ਗਿਅੱਨੀ, ਹਰਜਿੰਦਰ ਸਿੰਘ ਲੁਧਿਆਣਾ (ਕੈਨੇਡਾ), ਗਿ. ਅੰਮ੍ਰਿਤਪਾਲ ਸਿੰਘ ਸੈਲਮਾਂ (USA), ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ ਸੈਨਹੋਜੇ, ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਰੋਪੜ, ਭਾਈ ਅਵਤਾਰ ਸਿੰਘ ਮਿਸ਼ਨਰੀ ਅਤੇ ਬੀਬੀ ਹਰਸਿਮਰਤ ਕੌਰ ਖ਼ਾਲਸਾ (USA)। ਇਹ ਨਾਮ ਮੈਂ ਮੂਲ-ਰੂਪ ਵਿਚ ਦਿੱਤੇ ਹਨ, ਇਸ ਲਈ ਸ਼ਬਦ-ਰੂਪਾਂ ਦੀ ਜ਼ਿਮੇਵਾਰੀ ਮੇਰੀ ਨਹੀਂ ਹੈ। ਇਨ੍ਹਾਂ ਵਿਚੋਂ ਪਹਿਲਾ ਨਾਮ ਹੀ ਕਿਸੇ ਅਸਿਖ ਦਾ ਹੈ, ਕਿਉਂਕਿ ਜਾਤਿਵਾਦ ਵਿਚ ਵਿਸ਼ਵਾਸ ਰਖਣ ਵਾਲਾ ਕੋਈ ਵਿਅਕਤੀ ਕਦੇ ਵੀ ਗੁਰੂ ਦਾ ਸਿਖ ਨਹੀਂ ਹੋ ਸਕਦਾ। ਨਾ ਹੀ ਇਸ ਜਥੇ ਦਾ ਆਦਿ ਨਾਥ ‘ਕਾਲਾ ਅਫ਼ਗਾਨਾ’ ਗੁਰੂ ਦਾ ਸਿਖ ਹੋ ਸਕਦਾ ਹੈ, ਕਿਉਂਕਿ ਗੁਰੂ ਦੇ ਸਿਖ ਉਜਲ-ਮੁਖ ਹੁੰਦੇ ਹਨ, ਉਹ ਕਾਲਿਖ ਨੂੰ ਕਦੇ ਗ੍ਰਹਿਣ ਨਹੀਂ ਕਰਦੇ। ‘ਕਾਲਾ’ ਸ਼ਬਦ ਦਾ ਅਰਥ ਤਾਂ ਸਭ ਨੂੰ ਪਤਾ ਹੈ, ਜ਼ਰਾ ਅਫਗਾਨਾ ਦਾ ਵਿਸ਼ਲੇਸ਼ਣ ਵੀ ਕਰ ਲਈਏ। ਅਫ਼ਗਾਨ ਸ਼ਬਦ ਦੇ ਮੁਢਲੇ ਅਰਥ- ਰੌਲਾ, ਸ਼ੋਰ-ਸ਼ਰਾਬਾ ; ਵਿਰਲਾਪ, ਸ਼ੋਕ ਆਦਿ ਹਨ। ਇੰਞ ਆਪਣੇ ਪ੍ਰਚਲਿਤ ਨਾਮ ਮੂਜਬ ਇਸ ਵਿਅਕਤੀ ਨੇ ਕਾਲਿਖ ਭਰੇ ਸ਼ੋਰ ਦੀ ਅਗਿਆਨ-ਮਾਰੀ ਲਹਿਰ ਚਲਾਈ ਹੈ, ਜਿਸ ਦੇ ਅੰਧਕਾਰ ਤੋਂ ਪ੍ਰਭਾਵਿਤ ਹੋ ਕੇ ਕੁਝ ਅਖੌਤੀ ਬੁਧੀਮਾਨ ਅੰਧਕਾਰ ਦੀ ਹਨੇਰੀ ਲਿਆ ਕੇ ਸਚ ਦੇ ਚੰਦ੍ਰਮੇ ਨੂੰ ਸਦਾ ਵਾਸਤੇ ਅਖੋਂ ਓਝਲ ਕਰਨ ਦਾ ਪ੍ਰਯਤਨ ਕਰ ਰਹੇ ਹਨ। 


 ਮੈਂ ਬਹੁਤ ਹੈਰਾਨ ਹਾਂ, ਇਕ ਨਿਕੰਮੀ ਜਿਹੀ ਲਿਖਿਤ ਲਿਖਣ ਵਿਚ ਇਤਨੇ ਵਿਅਕਤੀਆਂ ਦੀ ਬੁਧੀ ਲਗੀ ਹੈ। ਇਹ ਵੀ ਸੰਭਵ ਹੈ ਕਿ ਸ਼ਾਇਦ ਇਹ ਸਾਰੇ ਮਿਲ ਕੇ ਵੀ ਮੇਰੇ ਨਾਲ ਬੌਧਿਕ ਚਰਚਾ ਕਰਨ ਵਿਚ ਆਪਣੇ ਆਪ ਨੂੰ ਅਸਮਰਥ ਸਮਝਦੇ ਹੋਣਗੇ। ਇਹ ਹੈ ਵੀ ਠੀਕ। ਮੇਰਾ ਇਨ੍ਹਾਂ ਸਾਰਿਆਂ ਨੂੰ ਸੁਹਿਰਦ ਸੱਦਾ ਹੈ ਕਿ ਇਹ ਖੁਲ੍ਹਾ ਐਲਾਨ ਕਰ ਕੇ ਕਿਸੇ ਵਡੀ ਇਕੱਤਰਤਾ ਅੰਦਰ ਜਦੋਂ ਚਾਹੁਣ ਲੋਕਾਂ ਦੀ ਹਾਜ਼ਰੀ ਵਿਚ ਦਸਮ ਗ੍ਰੰਥ ਦੇ ਹਿਮਾਇਤੀਆਂ ਨਾਲ ਇਸ ਵਿਸ਼ੇ ਉਤੇ ਚਰਚਾ ਕਰ ਲੈਣ। ਪਰ ਇਹ ਜਾਣ ਕੇ ਅਫ਼ਸੋਸ ਹੁੰਦਾ ਹੈ ਕਿ ਇਹ ਲੋਕ ਸਭਿਅਕ ਚਰਚਾ ਕਰਨ ਵਾਲੇ ਪੜ੍ਹੇ ਲਿਖੇ ਲੋਕ ਨਹੀਂ ਹਨ, ਬਲਕਿ ਝੂਠੇ ਦੋਸ਼ ਲਾਉਣ ਅਤੇ ਗਾਲੀ-ਗਲੋਚ ਕਰਨ ਵਾਲੇ ਅਸੱਭਿਅ ਅਤੇ ਅਵਿਦਿਤ ਲੋਕ ਹਨ। ਇਨ੍ਹਾਂ ਦਾ ਇਹ ਲੇਖ ਪੜ੍ਹ ਕੇ ਤਾਂ ਇਹੋ ਲਗਦਾ ਹੈ ਕਿ ਇਹ ਸਭ ਅਵਿਦਿਤ ਵਿਅਕਤੀ ਹਨ, ਜੋ ਸਿਰਫ਼ ਅਭੱਦਰ ਦੂਸ਼ਣਬਾਜ਼ੀ ਤੋਂ ਅਗੇ ਕੁਝ ਨਹੀਂ ਸੋਚ ਸਕਦੇ। ਇਨ੍ਹਾਂ ਦੇ ਤਰਸ ਯੋਗ ਬੌਧਿਕ-ਸਤਰ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਇਹ ਪਰਬਤ ਨੂੰ ਪ੍ਰਬਤ, ਬੁਲਾ ਕੇ ਨੂੰ ਬਲਾ ਕੇ, ਜ਼ਿਕਰ ਨੂੰ ਜਿਕਰ, ਪਰੰਪਰਾ ਨੂੰ ਪ੍ਰੰਪਰਾ, ਦਰਜ਼ ਨੂੰ ਦਰਜ, ਜ਼ਰੂਰਤ ਨੂੰ ਜਰੂਰਤ, ਐਹ (ਇਹ ਵਾਸਤੇ) ਨੂੰ ਅਹਿ (ਜਿਸ ਦਾ ਅਰਥ ਸੱਪ ਹੈ), ਰਾਹੀਂ ਨੂੰ ਰਾਂਹੀ, ਮੁਤਾਬਿਕ ਨੂੰ ਮੁਤਾਬਕ, ਜ਼ਿੰਦਗ਼ੀ ਨੂੰ ਜਿੰਦਗੀ, ਬੰਨ੍ਹ ਕੇ ਨੂੰ ਬੰਨ ਕੇ, ਨਾਵਾਕਿਫ਼ ਨੂੰ ਨਾ ਵਾਕਫ, ਹਾਸਿਲ ਨੂੰ ਹਾਸਲ, ਨਾਟਕ ਨੂੰ ਨਾਟਿਕ, ਪ੍ਰਾਪਤ ਨੂੰ ਪ੍ਰਾਪੱਤ, ਪ੍ਰਵਾਣ ਨੂੰ ਪ੍ਰੀਵਾਨ, ਬਾਜ਼ਾਰ ਨੂੰ ਬਜ਼ਾਰ, ਵਾਹਿਦ ਨੂੰ ਵਾਹਦ, ਇਖ਼ਲਾਕੀ ਨੂੰ ਇਖਲਾਕੀ ਲਿਖਣ ਵਾਲੇ ਜਬਰੀ ਬਣੇ ਬੁਧੀਮਾਨਾਂ ਦਾ ਜਥਾ ਹੈ। ਪਾਠਕ ਜ਼ਰਾ ਇਨ੍ਹਾਂ ਦੀ ਵਾਕ-ਬਣਤਰ ਦੇ ਵੀ ਦਰਸ਼ਨ ਕਰ ਲੈਣ। ਇਹ ਸਾਰੇ ਮਿਲ ਕੇ ਲਿਖਦੇ ਹਨ- ਦੁਨੀਆ ਦਾ ਵਾਹਦ ਇਕੋ ਇਕ ਗ੍ਰੰਥ, ਗੁਰੂ ਗ੍ਰੰਥ ਸਾਹਿਬ, ਹੈ ਜੋ ਸਮੁਚੀ ਮਨੁੱਖਤਾ ਨੂੰ ਮਨੁੱਖਤਾ ਅਪਨਾਉਣ ਦੀ ਗੱਲ ਕਰਦਾ ਹੈ।


 ਅਫ਼ਸੋਸ ਕਿ ਮੈਨੂੰ ਅਜਿਹੇ ਅਵਿਦਿਤ ਲੋਕਾਂ, ਜੋ ਕੇਵਲ ਗੰਦੀਆਂ ਗਾਹਲਾਂ ਕਢਣ ਵਿਚ ਹੀ ਪ੍ਰਵੀਨ ਹਨ, ਨਾਲ ਉਲਝਣਾ ਪੈ ਰਿਹਾ ਹੈ, ਇਸ ਕਰ ਕੇ ਕਿ ਕਿਤੇ ਇਨ੍ਹਾਂ ਦਾ ਅਹੰਕਾਰ ਸਤਵੇਂ ਆਕਾਸ਼ ‘ਤੇ ਨਾ ਪਹੁੰਚ ਜਾਵੇ। ਕਿਤੇ ਬੁਧੀਮਾਨਤਾ ਦੇ ਗ਼ਰੂਰ ਵਿਚ ਇਹ ਹਰ ਸਿਖ ਦੀ ਪੱਗ ਨੂੰ ਹੱਥ ਨਾ ਪਾਉਣ ਲਗ ਪੈਣ। ਉਂਞ ਇਹ ਵੀ ਸ਼ੱਕ ਨਹੀਂ ਕਿ ਇਨ੍ਹਾਂ ਨੇ ਸਾਡੇ ਕਲਗੀਆਂ ਵਾਲੇ ਦੀ ਸੁੰਦਰ ਦਸਤਾਰ ਨੂੰ ਹੀ ਪੈਰਾਂ ਵਿਚ ਰੋਲਣ ਦਾ ਨਾ-ਪਾਕ ਸੰਕਲਪ ਕੀਤਾ ਹੋਇਆ ਹੈ। ਮੇਰੀ ਮਾਨਤਾ ਹੈ ਕਿ ਅਸੁਰੀ ਬਿਰਤੀਆਂ ਦੇ ਗ੍ਰਸੇ ਅਜਿਹੇ ਲੋਕਾਂ ਅੱਗੇ ਚੁਪ ਕਰ ਜਾਈਏ, ਤਾਂ ਉਹ ਸ਼ਾਲੀਨ ਨਹੀਂ ਹੋ ਜਾਂਦੇ, ਸਗੋਂ ਅਹੰਕਾਰ ਨਾਲ ਪੁਸ਼ਟ ਹੋਏ ਇਹ ਮਹਿਸੂਸ ਕਰਨ ਲਗ ਪੈਂਦੇ ਹਨ ਕਿ ਉਨ੍ਹਾਂ ਦਾ ਅਗਿਆਨ ਹੀ ਜਗਤ ਲਈ ਸਰਵੋਤਮ ਚਾਨਣ-ਮੁਨਾਰਾ ਹੈ। ਮੇਰੇ ਵਿਰੁਧ ਲਿਖੇ ਲੇਖ ਵਿਚ ਇਸ ਜਥੇ ਨੇ ਕਿਹਾ ਹੈ ਕਿ ‘ਹੁਣ ਆਪਾਂ ਪ੍ਰੋ. ਹਰਭਜਨ ਸਿੰਘ ਪਟਿਆਲਾ ਯੁਨੀਵਰਸਿਟੀ (ਪਾਠਕ ਮੁਆਫ਼ ਕਰਨ ਇਨ੍ਹਾਂ ਵਿਚਾਰਿਆਂ ਨੂੰ ਯੂਨੀਵਰਸਿਟੀ ਇਸੇ ਤਰ੍ਹਾਂ ਲਿਖਣ ਦੀ ਸੂਝ ਹੈ, ਕਿਉਂਕਿ ਯੂਨੀਵਰਸਿਟੀ ਦੀ ਕਦੇ ਸੈਰ ਕਰਨ ਦਾ ਮੌਕਾ ਵੀ ਸ਼ਾਇਦ ਇਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ) ਦੇ ਝੂਠਾਂ ਨੂੰ ਨੰਗਾ ਕਰੀਏ।” ਅਗੋਂ ਇਹ ਮੈਨੂੰ ਜਾਣਕਾਰੀ ਦੇ ਰਹੇ ਹਨ- ਹੇਮਕੁੰਟ ਪ੍ਰਬਤ ਤਾਂ ਇਸੇ ਮਾਤ ਲੋਕ ਵਿਚ ਹੈ। ਯੂ. ਪੀ. ਦੀਆਂ ਪਹਾੜੀਆਂ ਵੀ ਇਸੇ ਲੋਕ ਵਿਚ ਹਨ।” ਹੇ ਪਰਮ-ਬੁਧੀਮਾਨ ਭਰਾਓ ! ਤੁਸੀਂ ਝੂਠ ਬੋਲ ਰਹੇ ਹੋ। ਤੁਹਾਨੂੰ ਦੁਨੀਆ ਦੀ ਕੋਈ ਖ਼ਬਰ ਨਹੀਂ। ਸੱਚ ਇਹ ਹੈ ਕਿ ਹੇਮਕੁੰਟ ਉਤਰਾਖੰਡ ਵਿਚ ਹੈ, ਯੂ. ਪੀ. ਵਿਚ ਨਹੀਂ। ਮੈਂ ਤੁਹਾਨੂੰ ਨੇਕ ਸਲਾਹ ਦੇਂਦਾ ਹਾਂ ਕਿ ਜੇ ਬੁਧੀ ਅਲਪ ਹੋਵੇ ਤਾਂ ਅਕਲਮੰਦਾਂ ਦਾ ਸੰਗ ਪਰਮ-ਸਹਾਇਕ ਹੁੰਦਾ ਹੈ। ਤੁਹਾਡੀ ਜਿਸ ਅਕਲ ਦਾ ਆਰੰਭ ਇਥੋਂ ਹੁੰਦਾ ਹੈ, ਉਸ ਦਾ ਅੰਤ ਕਿਤਨਾ ਤਰਸ ਯੋਗ ਹੋਵੇਗਾ ? ਜ਼ਰਾ ਅੰਤਰ-ਆਤਮੈ ਮੰਥਨ ਕਰ ਲੈਣਾ। ਤੁਸੀਂ ਇਹ ਵੀ ਝੂਠ ਲਿਖਿਆ ਹੈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ (ਗੁਰੂ ਹਰਿਗੋਬਿੰਦ ਸਾਹਿਬ ਜੀ) ਸ਼ਹੀਦ ਹੋਏ ਸਨ। ਜ਼ਰਾ ਦੱਸੋਗੇ ਕਿ ਇਹ ਸੱਚ ਤੁਹਾਨੂੰ ਕਿਥੋਂ ਇਲਹਾਮ ਹੋਇਆ ਹੈ ? ਤੁਸਾਂ ਇਹ ਵੀ ਝੂਠ ਬੋਲਿਆ ਹੈ ਕਿ ਮੈਂ ਬਾਬਾ ਵਿਰਸਾ ਸਿੰਘ ਦੀ ਭੱਠੀ ਦੇ ਦਾਣੇ ਝੋਲੀ ਪਾਏ ਹੋਏ ਹਨ। ਮੈਂ ਪੂਰਾ ਜੀਵਨ ਸਾਧਗੀਰੀ ਦਾ ਵਿਰੋਧ ਜਿਸ ਸ਼ਿੱਦਤ ਨਾਲ ਕੀਤਾ ਹੈ, ਉਹ ਤੁਹਾਡੇ ਵਿਚੋਂ ਸ਼ਾਇਦ ਬਹੁਤਿਆਂ ਦੇ ਵਸ ਵਿਚ ਨਾ ਹੋਵੇ। ਮੈਂ ਗੁਰੂ ਦਾ ਸਿਖ ਜਨਮਿਆ ਹਾਂ ਅਤੇ ਗੁਰੂ ਦਾ ਸਿਖ ਹੀ ਮਰਨ ਦਾ ਅਭਿਲਾਸ਼ੀ ਹਾਂ। ਗੁਰੂ ਕਲ੍ਹ ਨੂੰ ਕੀ ਕਰੇਗਾ ? ਮੈਂ ਨਹੀਂ ਜਾਣ ਸਕਦਾ। ਤੁਹਾਡੇ ਵਰਗੇ ਜ਼ਹਿਰ ਵਿਚ ਰਸਲੀਨ ਹੋਏ ਕਿਸੇ ਅਮ੍ਰਿਤ-ਵਿਰੋਧੀ ਵਿਅਕਤੀ ਤੋਂ ਮੈਨੂੰ ਸਿਖ ਸਦਵਾਉਣ ਵਾਸਤੇ ਪ੍ਰਮਾਣ-ਪੱਤਰ ਦੀ ਵੀ ਕੋਈ ਜ਼ਰੂਰਤ ਨਹੀਂ। ਖੰਡੇ ਬਾਟੇ ਦਾ ਅਮ੍ਰਿਤ ਸਾਡੀ ਪਛਾਣ ਹੈ ਅਤੇ ‘ਕਾਲੇ ਰੌਲੇ’ ਦੇ ਜ਼ਹਿਰ-ਬਚਨ ਤੁਹਾਡੇ ਮਾਰਗ-ਦਰਸ਼ਕ ਹਨ।  


 ਤੁਸਾਂ ਇਹ ਵੀ ਦੋਸ਼ ਲਾਇਆ ਹੈ ਕਿ ਮੈਂ ਸਰਕਾਰੀ ਬੋਲੀ-ਬੋਲ ਰਿਹਾ ਹਾਂ। ਇਹ ਵੀ ਦੱਸ ਦੇਣਾ ਸੀ ਕਿ ਮੈਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਬੋਲੀ ਬੋਲ ਰਿਹਾ ਹਾਂ, ਜਾਂ ਕਾਂਗਰਸ ਸਰਕਾਰ ਦੀ। ਦੋਹਾਂ ਦੀਆਂ ਪਾਲਿਸੀਆਂ ਤਾਂ ਵਿਦੇਸ਼ ਨੀਤੀ ਬਾਰੇ ਇਕ ਨਹੀਂ ਹਨ, ਅੰਦਰੂਨੀ ਮਾਮਲਿਆਂ ਬਾਰੇ ਦੋਵੇਂ ਪਾਰਟੀਆਂ ਇਕੋ ਮੱਤ ਕਿਵੇਂ ਹੋ ਸਕਦੀਆਂ ਹਨ ? ਹੁਣ ਦੀ ਸਰਕਾਰ ਦਾ ਪ੍ਰਧਾਨ ਮੰਤਰੀ ਸਿਖ ਹੈ, ਮੈਂ ਤਾਂ ਉਨ੍ਹਾਂ ਦੇ ਮੂੰਹੋਂ ਅਜ ਤਕ ਦਸਮ ਗ੍ਰੰਥ ਦਾ ਨਾਮ ਵੀ ਨਹੀਂ ਸੁਣਿਆ, ਸਰਕਾਰ ਦੇ ਹੋਰ ਕਿਸੇ ਮੰਤਰੀ ਨੂੰ ਸ਼ਾਇਦ ਸਿਖ ਗੁਰੂਆਂ ਦੇ ਨਾਮ ਵੀ ਨਾ ਆਉਂਦੇ ਹੋਣ। ਮੈਂ ਨਹੀਂ ਸੁਣਿਆ ਕਿ ਸਰਕਾਰ ਨੇ ਕਦੇ ਦਸਮ ਗ੍ਰੰਥ ਦੇ ਹੱਕ ਵਿਚ ਜਾਂ ਵਿਰੋਧ ਵਿਚ ਪ੍ਰਚਾਰ ਕੀਤਾ ਹੋਵੇ। ਜੇ ਇਕ ਅਰਧ-ਸਰਕਾਰੀ ਸੰਸਥਾ ਅਰਥਾਤ ਯੂਨੀਵਰਸਿਟੀ ਦੀ ਨੌਕਰੀ ਕਰਨਾ ਸਰਕਾਰੀ ਸਿਖ ਹੋਣਾ ਹੈ, ਤਾਂ ਉਹ ਮੈਂ ਪੂਰੇ ਆਤਮ-ਸਨਮਾਨ ਨਾਲ ਸਵੀਕਾਰ ਕਰਦਾ ਹਾਂ, ਪਰ ਯੂਨੀਵਰਸਿਟੀ ਦੀ ਸਰਕਾਰ ਮੇਰੇ ਤੋਂ ਗੁਰੂ ਗ੍ਰੰਥ ਸਾਹਿਬ ਦਾ ਕੰਮ ਕਰਵਾ ਰਹੀ ਹੈ, ਦਸਮ ਗ੍ਰੰਥ ਦਾ ਨਹੀਂ। ਉੰਞ ਵੀ ਮੈਂ ਇਹੋ-ਜਿਹਾ ਸਰਕਾਰੀ ਸਿਖ ਇਕੱਲਾ ਨਹੀਂ, ਇਸ ਤਰ੍ਹਾਂ ਮੇਰੇ ਨਾਲ ਹੀ ਸਾਰੇ ਸਰਕਾਰੀ ਨੌਕਰ ਸਿਖ ਨਹੀਂ ਰਹਿ ਸਕਦੇ, ਤੁਹਾਡੇ ਹਿਮਾਇਤੀ ਵੀ। ਪਰ ਜੇ ਹਿੰਮਤ ਹੈ, ਤਾਂ ਇਕ ਵੀ ਸਬੂਤ ਲੈ ਕੇ ਆਓ ਕਿ ਕਦੇ ਮੈਨੂੰ ਸਰਕਾਰ ਨੇ ਕਿਸੇ ਪੰਥ-ਵਿਰੋਧੀ ਗਤੀਵਿਧੀ ਲਈ ਕੋਈ ਵਿਸ਼ੇਸ਼ ਰਿਆਇਤ ਦਿੱਤੀ ਹੋਵੇ। ਸਰਕਾਰਾਂ ਦੀ ਨੀਤੀ ਜਦੋਂ ਕਿਸੇ ਧਰਮ ਦੇ ਵਿਰੁਧ ਹੁੰਦੀ ਹੈ, ਤਾਂ ਉਹ ਫੁਟ-ਪਾਊ ਨੀਤੀ ਤੇ ਅਮਲ ਕਰਦੀ ਹੈ। ਸਿਖਾਂ ਵਿਚ ਦਰਾੜ ਪਾਉਣ ਵਾਸਤੇ ਦਸਮ ਗ੍ਰੰਥ ਦੇ ਵਿਰੋਧੀ ਜ਼ਿਮੇਵਾਰ ਹਨ, ਸਾਰਾ ਸਿਖ ਪੰਥ ਤਾਂ ਹਮੇਸ਼ਾ ਇਕਜੁਟ ਇਸ ਗ੍ਰੰਥ ਦਾ ਹਿਮਾਇਤੀ ਰਿਹਾ ਹੈ ਅਤੇ ਤੁਹਾਡੀਆਂ ਅਪਵਿਤਰ ਕੋਸ਼ਿਸ਼ਾਂ ਦੇ ਬਾਵਜੂਦ ਰਹੇਗਾ। ਖ਼ੈਰ ਤੁਹਾਡੇ ਇਸ ਕਥਨ ਨਾਲ  ਇਕ ਗੱਲ ਤਾਂ ਪ੍ਰਮਾਣਿਤ ਹੋ ਗਈ ਕਿ ਜਿਵੇਂ ਤੁਸੀਂ ਝੂਠੋ-ਝੂਠ ਮੈਨੂੰ ਸਰਕਾਰੀ ਸਿਖ ਬਣਾਇਆ ਹੈ, ਤਿਵੇਂ ਤੁਸੀਂ ਦਸਮ ਗ੍ਰੰਥ ਵਿਰੁਧ ਵੀ ਝੂਠ ਹੀ ਬੋਲਦੇ ਹੋ ਅਤੇ ਆਪਣੇ ਝੂਠ ਨੂੰ ਸੱਤ ਦੱਸਣ ਵਾਸਤੇ ਕੋਈ ਵੀ ਅਸਭਿਅਕ ਰਸਤਾ ਧਾਰਨ ਕਰ ਸਕਦੇ ਹੋ। ਚਲੋ ਇਹੋ ਚੈਲੈਂਜ ਕਬੂਲ ਕਰ ਲਓ ਕਿ ਜੇ ਤੁਸੀਂ ਸਾਰੇ ਮੈਨੂੰ ਸਰਕਾਰੀ ਏਜੈਂਟ ਸਾਬਤ ਕਰ ਦਿਓ, ਤਾਂ ਮੈਂ ਤੁਹਾਡਾ ਪੱਖ ਮੰਨ ਲਵਾਂਗਾ, ਨਹੀਂ ਤਾਂ ਤੁਸੀਂ ਝੂਠੀ ਨਿੰਦਿਆ ਤਿਆਗ ਕੇ ਦਸਮ ਗ੍ਰੰਥ ਵਿਰੁਧ ਊਲ-ਜਲੂਲ ਬੋਲਣਾ ਬੰਦ ਕਰ ਦਿਓ। ਮੈਂ ਤੁਹਾਡੀ ਪ੍ਰਤੀਕ੍ਰਿਆ ਦਾ ਇੰਤਜ਼ਾਰ ਕਰਾਂਗਾ। ਜੇ ਚੁਪ ਰਹੋਗੇ ਤਾਂ ਤੁਹਾਡੀ ਕਾਇਰਤਾ ਜੱਗ-ਜ਼ਾਹਿਰ ਕਰਨ ਤੋਂ ਪਿਛੇ ਨਹੀਂ ਹਟਾਂਗਾ।


 ਤੁਹਾਡਾ ਇਹ ਕਥਨ ਵੀ ਅਸੱਤ ਹੈ ਕਿ ਜਦੋਂ ਪੰਜ ਤੱਤ ਮਰਨ ਵੇਲੇ ਮਨੁੱਖ ਖ਼ਤਮ ਹੁੰਦਾ ਹੈ ਤਾਂ, ਮਨ ਵੀ ਖ਼ਤਮ ਹੋ ਜਾਂਦਾ ਹੈ। ਵਾਸਤਵ ਵਿਚ ਇਹ ਕਥਨ ਹੀ ਗਿਆਨ-ਹੀਣਿਆਂ ਦਾ ਹੈ, ਕਿਉਂਕਿ ਪੰਜ ਤੱਤ ਮਰਦੇ ਨਹੀਂ ਆਪਣੇ ਮੂਲ ਵਿਚ ਜਾ ਮਿਲਦੇ ਹਨ। ਦੂਜਿਆਂ ਨੂੰ ਨਸੀਹਤ ਦੇਣ ਦੀ ਥਾਂ ਥੋੜ੍ਹੀ ਬਹੁਤ ਆਪ ਵੀ ਬਾਣੀ ਪੜ੍ਹ ਲਿਆ ਕਰੋ। ਇਹ ਪੰਕਤੀਆਂ ਪੜ੍ਹ ਲੈਂਦੇ ਤਾਂ ਤੁਹਾਡਾ ਕੁਝ ਤਾਂ ਅਗਿਆਨ ਘਟਦਾ-


ਪਵਨੈ ਮਹਿ ਪਵਨੁ ਸਮਾਇਆ ॥ ਜੋਤੀ ਮਹਿ ਜੋਤਿ ਰਲਿ ਜਾਇਆ ॥

ਮਾਟੀ ਮਾਟੀ ਹੋਈ ਏਕ ॥ ਰੋਵਨਹਾਰੇ ਕੀ ਕਵਨ ਟੇਕ ॥

ਤੁਸਾਂ ਆਪਣੇ ਮੱਤ ਦੀ ਪੁਸ਼ਟੀ ਵਾਸਤੇ ਗੁਰਬਾਣੀ ਦੀਆਂ ਇਹ ਪੰਕਤੀਆਂ ਪ੍ਰਸਤੁਤ ਕੀਤੀਆਂ ਹਨ-

ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥ ਇਹੁ ਮਨੁ ਪੰਚ ਤਤੁ ਤੇ ਜਨਮਾ ॥


ਹੇ ਮਿੱਤਰੋ ! ਤੁਹਾਨੂੰ ਪੰਜ ਤੱਤਾਂ ਦਾ ਇਲਮ ਨਹੀਂ ਹੈ। ਕੀ ਬੰਦੇ ਦੇ ਮਰਨ ਨਾਲ ‘ਆਕਾਸ਼’ ਤੱਤ ਮਰ ਜਾਂਦਾ ਹੈ। ਧਰਮ-ਸ਼ਾਸਤ੍ਰ ਅਨੁਸਾਰ ਪੰਜ ਤੱਤ ਵੀ ਜੰਮਦੇ ਅਤੇ ਮਰਦੇ ਨਹੀਂ ਹਨ। ਆਤਮ-ਤੱਤਵ ਵਿਚੋਂ ਸਾਕਾਰ ਹੁੰਦੇ ਹਨ ਅਤੇ ਫਿਰ ਆਤਮ-ਤੱਤਵ ਵਿਚ ਹੀ ਅਰੂਪ ਹੋ ਕੇ ਮਿਲ ਜਾਂਦੇ ਹਨ। ਮੈਂ ਸਮਝਦਾ ਹਾਂ ਕਿ ਗ੍ਰੰਥ-ਨਿੰਦਕਾਂ ਨੂੰ ਗ੍ਰੰਥਾਂ ਦੇ ਬਚਨ ਕਦੇ ਸਮਝ ਨਹੀਂ ਆ ਸਕਦੇ। ਇਸ ਲਈ ਤੁਹਾਨੂੰ ਗੁਰਬਾਣੀ ਦੇ ਅਰਥ ਕਿਵੇਂ ਆ ਸਕਦੇ ਹਨ ? ਤੁਹਾਡੇ ਮਿਸ਼ਨਰੀਆਂ ਦੇ ਆਦਰਸ਼ ਪ੍ਰੋ. ਸਾਹਿਬ ਸਿੰਘ ‘ਇਹੁ ਮਨੁ ਪੰਚ ਤਤੁ ਤੇ ਜਨਮਾ’ ਦੇ ਅਰਥ ਕਰਦਿਆਂ ਤੁਹਾਡੇ ਮੱਤ ਦੇ ਵਿਰੁਧ ਲਿਖਦਿਆਂ ਕਹਿੰਦੇ ਹਨ “ਇਹ ਮਨ ਹੋਰ ਹੋਰ ਧਾਰਮਿਕ ਰਸਮਾਂ ਕਰਦਾ ਫਿਰਦਾ ਹੈ, ਤੇ ਜਨਮ ਮਰਨ ਦੇ ਗੇੜ ਵਿਚ ਲਈ ਫਿਰਦਾ ਹੈ।” ਹੁਣ ਦੱਸੋ ਕਿ ਇਹ ਮਨ ਇਕ ਜਨਮ ਦੀ ਸਮਾਪਤੀ ਨਾਲ ਕਦੋਂ ਨਸ਼ਟ ਹੋਇਆ ਹੈ ?


ਮਨ ਨੂੰ ਬਾਣੀ ਵਿਚ ਹੋਰ ਥਾਂ ਤੇ ਵੀ ਪੰਚ-ਤਾਤਵਿਕ ਸੰਰਚਨਾ ਦੱਸਿਆ ਹੈ, ਪਰ ਮੈਂ ਜਾਣਦਾ ਹਾਂ ਕਿ ਤੁਸੀਂ ਚਾਲਾਕੀ ਕਰ ਕੇ ਇਨ੍ਹਾਂ ਬਹੁ-ਪ੍ਰਚਲਿਤ ਪੰਕਤੀਆਂ ਦਾ ਪਾਠ ਨਹੀਂ ਦਿੱਤਾ, ਕਿਉਂਕਿ ਇਨ੍ਹਾਂ ਸੱਤਰਾਂ ਵਿਚ ਪ੍ਰਭੂ ਵਾਸਤੇ ‘ਸ਼ਿਵ’ ਸ਼ਬਦ ਆਇਆ ਸੀ। ਦਸਮ ਗ੍ਰੰਥ ਵਿਚੋਂ ਜਿਸ ‘ਸ਼ਿਵ’ ਤੋਂ ਡਰ ਕੇ ਤੁਸੀਂ ਜਾਨ ਬਚਾਉਣ ਲਈ ਦੌੜੇ ਸੀ, ਉਸ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਵਿਚੋਂ ਵੀ ਹੋ ਗਏ। ਮੈਂ ਤਾਂ ਇਸ ਸ਼ਿਵ ਨੂੰ ਵੀ ਉਸੇ ਤਰ੍ਹਾਂ ਨਿਰਾਕਾਰ ਅਤੇ ਅਜੂਨੀ ਅਕਾਲ-ਪੁਰਖ ਵਿਚ ਅਭੇਦ ਕਰ ਲਵਾਂਗਾ, ਜਿਵੇਂ ਮੈਂ ਦਸਮ ਗ੍ਰੰਥ ਦੇ ਸ਼ਿਵ (ਮਹਾਂਕਾਲ) ਨੂੰ ਪ੍ਰਭੂ ਸਮਝਦਾ ਹਾਂ। ਪਰ ਤੁਸੀਂ ਕੀ ਕਰੋਗੇ ? ਕੀ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਵੀ ਗਾਹਲਾਂ ਦਿਓਗੇ ? ਹੇ ਸਜਣੋ ! ਉਹੋ ਦਸਮ ਗ੍ਰੰਥ ਦਾ ਮਹਾਂਕਾਲ ਪਰਮੇਸ਼ਰ, ਜਿਸ ਨੂੰ ਤੁਸੀਂ ਗਾਹਲਾਂ ਕਢਦੇ ਨਹੀਂ ਥੱਕਦੇ, ਜਦੋਂ ਗੁਰੂ ਗ੍ਰੰਥ ਸਾਹਿਬ ਵਿਚ ਵੀ ਮਿਲ ਗਿਆ, ਤਾਂ ਚਤੁਰਾਈ ਨਾਲ ਉਸ ਦੇ ਮੱਥੇ ਲਗਣ ਤੋਂ ਕਿਉਂ ਬਚਦੇ ਹੋ ? ਆਓ ! ਗੁਰੂ ਗ੍ਰੰਥ ਸਾਹਿਬ ਵਿਚ ਬਿਰਾਜਮਾਨ ਉਸੇ ਸ਼ਿਵ (ਮਹਾਂਕਾਲ) ਰੂਪ ਰੱਬ ਦੇ ਚਰਨਾਂ ਵਿਚ ਨਮਸਕਾਰ ਕਰਦਿਆਂ ਦੀ ਤੁਹਾਡੀ ਸੱਚੀ ਤਸਵੀਰ ਲੋਕਾਂ ਸਾਹਮਣੇ ਨਸ਼ਰ ਕਰਾਂ। ਇਨ੍ਹਾਂ ਪ੍ਰਸਿੱਧ ਪੰਕਤੀਆਂ ਦਾ ਪਾਠ ਇਸ ਪ੍ਰਕਾਰ ਹੈ-


ਇਹੁ ਮਨੁ ਸਕਤੀ ਇਹੁ ਮਨੁ ਸੀਉ ॥ ਇਹੁ ਮਨੁ ਪੰਚ ਤਤ ਕੋ ਜੀਉ ॥


{ਪ੍ਰੋ. ਸਾਹਿਬ ਸਿੰਘ ਇਨ੍ਹਾਂ ਪੰਕਤੀਆਂ ਦੇ ਅਰਥ ਇਸ ਪ੍ਰਕਾਰ ਕਰਦੇ ਹਨ- (ਮਾਇਆ ਨਾਲ ਮਿਲ ਕੇ) ਇਹ ਮਨ ਮਾਇਆ (ਦਾ ਰੂਪ) ਹੋ ਜਾਂਦਾ ਹੈ। (ਅਨੰਦ-ਸਰੂਪ ਹਰੀ ਨਾਲ ਮਿਲ ਕੇ) ਇਹ ਮਨ ਅਨੰਦ-ਸਰੂਪ ਹਰੀ )ਭਾਵ ਸ਼ਿਵ) ਬਣ ਜਾਂਦਾ ਹੈ। (ਸਰੀਰ ਨਾਲ ਜੁੜ ਕੇ) ਇਹ ਮਨ ਸਰੀਰ-ਰੂਪ ਹੀ ਹੋ ਜਾਂਦਾ ਹੈ।} ਇਸ ਦਾ ਅਸਲ ਭਾਵ ਤੁਹਾਡੀ ਸਮਝ ਵਿਚ ਨਹੀਂ ਆਵੇਗਾ, ਮੈਂ ਦੱਸ ਦੇਂਦਾ ਹਾਂ- ਇਹ ਮਨ ਵਿਸ਼ਵ ਵਿਚ ਵਿਆਪਕ ਸ਼ਕਤੀ ਹੈ, ਇਹੋ ਕਲਿਆਣਕਾਰੀ ਪ੍ਰਭੂ (ਸ਼ਿਵ) ਹੈ। ਇਹ ਮਨ ਪੰਜਾਂ ਤੱਤਾਂ ਵਿਚ ਵਿਆਪਕ ਚੇਤਨਾ ਹੈ। ਸੋ ਤੁਹਾਡੇ ਦਾਅਵੇ ਆਧਾਰਹੀਣ ਹਨ। ਤੁਹਾਨੂੰ ਮਨ ਵਰਗੇ ਸੂਖਮ ਤੱਤਾਂ ਦੇ ਸਿਧਾਂਤ ਦਾ ਗਿਆਨ ਕਦੋਂ ਤੋਂ ਹੋਣਾ ਸ਼ੁਰੂ ਹੋ ਗਿਆ ਹੈ ? ਤੁਹਾਡੀਆਂ ਆਧਾਰਹੀਣ ਬਿਆਨਬਾਜ਼ੀਆਂ ਤੁਹਾਨੂੰ ਪੜ੍ਹਿਆਂ-ਲਿਖਿਆਂ ਵਿਚ ਨਹੀਂ, ਅਯੋਗ ਅਨਪੜ੍ਹਾਂ ਵਿਚ ਧਕੇਲ ਦੇਣ ਲਈ ਕਾਫ਼ੀ ਹਨ। 


ਹੇਮ ਕੁੰਟ ਦੇ ਪ੍ਰਸੰਗ ਨੂੰ ਮੇਰੇ ਨਾਲ ਸੰਬੰਧਿਤ ਕਰ ਕੇ ਤੁਸੀਂ ਗੁਰਬਾਣੀ ਦੇ ਪ੍ਰਮਾਣ ਦੇ ਕੇ ਕਹਿ ਰਹੇ ਹੋ ਕਿ ਕੋਈ ਵਿਅਕਤੀ ਪਹਿਲਾ ਜਨਮ ਨਹੀਂ ਦੱਸ ਸਕਦਾ। ਪਹਿਲੀ ਗੱਲ ਤਾਂ ਇਹ ਕਿ ਮੈਂ ਹੇਮ ਕੁੰਟ ਦੀ ਘਟਨਾ ਨੂੰ ਇਕ ਨਾਟਕ ਰੂਪ ਵਿਚ ਲੈਂਦਾ ਹਾਂ ਅਤੇ ਸਥਾਪਿਤ ਹੇਮ ਕੁੰਟ ਵਿਚ ਮੇਰਾ ਕੋਈ ਵਿਸ਼ਵਾਸ ਕਦੇ ਵੀ ਨਹੀਂ ਰਿਹਾ। ਨਾ ਹੀ ਮੈਂ ਕਦੇ ਇਸ ਨੂੰ ਸਿਖ ਤੀਰਥ ਦਾ ਦਰਜਾ ਦਿੱਤਾ ਹੈ, ਨਾ ਕਦੇ ਤੀਰਥ-ਯਾਤਰਾਵਾਂ ਦੀ ਪ੍ਰੋੜ੍ਹਤਾ ਕੀਤੀ ਹੈ। ਮੇਰਾ ਨਿਜੀ ਵਿਚਾਰ ਇਹ ਹੈ ਕਿ ਬਚਿੱਤਰ ਨਾਟਕ ਆਦਿ ਰਚਨਾਵਾਂ ਦਾ ਪ੍ਰਯੋਜਨ ਧਰਮ ਯੁਧ ਵਾਸਤੇ ਲੋਕਾਂ ਨੂੰ ਪ੍ਰੇਰਿਤ ਕਰਨਾ ਹੈ। ਸਿਰਲੇਖ ਤੋਂ ਹੀ ਕਰਤਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਇਹ ਇਕ ਨਾਟਕੀਯ ਰਚਨਾ ਹੈ। ਪਰ ਜੇ ਤੁਸੀਂ ਕਹੋ ਕਿ ਸਾਧਾਰਨ ਵਿਅਕਤੀ ਵਾਂਗ ਗੁਰੂ ਪਾਤਸ਼ਾਹਾਂ ਨੂੰ ਵੀ ਅਗਲੇ ਪਿਛਲੇ ਜਨਮਾਂ ਦੀ ਕੋਈ ਜਾਣਕਾਰੀ ਨਹੀਂ ਹੋ ਸਕਦੀ, ਤਾਂ ਮੈਂ ਤੁਹਾਡੇ ਨਾਲ ਅਸਹਿਮਤ ਹਾਂ, ਕਿਉਂਕਿ ਤੁਹਾਡੇ ਗੁਰੂ ਮਰਨਸ਼ੀਲ ਮਨੁੱਖ ਹਨ ਅਤੇ ਮੇਰੇ ਗੁਰੂ ਪਾਤਸ਼ਾਹ ਸਾਰੇ ਜੀਵਨ ਦਾ ਮੂਲ, ਜਿਨ੍ਹਾਂ ਵਿਚ ਸਾਰੇ ਜੀਵਨ ਦਾ ਆਦਿ-ਅੰਤ ਸਮਾਇਆ ਹੋਇਆ ਹੈ। ਸਾਰੇ ਜੀਵਨ ਦੇ ਮੂਲ ਨੂੰ ਕਿਸੇ ਵਿਸ਼ੇਸ਼ ਜਨਮ ਦੀ ਖ਼ਬਰ ਨਾ ਹੋਵੇ, ਇਹ ਮੰਨਣ ਦਾ ਪਾਪ ਮੈਂ ਨਹੀਂ ਕਰ ਸਕਦਾ, ਕਿਉਂਕਿ ਮੇਰੇ ਵਾਸਤੇ ਗੁਰੂ ਆਦਿ-ਜੁਗਾਦੀ ਜੋਤਿ ਹੈ, ਤੁਹਾਡੇ ਵਾਸਤੇ ਸੀਮਿਤ ਗਿਆਨ ਵਾਲਾ ਹਡ-ਮਾਸ ਦਾ ਮਰਨਸ਼ੀਲ ਪੁਤਲਾ। ਗੁਰੂ ਨਾਨਕ ਦੇ ਦਸ ਜਨਮ ਤਾਂ ਮੈਂ ਵੀ ਜਾਣਦਾ ਹਾਂ, ਤੁਸੀਂ ਦੱਸੋ ਕਿਉਂ ਗੁਰੂ ਸਾਹਿਬ ਨੂੰ ਬਿਲਕੁਲ ਅਗਿਆਨੀ ਮਨੁੱਖਾਂ ਦੀ ਕਤਾਰ ਵਿਚ ਖੜੇ ਕਰਨ ਤੇ ਤੁੱਲੇ ਹੋਏ ਹੋ ?


ਤੁਸਾਂ ਮੇਰੇ ਵਿਚਾਰਾਂ ਨੂੰ ਆਧਾਰ ਬਣਾ ਕੇ ਇਹ ਕਿਹਾ ਹੈ ਕਿ ਜੇ ਦਸਮ ਗ੍ਰੰਥ ਦੀ ਬਾਣੀ ਸੰਤ ਦੀ ਅਧਿਆਤਮਕ ਸ਼ਕਤੀ ਨੂੰ ਸੰਤ-ਸਿਪਾਹੀ ਵਾਲੀ ਸੂਰਬੀਰਤਾ ਵਿਚ ਪਰਿਵਰਤਿਤ ਕਰਦੀ ਹੈ, ਤਾਂ ਗੁਰੂ ਅਰਜਨ ਦੇਵ ਜੀ ਨੇ ਕਿਹੜਾ ਦਸਮ ਗ੍ਰੰਥ ਪੜ੍ਹਿਆ ਸੀ ? ਮੇਰਾ ਉਤਰ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਹਿਰਦੇ ਵਿਚ ਪਹਿਲੀਆਂ ਚਾਰ ਪਾਤਸ਼ਾਹੀਆਂ ਅਤੇ ਮਗਰਲੀਆਂ ਪੰਜ ਪਾਤਸ਼ਾਹੀਆਂ ਲੀਨ ਹਨ। ਉਹੋ ਨਾਨਕ ਹਨ, ਉਹੋ ਗੁਰੂ ਗੋਬਿੰਦ ਸਿੰਘ ਹਨ। ਉਨ੍ਹਾਂ ਨੇ ਆਪਣੇ ਪੰਜਵੇਂ ਰੂਪ ਵਿਚ ਸੁਖਮਨੀ ਜਿਹੀਆਂ ਬਾਣੀਆਂ ਦੇ ਅਮ੍ਰਿਤ ਨਾਲ ਧਰਤੀ ‘ਤੇ ਵਸਦੇ ਹਰ ਜੀਵ ਦੇ ਮਨ ਨੂੰ ਵਾਸਤਵਿਕ ਸੁਖ ਦੇ ਦਰਸ਼ਨ ਕਰਾਏ ਸਨ, ਉਨ੍ਹਾਂ ਨੇ ਹੀ ਦਸਵੇਂ ਰੂਪ ਵਿਚ ਦਸਮ ਗ੍ਰੰਥ ਦੇ ਵੀਰ-ਕਾਵਿ ਦੇ ਚਸ਼ਮੇ ਪ੍ਰਵਾਹਿਤ ਕਰ ਕੇ ਮੁਰਦਾ ਲੋਕਾਂ ਨੂੰ ਆਤਮ-ਸਨਮਾਨ ਨਾਲ ਜੀਣ ਦਾ ਗੌਰਵ ਪ੍ਰਦਾਨ ਕੀਤਾ ਸੀ। ਉਨ੍ਹਾਂ ਨੇ ਹੀ ਕਾਮ ਦੇ ਸੂਖਮ ਚਿਤ੍ਰਣ ਦੁਆਰਾ ਕਾਮੁਕ ਪ੍ਰਵਿਰਤੀਆਂ ਦੇ ਵਿਨਾਸ਼ ਹਿੱਤ ਗੁਰਬਾਣੀ ਦੀ ਸਿਰਜਨਾ ਕੀਤੀ ਸੀ ਅਤੇ ਉਨ੍ਹਾਂ ਨੇ ਹੀ ਦਸਮ ਸਾਹਿਬ ਹੋ ਕੇ ਸਮਾਜ ਵਿਚ ਵਿਆਪਤ ਸਥੂਲ ਕਾਮ ਦੀ ਭਿਆਨਕ ਵਿਨਾਸ਼-ਲੀਲਾ ਦੇ ਦਰਸ਼ਨ ਕਰਵਾਏ ਸਨ। ਦਸਮ ਗ੍ਰੰਥ ਸਿਖ ਨੂੰ ਬੀਰਤਾ ਪ੍ਰਦਾਨ ਕਰਦਾ ਹੈ, ਗੁਰੂ ਤਾਂ ਸਭ ਸ਼ਕਤੀਆਂ ਦਾ ਮੂਲ ਸ੍ਰੋਤ ਹੈ। ਤੁਸੀਂ ਇਹ ਦਸੋ ਕਿ ਗੁਰੂ ਗ੍ਰੰਥ ਸਾਹਿਬ ਵਿਚ ਗੁਰਬਾਣੀ ਦੇ ਪਾਠ, ਗਾਇਨ ਅਤੇ ਮੰਥਨ ਨੂੰ ਹੀ ਮੁਕਤੀ-ਮਾਰਗ ਦੱਸਿਆ ਹੈ। ਵੇਈਂ ਪ੍ਰਵੇਸ਼ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਕਿਹੜੇ ਗ੍ਰੰਥ ਵਿਚੋਂ ਗੁਰਬਾਣੀ ਪੜ੍ਹਦੇ ਸਨ ? ਸਿਖ ਵਾਸਤੇ ਲਾਜ਼ਮੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਰੂਪ ਪ੍ਰਵਾਣ ਕਰੇ, ਪਹਿਲੀਆਂ ਪਾਤਸ਼ਾਹੀਆਂ ਕਿਸ ਗ੍ਰੰਥ ਨੂੰ ਗੁਰੂ ਮੰਨਦੀਆਂ ਸਨ ? ਸਪਸ਼ਟ ਹੈ ਕਿ ਸਿਖ ਵਾਸਤੇ ਜਿਸ ਕਲਿਆਣਕਾਰੀ ਮਾਰਗ ਨੂੰ ਧਾਰਨ ਕਰਨਾ ਲਾਜ਼ਮੀ ਹੈ, ਗੁਰੂ ਅਜਿਹੇ ਮਾਰਗ ਦਾ ਸਿਰਜਕ ਹੈ। ਉਸ ਲਈ ਕਿਸੇ ਨਿਸ਼ਚਿਤ ਮਾਰਗ ਉਤੇ ਚਲਣ ਦੀ ਕੋਈ ਪਾਬੰਦੀ ਨਹੀਂ। ਉਸ ਵਿਚੋਂ ਤਾਂ ਅਨੇਕਾਂ ਮੁਕਤੀ-ਮਾਰਗ ਜਨਮ ਲੈਂਦੇ ਰਹੇ ਹਨ, ਜਿਨ੍ਹਾਂ ਵਿਚੋਂ ਕਲਿਜੁਗ ਅੰਦਰ ਪ੍ਰਗਟ ਹੋਇਆ ਗੁਰਮਤਿ ਮਾਰਗ ਸਰਵ-ਸ਼੍ਰੇਸ਼ਠ ਹੈ।


ਤੁਸਾਂ ਮੈਨੂੰ ਇਹ ਪੁਛਿਆ ਹੈ ਕਿ ਮੈਂ ਇਹ ਕਿਸ ਆਧਾਰ ਤੇ ਕਹਿ ਰਿਹਾ ਹਾਂ ਕਿ ਭਾਈ ਮਨੀ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕ੍ਰਮ ਵਿਚ ਪਰਿਵਰਤਨ ਕੀਤਾ ਸੀ ਅਤੇ ਦੋਹਾਂ ਗ੍ਰੰਥਾਂ ਦੀ ਬਾਣੀ ਇਕੱਠੀ ਕੀਤੀ ਸੀ ?  ਪਹਿਲੀ ਗੱਲ ਤਾਂ ਇਹ ਗ੍ਰੰਥ ਮੌਜੂਦ ਰਿਹਾ ਹੈ। ਦੂਜੀ ਗੱਲ ਇਹ ਤੱਥ ਪਰੰਪਰਾਗਤ ਸਿਖ ਇਤਿਹਾਸ ਵਿਚ ਚਲਦਾ ਆਇਆ ਹੈ। ਤੀਜਾ ਤੱਥ ਇਹ ਕਿ ਇਸ ਦੀ ਪੁਸ਼ਟੀ ਭਾਈ ਕੇਸਰ ਸਿੰਘ ਕ੍ਰਿਤ ਬੰਸਾਵਲੀਨਾਮੇ ਵਿਚੋਂ ਹੋ ਜਾਂਦੀ ਹੈ। ਕ੍ਰਿਪਾ ਪੂਰਵਕ ਉਹ ਪੁਰਾਤਨ ਗ੍ਰੰਥ ਤੁਸੀਂ ਵੀ ਪ੍ਰਸਤੁਤ ਕਰੋ, ਜਿਸ ਵਿਚ ਇਹ ਲਿਖਿਆ ਹੋਵੇ ਕਿ ਦਸਮ ਗ੍ਰੰਥ ਅੰਗ਼ਰੇਜ਼ਾਂ ਨੇ ਲਿਖਵਾਇਆ ਹੈ। ਤੁਸੀਂ ਕੋਈ ਸਾਡੇ ਸਿਰ ਦੇ ਸਿਰਤਾਜ ਨਹੀਂ ਹੋ ਕਿ ਸਾਡੇ ਤੋਂ ਹਰ ਗੱਲ ਦੇ ਪ੍ਰਮਾਣ ਮੰਗੋ, ਤੇ ਤੁਹਾਡੇ ਝੂਠ ਨੂੰ ਹੀ ਅਸੀਂ ਰੱਬੀ ਬਚਨ ਮੰਨ ਕੇ ਸਵੀਕਾਰ ਕਰਦੇ ਰਹੀਏ। ਢੀਠਤਾਈ ਅਤੇ ਝੂਠ ਦੀ ਵੀ ਕੋਈ ਸੀਮਾ ਹੁੰਦੀ ਹੈ। ਤੁਸੀਂ ਸਾਰੀਆਂ ਸੀਮਾਵਾਂ ਦਾ ਉਲੰਘਣ ਕਰਨ ਤੋਂ ਰਤਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਰੌਲੇ ਦੀ ਕਾਲੀ ਹਨੇਰੀ ਦਾ ਕਾਲਾ ਦੂਤ (ਕਾਲਾ ਅਫਗਾਨਾ) ਕਹਿੰਦਾ ਹੈ, ਦਸਮ ਗ੍ਰੰਥ ਬ੍ਰਾਹਮਣਾਂ ਨੇ ਰਚਿਆ ਹੈ। ਤੁਹਾਡੇ ਹੀ ਕੁਝ ਹੋਰ ਸਾਥੀ ਇਸ ਨੂੰ ਸ਼ਾਕਤਾਂ ਦੀ ਕ੍ਰਿਤੀ ਕਹਿੰਦੇ ਹਨ। ਹੁਣ ਤੁਹਾਡਾ ਝੂਠ ਅੰਗ਼ਰੇਜ਼ਾਂ ਤੇ ਜਾ ਟਿਕਿਆ ਹੈ। ਥੋੜ੍ਹੇ ਦਿਨਾਂ ਬਾਅਦ ਮੁਗ਼ਲਾਂ ਦੀ ਵਾਰੀ ਆ ਜਾਣੀ ਹੈ। ਉਨ੍ਹਾਂ ਨੂੰ ਕਿਉਂ ਭੁਲ ਗਏ ਹੋ ? ਉਹ ਤਾਂ ਸਿਖਾਂ ਦੇ ਸਭ ਤੋਂ ਵਡੇ ਦੁਸ਼ਮਣ ਸਨ। ਅਗਿਆਨ ਦੇ ਘੁਪ ਹਨੇਰੇ ਵਿਚ ਗੂੜ੍ਹੀ ਨੀਂਦਰੇ ਸੁਤੇ ਵਿਅਕਤੀ ਜੇ ਆਪਣੇ ਜਾਗਣ ਦੀ ਦੁਹਾਈ ਦੇਣ, ਤਾਂ ਮੈਨੂੰ ਕੋਈ ਹੈਰਾਨੀ  ਨਹੀਂ ਹੋ ਸਕਦੀ, ਕਿਉਂਕਿ ਮੈਂ ਜਾਣਦਾ ਹਾਂ ਕਿ ਜੁਗਾਂ-ਜੁਗਾਂ ਤੋਂ ਇਹੋ ਖੇਡ ਵਰਤ ਰਹੀ ਹੈ। ਅਗਿਆਨ ਅਤੇ ਅਹੰਕਾਰ ਦਾ ਪਰਦਾ ਅਜਿਹਾ ਹੀ ਹੁੰਦਾ ਹੈ, ਜਿਸ ਉਤੇ ਛਾ ਜਾਵੇ, ਉਹ ਪਰਮ-ਗਿਆਨੀ ਹੋਣ ਦੇ ਦਾਅਵੇ ਕਰਨ ਲਗ ਪੈਂਦਾ ਹੈ। ਆਪਣੇ ਕੋਰੇ ਅਗਿਆਨ ਨੂੰ ਭਾਂਪਣ ਦਾ ਯਤਨ ਤਾਂ ਕਰੋ। ਜ਼ਰਾ ਵੇਖੋ ਤਾਂ ਸਹੀ ਤੁਹਾਡੀ ਲਿਖਿਤ ਅਨੁਸਾਰ ਪੰਜਾਬ ਦਾ ਪਿੰਡ ਜਿਉਣਵਾਲਾ ਕਨੇਡਾ ਵਿਚ ਦਸਿਆ ਗਿਆ ਹੈ। ਤੁਹਾਨੂੰ ਜਾਪਦਾ ਹੈ ਕਿ ਲੁਧਿਆਣਾ ਸ਼ਹਿਰ ਵੀ ਤੁਹਾਡੇ ਨਾਲ ਹੀ ਕੈਨੇਡਾ ਵਿਚ ਜਾ ਟਿਕਿਆ ਹੈ। ਤੁਹਾਡਾ ਗਿਆਨ ਤਾਂ ਪ੍ਰਭਾਵਸ਼ਾਲੀ ਨਹੀਂ, ਹੁਣ ਨਾਵਾਂ ਨਾਲ ਲਗੀਆਂ ਪੂਛਾਂ ਦਾ ਰੋਅਬ ਵਿਖਾਣ ਤੇ ਤੁਲ ਪਏ ਹੋ।


ਤੁਸਾਂ ਮੇਰੀ ਯੋਗਤਾ ਨੂੰ ਚੈਲੈਂਜ ਕਰਦਿਆਂ ਪੁਛਿਆ ਹੈ ਕਿ ਮੈਂ ਕਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਵੀ ਹੈ। ਵੈਸੇ ਤਾਂ ਮੈਂ ਤੁਹਾਡੇ ਟੋਲੇ ਕੋਲੋਂ ਨੌਕਰੀ ਮੰਗਣ ਨਹੀਂ ਗਿਆ, ਕਿ ਤੁਹਾਨੂੰ ਆਪਣੇ ਸਰਟੀਫ਼ਿਕੇਟ ਵਿਖਾਉਣ ਦੀ ਕੋਈ ਮੇਰੀ ਮਜ਼ਬੂਰੀ ਹੋਵੇ, ਪਰ ਤੁਹਾਡੇ ਝੂਠ ਤੋਂ ਪਰਦਾ ਹਟਾਉਣ ਵਾਸਤੇ ਇਹ ਦੱਸ ਦੇਵਾਂ ਕਿ ਮੇਰੇ ਵਿਦਿਤ ਹੋਣ ਕਰ ਕੇ ਹੀ ਮੈਨੂੰ ਯੂਨੀਵਰਸਿਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰ ਸ਼ਬਦ ਦੇ ਪ੍ਰਮਾਣਿਕ ਅਰਥ ਨਿਰਧਾਰਿਤ ਕਰਨ, ਸ਼ਬਦਾਂ ਦੇ ਸੰਸਕ੍ਰਿਤ ਅਤੇ ਅਰਬੀ-ਫ਼ਾਰਸੀ ਮੂਲ ਨਿਸ਼ਚਿਤ ਕਰਨ, ਗੁਰਬਾਣੀ ਦੀਆਂ ਪੰਕਤੀਆਂ ਦੇ ਅਰਥ ਪੁਨਰ-ਨਿਰਧਾਰਿਤ ਕਰਨ ਅਤੇ ਮਹੱਤਵ ਪੂਰਣ ਸ਼ਬਦਾਂ ਉਤੇ ਵਿਸਤ੍ਰਿਤ ਨੋਟ ਲਿਖਣ ਨਾਲ ਸੰਬੰਧਿਤ ਇਕ ਅਤਿ ਅਹਿਮ ਪ੍ਰਾਜੈਕਟ ‘ਨਿਰੁਕਤ ਸ੍ਰੀ ਗੁਰੂ ਗ੍ਰੰਥ’ ਸਾਹਿਬ ਦਾ ਸੁਤੰਤਰ ਕਾਰਜ-ਭਾਰ ਸੌਂਪਿਆ ਹੈ। ਮੈਂ ਇਸ ਦੇ ਤਿੰਨ ਭਾਗ ਤਿਆਰ ਵੀ ਕਰ ਚੁਕਾ ਹਾਂ। ਜੇ ਤੁਹਾਡੇ ਕੋਲ ਰਤਾ ਵੀ ਈਮਾਨਦਾਰੀ ਹੈ, ਤਾਂ ਸਾਰੇ ਆਪਣੀ ਯੋਗਤਾ ਤੋਂ ਮੈਨੂੰ ਜਾਣੂੰ ਜ਼ਰੂਰ ਕਰਵਾਓ। ਕਦੇ ਪਿੜ ਵਿਚ ਆ ਕੇ ਵੇਖੋ। ਵਿਦੇਸ਼ਾਂ ਵਿਚ ਛਿਪ ਕੇ ਹੀ ਵਿਦਿਆ-ਮਾਰਤੰਡ ਹੋਣ ਦੀਆਂ ਡੀਂਗਾਂ ਮਾਰ ਰਹੇ ਹੋ।


ਤੁਹਾਡਾ ਇਹ ਰੌਲਾ ਸੁਣ-ਸੁਣ ਕੇ ਲੋਕ ਅੱਕ ਗਏ ਹਨ ਕਿ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੈ। ਜੇ ਇਸ ਵਿਚ ਅਸ਼ਲੀਲਤਾ ਹੈ, ਤਾਂ ਫਿਰ ਤੁਸੀਂ ਇਸ ਅਸ਼ਲੀਲਤਾ ਦੇ ਪ੍ਰਚਾਰਕ ਹੋ, ਕਿਉਂਕਿ ਚੁਣ-ਚੁਣ ਕੇ ਉਹੋ ਪੰਕਤੀਆਂ ਲਿਖਦੇ, ਬੋਲਦੇ ਅਤੇ ਪ੍ਰਕਾਸ਼ਿਤ ਕਰਦੇ ਹੋ, ਜਿਨ੍ਹਾਂ ਨੂੰ ਅਸ਼ਲੀਲ ਕਹਿੰਦੇ ਹੋ। ਜੇ ਇਹ ਪੰਕਤੀਆਂ ਵਾਸਤਵ ਵਿਚ ਅਸ਼ਲੀਲ ਹਨ, ਤਾਂ ਅਸ਼ਲੀਲ ਬਚਨ ਲਿਖਣ ਤੋਂ ਗ਼ੁਰੇਜ਼ ਕਰੋ। ਅਸਲ ਵਿਚ ਤੁਸੀਂ ਆਪ ਕਦੋਂ ਸ਼ਾਲੀਨ ਪੁਰੁਸ਼ ਹੋ। ਤੁਹਾਡੇ ਹਿਰਦੇ ਵਿਚ ਕੰਜਰ-ਕੰਜਰੀਆਂ ਵਸੀਆਂ ਹੋਈਆਂ ਹਨ, ਜਿਸ ਕਰ ਕੇ ਕੰਜਰ-ਕੰਜਰ ਦਾ ਨਿਤਨੇਮ ਕਰਦਿਆਂ ਤੁਹਾਨੂੰ ਲੱਜਾ ਨਹੀਂ ਆਉਂਦੀ। ਸਿਖਾਂ ਨੂੰ ਕੋਝੀਆਂ ਗਾਹਲਾਂ ਕਢਣਾ, ਉਨ੍ਹਾਂ ਨੂੰ ਝੂਠੋ-ਝੂਠ ਸਰਕਾਰੀ ਸਿਖ ਕਹਿਣਾ ਇਹ ਕਿਹੜੀ ਸ਼ਾਲੀਨਤਾ ਹੈ। ਜੇ ਦਸਮ ਗ੍ਰੰਥ ਵਿਚ ਅਸ਼ਲੀਲਤਾ ਹੁੰਦੀ, ਤਾਂ ਉਸ ਅਸ਼ਲੀਲਤਾ ਨੂੰ ਜਿਵੇਂ ਤੁਸੀਂ ਉਬਾਰ-ਉਬਾਰ ਕੇ ਲਿਖਦੇ ਹੋ ਹੁਣ ਤਕ ਸਰਕਾਰ ਤੁਹਾਨੂੰ ਅਸ਼ਲੀਲ ਸਾਹਿਤ ਰਚਣ ਦੇ ਦੋਸ਼ ਵਿਚ ਜੇਲ੍ਹ ਦਾ ਰਾਹ ਜ਼ਰੂਰ ਵਿਖਾ ਦੇਂਦੀ। ਤੁਸਾਂ ਮੈਨੂੰ ਸਵਾਲ ਕੀਤਾ ਹੈ ਕਿ ਦਸਮ ਗ੍ਰੰਥ ਦੇ ਇਹ ਪਦ ਕਦੇ ਆਪਣੀ ਕੁੜੀ ਨੂੰ ਸੁਣਾਏ ਹਨ। ਮੈਂ ਤੁਹਾਡੇ ਜਿਹਾ ਅਗਿਆਨੀ ਨਹੀਂ। ਮੈਂ ਦਸਮ ਸਾਹਿਬ ਦੇ ਬਚਨਾਂ ਤੋਂ ਇਹ ਜਾਣ ਲਿਆ ਹੈ ਕਿ ਚਰਿਤਰ-ਉਪਖਿਆਨਾਂ ਦੇ ਪਹਿਲੇ ਅਤੇ ਅੰਤਲੇ ਭਾਗਾਂ ਨੂੰ ਛਡ ਕੇ ਬਾਕੀ ਕਥਾਵਾਂ ਇਕ ਸੂਝਵਾਨ ਅਤੇ ਵਫ਼ਾਦਾਰ ਮੰਤ੍ਰੀ ਦੀ ਆਪਣੇ ਕਾਮ-ਵੱਸ ਹੋਏ ਰਾਜੇ ਨੂੰ ਦਿੱਤੀ ਮੰਤ੍ਰਣਾ ਹੈ, ਜਿਸ ਨੂੰ ਇਸਤ੍ਰੀਆਂ ਵਿਚ ਬਹਿ ਕੇ ਪੜ੍ਹਨਾ ਜ਼ਰੂਰੀ ਨਹੀਂ। ਪਰ ਇਹ ਉਪਕਾਰ ਤੁਸੀਂ ਆਪਣੀਆਂ ਬਹੂ-ਬੇਟੀਆਂ ਤੇ ਤਾਂ ਕਰ ਹੀ ਰਹੇ ਹੋ, ਜਦੋਂ ਤੁਸੀਂ ਆਪਣੀ ਭੱਦੀ ਸ਼ਬਦਾਵਲੀ ਵਿਚ ਚਰਿਤ੍ਰਾਂ ਦੇ ਅੰਸ਼ ਲੇਖਾਂ ਵਿਚ ਲਿਖਦੇ ਹੋ, ਤਾਂ ਤੁਹਾਡੇ ਸੰਬੰਧੀਆਂ ਦਾ ਇਨ੍ਹਾਂ ਨੂੰ ਧਿਆਨ ਨਾਲ ਪੜ੍ਹਨਾ ਲਾਜ਼ਮੀ ਹੋ ਜਾਂਦਾ ਹੈ, ਕਿਉਂਕਿ ਵਿਦਵਤਾ ਦੀਆਂ ਡੀਂਗਾਂ ਮਾਰਨ ਵਾਸਤੇ ਤੁਸੀਂ ਆਪਣੇ ਅਭੱਦਰ ਲੇਖ ਘਰ ਵਿਚ ਜ਼ਰੂਰ ਵਿਖਾਂਦੇ ਹੋਵੋਗੇ। ਜਿਸ ਬੀਬੀ ਹਰਸਿਮਰਰਤ ਕੌਰ ਨੇ ਤੁਹਾਡੇ ਇਸ ਨਿਕੰਮੇ ਜਿਹੇ ਲੇਖ ਨੂੰ ਵਾਚ ਕੇ ਇਸ ਦੇ ਹਰ ਅੱਖਰ ਨੂੰ ਸਮਝਦਿਆਂ ਇਸ ਉਤੇ ਆਪਣੇ ਹਸਤਾਖ਼ਰ ਕੀਤੇ ਹਨ, ਜੇ ਚਰਿਤ੍ਰ ਕਥਾਵਾਂ ਪੜ੍ਹ ਕੇ ਬੀਬੀ ਸ਼ਰਮਸਾਰ ਹੁੰਦੀ, ਤਾਂ ਉਹ ਲੱਜਾ ਦੀ ਮਾਰੀ ਆਪਣਾ ਨਾਮ ਕਿਵੇਂ ਦੇ ਦਿੰਦੀ ?


ਇਤਨੀ ਸੇਵਾ ਪ੍ਰਵਾਣ ਕਰਨੀ। ਜਿਤਨੇ ਮੁਦੇ ਸਾਹਮਣੇ ਲਿਆਓਗੇ, ਉਤਨਾ ਹੀ ਤੁਹਾਡੇ ਅਗਿਆਨ ਦਾ ਪਰਦਾ ਲੀਰੋ-ਲੀਰ ਹੁੰਦਾ ਜਾਵੇਗਾ, ਕਿਉਂਕਿ ਨਾ ਕੇਵਲ ਸਾਨੂੰ ਗੁਰਦੇਵ ਨੇ ਤੁਹਾਡੇ ਨਾਲੋਂ ਕਿਤੇ ਵਧੀਕ ਬੌਧਿਕ ਅਮੀਰੀ ਰੂਪ ਸੰਪਤੀ ਬਖ਼ਸ਼ਿਸ਼ ਕੀਤੀ ਹੈ, ਬਲਕਿ ਆਪਣੇ ਕਲਗੀਆਂ ਵਾਲੇ ਉਤੇ ਅਤੇ ਉਸ ਦੇ ਕੀਤੇ ਉਤੇ ਸਾਡਾ ਦ੍ਰਿੜ੍ਹ ਵਿਸ਼ਵਾਸ ਤੁਹਾਡੇ ਝੂਠ ਦੇ ਕਿਲਿਆਂ ਦੀ ਇਟ ਨਾਲ ਇਟ ਵਜਾਉਣ ਦੇ ਸਰਬ-ਭਾਂਤ ਸਮਰਥ ਹੈ।

Back to top


HomeProgramsHukamNamaResourcesContact •