ਭਗੌਤੀ (ਭਗਉਤੀ) - ਭਾਈ ਕਾਨ੍ਹ ਸਿੰਘ ਜੀ ਨਾਭਾ
ਗੁਰਬਾਣੀ ਵਿਚ ਅਤੇ ਸਿਖ ਧਰਮ ਸੰਬੰਧੀ ਗ੍ਰੰਥਾਂ ਵਿਚ ‘ਭਗਉਤੀ’ ਸ਼ਬਦ ਕਰਤਾਰ ਦਾ ਭਗਤ, ਭਗਵਤ ਦੀ, ਭਗਵਤੀ, ਸ੍ਰੀ ਸਾਹਿਬ (ਖੜਗ), ਸੰਘਾਰ-ਕਰਤਾ ਮਹਾਂ ਕਾਲ, ਪ੍ਰਸੰਗ ਅਨੁਸਾਰ ਅਰਥ ਰਖਦਾ ਹੈ।
ਦੇਖੋ ਉਦਾਹਰਣ:-
(ੳ) ਸੋ ਭਗਉਤੀ ਜੋ ਭਗਵੰਤੈ ਜਾਣੈ॥
ਗੁਰ ਪਰਸਾਦੀ ਆਪੁ ਪਛਾਣੈ॥
ਧਾਵਤੁ ਰਾਖੈ ਇਕਤੁ ਘਰਿ ਆਣੈ॥
ਜੀਵਤੁ ਮਰੈ ਹਰਿ ਨਾਮੁ ਵਖਾਣੈ॥
ਐਸਾ ਭਗਉਤੀ ਉਤਮੁ ਹੋਇ॥
ਨਾਨਕ ਸਚਿ ਸਮਾਵੈ ਸੋਇ॥2॥14॥
ਅੰਤਰਿ ਕਪਟੁ ਭਗਉਤੀ ਕਹਾਏ॥
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ…॥3॥1॥
(ਮ:3, ਵਾਰ ਸਿਰੀ ਰਾਗ, ਪੰਨਾ 88)
ਭਗਉਤੀ ਭਗਵੰਤ ਭਗਤਿ ਕਾ ਰੰਗੁ॥
ਸਗਲ ਤਿਆਗੈ ਦੁਸਟ ਕਾ ਸੰਗੁ॥
ਮਨ ਤੇ ਬਿਨਸੈ ਸਗਲਾ ਭਰਮੁ॥
ਕਰਿ ਪੂਜੈ ਸਗਲ ਪਾਰਬ੍ਰਹਮੁ॥
ਸਾਧ ਸੰਗਿ ਪਾਪਾ ਮਲੁ ਖੋਵੈ॥
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ॥
ਭਗਵੰਤ ਕੀ ਟਹਲ ਕਰੈ ਨਿਤ ਨੀਤਿ॥
ਮਨੁ ਤਨੁ ਅਰਪੈ ਬਿਸਨ ਪਰੀਤਿ॥
ਹਰਿ ਕੇ ਚਰਨ ਹਿਦੇ ਬਸਾਵੈ॥
ਨਾਨਕ, ਐਸਾ ਭਗਉਤੀ ਭਗਵੰਤ ਕਉ ਪਾਵੈ॥3॥9॥
ਗਉੜੀ ਸੁਖਮਨੀ ਮ: 5, ਪੰਨਾ 274
ਉਪਰ ਲਿਖੀਆਂ ਤੁਕਾਂ ਵਿਚ ਭਗਉਤੀ ਸ਼ਬਦ ਭਗਵਤ-ਭਗਤ ਹੈ, ਜਿਸ ਵਿਚ ਕੋਈ ਸੰਸਾ ਨਹੀਂ ਹੋ ਸਕਦਾ, ਅਤੇ ਪੁਲਿੰਗ ਹੈ।
(ਅ) ਭਗਉਤੀ ਮੁਦ੍ਰਾ ਮਨੁ ਮੋਹਿਆ ਮਾਇਆ॥1॥ਰਹਾਉ॥
(ਪ੍ਰਭਾਤੀ ਮ: 5, ਪੰਨਾ 1348)
ਇਥੇ ਅਰਥ ਹੈ ਭਗਵਤ ਦੀ, ਭਗਵਾਨ ਦੀ ਮੁਦ੍ਰਾ (ਚਿੰਨ੍ਹ, ਭੇਖ, ਸ਼ਕਲ) ਬਣਾ ਰਖੀ ਹੈ, ਪਰ ਮਨ ਮਾਇਆ ਦਾ ਮੋਹਿਆ ਹੋਇਆ ਹੈ।
(ੲ) ਚੰਡੀ ਦੀ ਵਾਰ ਦੇ ਮੁਢ ਸਿਰਲੇਖ ਹੈ-‘ਵਾਰ ਸ੍ਰੀ ਭਗਉਤੀ ਜੀ ਕੀ’।ਇਸ ਥਾਂ ਭਗਵਤੀ (ਦੁਰਗਾ) ਬੋਧਕ ਹੈ।
(ਸ) ਲਈ ਭਗਉਤੀ ਦੁਰਗ ਸ਼ਾਹ ਵਰਜਾਗਨ ਭਾਰੀ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ॥53॥
ਇਥੇ ਤਲਵਾਰ ਅਰਥ ਵਿਚ ਭਗੌਤੀ ਸ਼ਬਦ ਹੈ।
ਭਾਈ ਗੁਰਦਾਸ ਜੀ 25ਵੀਂ ਵਾਰ ਦੀ ਛੇਵੀਂ ਪਉੜੀ ਵਿਚ ਭੀ ਐਸਾ ਹੀ ਲਿਖਦੇ ਹਨ:-
ਨਾਉ ਭਗਉਤੀ ਲੋਹੁ ਘੜਾਇਆ॥6॥25॥
ਸ਼ਾਸਤ੍ਰ ਨਾਮ ਮਾਲਾ ਵਿਚ ਇਸ ਦੀ ਹੋਰ ਭੀ ਪੁਸ਼ਟੀ ਹੋਂਦੀ ਦੇਖੋ ਖੜਕ ਦੇ ਨਾਉਂ:-
ਕਾਲ ਤੁਹੀ, ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ॥
ਤੁਹੀਂ ਨਿਸ਼ਾਨੀ ਜੀਤ ਕੀ, ਆਜੁ ਤੁਹੀਂ ਜਗ ਬੀਰ॥5॥
ਸ਼ਤ੍ਰ ਸ਼ਬਦ ਪ੍ਰਿਥਮੈ ਕਹੋ ਅੰਤ ਦੁਸ਼ਟ ਪਦ ਭਾਖ॥
ਸਭੈ ਨਾਮ ਜਗੰਨਾਥ ਕੇ ਸਦਾ ਹ੍ਰਿਦੈ ਮੋ ਰਾਖ॥29॥
ਪ੍ਰਿਥੀ ਸ਼ਬਦ ਪ੍ਰਿਥਮੈ ਭਨੌ ਪਾਲਕ ਬਹੁਤ ਉਚਾਰ॥
ਸਕਲ ਨਾਮ ਸ੍ਰਿਸ਼ਟੇਸ਼ ਕੇ ਸਦਾ ਹਿਰਦੇ ਮੋ ਧਾਰ॥30॥
ਰਿਪੁ-ਖੰਡਨ ਮੰਡਨ ਜਗਤ, ਖਲ-ਖੰਡਨ ਜਗ ਮਾਹਿ॥
ਤਾਂ ਕੇ ਨਾਮ ਉਚਾਰੀਐ ਜਿਹ ਸੁਨ ਦੁਖ ਟਰ ਜਾਹਿ॥33॥
ਭੂਤਾਂਤਕ ਸ੍ਰੀ ਭਗਵਤੀ ਭਵਹਾ ਨਾਮ ਬਖਾਨ॥
ਸ੍ਰੀ ਭਵਾਨੀ ਭੈ-ਹਰਨ ਸਭ ਕੋ ਕਰ ਕਲਸਾਨ॥36॥
ਦਸਮ ਗ੍ਰੰਥ ਦੀਆਂ ਕਈ ਬੀੜਾਂ ਹਨ, ਜਿਨ੍ਹਾਂ ਵਿਚੋਂ ਇਕ ਖ਼ਾਸ ਬੀੜ ਅਖਾਉਂਦੀ ਹੈ।ਉਸ ਵਿਚ ਇਕ ਖੜਗ (ਭਗੌਤੀ) ਸਤੋਤ੍ਰ ਹੈ, ਅਸੀਂ ਉਸ ਨੂੰ ਇਥੇ ਲਿਖ ਕੇ ਪਾਠਕਾਂ ਨੂੰ ਨਿਸ਼ਚਾ ਕਰਾਉਂਦੇ ਹਾਂ ਕਿ ਬਿਨਾਂ ਸੰਸੇ ਭਗਉਤੀ ਪਦ ਤਲਵਾਰ ਬੋਧਕ ਹੈ:-
ਨਮੋ ਸ੍ਰੀ ਭਗਉਤੀ ਬਢੈਲੀ ਸਰੋਹੀ॥
ਕਰੇ ਏਕ ਤੇ ਦਵੈ ਸੁਭਟ ਹਾਥ ਸੋਹੀ॥
ਨਮੋ ਲੋਹ ਕੀ ਪੁਤ੍ਰਿਕਾ ਝਲਹਲੰਤੀ॥
ਨਮੋ ਜੀਭ ਜਵਾਲਾਮੁਖੀ ਜਯੋਂ ਬਲੰਤੀ॥
ਮਹਾਂ ਪਾਨ ਕੀ ਬਾਨ ਗੰਗਾ ਤਰੰਗੀ॥
ਭਿਰੈ ਸਾਮੁਹੈ ਮੋਖ ਦਾਤੀ ਅਭੰਗੀ॥
ਨਮੋ ਤੇਗ ਤਲਵਾਰ ਸ੍ਰੀ ਖੱਗ ਖੰਡਾ॥
ਮਹਾਂ ਰੁਦ੍ਰ ਰੂਪਾ ਵਿਰੂਪਾ ਪ੍ਰਚੰਡਾ॥
ਮਹਾਂ ਤੇਜ ਖੰਡਾ ਦੁਖੰਡਾ ਦੁਧਾਰਾ॥
ਸਭੈ ਸ਼ਤ੍ਰ ਬਨ ਕੋ ਮਹਾਂ ਭੀਖ ਆਰਾ॥
ਮਹਾਂ ਕਾਲਿਕਾ ਕਾਲ ਕੋ ਕਾਲ ਹੰਤੀ॥
ਮਹਾਂ ਅਸਤ੍ਰ ਤੂਹੀ, ਤੂਹੀ ਸ਼ਤ੍ਰ ਹੰਤੀ॥
ਮਹਾਂ ਕਾਲ ਕੀ ਲਾਟ ਵਿਕਰਾਲ ਭੀਮੰ॥
ਬਹੀ ਤੱਛ ਮੁੱਛੰ ਕਰੈ ਸਤ੍ਰ ਕੀਮੰ॥
ਮਹਾ ਤੇਜ ਕੀ ਤੇਜਤਾ ਤੇਜਵੰਤੀ॥
ਪ੍ਰਜਾ ਖੰਡਣੀ ਦੰਡਣੀ ਸ਼ਤ੍ਰ ਹੰਤੀ॥
ਮਹਾਂ ਵੀਰ ਵਿਦਯਾ ਮਹਾਂ ਭੀਮ ਰੂਪੰ॥
ਮਹਾਂ ਭੀਰ ਮੇ ਧਰਿ ਦਾਤੀ ਸਰੂਪੰ॥
ਤੁਹੀ ਸੈਫ ਪੱਟਾ ਮਹਾਂ ਕਾਟ ਕਾਤੀ॥
ਅਨੁਗ ਆਪਨੇ ਕੋ ਅਭੈ ਦਾਨ ਦਾਤੀ॥
ਜੋਊ ਮਯਾਨ ਤੇ ਵੀਰ ਤੋ ਕੇ ਸੜੱਕੈ॥
ਪਰਲੈ ਕਾਲ ਤੇ ਸਿੰਧੁ ਬੱਕੈ ਕੜੱਕੈ॥
ਧਸੈ ਖੇਤ ਮੇ ਹਾਥ ਲੈ ਤੋਹਿ ਸੂਰੇ॥
ਭਿਰੈ ਸਾਮੁਹੇ ਸਿੱਧ ਸਾਖਵੰਤ ਪੂਰੇ॥
ਸਮਰ ਸਾਮੁਹੇ ਸੀਸ ਤੋ ਪੈ ਚੜ੍ਹਾਵੈ॥
ਮਹਾਂ ਭੂਪ ਹਵੈ ਔਤਰੈ ਰਾਜ ਪਾਵੈ॥
ਮਹਾਂ ਭਾਵ ਸੋ ਜੋ ਕਰੈ ਤੋਰ ਪੂਜੰ॥
ਸਮਰ ਜੀਤ ਕੈ ਸੂਰ ਹਵੈ ਹੈ ਅਦੂਜੰ॥
ਤੁਮੈ ਪੂਜ ਹੈਂ ਬੀਰ ਬਾਨੈਤ ਛਤ੍ਰੀ॥
ਮਹਾਂ ਖੜਗਧਾਰੀ ਮਹਾਂ ਤੇਜ ਅਤ੍ਰੀ॥
ਪੜ੍ਹੈ ਪ੍ਰੀਤਿ ਸੋ ਪ੍ਰਾਤ ਅਸਤੋਤ੍ਰ ਯਾ ਕੇ॥
ਕਰੈਂ ਰੁਦ੍ਰ ਕਾਲੀ ਨਮਸਕਾਰ ਤਾ ਕੋ॥
ਰੁਧਰ ਮੱਜਨੀ ਬਿੰਜਨੀ ਹੈ ਸਗੌਤੀ॥
ਸਦਾ ਜੈ, ਸਦਾ ਜੈ, ਸਦਾ ਜੈ ਭਗੌਤੀ॥
ਸਦਾ ਦਾਹਨੇ ਦਾਸ ਕੇ ਦਾਨ ਕੀਜੈ॥
ਗੁਰੂ ਸ਼ਾਹ ਗੋਬਿੰਦ ਕੀ ਰੱਖ ਕੀਜੈ॥
ਖੜਗ ਸਤੋਤ੍ਰ ਦੇ ਇਸ ਪਾਠ ਤੋਂ “ਕਰੈਂ ਰੁਦ੍ਰ ਕਾਲੀ ਨਮਸਕਾਰ ਤਾ ਕੋ” ਆਪ ਨੇ ਚੰਗੀ ਤਰ੍ਹਾਂ ਸਮਝ ਲਿਆ ਹੋਊ ਕਿ ਮਹਾਨ ਯੋਧਾ ਸ਼ਸਤ੍ਰਧਾਰੀਆਂ ਨੂੰ ਦੇਵੀ ਦਾ ਪਤੀ ਸ਼ਿਟ ਅਤੇ ਕਾਲੀ ਭੀ ਨਮਸਕਾਰ ਕਰਦੇ ਹਨ।
(ਹ) ਪ੍ਰਿਥਮ ਭਗੌਤੀ ਸਿਮਰਿ ਕੈ-
ਅਰਥਾਤ, ਸਰਵ ਸੰਹਾਰ ਕਰਤਾ ਮਹਾ ਕਾਲ ਸਿਮਰਣ ਕਰ ਕੇ ਇਸ ਥਾਂ ਭਗੌਤੀ ਸ਼ਬਦ ਦਾ ਅਰਥ ਪਾਰਬ੍ਰਹਮ ਹੈ।ਜੇ ਕੋਈ ਇਹ ਪ੍ਰਸ਼ਨ ਕਰੇ ਕਿ ਜਦ ‘ਵਾਰ ਭਗਉਤੀ’ ਸਿਰਲੇਖ ਵਿਚ ਭਗੌਤੀ ਸ਼ਬਦ ‘ਦੁਰਗਾ’ ਅਰਥ ਰਖਦਾ ਹੈ, ਤਦ ‘ਪ੍ਰਿਥਮ ਭਗੌਤੀ ਸਿਮਰਿ ਕੈ” ਇਸ ਥਾਂ ਦੇਵੀ ਦਾ ਅਰਥ ਕਿਉਂ ਨਹੀਂ?
ਇਸ ਦਾ ਉਂਤਰ ਹੈ ਕਿ ਸ਼ਬਦ ਅਤੇ ਪਦਾਂ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ, ਜਿਵੇਂ ਅਕਾਲ ਉਸਤਤਿ ਦੇ 244 ਛੰਦ ਵਿਚ ‘ਪਦਮਾਪਤਿ’ ਦਾ ਅਰਥ ‘ਵਿਸ਼ਨੁ’ ਹੈ ਅਤੇ ਛੰਦ 245 ਵਿਚ ‘ਅਕਾਲ ਪੁਰਖ’ ਹੈ।ਇਸੇ ਤਰ੍ਹਾਂ ‘ਬਚਿਤ੍ਰ ਨਾਟਕ’ ਦੇ ਛੇਵੇਂ ਅਧਯਾਯ ਦੇ 14 ਅੰਗ ਵਿਚ ‘ਪਰਮ ਪੁਰਖ’ ਦਾ ਅਰਥ ‘ਵਾਹਿਗੁਰੂ’ ਹੈ ਅਤੇ 26 ਅੰਗ ਵਿਚ ‘ਪਰਮ ਪੁਰਖ’ ਦਾ ਅਰਥ ‘ਉਤਮ ਪੁਰਖ’ ਹੈ।ਇਸੇ ਤਰ੍ਹਾਂ-ਕਾਲ ਗਯੋ ਇਨ ਕਾਮਨ ਸੋਂ ਜੜ੍ਹ,
ਕਾਲ ਕ੍ਰਿਪਾਲ ਹੀਏ ਨ ਚਿਤਾਰਿਓ॥25॥ (ਤੇਤੀ ਸਵੱਯੇ)
ਇਸ ਤੁਕ ਵਿਚ ‘ਕਾਲ’ ਦਾ ਅਰਥ ਸਮਾਂ ਅਤੇ ਅਕਾਲ ਹੈ।
(ਗੁਰਮਤਿ ਮਾਰਤੰਡ, ਪੰਨਾ 733 ਤੋਂ 736)
ਇਸ ਤੋਂ ਅਗੇ ‘ਗੁਰਮਤਿ ਸੁਧਾਰਕ’ ਵਿਚ ਇਉਂ ਮਿਲਦਾ ਹੈ-
ਜੇ ਕੋਈ ਹਠੀਆ ਇਹ ਨਾ ਮੰਨੇ ਅਤੇ ਭਗੌਤੀ ਪਦ ਦਾ ਦੇਵੀ ਅਰਥ ਹੀ ਕਰੇ, ਤਾਂ ਅਸੀਂ ਉਸ ਤੋਂ ਪੁਛਾਂਗੇ ਕਿ-
ਲਈ ਭਗੌਤੀ ਦੁਰਗਸ਼ਾਹ ਵਰਜਾਗਣ ਭਾਰੀ।
ਲਾਈ ਰਾਜੇ ਸੁੰਭ ਨੋ ਰਤੁ ਪੀਏ ਪਿਆਰੀ।53।
(ਚੰਡੀ ਦੀ ਵਾਰ)
ਇਸ ਦਾ ਕੀ ਅਰਥ ਹੋਵੇਗਾ? ਜੇ ਇਥੇ ਭਗੌਤੀ ਦਾ ਅਰਥ ਤਲਵਾਰ ਨਹੀਂ ਕਰਾਂਗੇ ਤਾਂ ਇਹ ਅਰਥ ਹੋਊ ਕਿ ਦੁਰਗਾ ਨੇ ਦੇਵੀ ਨੂੰ, ਅਰਥਾਤ, ਆਪਣੇ ਤਾਈਂ ਫੜ ਕੇ ਗਦਾ ਦੀ ਤਰ੍ਹਾਂ ਰਾਜਾ ਸੁੰਭ ਦੇ ਸਿਰ ਮਾਰਿਆ।
ਕਵੀ ਜਨ ਜਾਣਦੇ ਹਨ ਕਿ ਗ੍ਰੰਥ-ਕਰਤਾ ਆਪਣੇ ਇਸ਼ਟ ਤੋਂ ਛੁਟ ਹੋਰ ਕਿਸੇ ਦੇਵਤਾ ਦਾ ਨਾਮ ਮੰਗਲ ਵਿਚ ਨਹੀਂ ਧਰਿਆ ਕਰਦੇ, ਬਲਕਿ ਮੰਗਲ ਤੋਂ ਹੀ ਕਵੀ ਦਾ ਇਸ਼ਟ ਜਾਣਿਆ ਜਾਂਦਾ ਹੈ।ਸੋ ਗੁਰੂ ਸਾਹਿਬ ਨੇ ਕਿਤੇ ਭੀ ਦੇਵੀ ਨੂੰ ਇਸ਼ਟ ਮੰਨ ਕੇ ਮੰਗਲ ਨਹੀਂ ਕੀਤਾ।ਫੇਰ ਇਸ ਜਗ੍ਹਾਂ ਕਿਸ ਤਰ੍ਹਾਂ ਦੇਵੀ ਦੀ ਸਹਾਇਤਾ ਲਈ ਪ੍ਰਾਰਥਨਾ ਕਰ ਸਕਦੇ ਸੀ।ਇਸ ਪ੍ਰਸੰਗ ਦੀ ਪੁਸ਼ਟੀ ਵਾਸਤੇ ਦੇਖੋ-
ਮੈ ਨ ਗਨੇਸਹਿ ਪ੍ਰਿਥਮ ਮਨਾਊਂ॥
ਕਿਸ਼ਨ ਬਿਸ਼ਨ ਕਬਹੂੰ ਨ ਧਿਆਊਂ॥
ਕਾਨ ਸੁਨੇ ਪਹਿਚਾਨ ਨ ਤਿਨ ਸੋਂ॥
ਲਿਵ ਲਾਗੀ ਮੋਰੀ ‘ਪਗ ਇਨ ਸੋ’॥434॥ (ਕ੍ਰਿਸ਼ਨਾਵਤਾਰ)
ਪਗ ਇਨ ਸੋਂ=ਇਨ੍ਹਾਂ (ਅਕਾਲ ਪੁਰਖ ਦੇ) ਚਰਨਾਂ ਨਾਲ ਉਪਾਸ਼ਯ ਨੂੰ ਸਨਮੁਖ ਦੇਖਦੇ ਹੋਏ ਸਤਿਗੁਰੂ ਐਸਾ ਕਥਨ ਕਰਦੇ ਹਨ।
ਅਤੇ ਭਾਈ ਗੁਰਦਾਸ ਜੀ ਦੀ ਬਾਣੀ ਦੇ ਆਦਿ ਵਿਚ ਮੰਗਲ-
ਨਮਸਕਾਰ ਗੁਰਦੇਵ ਕੋ, ‘ਸਤਿਨਾਮੁ’ ਜਿਸ ਮੰਤ੍ਰ ਸੁਣਾਇਆ॥
ਇਸ (ਪਹਿਲੀ) ਵਾਰ ਦਾ ਟੀਕਾ ਕਰਦੇ ਹੋਏ ਭਾਈ ਮਨੀ ਸਿੰਘ ਜੀ ਲਿਖਦੇ ਹਨ-
‘ਨਾਮ ਸਭਿ ਦੇਵਾਂ ਦਾ ਦੇਵ ਹੈ। ਕੋਈ ਦੇਵੀ ਨੂੰ ਮਨਾਂਵਦਾ ਹੈ, ਕੋਈ ਸ਼ਿਵਾਂ ਨੂੰ, ਕੋਈ ਗਣੇਸ਼ ਨੂੰ, ਕੋਈ ਹੋਰ ਦੇਵਤਿਆਂ ਨੂੰ, ਗੁਰੂ ਕੇ ਸਿਖ ਸਤਿਨਾਮ ਨੂੰ ਅਰਾਧਦੇ ਹੈਨ, ਜਿਸ ਕਰ ਸਭਿ ਵਿਘਨ ਨਾਸ਼ ਹੋਂਦੇ ਹਨ, ਤਾਂ ਤੇ ਸਤਿਨਾਮ ਦਾ ਮੰਗਲਾ-ਚਾਰ ਆਦਿ ਰਖਿਆ ਗਿਆ ਹੈ’।
ਭਾਈ ਸਾਹਿਬ ਨੇ ਕਬਿਤ ਸਵੈਯਾਂ ਦੇ ਅਰੰਭ ਵਿਚ ਭੀ ਐਸਾ ਹੀ ਮੰਗਲ ਕੀਤਾ ਹੈ, ਦੇਖੋ-
ਆਦਿ ਪੁਰਖ ਆਦੇਸ, ਓਨਮ ਸ੍ਰੀ ਸਤਿਗੁਰ ਚਰਣ॥
ਘਟ ਘਟ ਕਾ ਪਰਵੇਸ, ਏਕ ਅਨੇਕ ਬਿਬੇਕ ਸਸਿ॥
(ਆਦਿ ਪੁਰਖ=ਵਾਹਿਗੁਰੂ।ਓਨਮ=ਓਅੰ ਨਮਹ।)
ਸੋਰਠੇ ਦਾ ਅਰਥ ਇਉਂ ਹੈ-ਵਾਹਿਗੁਰੂ ਨੂੰ ਨਮਸਕਾਰ ਕਰ ਕੇ ਗੁਰੂ ਨਾਨਕ ਦੇਵ ਦੇ ਚਰਨਾ ਪਰ ਨਮਸਕਾਰ ਹੈ, ਜਿਸ ਨੇ ਇਕ ਵਾਹਿਗੁਰੂ ਦਾ ਗਿਆਨ, ਜੋ ਅਨੇਕ ਰੂਪ ਹੋ ਕੇ ਘਟ ਘਟ ਵਿਚ ਐਸੇ ਵਿਆਪ ਰਹਿਆ ਹੈ ਜੈਸੇ ਜਲ ਭਰੇ ਘੜਿਆਂ ਵਿਚ ਚੰਦ੍ਰਮਾ ਦਾ ਪ੍ਰਤਿਬਿੰਬ ਹੁੰਦਾ ਹੈ, ਸਾਨੂੰ ਯਥਾਰਥ ਕਰਵਾ ਦਿਤਾ ਹੈ।
ਗੁਰਬਾਣੀ ਦੇ ਆਦਿ ਵਿਚ ਭੀ “ਨੂੰਤੋਂ ਸਤਿਗੁਰ ਪ੍ਰਸਾਦਿ” ਔਰ “ਵਾਹਿਗੁਰੂ ਜੀ ਕੀ ਫ਼ਤਹ” ਮੰਗਲਾਚਰਣ ਹੁੰਦਾ ਹੈ।
(ਗੁਰਮਤਿ ਸੁਧਾਰਕ, ਪੰਨਾ 46 ਤੋਂ 47)
ਗੁਰੂ ਸਾਹਿਬ ਦੇਵੀ ਨੂੰ ਕਰਤਾਰ ਦੀ ਰਚਨਾ ਮੰਨਦੇ ਹਨ, ਜਿਹਾ ਕਿ ਚੰਡੀ ਕੀ ਵਾਰ ਦੂਜੀ ਪਉੜੀ ਹੈ-
ਖੰਡਾ ਪ੍ਰਿਥਮੈ ਸਾਜਿ ਕੈ ਜਿਨ ਸਭ ਸੰਸਾਰ ਉਪਾਇਆ॥
ਬ੍ਰਹਮਾ ਬਿਸਨੁ ਮਹੇਸ਼ ਸਾਜਿ, ਕੁਦਰਤੀ ਦਾ ਖੇਲੁ ਰਚਾਇ ਬਣਾਇਆ॥
ਸਿੰਧ ਪਰਬਤ ਮੈਦਨੀ, ਬਿਨ ਥੰਮ੍ਹਾ ਗਗਨ ਰਹਾਇਆ॥
ਸਿਰਜੇ ਦਾਨੋ ਦੇਵਤੇ, ਤਿਨ ਅੰਦਰਿ ਬਾਦੁ ਰਚਾਇਆ॥
ਤੈਂ ਹੀ ਦੁਰਗਾ ਸਾਜਿ ਕੈ ਦੈਂਤਾਂ ਦਾ ਨਾਸ ਕਰਾਇਆ॥
ਇਸ ਪਉੜੀ ਵਿਚ “ਤੈਂ ਹੀ ਦੁਰਗਾ ਸਾਜਿ ਕੈ” ਪਾਠ ਹੈ।ਕਰਤਾਰ ਨੂੰ ਹੀ ਆਪਣਾ ਇਸ਼ਟ ਜਾਣ ਕੇ “ਨੂੰਤੋਂ ਵਾਹਿਗੁਰੂ ਜੀ ਕੀ ਫ਼ਤਹ” ਸਾਰੀਆਂ ਬਾਣੀਆਂ ਦੇ ਆਦਿ ਲਿਖ ਕੇ ਮੰਗਲਾਚਰਣ ਕਰਦੇ ਹਨ।
ਸਿਖ ਧਰਮ ਵਿਚ ਸ਼ਕਤੀ-ਉਪਾਸ਼ਕ ‘ਸਾਕਤ’ ਦੀ ਸੰਗਤ ਤੋਂ ਮਨਮੁਖਤਾ ਹੋਣੀ ਦਸੀ ਗਈ ਹੈ।
ਉਪਰਲੇ ਪ੍ਰਸੰਗ ਦਾ ਵਿਸ਼ੇਸ਼ ਨਿਰਣਾ ਕਰਨ ਲਈ ਦੇਖੋ-
ਪ੍ਰਿਥਮ ਕਾਲ ਸਭ ਜਗ ਕੇ ‘ਤਾਤਾ’॥
ਤਾਂ ਤੇ ਭਯੋ ‘ਤੇਜ’ ਬਿਖਯਾਤਾ॥
ਸੋਈ ਭਵਾਨੀ ਨਾਮ ਕਹਾਈ॥
ਜਿਨ ਸਗਰੀ ਯਹਿ ਸ੍ਰਿਸ਼ਟਿ ਉਪਾਈ॥29॥ (ਚੌਬੀਸ ਅਵਤਾਰ)
ਤਾਤਾ=ਪਿਤਾ, ਸਿਰਜਨਹਾਰ। ਤੇਜ=ਪ੍ਰਕਾਸ਼, ਨੂਰ, ਕੁਦਰਤ।
ਜੇ ਕੋਈ ਇਹ ਸ਼ੰਕਾ ਕਰੇ ਕਿ ਇਸੇ ਤੇਜ (ਭਵਾਨੀ) ਦੀ ਦਸਮ ਗੁਰੂ ਨੇ ਉਪਾਸ਼ਨਾ ਕਰੀ ਹੈ, ਤਾਂ ਇਹ ਠੀਕ ਨਹੀਂ, ਕਿਉਂਕਿ ਗੁਰਮਤਿ ਵਿਚ ਅਨੰਨਯ ਅਦਵੇਤ ਉਪਾਸ਼ਨਾ ਹੈ, ਕਰਤਾਰ ਤੋਂ ਭਿੰਨ ਕੋਈ ਤੇਜ ਗੁਰੂ ਸਾਹਿਬ ਦਾ ਉਪਾਸ਼ਯ ਹੋ ਨਹੀਂ ਸਕਦਾ, ਜਿਹਾ ਕਿ ਗੁਰਬਾਣੀ ਤੋਂ ਸਪਸ਼ਟ ਹੈ:-
- ਤੁਮਹਿ ਛਾਡਿ ਕੋਈ ਅਵਰ ਨ ਧਯਾਊਂ ॥4॥ (ਬੇਨਤੀ ਚੌਪਈ)
- ਕੇਵਲ ਏਕ ਸਰਣ ਸੁਆਮੀ ਬਿਨੁ
ਯੌ ਨਹਿ ਕਤਹਿ ਉਧਾਰ॥3॥9॥ (ਸ਼ਬਦ ਹਜ਼ਾਰੇ ਪ: 10)
- ਪਾਇ ਗਹੇ ਜਬ ਤੇ ਤੁਮਰੇ
ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥863॥ (ਰਾਮਾਵਤਾਰ)
- ਤਾਂਹੀ ਕੋ ਧਿਆਨ ਪ੍ਰਮਾਨ ਹੀਯੇ
ਜੋਊ ਥਾ, ਅਬ ਹੈ, ਅਰੁ ਆਗੈ ਊ ਹਵੈ ਹੈ॥63॥ (ਤੇਤੀ ਸਵੱਯੇ)
- ਰੇ ਮਨ ਲੈਲ! ਇਕੇਲ ਹੀ ਕਾਲ ਕੇ
ਲਾਗਤ ਕਾਹਿ ਨ ਪਾਇਨ ਧਾਏ॥23॥ (ਤੇਤੀ ਸਵੱਯੇ)
- ਬੇਦ ਕਤੇਬ ਕੇ ਭੇਦ ਸਭੈ ਤਜ
ਕੇਵਲ ਕਾਲ ਕ੍ਰਿਪਾਨਿਧ ਮਾਨਿਯੋ॥24॥ (ਤੇਤੀ ਸਵੱਯੇ)
- ਨਮਸਕਾਰ ਤਿਸ ਹੀ ਕੋ ਹਮਾਰੀ
ਸਕਲ ਪ੍ਰਜਾ ਜਿਨ ਆਪ ਸਵਾਰੀ॥10॥ (ਬੇਨਤੀ ਚੌਪਈ)
- ਭਜੋਂ ਸੁ ਏਕ ਨਾਮਯੰ॥ ਜੁ ਕਾਮ ਸਰਬ ਠਾਮਯੰ॥37॥
(ਬਚਿਤ੍ਰ ਨਾਟਕ, ਧਿਆ: 6)
- ਤਵੱਕ ਨਾਮ ਰੱਤਿਯੰ॥ ਨ ਆਨ ਮਾਨ ਮੱਤਿਯੰ॥39॥
(ਬਚਿਤ੍ਰ ਨਾਟਕ, ਧਿਆ: 6)
- ਅਵਰਨ ਕੀ ਆਸਾ ਕਛੁ ਨਾਹੀਂ॥
ਏਕੈ ਆਸ ਧਰੋ ਮਨ ਮਾਹੀਂ॥46॥ (ਬਚਿਤ੍ਰ ਨਾਟਕ, ਧਿਆ: 6)
- ਅਚੁਤ ਅਨੰਤ ਅਦਵੈ ਅਮਿਤ,
ਨਾਥ ਨਿਰੰਜਨ, ਤਵ ਸਰਣ॥1॥32॥ (ਗਿਆਨ ਪ੍ਰਬੋਧ)
- ਏਕ ਪਰੁਖ ਜਿਨ ਨੈਕ ਪਛਾਨਾ॥
ਤਿਨ ਹੀ ਪਰਮ ਤਤਵ ਕਹਿਂ ਜਾਨਾ॥22॥ਆਦਿਕ॥
(ਚੌਬੀਸਾਵਤਾਰ)
(ਗੁਰਮਤਿ ਸੁਧਾਰਕ, ਪੰਨਾ 46-47)
|