ਚਰਿਤ੍ਰੋ ਪਾਖਯਾਨ ਅਤੇ ਸਿਖ ਮਿਸ਼ਨਰੀ ਕਾਲਜ

- Sant-Sipahi



ਸ੍ਰੀ ਦਸਮ ਗ੍ਰੰਥ ਦੇ ਚਰਿਤ੍ਰੋ ਪਾਖਯਾਨ ਦੇ ਚਰਿਤ੍ਰ ਨੰਬਰ 244 ਦੇ ਛੰਦ 20 ਦੀਆਂ ਚਾਰ ਤੁਕਾਂ ਹਨ। ਸਾਹਿਤ ਦੀ ਚੌਪਈ ਦੀ ਤਰਜ਼ ਤੇ ਪਹਿਲੀਆਂ ਦੋ ਤੁਕਾਂ ਦੀ ਭੂਮਿਕਾ ਅਤੇ ਅੰਤਲੀਆਂ ਦੋ ਤੁਕਾਂ ਵਿਚ ਇਸ ਛੰਦ ਦਾ ਮਨੋਰਥ ਤੇ ਆਸ਼ਾ ਹੈ ।


ਕਬਿਯੋਬਾਚ ॥ ਅੜਿੱਲ ॥ 


ਕਾਮਾਤੁਰ ਹਵੈ ਜੁ ਤ੍ਰਿਯ ਪੁਰਖ ਪ੍ਰਤਿ ਆਵਈ ॥


ਘੋਰ ਨਰਕ ਮਹਿਂ ਪਰੈ ਜੁ ਤਾਹਿਂ ਨ ਰਾਵਈ ॥


ਜੋ ਪਰ ਤ੍ਰਿਯ ਪਰ ਸੇਜ ਭਜਤ ਹੈ ਜਾਇ ਕਰਿ ।


ਹੋ ਪਾਪ ਕੁੰਡ ਕੇ ਮਾਹਿ ਪਰਤ ਸੋ ਧਾਇ ਕਰਿ ॥ 20 ॥ (ਦਸਮ ਗ੍ਰੰਥ, ਪੰਨਾ 1158, ਚਰਿਤ੍ਰ 244)


 


ਇਸ ਛੰਦ ਵਿਚ ਖਾਲਸੇ ਲਈ ਵਿਵਰਜਤ ਚਾਰ ਬੱਜਰ ਕੁਰਹਿਤਾਂ ਚੋ 'ਪਰ ਤਨ ਗਾਮੀ ' ਹੋਣ ਤੋਂ ਬਚਣ ਦੀ ਹਿਦਾਇਤ ਅੰਕਤ ਹੈ। ਕਲਗੀਧਰ ਪਿਤਾ ਦੇ ਆਸ਼ੇ ਮੁਤਾਬਕ ਨਿਜ ਨਾਰਿ ਪਰ ਨਾਰਿ ਕੇ ਨਿਕੇਤ ਹੋ। ਦੇ ਸੰਕਲਪ ਤੋਂ ਬਚਣ ਦੀ ਕਰੜੀ ਹਿਦਾਇਤ ਰੂਪ ਬਚਨ ਹਨ ।  ਪਹਿਲੀਆਂ ਦੋ ਤੁਕਾਂ ਵਿਚ ਵਿਚਾਰ ਹੈ ਕਿ ਜੇ ਕੋਈ ਇਸਤ੍ਰੀ ਪ੍ਰੇਮ ਵਸ ਪੁਰਸ਼ ਕੋਲ ਆਂਦੀ ਹੈ ਅਤੇ ਪੁਰਸ਼ ਉਸ ਨੁੰ ਮਿਲਣ ਤੋਂ ਇਨਕਾਰ ਕਰਦਾ ਹੈ ਤਾਂ ਉਹ ਘੋਰ ਨਰਕ ਵਿਚ ਜਾਏਗਾ । ਛੰਦ ਦੀ ਅਗਲੀਆਂ ਦੋ ਤੁਕਾਂ ਵਿਚ ਇਸ ਦੀ ਵਿਆਖਿਆ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਕਿਸੇ ਪਰ ਨਾਰੀ ਨਾਲ ਇਸ ਤਰ੍ਹਾਂ ਦੀ ਗੱਲ ਬਾਰੇ ਸੋਚਦਾ ਵੀ ਹੈ ਤਾਂ ਉਹ ਦਾ ਪਾਪ ਦੇ ਕੁੰਡ ਵਿਚ ਧਾ ਕਰ ਕੇ ਪਏ ਗਾ । ਪਰਮਾਰਥ ਸਰੂਪ ਅਤੇ ਰਹਿਤ ਦੀ ਪਰਪੱਕਤਾ ਨੂੰ ਦ੍ਰਿੜ ਕਰਾਂਉਦੀਆਂ ਇਹ ਤੁਕਾ ਕਲਗੀਧਰ ਪਿਤਾ ਦੇ ਉਸ ਆਸ਼ੇ ਦੀ ਯਾਦ ਦਿਵਾਂਦੀਆਂ ਹਨ ਜਿਸ ਬਾਰੇ ਸ਼ਹੀਦ ਸਿੰਘ ਮਿਸ਼ਨਰੀ ਕਾਲਜ ਦੇ ਸਾਬਕਾ ਪ੍ਰਿੰਸੀਪਲ ਗੁਰਪੁਰਵਾਸੀ ਹਰਭਜਨ ਸਿੰਘ ਜੀ ਨੇ ਲਿਖਿਆ ਕਿ ਕਲਗੀਧਰ ਪਿਤਾ ਦੇ ਕਿਤਨੇ ਸੁੰਦਰ ਬਚਨ ਹਨ ,


 


ਸੁਧਿ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ॥


ਪੂਤ ਇਹੈ ਪ੍ਰਨ ਤੋਹਿ ਪ੍ਰਾਨ ਜਬ ਲਗ ਘਟ ਥਾਰੇ ॥


ਨਿਜ ਨਾਰੀ ਕੇ ਸਾਥ ਨੇਹੁ ਤੁਮ ਨਿੱਤ ਬਢੈਯਹੁ ॥


ਪਰ ਨਾਰੀ ਕੀ ਸੇਜ ਭੂਲਿ ਸੁਪਨੇ ਹੂੰ ਨ ਜੈਯਹੁ ॥ 51 ॥


 


ਗਰ ਆਸ਼ਾ ਇਹਨਾਂ ਚਾਰ ਤੁਕਾਂ ਵਿਚ ਹੀ ਮੁਕੰਮਲ ਹੁੰਦਾ ਹੈ । ਇਹਨਾਂ ਚਾਰ ਤੁਕਾਂ ਦੀ ਸਮਾਪਤੀ ਉਪਰੰਤ ਅੰਕ ॥20॥ ਲਿਖਿਆ ਗਿਆ ਹੈ ਜੋ ਇਸ ਛੰਦ ਦੀ ਮੁਕੰਮਲਤਾ ਦਾ ਸੂਚਕ ਹੈ।  ਹੁਣ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਨੇ ਆਪਣੇ ਕਿਤਾਬਚੇ 'ਦਸਮ ਗ੍ਰੰਥ ਦਰਪਣ' ਵਿਚ ਅੰਤਲੀਆਂ ਦੋ ਤੁਕਾਂ ਛੱਡ ਕੇ ਪਹਿਲੀਆਂ ਦੋ ਤੁਕਾਂ ਦੇ ਬਾਅਦ ਹੀ ਅੰਕ ॥ 20 ॥ ਲਿਖ ਕੇ ਇਹ ਦਸੱਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਛੰਦ ਇਹਨਾਂ ਦੋ ਤੁਕਾਂ ਤੇ ਆਧਾਰਤ ਹੈ।   ਇਹ ਲਿਖ ਕੇ ਇਹਨਾਂ ਨੇ ਇਸ ਛੰਦ ਬਾਰੇ ਲਿਖ ਦਿੱਤਾ ਹੈ ਕਿ ਵੇਖੋ ਕਿਤਨੀ ਅਸ਼ਲੀਲਤਾ ਹੈ । ਕੀ ਇਹ ਨਿਰੀ ਅਗਿਆਨਤਾ ਹੈ ਜਾਂ ਕੁਝ ਹੋਰ ?


ਇਹੋ ਜਿਹੀ ਹੇਰਾ ਫੇਰੀ ਨਕਲੀ ਨਿਰੰਕਾਰੀ ਵੀ ਕੇਵਲ ਦੋ ਤੁਕਾਂ ਦੇ ਕੇ ਅਰਥ ਦਾ ਅਨਰਥ ਕਰਦੇ ਸਨ ਕਿ ਵੇਖੋ ਗੁਰੂ ਅਰਜਨ ਸਾਹਿਬ ਵੀ ਕਹਿੰਦੇ ਹਨ ਕਿ ਪਾਠ ਕਰਣ ਦਾ ਕੋਈ ਲਾਭ ਨਹੀਂ ।


ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥


ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ   ਅਹੰਬੁਧਿ ਬਾਧੇ ॥ 1 ॥


ਇਸ ਦੇ ਨਾਲ ਦੀਆਂ ਅਗਲੀਆਂ ਦੋ ਤੁਕਾਂ ਉਹ ਛੱਡ ਜਾਂਦੇ ਹਨ ।


ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ ॥


ਹਾਰਿ ਪਰਿਓ ਸੁਆਮੀ   ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥


ਜੇ ਕਰ ਸਿੱਖ ਮਿਸ਼ਨਰੀ ਕਾਲਜ ਵਲੋਂ ਵੀ ਉਕਤ ਛੰਦ ਵਿਚੋਂ ਅੰਤਲ਼ੀਆਂ ਦੋ ਤੁਕਾਂ ਛਡ ਕੇ ਪਹਿਲੀਆਂ ਦੋ ਤੁਕਾਂ ਛਾਪਣਾ ਕੀ ਨਕਲੀ ਨਿਰੰਕਾਰੀਆਂ ਵਰਗੀ ਕਾਰਵਾਈ ਨਹੀਂ ।  ਕੀ ਇਹ ਕਿਹਾ ਜਾਏ ਕਿ ਇਸ ਗੁਰ ਦੇ ਪ੍ਰੇਰਨਾ ਸ੍ਰੋਤ ਨਕਲੀ ਨਿਰੰਕਾਰੀ ਹਨ?

Back to top


HomeProgramsHukamNamaResourcesContact •