ਮੂਰਖ ਕੋ ਸਮਝਾਊ ਰੇ - ਅਖੰਡ ਕੀਰਤਨੀ ਜਥਾ - California ਬਿਲਾਵਲੁ ਗੋਂਡ ॥ Bilaaval Gond:
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ ॥ ਪਰ ਅਫਸੋਸ, ਕਿ ਸਿਖਾ ਤੂੰ ਅਜ ਆਪਣੇ ਆਪ ਨੂੰ ਗੁਰੂ ਪੰਥ ਤੋਂ ਸਿਆਣਾ ਸਮਝ ਕੇ ਫੋਕੀਆਂ ਦਲੀਲਾਂ ਦੇਵੇ ਕਿ ਸ੍ਰੀ ਦਸਮ ਗਰੰਥ ਜੀ ਦੀ ਇਲਾਹੀ ਬਾਣੀ ਗੁਰੁ ਕੀ ਕ੍ਰਿਤ ਨਹੀ। ਐ ਗੁਰੂ ਕੇ ਸਿਖ, “ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥” ਆਪਣੇ ਸਤਿਗੁਰਾਂ ਦੀ ਇਲਾਹੀ ਬਾਣੀ ਤੇ ਕਿੰਤੂ ਕਰਨ ਤੋ ਪਹਿਲਾ ਸੋਚ ਕਿ ਅਜ ਬਾਬਾ ਨਾਮਦੇਵ ਜੀ ਦਾ ਇਹ ਮੁਖਵਾਕ ਤੇਰੇ ਉਤੇ ਤਾਂ ਨਹੀ ਢੁਕਦਾ? ਇਸ ਗੁਰਵਾਕ ਦੇ ਦਰਪਣ (ਸ੍ਰੀ ਗੁਰੂ ਗਰੰਥ ਸਾਹਿਬ ਦਰਪਣ - ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ): ਪਦਅਰਥ: ਆਜੁ-ਅੱਜ, ਹੁਣ, ਇਸੇ ਜਨਮ ਵਿਚ। ਬੀਠਲੁ-{Skt. विष्ठल One situated at a distance. ਵਿ-ਪਰੇ, ਦੂਰ। ਸਥਲ-ਖਲੋਤਾ ਹੋਇਆ} ਉਹ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ। ਰੇ-ਹੇ ਪਾਂਡੇ! ਸਮਝਾਊ-ਮੈਂ ਸਮਝਾਵਾਂ।ਰਹਾਉ। ਅਰਥ: ਹੇ ਪਾਂਡੇ! ਮੈਂ ਤਾਂ ਇਸੇ ਜਨਮ ਵਿਚ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ (ਪਰ ਤੂੰ ਮੂਰਖ ਹੀ ਰਹਿਓਂ, ਤੈਨੂੰ ਦਰਸ਼ਨ ਨਹੀਂ ਹੋਇਆ; ਆ) ਮੈਂ (ਤੈਨੂੰ) ਮੂਰਖ ਨੂੰ ਸਮਝਾਵਾਂ (ਕਿ ਤੈਨੂੰ ਦਰਸ਼ਨ ਕਿਉਂ ਨਹੀਂ ਹੁੰਦਾ)।੧।ਰਹਾਉ। ਹੇ ਪਾਂਡੇ! (ਪਹਿਲਾਂ ਤਾਂ ਜਿਸ ਗਾਇਤ੍ਰੀ ਦਾ ਤੂੰ ਪਾਠ ਕਰਦਾ ਹੈਂ ਉਸ ਉੱਤੇ ਤੇਰੀ ਸ਼ਰਧਾ ਨਹੀਂ ਬਣ ਸਕਦੀ, ਕਿਉਂਕਿ) ਤੇਰੀ ਗਾਇਤ੍ਰੀ (ਉਹ ਹੈ ਜਿਸ ਬਾਰੇ ਤੂੰ ਆਪ ਹੀ ਆਖਦਾ ਹੈਂ ਕਿ ਇਕ ਵਾਰੀ ਸ੍ਰਾਪ ਦੇ ਕਾਰਨ ਗਊ ਦੀ ਜੂਨ ਵਿਚ ਆ ਕੇ ਇਹ) ਇਕ ਲੋਧੇ ਜੱਟ ਦੀ ਪੈਲੀ ਖਾਣ ਜਾ ਪਈ, ਉਸ ਨੇ ਸੋਟਾ ਲੈ ਕੇ ਲੱਤ ਤੋੜ ਦਿੱਤੀ ਤਾਂ (ਵਿਚਾਰੀ) ਲੰਙਾ ਲੰਙਾ ਕੇ ਤੁਰਨ ਲੱਗੀ।੧। ਹੇ ਪਾਂਡੇ! (ਫਿਰ ਤੂੰ ਜਿਸ ਸ਼ਿਵ ਜੀ ਦੀ ਅਰਾਧਨਾ ਕਰਦਾ ਹੈਂ ਉਸ ਨੂੰ ਬੜਾ ਕ੍ਰੋਧੀ ਸਮਝਦਾ ਹੈਂ ਤੇ ਆਖਦਾ ਹੈਂ ਕਿ ਗੁੱਸੇ ਵਿਚ ਆ ਕੇ ਉਹ ਸ੍ਰਾਪ ਦੇ ਦੇਂਦਾ ਹੈ, ਭਸਮ ਕਰ ਦੇਂਦਾ ਹੈ। ਐਸੇ ਸ਼ਿਵ ਨਾਲ ਤੂੰ ਪਿਆਰ ਕਿਵੇਂ ਕਰ ਸਕਦਾ ਹੈਂ?) ਤੇਰਾ ਸ਼ਿਵ (ਤਾਂ ਉਹ ਹੈ ਜਿਸ ਬਾਰੇ ਤੂੰ ਆਖਦਾ ਹੈਂ) ਕਿਸੇ ਭੰਡਾਰੀ ਦੇ ਘਰ ਉਸ ਵਾਸਤੇ ਭੋਜਨ ਤਿਆਰ ਹੋਇਆ, ਸ਼ਿਵ ਨੂੰ ਚਿੱਟੇ ਬਲਦ ਉੱਤੇ ਚੜ੍ਹਿਆ ਜਾਂਦਾ ਵੇਖਿਆ, (ਭਾਵ, ਤੂੰ ਦੱਸਦਾ ਹੈਂ ਕਿ ਸ਼ਿਵ ਜੀ ਚਿੱਟੇ ਬਲਦ ਦੀ ਸਵਾਰੀ ਕਰਦੇ ਸਨ) (ਪਰ ਸ਼ਾਇਦ ਉਹ ਭੋਜਨ ਪਸੰਦ ਨਾ ਆਇਆ, ਸ਼ਿਵ ਜੀ ਨੇ ਸ੍ਰਾਪ ਦੇ ਕੇ) ਉਸ ਦਾ ਮੁੰਡਾ ਮਾਰ ਦਿੱਤਾ।੨। ਹੇ ਪਾਂਡੇ! ਤੇਰੇ ਸ੍ਰੀ ਰਾਮ ਚੰਦਰ ਜੀ ਭੀ ਆਉਂਦੇ ਵੇਖੇ ਹਨ (ਭਾਵ, ਜਿਸ ਸ੍ਰੀ ਰਾਮ ਚੰਦਰ ਜੀ ਦੀ ਤੂੰ ਉਪਾਸ਼ਨਾ ਕਰਦਾ ਹੈਂ, ਉਹਨਾਂ ਦੀ ਬਾਬਤ ਭੀ ਤੈਥੋਂ ਇਹੀ ਕੁਝ ਅਸਾਂ ਸੁਣਿਆ ਹੈ ਕਿ) ਰਾਵਣ ਨਾਲ ਉਹਨਾਂ ਦੀ ਲੜਾਈ ਹੋ ਪਈ, ਕਿਉਂਕਿ ਉਹ ਵਹੁਟੀ (ਸੀਤਾ ਜੀ) ਗਵਾ ਬੈਠੇ ਸਨ।੩। ਨੋਟ: 'ਰਾਮਾਇਣ' ਅਤੇ 'ਉੱਤਰ ਰਾਮ ਚਰਿਤ੍ਰ' ਆਦਿਕ ਪੁਸਤਕਾਂ ਵਿਚ ਕਈ ਦੂਸ਼ਣ ਭੀ ਸ੍ਰੀ ਰਾਮ ਚੰਦਰ ਜੀ ਉੱਤੇ ਆਰੋਪਣ ਕੀਤੇ ਗਏ ਹਨ, ਭਾਵੇਂ ਉਹ ਭਗਤੀ-ਭਾਵ ਵਿਚ ਗਲੇਫ਼ੇ ਹੋਏ ਹਨ-ਬਾਲੀ ਨੂੰ ਛਿਪ ਕੇ ਮਾਰਨਾ, ਇਕ ਰਾਖ਼ਸ਼ਣੀ ਨੂੰ ਮਾਰਨਾ, ਸੀਤਾ ਜੀ ਨੂੰ ਘਰੋਂ ਕੱਢ ਦੇਣਾ, ਇਤਿਆਦਿਕ। ਇਹ ਦੂਸ਼ਣ ਲਾ ਕੇ ਉਹਨਾਂ ਵਿਚ ਪੂਰੀ ਸ਼ਰਧਾ ਰੱਖਣੀ ਅਸੰਭਵ ਹੋ ਜਾਂਦੀ ਹੈ। ਸੋ ਹਿੰਦੂ ਦੋਵੇਂ ਅੱਖਾਂ ਗਵਾ ਬੈਠਾ ਹੈ, ਪਰ ਮੁਸਲਮਾਨ ਦੀ ਇੱਕ ਅੱਖ ਹੀ ਖ਼ਰਾਬ ਹੋਈ ਹੈ; ਇਹਨਾਂ ਦੋਹਾਂ ਨਾਲੋਂ ਸਿਆਣਾ ਉਹ ਬੰਦਾ ਹੈ ਜਿਸ ਨੂੰ (ਪ੍ਰਭੂ ਦੀ ਹਸਤੀ ਦਾ ਸਹੀ) ਗਿਆਨ ਹੋ ਗਿਆ ਹੈ। (ਹਿੰਦੂ ਨੇ ਇੱਕ ਅੱਖ ਤਾਂ ਤਦੋਂ ਗਵਾਈ ਜਦੋਂ ਉਹ ਆਪਣੇ ਇਸ਼ਟ ਬਾਰੇ ਸ਼ਰਧਾ-ਹੀਣ ਕਹਾਣੀਆਂ ਘੜਨ ਲੱਗ ਪਿਆ, ਤੇ ਦੂਜੀ ਗਵਾਈ, ਜਦੋਂ ਉਹ ਪਰਮਾਤਮਾ ਨੂੰ ਨਿਰਾ ਮੰਦਰ ਵਿਚ ਬੈਠਾ ਸਮਝ ਕੇ) ਮੰਦਰ ਨੂੰ ਪੂਜਣ ਲੱਗ ਪਿਆ, ਮੁਸਲਮਾਨ (ਦੀ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰੀ ਸ਼ਰਧਾ ਹੋਣ ਕਰਕੇ ਇੱਕ ਅੱਖ ਤਾਂ ਸਾਬਤ ਹੈ ਪਰ ਦੂਜੀ ਗਵਾ ਬੈਠਾ ਹੈ, ਕਿਉਂਕਿ ਰੱਬ ਨੂੰ ਨਿਰਾ ਮਸਜਿਦ ਵਿਚ ਜਾਣ ਕੇ) ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਰਿਹਾ ਹੈ। ਮੈਂ ਨਾਮਦੇਵ ਉਸ ਪਰਮਾਤਮਾ ਦਾ ਸਿਮਰਨ ਕਰਦਾ ਹਾਂ ਜਿਸ ਦਾ ਨਾਹ ਕੋਈ ਖ਼ਾਸ ਮੰਦਰ ਹੈ ਤੇ ਨਾ ਮਸਜਿਦ।੪।੩।੭। ਨੋਟ: ਕਈ ਵਿਦਵਾਨ ਸੱਜਣ ਖ਼ਿਆਲ ਕਰਦੇ ਹਨ ਕਿ ਭਗਤ ਨਾਮਦੇਵ ਜੀ ਨੇ ਇਸ ਸ਼ਬਦ ਵਿਚ 'ਹਾਸ-ਰਸ' ਵਰਤਿਆ ਹੈ। ਪਰ, ਸੱਚਾਈ ਬਿਆਨ ਕਰ ਕੇ ਕਿਸੇ ਕੁਰਾਹੇ ਜਾਂਦੇ ਨੂੰ ਰਾਹ ਦੱਸਣਾ ਹੋਰ ਗੱਲ ਹੈ, ਤੇ ਕਿਸੇ ਦੇ ਧਾਰਮਿਕ ਜਜ਼ਬਿਆਂ ਨੂੰ ਮਖ਼ੌਲ ਕਰ ਕੇ ਠੋਕਰ ਲਾਣੀ ਬੜਾ ਦੁਖਦਾਈ ਕੰਮ ਹੈ। ਇਹ ਗੱਲ ਮੰਨੀ ਨਹੀਂ ਜਾ ਸਕਦੀ ਕਿ ਭਗਤ ਜੀ ਇਉਂ ਕਿਸੇ ਦਾ ਦਿਲ ਦੁਖਾ ਸਕਦੇ ਸਨ, ਜਾਂ, ਅਜਿਹੇ ਦੁਖਾਵੇਂ ਵਾਕ ਨੂੰ ਸਤਿਗੁਰੂ ਜੀ ਉਸ 'ਬਾਣੀ-ਬੋਹਿਥ' ਵਿਚ ਦਰਜ ਕਰਦੇ ਜੋ ਸਿੱਖ ਦੇ ਜੀਵਨ ਦਾ ਆਸਰਾ ਹੈ। ਇਹ ਆਖਣਾ ਕਿ 'ਹਾਸ-ਰਸ' ਦੀ ਰਾਹੀਂ ਵੱਡੇ ਵੱਡੇ ਦੇਵਤਿਆਂ ਦੇ ਵੱਡੇ ਵੱਡੇ ਕੰਮਾਂ ਨੂੰ ਪਰਮਾਤਮਾ ਦੀ ਵਡਿਆਈ ਦੇ ਸਾਹਮਣੇ ਤੁੱਛ ਪਰਗਟ ਕੀਤਾ ਹੈ, ਫਬਦਾ ਨਹੀਂ ਹੈ। ਕਿਸੇ ਮੁੰਡੇ ਨੂੰ ਮਾਰ ਦੇਣਾ ਕੋਈ ਵੱਡਾ ਕੰਮ ਨਹੀਂ ਹੈ; ਆਪਣੀ ਇਸਤ੍ਰੀ ਗਵਾ ਲੈਣੀ ਕੋਈ ਵੱਡਾ ਕੰਮ ਨਹੀਂ, ਤੇ ਟੰਗ ਤੁੜਾ ਲੈਣੀ ਕੋਈ ਫ਼ਖ਼ਰ ਦੀ ਗੱਲ ਨਹੀਂ ਹੈ। ਫਿਰ, ਇਹਨਾਂ, 'ਵੱਡੇ ਕੰਮਾਂ' ਦੇ ਟਾਕਰੇ ਤੇ ਪਰਮਾਤਮਾ ਦੇ ਕਿਸੇ ਭੀ ਵੱਡੇ ਕੰਮ ਦਾ ਇੱਥੇ ਕੋਈ ਜ਼ਿਕਰ ਨਹੀਂ। ਸ੍ਰ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਜਿੰਦ ਦਾ ਸਹਾਰਾ ਸਮਝਣ ਵਾਲੇ ਸਿੱਖ ਨੇ ਤਾਂ ਇਹ ਵੇਖਣਾ ਹੈ ਕਿ ਉਸ ਨੂੰ ਇਹ ਸ਼ਬਦ ਪੜ੍ਹਦਿਆਂ ਕੀਹ ਸਹਾਰਾ ਮਿਲਦਾ ਹੈ, ਕਿਹੜਾ ਚਾਨਣ ਮਿਲਦਾ ਹੈ। ਕਿਸੇ ਦੇ ਧਾਰਮਿਕ ਜਜ਼ਬੇ ਨੂੰ ਮਖ਼ੌਲ ਕਰ ਕੇ ਉਸ ਦੇ ਦਿਲ ਨੂੰ ਠੋਕਰ ਮਾਰਨੀ ਧਰਮ ਦਾ ਮਾਰਗ ਨਹੀਂ ਹੋ ਸਕਦਾ। ਸਾਨੂੰ ਇਸ ਵਿਚੋਂ ਸੱਚਾਈ ਦੀ ਕਿਰਨ ਦੀ ਲੋੜ ਹੈ; ਸਾਨੂੰ ਇਸ ਵਿਚੋਂ ਉਸ ਉੱਚ-ਉਡਾਰੀ ਦੀ ਲੋੜ ਹੈ ਜੋ ਸਾਨੂੰ ਭੀ ਉੱਚਾ ਕਰ ਸਕੇ। ਅਸਾਂ ਕਿਸੇ ਉੱਤੇ ਮਖ਼ੌਲ ਉਡਾ ਕੇ ਹੀ ਇਹ ਨਹੀਂ ਫ਼ਰਜ਼ ਕਰ ਲੈਣਾ ਕਿ ਇਸ ਸ਼ਬਦ ਵਿੱਚੋਂ ਸਾਨੂੰ ਜੀਵਨ-ਰਾਹ ਲੱਭ ਪਿਆ ਹੈ। ਜੋ ਕਿਸੇ ਮੁਕੰਮਲ ਸ਼ਬਦ ਨੂੰ ਇਕ ਖਿੜਿਆ ਹੋਇਆ ਸੁੰਦਰ ਫੁੱਲ ਮਿਥ ਲਈਏ, ਤਾਂ 'ਰਹਾਉ' ਦੀ ਤੁਕ ਉਸ ਫੁੱਲ ਦਾ ਮਕਰੰਦ ਹੁੰਦਾ ਹੈ। 'ਰਹਾਉ' ਵਿਚ ਉਹ ਕੇਂਦਰੀ ਰਮਜ਼ ਹੋਇਆ ਕਰਦੀ ਹੈ, ਜਿਸ ਦਾ ਵਿਕਾਸ ਸਾਰੇ ਸ਼ਬਦ ਵਿਚ ਕੀਤਾ ਜਾਂਦਾ ਹੈ। ਇਸੇ ਨਿਯਮ ਨੂੰ ਜੇ ਇਸ ਸ਼ਬਦ ਵਿਚ ਭੀ ਗਹੁ ਨਾਲ ਵਰਤਾਂਗੇ, ਤਾਂ ਉਹ ਸੁਗੰਧੀ ਜੋ ਇਸ ਰਹਾਉ-ਮਕਰੰਦ ਵਿਚ ਲੁਕੀ ਪਈ ਹੈ, ਸਾਰੇ ਖਿੜੇ ਫੁੱਲ ਵਿਚੋਂ ਮਹਿਕ ਦੇਣ ਲੱਗ ਪਏਗੀ, ਸਾਰੀ ਰਮਜ਼ ਖੁਲ੍ਹ ਜਾਇਗੀ। ਸ਼ਬਦ ਦੇ ਤਿੰਨ ਬੰਦਾਂ ਵਿਚ ਕਿਸੇ ਪਾਂਡੇ ਨੂੰ ਸੰਬੋਧਨ ਕਰ ਰਹੇ ਹਨ। ਸੋ, 'ਰਹਾਉ' ਵਿਚ ਵਰਤਿਆ ਲਫ਼ਜ਼ 'ਰੇ' ਭੀ ਉਸ ਪਾਂਡੇ ਵਾਸਤੇ ਹੀ ਹੈ। ਇਸ ਤੁਕ ਵਿਚ ਪਾਂਡੇ ਨੂੰ ਆਪਣਾ ਹਾਲ ਦੱਸਦੇ ਹਨ ਕਿ ਮੈਂ ਤਾਂ 'ਬੀਠੁਲ' ਦਾ ਦੀਦਾਰ ਕਰ ਲਿਆ ਹੈ, ਪਰ ਨਾਲ ਹੀ ਉਸ ਨੂੰ ਇਹ ਚੇਤਾ ਭੀ ਕਰਾਂਦੇ ਹਨ ਕਿ ਤੂੰ ਤਾਂ ਮੂਰਖ ਹੀ ਰਹਿਓਂ, ਤੈਨੂੰ ਦੀਦਾਰ ਨਾ ਹੋਇਆ। ਬਾਕੀ ਸਾਰੇ ਸ਼ਬਦ ਵਿਚ ਪਾਂਡੇ ਨੂੰ ਉਸ ਦੀਆਂ ਉਕਾਈਆਂ ਸਮਝਾ ਰਹੇ ਹਨ, ਜਿਨ੍ਹਾਂ ਨੇ ਉਸ ਨੂੰ ਬੀਠਲ ਦਾ ਦਰਸ਼ਨ ਕਰਨ ਨਹੀਂ ਦਿੱਤਾ। ਇੱਥੇ ਇਕ ਹੋਰ ਸੁਆਦਲੀ ਗੱਲ ਭੀ ਵੇਖਣ ਵਾਲੀ ਹੈ। ਜੇ ਨਾਮਦੇਵ ਜੀ ਦਾ 'ਬੀਠਲ' ਕਿਸੇ ਮੰਦਰ ਵਿਚ ਸਥਾਪਨ ਕੀਤਾ ਹੁੰਦਾ, ਤਾਂ ਉਸ ਮੰਦਰ ਵਿਚ ਰਹਿਣ ਵਾਲੇ 'ਪਾਂਡੇ' ਨੂੰ ਤਾਂ ਉਸ ਦਾ ਦਰਸ਼ਨ, ਜਦ ਉਹ ਚਾਹੁੰਦਾ, ਹੋ ਸਕਦਾ ਸੀ, ਕਿਉਂਕਿ ਪਾਂਡਾ ਉੱਚੀ ਜਾਤ ਦਾ ਸੀ। ਪਰ ਸ਼ੂਦਰ ਨਾਮਦੇਵ ਨੂੰ 'ਬੀਠੁਲ' ਦਾ ਦਰਸ਼ਨ ਕਿਵੇਂ ਹੋਇਆ? ਇਸ ਨੂੰ ਤਾਂ ਸ਼ੂਦਰ ਹੋਣ ਕਰਕੇ ਸਗੋਂ ਧੱਕੇ ਪੈ ਸਕਦੇ ਹਨ। ਪਰ ਅਸਲ ਗੱਲ ਇਹ ਹੈ ਕਿ ਨਾਮਦੇਵ ਦਾ 'ਬੀਠਲ' ਕਿਸੇ ਮੰਦਰ ਵਿਚ ਬਿਠਾਇਆ ਹੋਇਆ ਬੀਠਲ ਨਹੀਂ ਸੀ, ਉਹ 'ਬੀਠਲ' ਉਹ ਸੀ "ਜਹ ਦੇਹੁਰਾ ਨ ਮਸੀਤਿ"। ਕੀ ਅਜੇ ਭੀ ਕੋਈ ਸ਼ੱਕ ਰਹਿ ਜਾਂਦਾ ਹੈ ਕਿ ਭਗਤ ਨਾਮਦੇਵ ਜੀ ਕਿਸੇ ਮੰਦਰ-ਵਿਚ-ਥਾਪੇ ਹੋਏ 'ਬੀਠਲ' ਦੇ ਪੁਜਾਰੀ ਨਹੀਂ ਸਨ? ਉਹ ਤਾਂ ਸਗੋਂ ਮੰਦਰ ਵਿਚ ਟਿਕਾਏ ਹੋਏ ਬੀਠਲ ਦੀ ਪੂਜਾ ਕਰਨ ਵਾਲੇ ਪਾਂਡੇ ਨੂੰ ਕਹਿ ਰਹੇ ਹਨ ਕਿ ਤੂੰ ਮੂਰਖ ਹੀ ਰਹਿਓਂ, ਤੈਨੂੰ ਅਜੇ ਤਕ ਬੀਠਲ ਦੇ ਦਰਸ਼ਨ ਹੀ ਨਹੀਂ ਹੋ ਸਕੇ। ਪਾਂਡੇ ਨੂੰ 'ਬੀਠਲ' ਦੇ ਦਰਸ਼ਨ ਕਿਉਂ ਨਹੀਂ ਹੋ ਸਕੇ? ਇਸ ਦਾ ਉੱਤਰ ਸ਼ਬਦ ਦੇ ਸਾਰੇ 'ਬੰਦਾਂ' ਵਿਚ ਹੈ। ਮੁੱਖ ਗੱਲ ਇਹ ਕਹੀ ਹੈ ਕਿ ਪਾਂਡਾ ਅੰਨ੍ਹਾ ਹੈ ਇਸ ਦੀਆਂ ਦੋਵੇਂ ਅੱਖਾਂ ਬੰਦ ਹਨ। ਗਿਆਨ-ਦਾਤਾ ਗੁਰੂ ਦੇ ਲੜ ਲੱਗਣਾ-ਇਹ ਹੈ ਆਤਮਕ ਤੌਰ ਤੇ ਸੁਜਾਖੇ ਬੰਦੇ ਦੀ ਇੱਕ ਅੱਖ; ਪਰਮਾਤਮਾ ਦਾ ਸਹੀ ਸਰੂਪ-ਇਹ ਹੈ ਦੂਜੀ ਅੱਖ। ਪਾਂਡੇ ਨੇ ਗਿਆਨ ਪਰਾਪਤ ਕਰਨ ਲਈ ਗਾਇਤ੍ਰੀ ਦਾ ਪਵਿੱਤਰ ਜਾਪ ਕੀਤਾ, ਮਹਾਦੇਵ ਦੀ ਓਟ ਲਈ, ਸ੍ਰੀ ਰਾਮ ਚੰਦਰ ਜੀ ਦੇ ਚਰਨਾਂ ਤੇ ਢੱਠਾ; ਪਰ ਇਹਨਾਂ ਵਿਚੋਂ ਕਿਸੇ ਦੇ ਭੀ ਲੜ ਨਾ ਲੱਗਾ, ਕਿਸੇ ਉੱਤੇ ਭੀ ਸ਼ਰਧਾ ਨਾ ਬਣਾਈ, ਸਗੋਂ ਇਹਨਾਂ ਬਾਰੇ ਅਜਿਹੀਆਂ ਕਹਾਣੀਆਂ ਘੜ ਲਈਆਂ ਕਿ ਪੂਰਨ ਸ਼ਰਧਾ ਬਣ ਹੀ ਨਾ ਸਕੇ। ਲਫ਼ਜ਼ ਗਾਇਤ੍ਰੀ ਮਹਾਦੇਵ ਅਤੇ ਰਾਮ ਚੰਦ ਨਾਲ ਵਰਤੇ ਲਫ਼ਜ਼ 'ਤੁਮਰੀ' ਅਤੇ 'ਤੁਮਰਾ' ਖ਼ਾਸ ਤੌਰ ਤੇ ਸਮਝਣ-ਯੋਗ ਹਨ। ਭਾਵ ਇਹ ਹੈ ਕਿ ਹੇ ਪਾਂਡੇ! ਜਿਸ ਗਾਇਤ੍ਰੀ ਆਦਿਕ ਨੂੰ 'ਤੂੰ' ਆਪਣਾ ਗਿਆਨ-ਦਾਤਾ ਕਹਿੰਦਾ ਹੈਂ, ਉਸ ਵਿਚ 'ਤੂੰ ਆਪ ਹੀ' ਨੁਕਸ ਦੱਸੀ ਜਾ ਰਿਹਾ ਹੈਂ। ਫਿਰ ਤੇਰਾ ਸਿਦਕ ਕਿਵੇਂ ਬੱਝੇ? ਇਹ ਗਿਆਨ ਦੀ ਅੱਖ ਗਈ। ਦੂਜੀ ਦਾ ਭੀ ਇਹੀ ਹਾਲ ਹੋਇਆ। 'ਬੀਠਲ' ਸੀ, ਮਾਇਆ ਤੋਂ ਪਰੇ ਅਤੇ ਸਰਬ-ਵਿਆਪਕ ਪਰ, ਪਾਂਡੇ ਨੇ ਉਸ ਨੂੰ ਮੰਦਰ ਵਿਚ ਕੈਦ ਕਰ ਦਿੱਤਾ; ਸਿਰਫ਼ ਉਸ ਮੂਰਤੀ ਨੂੰ ਬੀਠਲ ਸਮਝਿਆ ਜੋ ਮੰਦਰ ਵਿਚ ਸੀ, ਸੰਸਾਰ ਵਿਚ ਵੱਸਦਾ ਬੀਠਲ ਉਸ ਨੂੰ ਨਾ ਦਿੱਸਿਆ। ਤੁਰਕ ਇਸ ਗੱਲੋਂ ਕੁਝ ਬਚਿਆ ਰਿਹਾ। ਇਸ ਨੇ ਹਜ਼ਰਤ ਮੁਹੰਮਦ ਸਾਹਿਬ ਵਿਚ ਪੂਰਾ ਸਿਦਕ ਬਣਾਇਆ ਹੈ। ਪਰ ਇਕ ਉਕਾਈ ਇਹ ਭੀ ਖਾ ਗਿਆ, ਇਸ ਨੇ ਮਸਜਿਦ ਨੂੰ ਹੀ ਰੱਬ ਦਾ ਘਰ ਸਮਝ ਲਿਆ ਹੈ, ਇਸ ਨੇ ਨਿਰੇ ਕਾਹਬੇ ਵਿਚ ਹੀ ਰੱਬ ਨੂੰ ਵੇਖਣ ਦੀ ਕੋਸ਼ਸ਼ ਕੀਤੀ ਹੈ। ਸੋ, ਇਕ ਅੱਖੋਂ ਕਾਣਾ ਰਹਿ ਗਿਆ। ਗੁਰੂ ਨਾਨਕ ਸਹਿਬ ਨੂੰ ਭਲਾ ਇਹ ਸ਼ਬਦ ਕਿਉਂ ਪਿਆਰਾ ਲੱਗਾ? ਉਹਨਾਂ ਭਗਤ ਜੀ ਦੇ ਵਤਨ ਤੋਂ ਇਹ ਸਾਂਭ ਕੇ ਕਿਉਂ ਲਿਆਂਦਾ? ਹੁਣ ਉੱਪਰਲੀ ਵਿਚਾਰ ਦੇ ਸਾਹਮਣੇ ਉੱਤਰ ਸਪੱਸ਼ਟ ਹੈ-(੧) ਗੁਰੂ (ਗ੍ਰੰਥ ਸਾਹਿਬ) ਦੀ ਬਾਣੀ ਸਿੱਖ ਦੇ ਜੀਵਨ ਦਾ ਆਸਰਾ ਹੈ, ਪਰ ਇਸ ਵਿਚ ਕਿਤੇ ਕੋਈ ਸ਼ੱਕ ਨਹੀਂ ਰਹਿਣਾ ਚਾਹੀਦਾ ਕਿ ਫ਼ਲਾਣਾ ਸ਼ਬਦ ਤਾਂ ਸਾਨੂੰ ਨਹੀਂ ਜੱਚਦਾ; (੨) ਜੇ ਪਾਂਡੇ ਦੇ ਮਹਾਦੇਵ ਵਾਂਗ ਸਿੱਖ ਨੇ ਭੀ ਆਪਣੇ ਪ੍ਰੀਤਮ ਗੁਰੂ ਨੂੰ ਸਰਾਪ ਦੇਣ ਵਾਲਾ ਮੰਨ ਲਿਆ; ਤਾਂ ਜਿਵੇਂ ਪਾਂਡਾ ਮਹਾਦੇਵ ਨੂੰ ਪੂਜਦਾ ਤਾਂ ਹੈ ਪਰ ਉਸ ਪਾਸੋਂ ਕੰਬਦਾ ਫਿਰ ਭੀ ਰਹਿੰਦਾ ਹੈ ਕਿ ਕਿਤੇ ਸ੍ਰਾਪ ਨਾ ਮਿਲ ਜਾਏ, ਸਿੱਖ ਦਾ ਭੀ ਇਹੀ ਹਾਲ ਰਹੇਗਾ, ਗੁਰੂ ਦੇ ਚਰਨਾਂ ਤੋਂ ਰੀਝ ਨਾਲ ਸਦਕੇ ਨਹੀਂ ਹੋ ਸਕੇਗਾ, ਕਿਉਂਕਿ ਉਸ ਨੂੰ ਇਹੀ ਡਰ ਰਹੇਗਾ ਕਿ ਗੁਰੂ ਗੁੱਸੇ ਵਿਚ ਆ ਕੇ ਸ੍ਰਾਪ ਦੇ ਸਕਦਾ ਹੈ; (੩) ਸਿੱਖ ਦਾ ਪੂਜਯ ਅਕਾਲ ਪੁਰਖ ਹਰ ਥਾਂ ਹੈ, ਤੇ ਸਿੱਖ ਦਾ ਤੀਰਥ ਉਸ ਦਾ ਆਪਣਾ ਹਿਰਦਾ ਹੈ, ਜਿੱਥੇ ਨਿਤ ਜੁੜ ਕੇ ਸਿੱਖ ਇਸ਼ਨਾਨ ਕਰਦਾ ਹੈ। ਗੁਰੂ ਕੇ ਸਿਖਾ, “ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥” ਇਹ ਨਾ ਹੋਵੇ ਕਿ ਤੂੰ ਵੀ ਆਪਣੇ ‘ਸ਼ਾਹਿ ਸ਼ਹਨਸ਼ਾਹ’ ਦੀਆ ਅਖੀਆਂ ਵਿਚ ਅੰਨਾ ਕਾਣਾ ਹੋ ਜਾਵੇ । ਜਿਸ ਸਤਿਗੁਰੂ ਦੀ ਬਾਣੀ ਨੂੰ ਤੂੰ ਆਪਣਾ ਗਿਆਨ-ਦਾਤਾ ਕਹਿੰਦਾ ਹੈਂ, ਉਸ ਵਿਚ ਤੂੰ ਆਪ ਹੀ ਨੁਕਸ ਦੱਸੀ ਜਾ ਰਿਹਾ ਹੈਂ । ਫਿਰ ਤੇਰਾ ਸਿਦਕ ਕਿਵੇ ਬੱਝੇ? ਕੀ ਤੇਰੀ ਵੀ ਗਿਆਨ ਦੀ ਅੱਖ ਗਈ? ਜਬ ਇਹ ਗਹੈ ਬਿਪਰਨ ਕੀ ਰੀਤ ॥ ਇਹ ਹੈ “ਬਿਪਰਨ ਕੀ ਰੀਤ” – ਬਚਨ ਕੇ ਬਲੀ, ਕਲਗੀਆਂ ਵਾਲੇ, ਬਾਜਾਂ ਵਾਲੇ, ‘ਬਾਦਸ਼ਾਹ ਦਰਵੇਸ਼’, ਸਚੇ ਪਾਤਸ਼ਾਹ ਦੀ ਬਾਣੀ ਉਤੇ ਕਿੰਤੂ ਕਰਨਾ। ਓਏ ਸਿਖਾ, ਤੇਰੇ ਲਈ ਮੇਰੇ ‘ਬੇਕਸਾਂ ਰਾ ਯਾਰ’ ਸਾਹਿਬ ਨੇ ਸਾਰਾ ਸਰਬੰਸ ਵਾਰ ਦਿਤਾ । ‘ਹਕ ਰਾ ਗੰਜੂਰ’ ਸਤਿਗੁਰੂ ਕੀ ਬਾਣੀ ਪੜਦਿਆਂ ਸੁਣਦਿਆਂ ਤੇਰਾ ਦਾੜਾ ‘ਕੇਸ ਭਏ ਦੁਧਵਾਨੀ’, ਪਰ ਤੈਨੂੰ ਆਪਣੇ ‘ਬਰ ਦੋ ਆਲਮ ਸ਼ਾਹ’ ਬਾਪੂ ਦੀ ਭਾਸ਼ਾ ਦੀ ਅਜੇ ਵੀ ਸਮਝ ਨਾ ਆਈ । ਤੂੰ ਸਤਿਗੁਰੂ ਕੀ ਬਾਣੀ ਦੇ ਅਤਿ ਕਰਾਰੇ ਖੜਗ ਦਾ ਗਿਆਨ ਤਾਂ ਕੀ ਸੀ ਪਾਉਣਾ, ਬਿਨਾ ਪੜੇ ਸੁਣੇ ਹੀ ਕਾਲੇ ਅਫਗਾਨੇ ਦੇ ਰਸਤੇ ਤੇ ਟੁਰ ਪਿਐਂ । ਗੁਰੂ ਦਸਵੇ ਪਾਤਸ਼ਾਹ ਜੀ ਦੀ ਬਾਣੀ, ਸ੍ਰੀ ਦਸਮ ਗ੍ਰੰਥ ਜੀ ਕੀ ਬਾਣੀ ਸਤਿਗੁਰ ਕੀ ਬਾਣੀ ਹੈ, ਧੁਰ ਕੀ ਬਾਣੀ ਹੈ, ਸਤਿ ਸਰੂਪ ਹੈ, ਅਕਾਲ ਰੂਪ ਹੈ, ਪੂਜਣ ਜੋਗ ਹੈ । ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ ॥ ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥ ਸ੍ਰੀ ਦਸਮ ਗ੍ਰੰਥ ਜੀ ਬਾਰੇ ਗੁਰੂ ਖਾਲਸਾ ਪੰਥ ਦੇ ਫੈਸਲੇ ਅਟਲ ਹਨ। ਗੁਰੂ ਖਾਲਸਾ ਪੰਥ ਦਾ ਫੈਸਲਾ ਪੂਰੇ ਸੂਰੇ ‘ਬਾਦਸ਼ਾਹ ਦਰਵੇਸ਼’ ਦਾ ਫੈਸਲਾ ਹੈ, ਹੁਕਮ ਹੈ। ਇਸ ਲਈ ਸ੍ਰੀ ਦਸਮ ਗ੍ਰੰਥ ਜੀ ਦੇ ਵਿਰੁਧ ਆਪਣੇ ਚੁੰਚਗਿਆਨ ਅਤੇ ਮਨਮਤ ਦੇ ਨਾਲ ਚਰਚਾ ਕਰਨੀ ਨਿਰੀ ਮਨਮੁਖਤਾ ਅਤੇ ਮੂਰਖਤਾ ਹੈ। ਜੋ ਲੋਕ ਸ੍ਰੀ ਦਸਮ ਗ੍ਰੰਥ ਜੀ ਦੇ ਵਿਰੁਧ ਕੁਬੋਲ ਬੋਲ ਰਹੇ ਹਨ, ਓਹ ਗੁਰੂ ਕੇ ਨਿੰਦਕ ਹਨ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭੁ ਸੰਸਾਰੁ ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ ਸਲੋਕ ਮ: 4 ॥ ਗੁਰ ਕੀ ਨਿੰਦਾ ਸੁਨੈ ਨ ਕਾਨ ॥ …… ਸਿੱਖ ਦੀ ਤਾਰੀਫ਼ - ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ (ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤਕ), ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਰਹਿਤਨਾਮਾ ਭਾਈ ਦੇਸਾ ਸਿੰਘ ਜੀ: ਭਾਈ ਦੇਸਾ ਸਿੰਘ ਜੀ ਦੇ ਪੁਰਾਤਨ ਰਹਿਤਨਾਮੇ ਤੋਂ ਸਪਸ਼ਟ ਹੈ ਕਿ “ਦੁਹੂ ਗ੍ਰੰਥ” ਕੀ ਬਾਣੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਜੀ ਕੀ ਬਾਣੀ) ਸਤਿਗੁਰੂ ਕੀ ਬਾਣੀ ਹੈ। ਇਸ ਦੇ ਉਤੇ ਕੋਈ ਤਕਰਾਰ ਨਹੀ। ਜੋ ਸਿਖ ਖਾਲਸਾਈ ਰਹਿਤਨਾਮਿਆ ਦੀ ਉਲੰਘਣਾ ਕਰਦਾ ਹੈ, ਸੋ ਤਨਖਾਹੀਆ। ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਆਪ ਇਕ ਭਰੋਸੇਯੋਗ ਸਬੂਤ ਹੈ ਕਿ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਖੜਗਧਾਰੀ ‘ਨਾਸਿਰੋ ਮਨਸੂਰ’ ਸਤਿਗੁਰੂ ਜੀ ਦੀ ਰਚਨਾ ਹੈ: ਦਸਮ ਕਥਾ ਭਾਗੌਤ ਕੀ ਭਾਖਾ ਕਰੀ ਬਨਾਇ, ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੇ ਚਾਇ। <<ਸੱਤ੍ਰਹ ਸੈ ਪੈਤਾਲ ਮਹਿ ਸਾਵਨ ਸੁਦਿਥਿਤਿ ਦੀਪ ॥ ਨਗਰ ਪਾਂਵਟਾ ਸੁਭ ਕਰਨ ਜਮਨਾ ਬਹੈ ਸਮੀਪ ॥ ਸ੍ਰੀ ਦਸਮ ਗ੍ਰੰਥ ਜੀ ਬਾਰੇ ਅਕਾਲ ਤਖਤ ਸਾਹਿਬ ਜੀ ਦੇ ਮਤੇ, ਪੰਜ ਸਿੰਘ ਸਾਹਿਬਾਨ ਦੇ ਨਿਰਣੇ, ਹਰ ਇਕ ਸਿਖ ਲਈ ਸਤਿਗੁਰੂ ਕਾ ਹੁਕਮ ਹਨ। ‘ਖ਼ਾਲਸਾ ਮੇਰੋ ਸਤਿਗੁਰ ਪੂਰਾ’ ਸ੍ਰੀ ਦਮਸ ਗ੍ਰੰਥ ਸਾਹਿਬ ਬਾਬਤ ਸ੍ਰੀ ਅਕਾਲ ਸਾਹਿਬ ਦਾ ਮਤਾ (ਨਵੰਬਰ 27, 2006):
• ਰੀਪੋਰਟ - ਸੋਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ, 1897 ਉਪਰ ਲਿਖੇ ਵਿਦਵਾਨਾਂ ਵਿਚੋਂ ਡਾਕਟਰ ਤਿਰਲੋਚਨ ਸਿੰਘ ਜੀ ਇਕ ਉਚ ਚੋਟੀ ਦੇ ਵਿਦਵਾਨ ਸਨ ਅਤੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੇ ਨਿਕਟਵਰਤੀ ਸਨ, ਜਿਨਾ ਨੇ ਜੇਲ ਚਿਠੀਆਂ ਕਿਤਾਬ ਦਾ ਇੰਗਲਿਸ਼ ਵਿਚ ਤਰਜਮਾ ਕੀਤਾ। ਭਾਈ ਸਾਹਿਬ ਰਣਧੀਰ ਸਿੰਘ ਜੀ ਸ੍ਰੀ ਦਸਮ ਗ੍ਰੰਥ ਜੀ ਨੂੰ ਸਤਿਗੁਰੂ ਜੀ ਕੀ ਬਾਣੀ ਜਾਣ ਕੇ ਸਤਿਕਾਰਦੇ ਸਨ। ਜੇਲ ਦੀਆਂ ਕਾਲ ਕੋਠੜੀਆਂ ਵਿਚ ਭਾਈ ਸਾਹਿਬ ਅਤੇ ਉਹਨਾ ਦੇ ਸਾਥੀਆਂ ਨੇ ਆਪਣੇ ਨਿਤਨੇਮ ਵਿਚ ਤਵਪ੍ਰਸਾਦ ਸਵਯੇ, ਸੁਧਾ ਸਵਯੇ, ਚੌਪਈ ਸਾਹਿਬ, ਅਕਾਲ ਉਸਤਤ, ਚੰਡੀ ਦੀ ਵਾਰ, ਅਤੇ ਹੋਰ ਅਨੇਕ ਦਸਮੇਸ਼ ਜੀ ਦੀ ਬਾਣੀਆਂ ਦੇ ਕੰਠਾਗਰ ਪਾਠ ਦੀਆਂ ਅਨਹਤ ਗੂੰਜਾਂ ਪਾਈਆਂ। ਸਤਿਕਾਰ ਯੋਗ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਅਤੇ ਹੋਰ ਪੁਰਾਤਨ ਦਮਦਮੀ ਟਕਸਾਲ ਦੇ ਸਿੰਘ ਸਿਘੰਣੀਆਂ ਸ੍ਰੀ ਦਸਮ ਗ੍ਰੰਥ ਜੀ ਦੀ ਬਾਣੀ ਅਕਾਲ ਰੂਪ ਸਮਝ ਕੇ ਸਤਿਕਾਰਦੇ ਰਹੇ ਹਨ। ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਖਦੇ ਸਨ ਕਿ: "ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸ਼ਹੀਦਾਂ ਤਰਨਾਂ ਦਲ ਹਰੀਆਂ ਬੇਲਾਂ ਵਾਲਿਆਂ ਨੇ ਕਿਹਾ ਕਿ ਨਿਰਸੰਦੇਹ ਨਿਹੰਗ ਸਿੰਘ ਜਥੇਬੰਦੀਆਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਦੀਆਂ ਹਨ, ਪ੍ਰੰਤੂ ਕੁਝ ਪੰਥ ਵਿਰੋਧੀ ਤਾਕਤਾ ਵਲੋਂ ਇੱਕ ਸਾਜਿਸ਼ ਤਹਿਤ ਦਸਮ ਪਿਤਾ ਦੀ ਬਾਣੀ ਦਸਮ ਗ੍ਰੰਥ ਸਬੰਧੀ ਸਿੱਖ ਸੰਗਤਾਂ ਵਿੱਚ ਭੁਲੇਖਾ ਪਾਊ ਪ੍ਰਚਾਰ ਕੀਤਾ ਜਾ ਰਿਹਾ ਹੈ ਜੋ ਅਸਿਹ ਹੈ। ਉਨ੍ਹਾਂ ਕਿਹਾ ਕਿ ਦਸਮ ਗ੍ਰੰਥ ਦੀ ਬਾਣੀ ਤੋਂ ਬਿਨ੍ਹਾਂ ਗੁਰਸਿੱਖ ਦਾ ਨਾ ਤਾਂ ਨਿਤਨੇਮ, ਨਾ ਖੰਡੇ ਬਾਟੇ ਦਾ ਅੰਮ੍ਰਿਤ ਅਤੇ ਨਾ ਹੀ ਅਰਦਾਸ ਸੰਪੂਰਨ ਹੁੰਦੀ ਹੈ।ਉਨ੍ਹਾਂ ਸ਼ਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਗੁਰਸਿੱਖ ਦੇ ਜੀਵਨ 'ਚੋ ਨਿਤਨੇਮ, ਅੰਮ੍ਰਿਤ ਅਤੇ ਅਰਦਾਸ ਹੀ ਕੱਢ ਦਿੱਤੀ ਜਾਵੇ ਤਾਂ ਸਿੰਘ ਜਾ ਸਿੱਖ ਸ਼ਬਦ ਦਾ ਕੋਈ ਅਰਥ ਨਹੀ ਰਹਿ ਜਾਂਦਾ। ਉਨ੍ਹਾਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵਲੋਂ ਸਰਕਾਰ ਨੂੰ ਅਪੀਲ ਕਰਦੀਆ ਕਿਹਾ ਕਿ ਪੰਜਾਬ ਸੂਬੇ ਦੇ ਸ਼ਾਂਤਮਈ ਮਹੌਲ ਨੂੰ ਵਿਗਾੜ ਕੇ ਧਾਰਮਿਕ ਆਗੂਆਂ ਦੇ ਅਕਸ ਅਤੇ ਦਸਮ ਪਿਤਾ ਦੀ ਬਾਣੀ ਨੂੰ ਚੈਲੰਜ ਕਰਨ ਵਾਲਿਆ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ…" ਹੁਸ਼ਿਆਰਪੁਰ 22 ਜਨਵਰੀ-: ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਉੱਘੇ ਕੀਰਤਨੀਏ ਪ੍ਰੋ. ਦਰਸ਼ਨ ਸਿੰਘ ਰਾਗੀ ਦੁਆਰਾ ਪਿਛਲੇ ਕਾਫੀ ਲੰਬੇ ਅਰਸੇ ਤੋਂ ਭਾਈ ਗੁਰਦਾਸ ਜੀ ਦੂਜੇ ਦੀਆਂ ਵਾਰਾਂ ਅਤੇ ਸ੍ਰੀ ਦਸ਼ਮ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਵਿਰੁਧ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖ਼ਤ ਨੋਟਿਸ ਲੈਂਦਿਆ ਅੱਜ ਨਿਹੰਗ ਸਿੰਘਾਂ ਦੀ ਸ੍ਰੋਮਣੀ ਜਥੇਬੰਦੀ ਪੰਥ ਅਕਾਲੀ ਤਰਨਾ ਦਲ ਹਰੀਆਂ ਵੇਲਾਂ ਦੇ ਮੁੱਖੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਨੇ ਦਰਸ਼ਨ ਸਿੰਘ ਰਾਗੀ ਨੂੰ ਸਖ਼ਤ ਤਾੜਨਾ ਕਰਦਿਆ ਚੇਤਾਵਨੀ ਦਿੱਤੀ ਹੈ ਕਿ ਉਹ ਦਸ਼ਮ ਪਾਤਸ਼ਾਹ ਦੀ ਬਾਣੀ ਅਤੇ ਖਾਲਸਾ ਪੰਥ ਦੀਆਂ ਹੋਰ ਅਮੀਰ ਪ੍ਰੰਪਰਾਵਾਂ ਵਿਰੁਧ ਕੂੜ ਪ੍ਰਚਾਰ ਤੁਰੰਤ ਬੰਦ ਕਰ ਦੇਵੇ ਰਾਗੀ ਦਰਸ਼ਨ ਸਿੰਘ ਦੁਆਰਾ ਹੁਣ ਤੱਕ ਕੀਤੇ ਗਏ ਦੁਸ਼ ਪ੍ਰਚਾਰ ਅਤੇ ਕਾਰਵਾਈਆਂ ਲਈ ਖਾਲਸਾ ਪੰਥ ਤੋਂ ਸਪੱਸਟ ਅਤੇ ਖੁੱਲੇ ਸ਼ਬਦਾਂ ਵਿਚ ਮਾਫੀ ਮੰਗਣ । ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆ ਨੇ ਕਿਹਾ ਕਿ ਜੇ ਰਾਗੀ ਦਰਸ਼ਨ ਸਿੰਘ ਪੰਥ ਪਾਸੋਂ ਮਾਫੀ ਨਹੀਂ ਮੰਗਦਾ ਤਾਂ ਉਹ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸੰਤ ਸਮਾਜ, ਟਕਸਾਲਾਂ ਅਤੇ ਹੋਰ ਸਮੂਹ ਪੰਥ ਹਿਤੇਸੀ ਵਿਦਵਾਨਾਂ ਅਤੇ ਆਗੂਆਂ ਦੇ ਸਹਿਯੋਗ ਨਾਲ ਦਰਸ਼ਨ ਸਿੰਘ ਰਾਗੀ ਵਿਰੁਧ ਖਾਲਸਾ ਪ੍ਰੰਪਰਾਵਾਂ ਅਨੁਸਾਰ ਉਪਰਾਲੇ ਅਰੰਭ ਕਰਨਗੇ। ਉਹਨਾਂ ਕਿਹਾ ਕਿ ਦਸ਼ਮ ਪਾਤਸ਼ਾਹ ਦੀ ਬਾਣੀ ਵਿਰੁਧ ਦੁਸ਼ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਹਿਲਾਂ ਹੀ ਹੁਕਮਨਾਮਾ ਜਾਰੀ ਕਰ ਸ਼ਰਾਰਤੀ ਅਨਸਰ ਕਰਾਰ ਦਿੱਤਾ ਹੋਇਆ ਹੈ। ਇਸ ਹੁਕਮਨਾਮੇ ਦੇ ਬਾਵਜੂਦ ਵੀ ਰਾਗੀ ਦਰਸ਼ਨ ਸਿੰਘ ਦਾ ਦਸ਼ਮ ਗ੍ਰੰਥ ਸਾਹਿਬ ਵਿਰੁਧ ਬੋਲਣਾ ਅਤੇ ਕੂੜ ਪ੍ਰਚਾਰ ਕਰਨਾ ਖਾਲਸਾ ਪੰਥ ਤੋਂ ਸਿੱਧੀ ਬਗਾਵਤ ਹੈ। ਰਾਗੀ ਦਰਸ਼ਨ ਸਿੰਘ ਹੁਣ ਜਾਂ ਤਾਂ ਭਾਗ ਸਿੰਘ ਅੰਬਾਲਾ ਵਾਂਗੂ ਮਾਫੀ ਮੰਗ ਕੇ ਪੰਥ ਦਾ ਹਿੱਸਾ ਬਣਿਆ ਰਹੇ ਜਾਂ ਕਾਲੇ ਅਫਗਾਨੇ ਵਾਂਗੂ ਪੰਥ ਵਿਚੋ ਛੇਕਿਆ ਜਾਵੇ। ਇਹ ਫੈਸਲਾ ਰਾਗੀ ਦਰਸ਼ਨ ਸਿੰਘ ਨੇ ਆਪ ਕਰਨਾ ਹੈ।
ਐ ਗੁਰੂ ਕੇ ਸਿਖ, “ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥” ਅਜ ਸ੍ਰੀ ਦਸਮੇਸ਼ ਜੀ ਕੀ ਵਰੋਸਾਈ ਸਾਬੋ ਕੀ ਤਲਵੰਡੀ, ‘ਗੁਰੂ ਕੀ ਕਾਂਸ਼ੀ’ ਤੈਨੂੰ ਬੁਲਾਵੇ ਦੇ ਰਹੀ ਹੈ। ਕੀ ਅਜ ਤੂੰ “ਝੂਠੀ ਮਾਇਆ ਦੇਖ ਕੈ” ਆਪਣੇ ‘ਜਾਗਤ ਜੋਤ’ ਸਤਿਗੁਰੂ ਨੂੰ ਭੁਲਾ ਤਾ ਨਹੀ ਗਇਓਂ, ਅੰਨਾ ਅਤੇ ਬੋਲਾ ਤਾ ਨਹੀ ਹੋ ਗਇਓਂ। ਅਜ ਤੈਨੂੰ ਓਸ ਮਰਦ ਅਗਮੜੇ ਦਾ ਗੁਰੂ ਖਾਲਸਾ ਪੰਥ ਤੈਨੂੰ ਵੰਗਾਰ ਰਿਹੈ:
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਉਹ ਗੁਰੁ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ । ਸ੍ਰੀ ਅਕਾਲ ਤਖਤ ਸਾਹਿਬ ਜੀ ਵਲੋਂ ਅੰਕਤ ਕੀਤੇ ਹੋਏ ਸਭ ‘ਸ਼ਰਾਰਤੀ ਅਨਸਰਾਂ’ ਨੂੰ ਇਹ ਸਖਤ ਚੇਤਾਵਨੀ ਹੈ ਕਿ ਉਹ ਆਪਣੀਆਂ ਗੁਰਮਤਿ ਵਿਰੋਧੀ ਹਰਕਤਾਂ ਬੰਦ ਕਰਨ। ਸਮੂਹ ਸਿਖ ਸੰਗਤਾਂ ਨੂੰ ਅਪੀਲ ਹੈ ਕਿ ਜੋ ਅਖੌਤੀ ਵਿਦਵਾਨ ਦੁਬਦਾਵਾਂ ਪੈਦਾ ਕਰਦੇ ਹਨ ੳਹਨਾਂ ਤੋਂ ਸੰਗਤਾਂ ਸੁਚੇਤ ਰਹਨ ਅਤੇ ਮੂਹ ਨਾਂ ਲਾਊਣ । ਅਤੇ ਆਪਣੇ ਖੜਗਧਾਰੀ ‘ਬਰ ਦੋ ਆਲਮ ਸ਼ਾਹ’ ਸਤਿਗੁਰੂ ਦਾ ਦਿਤਾਂ ਅਤਿ ਖੜਗ ਕਰਾਰਾ ਗਿਆਨ ਲੈ ਕੇ ਇਹ ਚਲ ਰਹੀ ‘ਬਿਪਰਨ ਕੀ ਰੀਤ’ ਦਾ ਸਖਤ ਟਾਕਰਾ ਕਰਨ । ਭੇਖੀਆਂ ਭਰਮੀਆਂ ਦੀ ਸਭਾ ਉਠਾਇਕੈ, Click to view original article in PDF format - ਦਾਸਰੇ, ਅਖੰਡ ਕੀਰਤਨੀ ਜਥਾ (California) |