ਕਿੱਸਾ ਰੂਪ ਕੌਰ ਦਾ

- ਸਿਰਦਾਰ ਕਪੂਰ ਸਿੰਘ (ICS) ਦੇ ਜ਼ੁਬਾਨੀ



ਸ੍ਰੀ ਦਸਮ ਗ੍ਰੰਥ ਦੇ ਭਾਗ 'ਤ੍ਰਿਆਚਰਿਤਰ' ਬਾਰੇ ਪੰਥ ਅੰਦਰ ਕੁਝ ਲੋਕਾਂ ਵਲੋਂ ਕਾਫੀ ਰੋਲਾ ਰੱਪਾ ਪਾਇਆ ਜਾ ਰਿਹਾ ਹੈ। ਬੀਤੇ ਸਮੇਂ ਅੰਦਰ ਵੀ ਇਸੇ ਤਰ੍ਹਾਂ ਦਾ ਮਸਲਾ ਉੱਠਦਾ ਰਿਹਾ ਹੈ। ਇਸੇ ਸੰਦਰਭ ਵਿੱਚ ਅੰਮ੍ਰਿਤਸਰ ਖਾਲਸਾ ਕਾਲਜ ਦੇ ਇਕ ਪ੍ਰੋਫੈਸਰ ਰਾਮ ਪ੍ਰਕਾਸ਼ ਸਿੰਘ ਨੇ ਇਕ ਲੇਖ 'ਚਾਨਣ ਮੁਨਾਰਾ' ਗੋਸ਼ਟੀ ਕਮੇਟੀ ਦੇ 'ਗੁਰਮਤਿ ਪ੍ਰਕਾਸ਼' ਰਸਾਲੇ ਵਿੱਚ ਲਿਖਿਆ ਹੈ ਕਿ ਦਸਮ ਪਿਤਾ ਗੁਰੂ ਗੌਬਿੰਦ ਸਿੰਘ ਕਿ-


'ਭਰ ਜੁਆਨੀ ਵਿੱਚ ਇਕ ਸਨੁੱਖੀ ਮੁਟਿਆਰ ਆਪ (ਗੁਰੁ ਸਾਹਿਬ) 'ਤੇ ਆਸ਼ਕ ਹੋ ਜਾਂਦੀ ਹੈ। ਆਪਜੀ ਨੂੰ ਘਰ ਬੁਲਾ ਕੇ ਆਪਣੀ ਜੁਆਨੀ, ਹੁਸਨ ਤੇ ਆਪਣੇ ਮਾਲ ਦਾ ਜਾਦੂ ਪਾਉਣ ਦਾ ਪੂਰਾ ਯਤਨ ਕਰਦੀ ਹੈ। ਪਰ ਜਦੋਂ ਆਸ ਪੂਰੀ ਨਹੀਂ ਹੁੰਦੀ ਤਾਂ ਇਕ ਹੋਰ ਬੜਾ ਖਤਰਨਾਕ ਤੀਰ ਛੱਡਦੀ ਹੈ। ਆਪ ਜੀ ਨੂੰ ਸੰਬੋਧਨ ਕਰਕੇ ਆਖਦੀ ਹੈ-"ਤੁਸੀਂ ਮੇਜ਼ਬਾਨੀ ਤੇ ਹੁਸਨ ਦਾ ਅਪਮਾਨ ਕਰ ਰਹੇ ਹੋ। ਇਕ ਮੁਟਿਆਰ ਹੋਰ ਸਭ ਕੁਝ ਜਰ ਸਕਦੀ ਹੈ, ਪਰ ਹੁਸਨ ਤੇ ਜੁਆਨੀ ਦਾ ਅਪਮਾਨ ਨਹੀਂ। ਐਸੇ ਹੀ ਅਪਮਾਨ ਦਾ ਬਦਲਾ ਲੈਣ ਲਈ ਲੂਣਾ ਨੇ ਪੂਰਨ ਭਗਤ ਦਾ ਕੀ ਹਾਲ ਕੀਤਾ ਸੀ। ਲੂਣਾ ਦੀ ਰੂਹ ਇਸ ਵੇਲੇ ਮੇਰੇ ਅੰਦਰ ਪਰਵੇਸ਼ ਕਰ ਚੁੱਕੀ ਹੈ।….ਮੈਂ ਹੁਣੇ ਹੀ ਰੌਲਾ ਪਾਉਣ ਲੱਗੀ ਹਾਂ, ਚੀਕਾਂ ਮਾਰਾਂਗੀ ਤੇ ਕਹਾਂਗੀ ਕਿ ਇਸ …ਗੁਰੂ ਨੇ ਮੈਨੂੰ ਇਕੱਲਾ ਵੇਖ ਕੇ ਮੇਰੀ ਇੱਜ਼ਤ ਤੇ ਹੱਥ ਪਾਉਣ ਦਾ ਯਤਨ ਕੀਤਾ ਹੈ।….ਜੇ ਭਲਾ ਚਾਹੁੰਦੇ ਹੋ ਤਾਂ ਸਮਝੋ, ਤੇ ਹਠ ਨਾ ਕਰੋ।….ਆਪਣੀ ਇੱਜ਼ਤ ਬਚਾਓ ਤੇ ਮੈਨੂੰ ਤਪਦੀ ਨੂੰ ਠਾਰੋ।"….ਪਰ ਸਤਿਗੁਰੂ ਘਬਰਾਏ ਨਹੀਂ…। ਬੋਲੇ, ਸਾਧੋ…ਕਾਮੁ ਕ੍ਰੋਧ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ।' …ਹੁਣ ਮੈਂ ਜਾਂਦਾ ਹਾਂ। ਇਸ ਤਰ੍ਹਾਂ ਦਸਮ ਪਿਤਾ ਉਸ ਦੇ ਜਾਲ ਵਿੱਚ ਨਿੱਕਲ ਗਏ।' (ਸਫਾ 26-27)


ਲੇਖਕ ਵਿਦਵਾਨ ਹੈ, ਪਤਾ ਨਹੀਂ ਇਸ ਨੇ ਕੀ ਸਮਝਕੇ ਇਸ ਲੋਕਵਾਰਤਾ ਤੇ ਲੋਕ-ਸਾਹਿਤ (ਕਥਿਤ-ਕਹਾਣੀ) ਨੂੰ ਇਕ ਇਤਿਹਾਸਕ ਘਟਨਾ ਸਵੀਕਾਰ ਕਰ ਲਿਆ ਹੈ? ਜਦੋਂ ਕਿ ਦਸਮ ਗ੍ਰੰਥ ਵਿੱਚ 'ਤ੍ਰਿਆਚਰਿਤਰ' ਦੇ ਅਰੰਭ ਵਿੱਚ ਹੀ ਗੁਰੁ ਸਾਹਿਬ ਨੇ ਆਪ ਹੀ 'ਪਖਯਾਨ-ਚਰਿਤ੍ਰਲਿਖਯਤੇ' ਕਹਿ ਕੇ ਸਭ ਸਪਸ਼ਟ ਕਰ ਦਿੱਤਾ ਹੈ ਕਿ ਰੂਪਕੌਰ ਦੀ ਕਥਾ ਇਕ ਮਨੋਕਲਪਤ ਕਹਾਣੀ ਕਿੱਸਾ ਹੈ, ਜੋ ਕਿ ਨਸੀਹਤ ਦੇਣ ਲਈ ਕਹੀ ਅਤੇ ਕਥਨੀ ਗਈ ਹੈ ਜਿਸ ਵਿਚ ਪੁਰਸ਼ ਨੇ ਇਸਤਰੀ ਨਾਲ ਚਰਿਤਰ ਖੇਲਿਆ ਹੈ।


ਤਿੰਨੇ ਕਹਾਣੀਆਂ 21ਵੀਂ, 22ਵੀਂ ਅਤੇ 23ਵੀਂ 'ਰੂਪ ਕੌਰ' ਕਿੱਸੇ ਦਾ ਹਿੱਸਾ ਹਨ, ਜਿਨ੍ਹਾਂ ਨੂੰ ਸਹਿਤ ਰਚਨਾ ਦੇ ਰੁਪਾਂਤ੍ਰਾਂ ਤੋਂ ਅਣਜਾਣ ਸਿੱਖ, ਗੁਰੁ ਗੋਬਿੰਦ ਸਿੰਘ ਕਰਤਾ 'ਤ੍ਰਿਆਚਰਿਤਰ' ਦੀ ਸਵੈ-ਜੀਵਨੀ ਇਤਿਹਾਸ ਸਮਝ ਲੈਂਦੇ ਹਨ ਅਤੇ ਗ੍ਰੰਥ ਕਰਤਾ (ਗੁਰੁ ਸਾਹਿਬ) ਜੋ ਮੁੜ-ਮੁੜ "ਚਰਿਤਰ ਪਖਯਾਨੇ," "ਭੁਪ ਮੰਤਰੀ ਸੰਬਾਦੇ" ਦਾ ਹੋਕਾ ਦੇਈ ਜਾਂਦੇ ਹਨ, ਉਸ ਨੂੰ ਅਣਡਿਠ ਕਰੀ ਜਾਂਦੇ ਹਨ।ਇਸੇ ਤਰ੍ਹਾਂ ਪ੍ਰੋਫੈਸਰ ਰਾਮ ਪ੍ਰਕਾਸ਼ ਸਿੰਘ ਵੀ ਇਸੇ ਹਾਨੀਕਾਰਨ ਭੁਲੇਖੇ ਵਿੱਚ ਪਏ ਹੋਏ ਹਨ।


'ਤ੍ਰਿਆ ਚਰਿਤਰ' ਦੀ 21ਵੀ; 22ਵੀਂ ਤੇ 23ਵੀਂ ਸਾਖੀ ਵਿੱਚ, ਇਸ ਗ੍ਰੰਥ ਕਰਤਾ, ਗੁਰੁ ਗੋਬਿੰਦ ਸਿੰਘ ਜੀ ਨੇ ਸਥਾਨਿਕ ਤੇ ਵਾਸਤਵਿਕ ਰੰਗ, ਉਨਰ ਪੂਰਤੀ ਆਸ਼ੇ ਨੂੰ ਮੁੱਖ ਰੱਖ ਕੇ ਭਰਿਆ ਹੈ,ਉਸ ਤੋਂ ਅਣਜਾਣ ਆਦਮੀ ਭੁਲੇਖਾ ਖਾ ਕੇ ਇਉਂ ਅਨੁਮਾਣਦੇ ਹਨ ਕਿ ਜਿਵੇਂ ਕਰਤਾ ਆਪਣੇ ਹੀ ਜੀਵਨ ਦੀ ਇਤਿਹਾਸਕ ਘਟਨਾ ਬਿਆਨ ਕਰ ਰਿਹਾ ਹੈ। ਦਸਮ ਪਿਤਾ ਦੀ ਬਹੁਪੱਖੀ ਸ਼ਕਸੀਅਤ ਨੇ ਇਸ ਬੱਜਰ ਭੁਲੇਖੇ ਨੂੰ ਹੋਰ ਵੀ ਪ੍ਰਪੱਕ ਕੀਤਾ ਹੈ, ਜਿਸ ਕਾਰਨ ਕਿ ਸ਼ਰਧਾ ਯੁਕਤ ਇਉਂ ਸਮਝਦੇ ਹਨ ਕਿ ਇਹ ਵਾਕ ਗੁਰੁ ਦੇ ਹਨ ਅਤੇ ਇਸ ਲਈ ਹਰ ਪਹਿਲੂ ਤੋਂ ਤਿੰਨ ਕਾਲ ਸਤਯ ਹਨ। ਇਸੇ ਕਾਰਨ ਹੀ ਪ੍ਰੋ. ਰਾਮ ਪ੍ਰਕਾਸ਼ ਸਿੰਘ ਇਹ ਸਹਿਤ ਕਲਾ ਭੇਦ ਨੂੰ ਯਥਾਰਥਕ (ਸੱਚ) ਵਰਨਣ ਦੀ ਭੁਲ ਕਰ ਬੈਠੇ ਹਨ।


ਗੁਰੁ ਸਾਹਿਬ ਨੇ ਇਸ ਸਹਿਤ ਕਲਾ ਭੇਦ ਨੂੰ ਇਨ੍ਹਾਂ ਤਿੰਨਾਂ ਚਰਿਤਰਾਂ ਵਿੱਚ ਐਸੀ ਚਤੁਰਤਾ ਨਾਲ ਵਰਤਿਆ ਹੈ ਕਿ ਕੋਈ ਵੀ ਸੁਧਾਰਣ ਪੁਰਸ਼ ਇਸ ਦਾ ਭੁਲੇਖਾ ਖਾ ਸਕਦਾ ਹੈ। ਤਾਂ ਹੀ ਤਾਂ ਗੁਰੁ ਜੀ ਨੇ ਆਪ ਇਸ ਰਚਨਾ ਬਾਰੇ ਕਿਹਾ ਹੈ, ਕਿ , "ਸੁਣੈ ਮੂੜ੍ਹ ਚਿੱਤ ਲਾਇ ਚਤੁਰਤਾ ਆਵਈ।" ਭਾਵ ਇਹ ਕਿ ਤ੍ਰਿਆ ਚਰਿਤਰ ਦੇ ਕਥਾ ਵਸਤੂ ਨੂੰ ਬੜੇ ਗੌਹ ਨਾਲ "ਚਿੱਤ ਲਾਇ", ਵਿਚਾਰੋ ਤਾਂ ਭੇਦ ਖੁਲ੍ਹਣਗੇ, ਜਿਸ ਨਾਲ ਖਾਲਸੇ ਦੀ ਬੁੱਧੀ ਦੀ ਤੀਕਸ਼ਣਤਾ ਵਿੱਚ ਵਾਧਾ ਹੋਵੇਗਾ। ਬਸ ਇਹੋ ਹੀ ਨਿਸ਼ਾਨਾ ਸੀ ਗੁਰੁ ਸਾਹਿਬ ਜੀ ਦਾ।


ਅੰਤ ਵਿਚ 'ਰਾਇ' ਦੇ ਜਾਣ ਤੋਂ ਪਹਿਲਾਂ, 'ਰੂਪ ਕੌਰ' ਨੇ ਡਰਾਇਆ ਕਿ ਜੇ ਉਹ ਕਿਵੇਂ ਵੀ ਨਹੀਂ ਮੰਨਦੇ ਤਾਂ, ਫੇਰ 'ਚੋਰ ਚੋਰ' ਦਾ ਰੌਲਾ ਪਾ ਕੇ ਡੇਰੇ ਦੇ 'ਸਿੱਖਯਨ' (ਨੌਕਰ) ਜਗਾ ਦਿੱਤੇ ਅਤੇ 'ਰਾਇ' ਸਾਹਿਬ ਆਪਣੀ ਜੁੱਤੀ ਧੋਤੀ ਛੱਡ ਕੇ ਨੱਸ ਗਏ। ਇਉਂ 'ਇਕੀਸਮੋਂ ਚਰਿਤਰ ਸਮਾਪਤ' ਹੁੰਦਾ ਹੈ।


22ਵਾਂ ਚਰਿਤਰ ਬੱਸ ਇਤਨਾ ਹੀ ਹੈ ਕਿ 'ਰਾਇ' ਆਪ ਤਾਂ ਰੌਲੇ ਰੱਪੇ ਵਿੱਚ ਬਚ ਨਿਕਲ ਗਿਆ ਤੇ ਰੂਪ ਕੌਰ ਦਾ ਭਰਾ ਲੋਕਾਂ ਨੇ ਚੋਰ ਸਮਝ ਕੇ ਫੜ ਲਿਆ ਤੇ ਮਾਰਿਆ ਕੁੱਟਿਆ ਤੇ ਅੰਤ ਨੂੰ ਹਵਾਲਾਤੇ ਪਾ ਦਿੱਤਾ।


ਅੱਠਵੀਂ ਸਦੀ ਦੀ ਬਗਦਾਦ ਵਿੱਚ ਰਚੀ ਗਈ ਅਰਬੀ ਭਾਸ਼ਾ ਦੀ 'ਅਲਫ ਲੈਲਾ', 11ਵੀਂ ਸਦੀ ਦੀ ਸੰਸਕ੍ਰਿਤ ਦੀ ਪੁਸਤਕ, 'ਕਥਾ ਸਾਹਿਤ ਸਾਗਰ', 13ਵੀਂ ਸਦੀ ਦੀ ਫਾਰਸੀ ਪ੍ਰਸਿੱਧ ਪੁਸਤਕ, 'ਬੁਸਤਾਨ, ਵਿੱਚ ਇਹ ਰਚਨਾ-ਭੇਦ ਆਮ ਵਰਤੀ ਗਈ ਹੈ, ਜਿੱਥੇ ਕਿ ਕਥਾ ਕਹਾਣੀ ਵਿੱਚ ਆਇਆ ਕੋਈ ਨੁਕਤਾ ਵਿਸਤਾਰ ਕਰਨ ਦੇ ਆਸ਼ੇ ਨਾਲ, ਹੋਰਨਾਂ ਕਵੀਆਂ ਦੇ ਕਿੱਸੇ ਹੋਰ ਪ੍ਰਸੰਗ ਪ੍ਰਥਾਇ ਕਹੇ ਹੋਏ ਕਾਵਿ ਟੋਟੇ, ਕਥਾ ਕਹਾਣੀ ਦੇ ਪ੍ਰਾਂਤਾਂ ਦੇ ਮੁੰਹ ਵਿੱਚ ਪਾ ਦਿੱਤੇ ਜਾਂਦੇ ਹਨ ਅਤੇ ਇਸ ਨੂੰ ਦੋਸ਼ ਨਾ ਸਗੋਂ ਕਾਵਿ-ਕਲਾ ਦਾ ਗੁਣ ਸਮਝਿਆ ਗਿਆ ਹੈ। 18ਵੀਂ ਸਦੀ ਦੀ ਕ੍ਰਿਤ 'ਹੀਰ ਵਾਰਸ ਸ਼ਾਹ' ਵਿੱਚ ਕੁਰਾਨ ਸ਼ਰੀਫ ਦੀਆਂ ਤੁਕਾਂ 'ਤੇ ਟੋਟੇ ਇਸ ਢੰਗ ਨਾਲ ਆਮ ਵਰਤੇ ਗਏ ਹਨ, ਜਿਸ ਤੋਂ ਕਿਸੇ ਨੇ ਇਹ ਭੁੱਲ ਕੇ ਵੀ ਨਹੀਂ ਅਨੁਮਾਨਿਆ ਕਿ ਹੀਰ ਰਾਂਝੇ ਦੀ ਪ੍ਰੇਮ ਕਥਾ ਹਜ਼ਰਤ ਮੁਹੰਮਦ ਸਾਹਿਬ ਜਾਂ ਅੱਲਾ ਦੀ ਸਵੈਜੀਵਨ ਨਾਲ ਇਤਿਹਾਸਕ ਸਬੰਧ ਰੱਖਦੀ ਹੈ, ਜਿਵੇਂ ਕਿ ਸਰਲ-ਸੁਭਾ ਸ਼ਰਧਾਵਾਨ ਸਿੱਖ ਜਾਂ ਪ੍ਰੋ: ਰਾਮ ਪ੍ਰਕਾਸ਼ ਸਿੰਘ ਸਮਝੀ ਫਿਰਦੇ ਹਨ। ਵਾਰਸਸ਼ਾਹ ਦਾ ਇਹ ਦਾਹਵਾ ਕਿ ਉਸ ਨੇ ਕੁਰਾਨ ਸ਼ਰੀਫ ਦੀਆਂ ਤੁੱਕਾਂ ਹੀਰ ਰਾਂਝੇ ਦੀ ਪ੍ਰੇਮ ਵਾਰਤਾ ਵਿੱਚ ਵਰਤ ਕੇ ਉਨ੍ਹਾਂ ਤੁੱਕਾਂ ਦੇ ਪ੍ਰਯਾਯ ਲਿਖੇ ਹਨ ਤੇ ਤਸ਼ਰੀਹ ਕੀਤੀ ਹੈ।


ਸ਼ੱਚ ਤਾਂ ਇਹ ਹੈ ਕਿ ਇਹ ਤਿੰਨੇ ਕਹਾਣੀਆਂ, ਪਿੰਜਰ-ਰੂਪ ਵਿੱਚ ਅਰਬੀ ਦੀ 8ਵੀਂ ਸਦੀ ਦੀ ਪੁਸਤਕ, 'ਅਲਫ ਲੈਲਾ' ਵਿੱਚ ਮੌਜੂਦ ਹਨ। 'ਅਨੰਦਪੁਰ', ਸਿੱਖਯ' 'ਰਾਇ' ਆਦਿ ਵਿਸ਼ੇਸ਼ ਵਰਨਣ ਇਨ੍ਹਾਂ ਕਹਾਣੀਆਂ ਵਿੱਚ ਸਥਾਨਕ ਤੇ ਵਾਸਤਵਿਕ ਰੰਗ ਭਰਨ ਲਈ ਕੀਤਾ ਗਿਆ ਹੈ, ਜੋ ਕਿ ਸਹਿਤ ਰਚਨਾ ਭੇਦਾਂ ਦੇ ਐਨ ਅਨੁਕੂਲ ਹੈ, ਅਤੇ ਉੱਚੀ ਕਲਾ ਦੇ ਉਚ ਆਸ਼ਿਆਂ ਦੀ ਪੂਰਤੀ ਲਈ ਕੀਤਾ ਗਿਆ ਹੈ।


'ਸੁਧ ਜਬ ਤੇ ਹਮ ਧਰੀ' ਛੰਦ ਇਤਿਹਾਸ ਅਦਾਰਿਤ ਹੈ ਪਰ ਇਸ ਦੀ 'ਤ੍ਰਿਆਚਰਿਤਰ' ਦੀਆਂ ਕਹਾਣੀਆਂ ਵਿਚ ਗੋਂਦ ਦਾ ਕਦਾਚਿਤ ਇਹ ਭਾਵ ਨਹੀਂ ਨਿਕਲਦਾ ਕਿ ਇਨ੍ਹਾਂ ਕਹਾਣੀਆਂ ਦੀ ਕਥਾ ਵਸਤੂ ਇਤਿਹਾਸਕ ਹੈ ਅਤੇ ਇਨ੍ਹਾਂ ਦਾ ਮੁੱਖ ਪਾਤਰ, ਕਰਤਾ (ਗੁਰੁ ) ਆਪ ਹੈ।


ਅਸਾਂ (ਸਿਰਦਾਰ ਕਪੂਰ ਸਿੰਘ) ਇਸ ਲੇਖ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਬਿਨਾਂ ਇਹ ਸਭ ਕੁਝ ਨੂੰ ਸਮਝੇ, ਇਸ ਪ੍ਰਕਾਰ ਦੇ ਹਾਨੀਕਾਰਕ ਭੁਲੇਖੇ, ਜਿਵੇਂ ਪ੍ਰੋ: ਰਾਮ ਪ੍ਰਕਾਸ਼ ਸਿੰਘ ਜੀ ਦਾ ਲੇਖ, ਨਫਿਰਤ ਨਹੀਂ ਹੋ ਸਕਦੇ।


ਇਹ ਲੇਖ ਸਿਰਦਾਰ ਕਪੂਰ ਸਿੰਘ (ICS), ਨੈਸ਼ਨਲ ਪ੍ਰੋਫੈਸਰ ਆਫ ਸਿਖਇਜ਼ਮ ਦੇ ਪਹਿਲਾਂ, 'ਗੁਰਮਤਿ ਪ੍ਰਕਾਸ਼', ਅਕਤੂਬਰ 1993, ਇਕ ਮਾਸਿਕ ਪੱਤਰਕਾ, ਵਿਚ ਛਪੇ ਲੇਖ 'ਤੇ ਆਧਾਰਿਤ ਹੈ।

Back to top


HomeProgramsHukamNamaResourcesContact •