ਹਮ ਇਹ ਕਾਜ ਜਗਤ ਮੋ ਆਏ॥ - ਵਰਿਆਮ ਸਿੰਘ
ਮਹਾਦੇਵ ਅਚੁਤ ਕਹਵਾਯੋ॥ ਬਿਸ਼ਨ ਆਪ ਹੀ ਕੋ ਠਹਰਾਯੋ॥ ਬ੍ਰਹਮਾ ਆਪ ਪਾਰਬ੍ਰਹਮ ਬਖਾਨਾ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ॥8॥ (ਬਚਿਤ੍ਰ ਨਾਟਕ) ਜੋ ਵੀ ਕੋਈ ਥੋੜ੍ਹਾ ਬਹੁਤ ਸਿਆਣਾ ਹੋ ਗਿਆ, ਉਸ ਨੇ ਆਪਣਾ ਹੀ ਮਤ, ਮਜ਼ਹਬ ਵੱਖਰਾ ਚਲਾ ਦਿੱਤਾ। ਪਰ ਉਨ੍ਹਾਂ ਵਿੱਚੋਂ ਕਿਸੇ ਵੀ ਪ੍ਰਭੂ ਪਰਮੇਸ਼ਰ ਨੂੰ ਨਾ ਪਹਿਚਾਣਿਆ ਤੇ ਨਾ ਹੀ ਕਿਸੇ ਉਸ ਨੂੰ ਪ੍ਰਾਪਤ ਕਰਨ ਲਈ ਕੋਈ ਯਤਨ ਕੀਤਾ ਬਲਕਿ ਆਪਣੇ ਵਿਚ ਹਉਮੈ ਹੰਕਾਰ ਵਧਾ ਲਿਆ। ਆਪਣਾ ਪੇਟ ਪਾਲਣ ਦੀ ਖ਼ਾਤਰ ਸਭ ਕੁਝ ਕੀਤਾ ਪ੍ਰੰਤੂ ਪਰਮਾਤਮਾ ਦੇ ਰਸਤੇ ਉੱਪਰ ਕੋਈ ਨਾ ਚੱਲਿਆ। ਗੁਰੂ ਜੀ ਸਪੱਸ਼ਟ ਕਰਦੇ ਹਨ ਕਿ ਜੋ ਲੋਕ ਵੇਦ, ਕਤੇਬ, ਸਿਮਰਤੀਆਂ ਆਦਿ ਦੇ ਪ੍ਰੇਮੀ ਬਣ ਗਏ ਉਨ੍ਹਾਂ ਵੀ ਬ੍ਰਹਮ ਜਾਂ ਅਕਾਲ ਪੁਰਖ ਨੂੰ ਤਿਆਗਿਆ ਹੋਇਆ ਸੀ ਪਰ ਕੁਝ ਐਸੇ ਲੋਕ ਵੀ ਸਨ ਜਿਨ੍ਹਾਂ ਨੇ ਆਪਣਾ ਮਨ ਹਰੀ ਦੇ ਚਰਨਾਂ ਵਿਚ ਟਿਕਾਇਆ ਹੋਇਆ ਸੀ। ਉਨ੍ਹਾਂ ਨੇ ਵੇਦਾਂ, ਸਿਮਰਤੀਆਂ ਆਦਿ ਦਾ ਕਰਮਕਾਂਡੀ ਰਸਤਾ ਤਿਆਗਿਆ ਹੋਇਆ ਸੀ: ਜਿਨ ਮਨੁ ਹਰ ਚਰਨਨ ਠਹਰਾਯੋ॥ ਸੋ ਸਿੰਮ੍ਰਿਤਨ ਕੇ ਰਾਹ ਨ ਆਯੋ॥18॥ ਜਿਨ ਕੀ ਲਿਵ ਹਰਿ ਚਰਨਨ ਲਾਗੀ॥ ਤੇ ਬੇਦਨ ਤੇ ਭਏ ਤਿਆਗੀ॥19॥ ਜਿਨ ਮਤਿ ਬੇਦ ਕਤੇਬਨ ਤਿਆਗੀ॥ ਪਾਰਬ੍ਰਹਮ ਕੇ ਭੇ ਅਨੁਰਾਗੀ॥ (ਬਚਿਤ੍ਰ ਨਾਟਕ) ਸਪੱਸ਼ਟ ਹੈ ਕਿ ਐਸੇ ਕੁਝ ਲੋਕ ਮਹਾਂਪੁਰਸ਼ ਸਨ ਜੋ ਬੇਦ-ਕਤੇਬ ਦੇ ਕਰਮਕਾਂਡਾਂ ਅਤੇ ਆਪਣੇ ਆਪ ਨੂੰ ਪਰਮੇਸ਼ਰ ਅਖਵਾਉਣ ਦੀਆਂ ਰੁਚੀਆਂ ਦੇ ਵਿਰੋਧੀ ਅਤੇ ਪਰਮੇਸ਼ਰ ਦੇ ਅਸਲ ਸਰੂਪ ਨੂੰ ਪਹਿਚਾਣਦੇ ਸਨ ਪਰ ਮੁਸ਼ਕਲ ਇਹ ਸੀ ਕਿ ਇਸ ਸਤਿ ਉਪਦੇਸ਼ ’ਤੇ ਚੱਲਣ ਵਾਲਿਆਂ ਨੂੰ ਦੁੱਖ-ਤਕਲੀਫਾਂ, ਜ਼ੁਲਮ, ਤਸ਼ੱਦਦ ਸਹਿਣੇ ਪੈਂਦੇ ਸਨ। ਐਸੇ ਲੋਕਾਂ ਨੂੰ ਸਰੀਰ ਉੱਪਰ ਕਈ ਕਿਸਮ ਦੀਆਂ ਤਕਲੀਫਾਂ, ਯਾਤਨਾ ਤੇ ਤਸੀਹੇ ਝੱਲਣੇ ਪੈਂਦੇ : ਤਿਨ ਕੇ ਗੂੜ ਮਤਿ ਜੇ ਚਲ ਹੀ॥ ਭਾਂਤਿ ਅਨੇਕ ਦੂਖ ਸੋ ਦਲ ਹੀ॥20॥ (ਬਚਿਤ੍ਰ ਨਾਟਕ) ਅਖੀਰ ਵਿਚ ਗੁਰਦੇਵ ਜੀ ਬਿਆਨ ਕਰਦੇ ਹਨ ਕਿ ਦੁਨੀਆਂ ਦੇ ਐਸੇ ਚਿਹਨ-ਚੱਕਰ ਦੇਖ ਅਕਾਲ ਪੁਰਖ ਨੇ ਮੈਨੂੰ ਆਪਣਾ ਪੁੱਤਰ ਕਹਿ ਨਿਵਾਜਦੇ ਇਸ ਮਾਤ ਲੋਕ ਵਿਚ ਧਰਮ ਦਾ ਬੋਲ-ਬਾਲਾ ਕਰਨ ਅਤੇ ਖੋਟੀ ਮਤ ਵਾਲਿਆਂ ਭਾਵ ਨਿਰੰਕਾਰ ਨੂੰ ਵਿਸਾਰ ਫੋਕੇ ਕਰਮ ਕਰਨ ਦੀਆਂ ਰੁਚੀਆਂ ਨੂੰ ਹਟਾਉਣ ਲਈ ਭੇਜਿਆ: ਮੈ ਅਪਨਾ ਸੁਤ ਤੋਹਿ ਨਿਵਾਜਾ॥ ਪੰਥੁ ਪ੍ਰਚੁਰ ਕਰਬੇ ਕਹ ਸਾਜਾ॥ ਜਹਾ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥29॥ (ਬਚਿਤ੍ਰ ਨਾਟਕ) ਸੋ ਧਰਮ ਦਾ ਬੋਲ-ਬਾਲਾ ਕਰਨ, ਸੰਤਾਂ ਨੂੰ ਬਚਾਉਣ ਤੇ ਦੁਸ਼ਟ ਲੋਕਾਂ ਨੂੰ ਜੜ੍ਹੋਂ ਪੁੱਟਣਾ ਇਹ ਮਕਸਦ ਸੀ ਗੁਰਦੇਵ ਜੀ ਦੇ ਪ੍ਰਗਟ ਹੋਣ ਦਾ: ਯਾਹੀ ਕਾਜ ਧਰਾ ਹਮ ਜਨਮੰ॥ ਸਮਝ ਲੇਹੁ ਸਾਧੂ ਸਭ ਮਨਮੰ॥ ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਿਨ॥43॥ (ਬਚਿਤ੍ਰ ਨਾਟਕ) ਇਸ ਮਕਸਦ ਦੀ ਪੂਰਤੀ ਲਈ ਗੁਰਦੇਵ ਜੀ ਨੇ ਸੰਤਾਂ ਦਾ ਪੱਖ ਲੈਣਾ ਸੀ। ਕੁਦਰਤੀ ਹੈ ਦੁਸ਼ਟਾਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਹੀ ਸੀ। ਸੰਤ ਕੌਣ ਸਨ? ਦੁਸ਼ਟ ਕੌਣ ਸਨ? ਉਪਰੋਕਤ ਵਿਸਥਾਰ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਜੋ ਆਪ ਹੀ ਪਰਮੇਸ਼ਰ ਬਣ ਗਿਆ ਨਾਮ ਜਪਾਉਣ ਲੱਗ ਗਏ, ਜੋ ਧਰਮ ਦੇ ਫੋਕਟ ਕਰਮਕਾਂਡਾਂ ਵਿਚ ਉਲਝ ਗਏ ਉਨ੍ਹਾਂ ਦੇ ਅੰਦਰ ਮਲੀਨ ਹੋ ਗਏ; ਉਹ ਦੁਸ਼ਟ ਬਣ ਗਏ। ਜੋ ਅਕਾਲ ਪੁਰਖ ਨੂੰ ਪਹਿਚਾਣ, ਸਤਿ ਦੇ ਰਸਤੇ ਚੱਲ ਪਏ ਉਹ ਸੰਤ। ਇਤਿਹਾਸ ਗਵਾਹ ਹੈ ਕਿ ਗੁਰੂ ਜੀ ਨੇ ਆਪਣਾ ਸਾਰਾ ਜੀਵਨ ਇਸ ਮਕਸਦ ਦੀ ਪੂਰਤੀ ਲਈ ਸੰਘਰਸ਼ ਕੀਤਾ। ਸਾਹਿਤ ਸਿਰਜਣਾ ਅਤੇ ਪ੍ਰਚਾਰ ਰਾਹੀਂ ਅਤੇ : ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ॥ ਹਲਾਲ ਅਸਤ ਬੁਰਦਨ ਬ-ਸ਼ਮਸ਼ੀਰ ਦਸਤ ॥22॥ (ਜ਼ਫ਼ਰਨਾਮਹ) ਅਨੁਸਾਰ ਜਦ ਬਾਕੀ ਸਾਰੇ ਹੀਲੇ-ਵਸੀਲੇ ਖ਼ਤਮ ਹੋ ਗਏ ਤਾਂ ਮੈਦਾਨ-ਏ-ਜੰਗ ਅੰਦਰ ਹਥਿਆਰ ਰਾਹੀਂ ਵੀ ਦੁਸ਼ਟਾਂ ਦੀ ਦੁਸ਼ਟਤਾ ਖ਼ਤਮ ਕਰਨ ਲਈ ਹਰ ਹੁੰਦਾ ਯਤਨ ਕੀਤਾ। ਉਹ ਇਸ ਸਿਧਾਂਤ ਪ੍ਰਤੀ ਇਤਨੇ ਦ੍ਰਿੜ੍ਹ ਤੇ ਸਪੱਸ਼ਟ ਸਨ ਕਿ ਹਰ ਤਰ੍ਹਾਂ ਦੇ ਹਾਲਾਤ ਵਿਚ ਉਨ੍ਹਾਂ ਆਪਣੇ ਨਿਸ਼ਾਨੇ ਨੂੰ ਮੁੱਖ ਰੱਖਿਆ। ਇਸ ਨਿਸ਼ਾਨੇ ਦੀ ਕਨਸੋਅ ਨੇ ਦਿੱਲੀ ਦੇ ਮੁਗ਼ਲ ਸਾਮਰਾਜੀਆਂ ਦੀ ਨੀਂਦ ਹਰਾਮ ਕਰ ਦਿੱਤੀ। ਇਸ ਲਈ ਉਨ੍ਹਾਂ ਕਈ ਵੇਰ ਲੱਖਾਂ ਦੀ ਗਿਣਤੀ ਵਿਚ ਪਿਆਰੀ ਅਨੰਦਪੁਰੀ ਨੂੰ ਆ ਘੇਰੇ ਪਾਏ,ਬਾਰ-ਬਾਰ ਯੁੱਧ ਕੀਤੇ। ਇਸੇ ਨਿਸ਼ਾਨੇ ਦੀ ਸੂਹ ਜਦ ਪਹਾੜੀ ਰਾਜਿਆਂ ਨੂੰ ਪਈ ਤਾਂ ਉਨ੍ਹਾਂ ਦੇ ਅੰਦਰ ਦੀ ਦੁਸ਼ਟਤਾ ਨੇ ਵੱਟ ਖਾਧਾ। ਦੁਸ਼ਟ, ਦੁਸ਼ਟ ਦੇ ਸਾਥੀ ਸਹਿਯੋਗੀ ਬਣ ਗਏ। ਵਿਚਾਰਨ ਵਾਲੀ ਗੱਲ ਹੈ ਕਿ ਪਿਛੋਕੜ ਇਕ ਨਹੀਂ, ਰੀਤੀ- ਰਿਵਾਜ ਅਤੇ ਤਿਉਹਾਰ; ਮਤ, ਫ਼ਿਰਕਾ ਇਕ ਨਹੀਂ ਪਰ ਇਨ੍ਹਾਂ ਵਿਚ ਭਾਵ ਕਿ ਪਹਾੜੀ ਰਾਜਿਆਂ ਅਤੇ ਮੁਗ਼ਲ ਸਾਮਰਾਜੀਆਂ ਵਿਚ ਕੇਵਲ ਤੇ ਕੇਵਲ ਇਕ ਹੀ ਸਾਂਝ ਹੈ ਤੇ ਉਹ ਹੈ ਦੁਸ਼ਟਤਾ ਦੀ। ਗੁਰਦੇਵ ਦਾ ਤਾਂ ਨਿਸ਼ਾਨਾ ਹੀ ਇਹ ਸੀ ਕਿ ਦੁਸ਼ਮਣਾਂ ਦੀ ਜੜ੍ਹ ਉਖੇੜਨ ਦਾ ਅਤੇ ਇਕ ਮਕਸਦ ਦੀ ਪੂਰਤੀ ਲਈ ਆਪਣਾ ਸਾਰਾ ਪਰਵਾਰ, ਸ਼ੀਰਖੋਰ ਬੱਚੇ, ਪਿਆਰੇ ਸਿੱਖ ਸਭ ਕੁਰਬਾਨ ਕਰ ਦਿੱਤੇ। ਅਕਾਲ ਪੁਰਖ ਵੱਲੋਂ ਜੋ ਹੁਕਮ ਹੋਇਆ ਸੀ ‘ਸੰਤ ਉਬਾਰਨ’ ਅਤੇ ‘ਦੁਸ਼ਟ ਉਪਾਰਨ’ ਦਾ ਇਸ ਉੱਪਰ ਇਤਨੀ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਕਿ ਆਪਣਾ ਸਭ ਕੁਝ ਕੁਰਬਾਨ ਕਰ ਕੇ, ਮਾਛੀਵਾੜੇ ਦੇ ਜੰਗਲਾਂ ਵਿਚ ਸਰੀਰ ਕੰਡਿਆਂ ਨਾਲ ਲੀਰੋ-ਲੀਰ ਪੈਰਾਂ ਹੇਠ ਛਾਲੇ, ਕਈਆਂ ਦਿਨਾਂ ਦੀ ਭੁੱਖ, ਤ੍ਰੇਹ, ਪਰ ਫਿਰ ਵੀ ਇਹੀ ਪੁਕਾਰ ਰਹੇ ਹਨ: ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆ ਦਾ ਰਹਣਾ॥ ਐਸੇ ਹਾਲਾਤ ਅੰਦਰ ਵੀ ਸਬਰ-ਸੰਤੋਖ ਵਿਚ ਹਨ, ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਹਨ। ਸੰਤ ਸੁਭਾਅ ਵਾਲੇ ਲੋਕਾਂ ਦੀ ਹਮਾਇਤ ਅਤੇ ਰੱਖਿਆ ਵਜੋਂ ਝੱਲੇ ਦੁੱਖ-ਤਕਲੀਫਾਂ ਰੂਪੀ ਸੱਥਰ ਉਨ੍ਹਾਂ ਨੂੰ ਚੰਗੇ ਲੱਗ ਰਹੇ ਹਨ, ਇਸ ਦੇ ਮੁਕਾਬਲੇ ਉਹ ਦੁਸ਼ਟ ਲੋਕਾਂ ਦੇ ਸੁਖ-ਆਰਾਮ ਦੀ ਸਾਂਝ ਨੂੰ ‘ਭੱਠ’ ਨਾਲ ਤੁਲਨਾ ਕਰਦੇ ਹਨ। ਦੁਨੀਆਂ ਦਾ ਇਤਿਹਾਸ ਗਵਾਹ ਹੈ ਕਿ ਕਿਸੇ ਵੀ ਪੀਰ, ਔਲੀਏ, ਪੈਗ਼ੰਬਰ, ਅਵਤਾਰ ਨੇ ਨਾ ਤਾਂ ਇਤਨੀ ਸਪੱਸ਼ਟਤਾ ਨਾਲ ਪਰਮੇਸ਼ਰ ਦਾ ਉਪਦੇਸ਼ ਇਕ ਲੋਕਾਈ ਨੂੰ ਦਿੱਤਾ ਅਤੇ ਨਾ ਹੀ ਉਸ ਉੱਪਰ ਇਤਨੀ ਦ੍ਰਿੜ੍ਹਤਾ ਨਾਲ ਪਹਿਰਾ ਦਿੱਤਾ ਬਲਕਿ ਉਹ ਤਾਂ ਦਸਮੇਸ਼ ਪਿਤਾ ਜੀ ਦੇ ਆਪਣੇ ਬਚਨਾਂ ਅਨੁਸਾਰ ਆਪ ਹੀ ਪਰਮੇਸ਼ਰ ਬਣ ਬੈਠਦੇ ਰਹੇ। ਇਹ ਹੀ ਗੁਰਦੇਵ ਜੀ ਦੀ ਸ਼ਖ਼ਸੀਅਤ ਦਾ ਕਮਾਲ ਸੀ ਕਿ ਉਨ੍ਹਾਂ ਦਾ ਦੁਨੀਆਂ ਦੇ ਇਤਿਹਾਸ ਵਿਚ ਨਿਵੇਕਲਾ ਤੇ ਵਿਲੱਖਣ ਸਥਾਨ ਬਣ ਗਿਆ। ਇਸ ਤੋਂ ਵੀ ਅੱਗੇ ਉਨ੍ਹਾਂ ਨੇ ਖਾਲਸਾ ਪੰਥ ਦੀ ਸਿਰਜਣਾ ਕਰਕੇ ਆਪਣੇ ਮਿਸ਼ਨ ਨੂੰ ਅੱਗੇ ਤੋਰਨ ਵਾਲੇ ਐਸੇ ਜੁਝਾਰੂਆਂ ਦੀ ਇਕ ਕੌਮ ਤਿਆਰ ਕਰ ਦਿੱਤੀ ਜਿਨ੍ਹਾਂ ਦਾ ਸੰਘਰਸ਼ ਤਦ ਤਕ ਜਾਰੀ ਰਹਿਣਾ ਹੈ ਜਦ ਤਕ ਇਸ ਧਰਤੀ ਤੋਂ ਸਮੁੱਚੀ ਦੁਸ਼ਟਤਾ ਖ਼ਤਮ ਨਹੀਂ ਹੋ ਜਾਂਦੀ। ਕਈ ਸੰਕੀਰਨ ਸੋਚਣੀ ਵਾਲੇ ਲੋਕ ਗੁਰਦੇਵ ਜੀ ਦੇ ਇਸ ਮਾਤਲੋਕ ਵਿਚ ਆਉਣ ਦੇ ਮਕਸਦ ਅਤੇ ਉਨ੍ਹਾਂ ਦੇ ਮਿਸ਼ਨ ਵੱਲ ਬੜੀ ਸੰਕੋਚਵੀਂ ਅਤੇ ਤੈਰਵੀਂ ਨਜ਼ਰ ਨਾਲ ਦੇਖਦੇ ਹੋਏ ਇਸ ਦੀ ਵਿਸ਼ਵ-ਵਿਆਪੀ ਸਾਰਥਕਤਾ ਨੂੰ ਸੀਮਾਬੱਧ ਕਰਨ ਦਾ ਯਤਨ ਕਰਦੇ ਹਨ। ਮਸਲਨ ਇਹ ਵਿਚਾਰ ਆਮ ਦਿੱਤਾ ਜਾਂਦਾ ਹੈ ਕਿ ਦਸਮੇਸ਼ ਜੀ ਨੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣਾ ਸੀਸ ਦੇਣ ਲਈ ਦਿੱਲੀ ਤੋਰ ਦਿੱਤਾ। ਅਸਲ ਗੱਲ ਇਹ ਨਹੀਂ। ਫਰਜ਼ ਕਰ ਲਉ ਜੇਕਰ ਉਸ ਸਮੇਂ ਦਿੱਲੀ ਦਾ ਤਖ਼ਤ ਕਿਸੇ ਹਿੰਦੂ ਪਾਸ ਹੁੰਦਾ ਅਤੇ ਉਹ ਮੁਸਲਮਾਨਾਂ ਉੱਪਰ ਜ਼ੁਲਮ ਕਰ ਰਿਹਾ ਹੁੰਦਾ ਫਿਰ ਮੁਸਲਮਾਨ, ਕਸ਼ਮੀਰੀ ਬ੍ਰਾਹਮਣਾਂ ਦੀ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਜੀ ਪਾਸ ਫਰਿਆਦੀ ਹੁੰਦੇ ਤਾਂ ਕੀ ਦਸਮੇਸ਼ ਜੀ ਆਪਣੇ ਪਿਤਾ ਜੀ ਨੂੰ ਇਸਲਾਮ ਧਰਮ ਦੀ ਰੱਖਿਆ ਲਈ ਸੀਸ ਦੇਣ ਲਈ ਦਿੱਲੀ ਨਾ ਭੇਜਦੇ? ਮੁੱਕਦੀ ਗੱਲ, ਨਾ ਇਹ ਹਿੰਦੂ ਧਰਮ ਦੀ ਰੱਖਿਆ ਸੀ, ਨਾ ਇਸਲਾਮ ਦੀ, ਇਹ ਦੁਸ਼ਟਤਾ ਦੀ ਜੜ੍ਹ ਉਖੇੜਨ ਦਾ ਇਕ ਹੀਲਾ ਸੀ ਜੋ ਦਸਮੇਸ਼ ਜੀ ਦੇ ਜੀਵਨ ਦਾ ਮਕਸਦ ਸੀ ਅਤੇ ਇਸ ਮਕਸਦ ਲਈ ਹੀ ਉਨ੍ਹਾਂ ਆਪਣੇ ਪਿਤਾ ਜੀ ਨੂੰ ਦਿੱਲੀ ਜਾ ਕੇ ਸੀਸ ਦੇਣ ਦੀ ਰਾਏ ਦਿੱਤੀ। ਜਿਵੇਂ ਗੁਰਦੇਵ ਜੀ ਦੇ ਸਮੇਂ ਮੁਗ਼ਲ ਸਾਮਰਾਜ ਹਿੰਦ ਉੱਪਰ ਜ਼ੁਲਮ ਕਰ ਰਹੇ ਸੀ, ਬਿਲਕੁਲ ਉਸੇ ਤਰ੍ਹਾਂ ਹੀ ਅਠਵੀਂ ਸਦੀ ਵਿਚ ਬ੍ਰਾਹਮਣਾਂ ਨੇ ਬੋਧੀਆਂ ਨੂੰ ਸਮੁੰਦਰ ਵਿਚ ਡੁਬੋ-ਡੁਬੋ ਕੇ ਮਾਰਿਆ ਭਾਵ ਉਨ੍ਹਾਂ ’ਤੇ ਅਤਿਅੰਤ ਤਸ਼ੱਦਦ ਕੀਤੇ। ਜੇਕਰ ਉਸ ਸਮੇਂ ਗੁਰਦੇਵ ਜੀ ਹੁੰਦੇ ਤਾਂ ਉਹ ਜ਼ਰੂਰ ਬੁੱਧ ਧਰਮ ਦੀ ਰੱਖਿਆ ਲਈ ਅਤੇ ਬ੍ਰਾਹਮਣਾਂ ਦੀ ਦੁਸ਼ਟਤਾ ਦੀ ਜੜ੍ਹ ਹਿਲਾਉਣ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰਦੇ। ਅਸਲ ਵਿਚ ਉਪਰੋਕਤ ਅਤੇ ਇਹੋ ਜਿਹੀਆਂ ਕੁਝ ਹੋਰ ਢੁੱਚਰਾਂ ਤੇ ਗ਼ਲਤ- ਬਿਆਨੀਆਂ ਕਈ ਤਰ੍ਹਾਂ ਦੇ ਭੁਲੇਖੇ ਖੜ੍ਹੇ ਕਰਕੇ ਖਾਲਸਾ ਜੀ ਨੂੰ ਆਪਣੇ ਨਿਸ਼ਾਨੇ ਤੋਂ ਡੁਲ੍ਹਾਉਣ ਅਤੇ ਇਸ ਨੂੰ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੀ ਚੁਰਾਸੀ ਵਿਚ ਮਿਲਗੋਭਾ ਕਰ ਲੈਣ ਦਾ ਹੀ ਇਕ ਕੋਝਾ ਯਤਨ ਹੈ ਜਿਸ ਪ੍ਰਤੀ ਦਸਮੇਸ਼ ਜੀ ਦਾ ਖਾਲਸਾ ਪੂਰਨ ਸੁਚੇਤ ਹੈ। ਖਾਲਸਾ ਜਾਣਦਾ ਹੈ ਕਿ ਉਸ ਦਾ ਅਜੋਕੇ ਦੇਸ਼ਾਂ ਦੇ ਹੱਦਬੰਨ੍ਹਿਆਂ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ, ਉਹ ਤਾਂ ਬ੍ਰਹਿਮੰਡੀ ਨਾਗਰਿਕ ਹੈ। ਉਸ ਦਾ ਵਿਸ਼ੇਸ਼ ਸੰਸਕ੍ਰਿਤੀ ਜਾਂ ਸੱਭਿਆਚਾਰ ਨਾਲ ਕੋਈ ਸੰਬੰਧ ਨਹੀਂ। ਉਸ ਦਾ ਨਿਸ਼ਾਨਾ ਤਾਂ ਸਮੁੱਚੇ ਮਾਤ ਲੋਕ ਵਿੱਚੋਂ ਦੁਸ਼ਟਤਾ ਦਾ ਨਾਸ਼ ਕਰਨਾ ਹੈ। ਦਸਮੇਸ਼ ਜੀ ਆਪਣੇ ਖਾਲਸੇ ਨੂੰ ਪੱਕਾ ਹੁਕਮ ਕਰ ਗਏ ਹਨ ਕਿ ਉਸ ਨੇ ਬਿਪ੍ਰਨ ਕੀ ਰੀਤ’ ਤੋਂ ਬਚਣਾ ਹੈ। ਬਿਪ੍ਰਨ ਕੀ ਰੀਤ ਤੋਂ ਭਾਵ ਕਿਸੇ ਵਿਸ਼ੇਸ਼ ਸੰਸਕ੍ਰਿਤੀ ਵਿਚ ਮਿਲਗੋਭਾ ਬਣਨੋਂ ਬਚਣਾ ਹੀ ਸੀ। ਗੁਰਦੇਵ ਜੀ ਨੇ ਸਪੱਸ਼ਟ ਕਹਿ ਦਿੱਤਾ ਕਿ ਜੇ ਮੇਰਾ ਖਾਲਸਾ ‘ਬਿਪ੍ਰਨ ਕੀ ਰੀਤ’ ਵੱਲ ਝੁਕਾਅ ਨਹੀਂ ਕਰੇਗਾ ਭਾਵ ਦੁਸ਼ਟਤਾ ਦੀਆਂ ਜੜ੍ਹਾਂ ਉਖੇੜਨ ਦੇ ਨਿਸ਼ਾਨੇ ਵੱਲ ਦ੍ਰਿੜ੍ਹਤਾ ਨਾਲ ਵਧਦਾ ਜਾਵੇਗਾ, ਇਸ ਸਿਧਾਂਤ ਉੱਪਰ ਦਿਆਨਤਦਾਰੀ ਨਾਲ ਪਹਿਰਾ ਦੇਵੇਗਾ ਤਾਂ ਮੈਂ ਇਸ ਦੇ ਅੰਗ-ਸੰਗ ਰਹਾਂਗਾ। ਖਾਲਸੇ ਨੂੰ ਬਿਪ੍ਰਨ ਕੀ ਰੀਤ ਵਿਚ ਮਿਲਗੋਭਾ ਬਣਾ ਦੇਣ ਦੇ ਮਕਸਦ ਲਈ ਚੱਲ ਰਹੀਆਂ ਕਲਮਾਂ ਪ੍ਰਤੀ ਜਾਗਰੂਕ ਹੋ ਕੇ ਹੋਰ ਸੁਚੇਤ ਹੋਣ ਦੀ ਅੱਜ ਸਭ ਤੋਂ ਵੱਧ ਲੋੜ ਹੈ। ਐਸਾ ਤਾਂ ਹੀ ਹੋ ਸਕੇਗਾ ਜੇਕਰ ਅਸੀਂ ਦਸਮੇਸ਼ ਜੀ ਦੇ ਇਸ ਮਾਤ ਲੋਕ ਵਿਚ ਆਉਣ ਦੇ ਮਕਸਦ ਅਤੇ ਖਾਲਸੇ ਪ੍ਰਤੀ ਕੀਤੇ ਹੁਕਮਾਂ ਨੂੰ ਸਪੱਸ਼ਟ ਰੂਪ ਵਿਚ ਜਾਣਦੇ ਹੋਵਾਂਗੇ। |