‘ਭਗਉਤੀ’ ਪਦ ਬਾਰੇ ਨਿਰਣਯ

- ਗਿਆਨੀ ਹਰਬੰਸ ਸਿੰਘ ਜੀ



ਪ੍ਰਵੇਸਕਾ-

“ਵਾਰ ਸ੍ਰੀ ਭਗਉਤੀ ਜੀ ਕੀ” ਨੂੰ ਹੁਣ ਤਕ ਕਈ ਵਿਦਵਾਨ ਦੇਵੀ ਦਾ ਮੰਗਲਾਚਰਨ ਹੀ ਦਸਦੇ ਆਏ ਹਨ। ਪਰ ਅਨਭਉ ਦੀਆਂ ਅੱਖਾਂ ਨਾਲ ਵੇਖਣ ਤੋਂ ਇਉਂ ਪ੍ਰਗਟ ਹੁੰਦਾ ਹੈ ਕਿ ਇਸ ਵਾਰ ਦੀ ਰੂਪਰੇਖਾ ਤੇ ਵਿਸ਼ਾ ਆਤਮਵਾਦੀ ਸੂਰਮਗਤੀ ਤੇ ਅਕਾਲੀ-ਸੱਤਾ ਨੂੰ ਪ੍ਰਗਟਾਉਣ ਵਾਲਾ ਹੈ। ਅਕਾਲ-ਸ਼ਕਤੀ, ਜਿਸ ਨੂੰ ਪਰਮ ਸ਼ਕਤੀ ਵੀ ਆਖਿਆ ਜਾਂਦਾ ਹੈ,ਸਮੂਹ ਸ਼ਕਤੀਆਂ ਦਾ ਸੋਮਾ ਹੈ । ਇਸ ਪਰਮ ਸ਼ਕਤੀ ਤੋਂ ਹੀ ਸ੍ਰੀ ਰਾਮ ਚੰਦਰ ਤੇ ਸ੍ਰੀ ਕ੍ਰਿਸ਼ਨ ਆਦਿ ਨੇ ਲੋੜੀਂ ਦਾ ਬਲ ਲੈ ਕੈ ਜੁੱਧ ਵਿਚ ਵਿਜੇ ਪ੍ਰਾਪਤ ਕੀਤੀ। ਇਥੇ ਹੀ ਬਸ ਨਹੀਂ, ਸਾਰੀ ਕੁਦਰਤ-ਰਚਨਾ, ਸਰਗੁਣ ਸਰੂਪ ਦੀ ਸਾਰੀ ਖੇਡ, ਬ੍ਰਹਮਾ, ਬਿਸ਼ਨ, ਮਹੇਸ਼ ਲੀ ਉਤਪਤੀ, ਦੈਂਤਾਂ ਤੇ ਦੁਰਗਾ ਅਤੇ ਬਾਕੀ ਸਾਰੇ ਪਸਾਰੇ ਦਾ ਵਿਸਥਾਰ ਤੇ ਸੰਘਾਰ ਉਕਤ ਪਰਮ ਸੱਤਾ ਤੋਂ ਹੀ ਹੋਇਆ। ਜੇ “ਸ੍ਰੀ ਭਗਉਤੀ ਜੀ ਕੀ ਵਾਰ” ਨਾ ਹੁੰਦੀ ਤਾਂ ਲੋਕਾਂ ਨੁੰ ਇਸ ਗੱਲ ਦਾ ਪੱਕਾ ਨਿਸਚਾ ਹੋ ਜਾਣਾ ਸੀ ਕਿ ‘ਦੁਰਗਾ’ ਹੀ ਵਡੀ ਸ਼ਕਤੀ ਹੈ। ਲੋਕਾਂ ਨੇ ਅਕਾਲ ਪੁਰਖ ਦੀ ਪੂਜਾ ਛਡ ਕੇ ਦੁਰਗਾ ਦੇਵੀ ਦੀ ਪੂਜਾ ਵਿਚ ਪਰਵਿਰਤ ਹੋ ਜਾਣਾ ਸੀ। ਇਸ ਭਰਮ-ਭੁਲੇਖੇ ਨੂੰ ਕਢਣ ਲਈ ਹੀ ਗੁਰੂ ਜੀ ਨੇ ਇਸ ਵਾਰ ਦੀ ਦੂਜੀ ਪਉੜੀ ਵਿਚ ਅੰਕਿਤ ਕੀਤਾ ਹੈ-


ਤੈਂ ਹੀ ਦੁਰਗਾ ਸਾਜਿ ਕੈ, ਦੈਂਤਾਂ ਦਾ ਨਾਸੁ ਕਰਾਇਆ॥


ਜੋ ਇਹ ਪਹਿਲੀਆਂ ਦੋ ਪਉੜੀਆਂ ਇਸ ਰਚਨਾ ਦੇ ਮਧ ਵਿਚ ਜਾਂ ਹੋਰ ਕਿਤੇ ਉਪਸਥਿਤ ਹੁੰਦੀਆਂ ਤਾ ਇਸ ਦੀ ਭਿੰਨਤਾ ਜਾਚਣੀ ਵੀ ਔਖੀ ਸੀ,ਪਰ ਹੁਣ ਤਾਂ ‘ਭਗਉਤੀ’ ਨੂੰ ਪਰਮ ਸ਼ਕਤੀ ਦਾ ਪ੍ਰਤੀਕ ਕਾਰਨ ਦਰਜ ਹੀ ਸਭ ਤੋੰ ਪਹਿਲਾਂ ਕੀਤਾ ਗਿਆ ਹੈ, ਜਿਸ ਕਾਰਨ ਸਾਰੀ ਭਰਮ-ਭ੍ਰਾਂਤੀ ਮੁਕ ਗਈ ਹੈ।

‘ਭਗਉਤੀ’ ਦਾ ਯੁਧ ਵਿਚ ਲੜਨਾ ਸ਼ਬਦਾਂਤਕ ਰੂਪ ਵਿਚ ਕਿਤੇ ਨਹੀੰਂ ਆਇਆ। ਹਾਂ, ‘ਭਗਉਤੀ’ ਸ਼ਬਦ ਦਾ ਵਰਨਣ ਇਕ ਵਾਰ ਇਸ ਵਾਰ ਦੇ ਅਰੰਭ ਵਿਚ ਤੇ ਦੂਜੀ ਵਾਰ 53ਵੀੰ ਪਉੜੀ ਵਿਚ ਕੀਤਾ ਗਿਆ ਹੈ-


ਅਰੰਭ ਵਿਚ- ਸ੍ਰੀ ਭਗਉਤੀ ਜੀ ਸਹਾਇ॥

ਵਾਰ ਸ੍ਰੀ ਭਗਉਤੀ ਜੀ ਕੀ॥

ਪ੍ਰਿਥਮ ਭਗਉਤੀ ਸਿਮਰਿ ਕੈ……


53ਵੀੰ ਪਉੜੀ ਵਿਚ-


ਲਈ ਭਗਉਤੀ ਦੁਰਗਸ਼ਾਹ ਵਰਜਾਗਨ ਭਾਰੀ॥


ਅਰੰਭ ਵਿਚ ਵਰਤੇ ‘ਭਗਉਤੀ’ ਪਦ ਦੇ ਅਰਥ ‘ਅਕਾਲ ਪੁਰਖ’ ਹਨ ਅਤੇ 53ਵੀੰ ਪਉੜੀ ਵਿਚ ਇਸ ਦੇ ਅਰਥ ‘ਤਲਵਾਰ’ ਹਨ। ਭਗਉਤੀ ਤੋੰ ਛੁਟ ਬਾਕੀ ਦੇ ਸਾਰੇ ਨਾਮ ਦੁਰਗਾ ਦੇ ਵਿਸ਼ੇਸਣ ਜਾਂ ਲਖਾਇਕ ਹਨ।


ਭਗਉਤੀ ਪਦ ਦੇ ਅਰਥਾਂ ਬਾਰੇ ਨਿਰਣਯ-   

ਅਕਾਲੀ ਬਾਣੀ ਦਾ ਪਠਣ ਪਾਠਣ ਕਰਨ ਵਾਲੇ ਸਭ ਪਾਠਕ ਭਲੀ ਭਾਂਤ ਜਾਣਦੇ ਹਨ ਕਿ ਗੁਰਬਾਣੀ ਵਿਚ ਇਕ ਥਾਂ ਤੇ ਨਹੀਂ, ਕਈ ਬਾਰ ਅਜਿਹੇ ਸ਼ਬਦਾਂ ਸਰੂਪਾਂ ਦੀ ਵਰਤੋਂ ਆਈ ਹੈ, ਜਿਨ੍ਹਾਂ ਦਾ ਬਾਹਰਮੁਖੀ ਸੰਬੰਧ ਹਿੰਦੂ ਧਰਮ ਦੇ ਅਵਤਾਰਾਂ, ਖ਼ਾਸ ਖ਼ਾਸ ਵਿਅਕਤੀਗਤ ਦੇਵਤਿਆਂ ਨਾਲ ਹੈ, ਪਰ ਅਸਲ ਵਿਚ ਉਨ੍ਹਾਂ ਨਾਵਾਂ ਦੀ ਵਰਤੋਂ ਸਤਿਗੁਰੂ ਨੇ ਅਨੁਭਵ ਬ੍ਰਿਤੀ ਦੁਆਰਾ ਆਪਣੇ ਨਿਰਗੁਣ ਇਸ਼ਟ ਪ੍ਰਤੀ ਕੀਤੀ ਹੈ। ਅਕਾਲ ਰੂਪੀ ਸਤਿਗੁਰਾਂ ਦੀ ਅੰਮ੍ਰਿਤ-ਦ੍ਰਿਸ਼ਟੀ ਵਿਚ ਸਾਰੇ ਪਾਸੇ ਇਕੋ ਅਕਾਲੀ ਸ਼ਕਤੀ ਹੀ ਕੰਮ ਕਰਦੀ ਦਿਖਾਈ ਦਿੰਦੀ ਹੈ। ਆਪ ਨੇ ਸਾਰੇ ਅਵਤਾਰਾਂ, ਦੇਵਤਿਆਂ ਅਥਵਾ ਦੈਂਤਾਂ ਵਿਚ ਇਕ ਕਰਤਾ ਪੁਰਖ ਦੀ ਹੀ ਵਡਿਆਈ ਵੇਖੀ ਅਤੇ ਅਗੰਮੀ ਉਸਤਤਿ ਦੇ ਰੂਪ ਵਿਚ ਹੀ ਆਪਣੇ ਉਸ ਕਰਤਾਰ ਨੂੰ ਸਲਾਹਿਆ ਅਤੇ ਉਸ ਦੇ ਦੀਦਾਰੇ ਕੀਤੇ ਹਨ, ਨਾ ਕਿ ਉਸ ਦੇ ਰਚੇ ਹੋਏ ਅਵਤਾਰਾਂ ਆਦਿ ਨੂੰ।


‘ਭਗਉਤੀ’ ਪਦ ਦੇ ਵਿਰੋਧੀਆਂ ਨੂੰ ਭਲੀ-ਭਾਂਤਿ ਪਤਾ ਹੈ ਕਿ ਗੁਰਬਾਣੀ ਅੰਦਰ ਅਕਾਲ ਪੁਰਖ ਜੀ ਦੇ ਅਨੇਕਾਂ ਅਜਿਹੇ ਕਰਮ-ਨਾਮ ਦਰਜ ਹਨ ਜਿਨ੍ਹਾਂ ਦਾ ਜਾਪ ਤੇ ਜ਼ਿਕਰ ਹਿੰਦੂ ਧਰਮ ਦੇ ਉਪਾਸ਼ਕ ਕਰਦੇ ਹਨ, ਜਿਵੇਂ ਕਿ ਗੋਵਰਧਨਧਾਰੀ, ਮੁਰਲੀ ਮਨੋਹਰ, ਮਾਧਵ, ਕ੍ਰਿਸ਼ਨ ਮੁਰਾਰੀ, ਜਗਦੀਸ਼, ਸ੍ਰੀ ਰਾਮਚੰਦ, ਬਾਸਦੇਵ, ਬਨਵਾਲੀ, ਕਾਨ੍ਹ, ਰਘੁਨਾਥ, ਰਾਜਾ ਰਾਮ ਆਦਿ। ਪਰ ਇਨ੍ਹਾਂ ਸ਼ਬਦਾਂ ਬਾਰੇ ਆਮ ਪਾਠਕਾਂ ਨੇ ਕਦੇ ਕੋਈ ਕਿੰਤੂ ਕਰਨ ਦੀ ਜੁਅਰਤ ਨਹੀਂ ਕੀਤੀ, ਕਿਉਂ ਜੁ ਇਹ ਗੁਰੂ ਰੂਪ ਬਾਣੀ ਚਿ ਦਰਜ ਹਨ। ਪਰ ਉਹ ਵੀਰ ‘ਭਗਉਤੀ’ ਪਦ, ਜੋ ਕਿ ਗੁਰੂ ਜੀ ਨੇ ਉਪਰੋਕਤ ਨਾਵਾਂ ਵਾਂਗ ਹੀ ਵਰਤਿਆ ਹੈ, ਦਾ ਅਰਥ ਆਪਣੇ ਕੋਲੋਂ ‘ਦੇਵੀ’ ਕਲਪ ਕੇ ਕੌਮ ਵਿਚ ਇਕ ਕਲਪਣਾ ਖੜੀ ਕਰਨ ਦਾ ਅਪਜਸ ਕਿਉਂ ਖਟ ਰਹੇ ਹਨ।


ਉਪਰੋਕਤ ਨਾਵਾਂ ਦਾ ਸੰਗ੍ਰਹਿ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਨਾ 1082-83 ਤੇ ਮਾਰੂ ਸੋਲਹੇ ਮ: 5 ਵਿਚ ਦਿਤਾ ਹੈ। ਇਹੋ ਭਾਵਨਾ ਦਸਮੇਸ਼ ਜੀ ਦੀ ਬਾਣੀ ‘ਅਕਾਲ ਉਸਤਤਿ’ ਵਿਚ ਮੌਜੂਦ ਹੈ। ਸੋ, ਗੁਰੂ ਸਾਹਿਬ ਦਾ ਗੂੜ੍ਹ ਮੂਲਕ ਸਿਧਾਂਤ ਸਮਝੇ ਬਿਨਾਂ ਐਵੇਂ ਵਾਦ-ਵਿਵਾਦ ਖੜਾ ਕਰਨਾ ਕੋਈ ਸਿਆਣਪ ਨਹੀਂ। ਆਓ, ਗੁਰਬਾਣੀ ਦੀ ਟੇਕ ਲੈ ਕੇ ਆਪਣੇ ਵਿਚਾਰਾਂ ਵਿਚ ਦ੍ਰਿੜ੍ਹਤਾ ਪੈਦਾ ਕਰਨ ਦਾ ਯਤਨ ਕਰੀਏ:-


ਅਵਤਾਰੀ ਨਾਮ ਅਕਾਲ ਦੇ ਲਖਾਇਕ


ਰਾਮ-


1. ‘ਰਾਮ’ ਨ ਜਪਹੁ ਅਭਾਗ ਤੁਮਾਰਾ॥

ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ॥1॥ਰਹਾੳ॥    (ਪੰਨਾ 228)

2. ਸਭ ਸੁਖਦਾਤਾ ‘ਰਾਮੁ’ ਹੈ, ਦੂਸਰ ਨਾਹਿਨ ਕੋਇ॥

ਕਹੁ ਨਾਨਕ ਸੁਨ ਰੇ ਮਨਾ, ਤਿਹ ਸਿਮਰਤ ਗਤਿ ਹੋਇ॥9॥  (ਪੰਨਾ 1426)

3. ਰਾਮ ਰਾਮ ਰਾਮ ਕੀਰਤਨ ਗਾਇ॥

ਰਮਤ ‘ਰਾਮੁ’ ਸਭ ਰਹਿੳ ਸਮਾਇ॥1॥    (ਪੰਨਾ 865)

4. ਸਭੇ ਘਟ ‘ਰਾਮ’ ਬੋਲੈ ‘ਰਾਮਾ’ ਬੋਲੈ॥

‘ਰਾਮ’ ਬਿਨਾ ਕੋ ਬੋਲੈ ਰੇ॥1॥ਰਹਾੳ॥     (ਪੰਨਾ 988)

 5. ਰਾਜਾ ‘ਰਾਮ’ ਕੀ ਸਰਣਾਇ॥1॥ਰਹਾੳ॥    (ਪੰਨਾ 899)

 6. ਰਾਜਾ ‘ਰਾਮੁ’  ਰਮਤ ਸੁਖੁ ਪਾਇਓ॥…॥1॥ਰਹਾਉ॥  (ਪੰ: 1268)

 7. ਰਾਜਾ ‘ਰਾਮੁ’ ਮਉਲਿਆ ਅਨਤ ਭਾਇ॥

    ਜਹ ਦੇਖਉ ਤਹ ਰਹਿਆ ਸਮਾਇ॥1॥ਰਹਾਉ॥    (ਪੰ: 1193)


ਦੇਹਧਾਰੀ ਅਵਤਾਰਾਂ ਦੇਵਤਿਆਂ ਦੇ ਨਾਵਾਂ ਦੇ ਲਖਾਇਕ-


1. ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਕਮਣੁ ਵਿਛੁੜਿ ਗਇਆ॥

         (ਪੰਨਾ 954)

2.  ਰਾਮ ਝੁਰੇ ਦਲ ਮੇਲਵੇ ਅੰਤਰਿ ਬਲੁ ਅਧਿਕਾਰ॥

     ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥25॥

         (ਪੰਨਾ 1412)


 ਸਿਖ ਧਰਮ ਵਿਚ ਇਨ੍ਹਾਂ ਨਾਵਾਂ ਦੀ ਭਾਵਕ ਵਿਲੱਖਣਤਾ ਹੈ, ਜਿਵੇਂ ਹਿੰਦੂ ਧਰਮ ਵਾਲੇ ਰਾਮ ਚੰਦ੍ਰ ਜੀ ਰਾਜਾ ਰਾਮ ਆਖਦੇ ਹਨ, ਪਰ ਗੁਰਬਾਣੀ ਅੰਦਰ ਵਿਆਪਕ ਕਰਤਾਰ, ਜਿਸ ਦਾ ਪ੍ਰਕਾਸ਼ ਰਵਿਆ ਹੋਇਆ ਹੈ, ਦਾ ਸੰਕੇਤਕ ਹੈ।


ਰਘੁਪਤਿ, ਰਘੁਨਾਥ, ਰਘੁਰਾਇ- 


 ਹਿੰਦੂ ਧਰਮ ਵਿਚ ਉਪਰੋਕਤ ਰਾਮ ਚੰਦ੍ਰ ਜੀ ਦੇ ਉਪਨਾਮ ਮੰਨੇ ਜਾਂਦੇ ਹਨ, ਪਰ ਗੁਰਬਾਣੀ ਵਿਚ ਇਨ੍ਹਾਂ ਨਾਵਾਂ ਦੀ ਵਰਤੋਂ ਪਰਮੇਸ਼ਰ ਪ੍ਰਤੀ ਕੀਤੀ ਗਈ ਹੈ, ਜਿਵੇਂ-


1. ਸੰਗ ਸਖਾ ਸਭਿ ਤਜਿ ਗਏ ਕੋਊ ਨ ਨਿਬਹਿਓ ਸਾਥਿ॥

ਕਹੁ ਨਾਨਕ ਇਹ ਬਿਪਤਿ ਮਹਿ ਟੇਕ ਏਕ ਰਘੁਨਾਥ॥55॥

      (ਪੰਨਾ 1429)

2. ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥3॥ (ਪੰਨਾ 1133)


 ਜੇ ਕੋਈ ਪਾਠਕ ਨੰਬਰ 1 ਵਾਲੇ ਵਾਕ ‘ਰਘੁਨਾਥ’ ਪਦ ਦੀ ਰਾਮ ਚੰਦ੍ਰ ਜੀ ਪ੍ਰਤੀ ਹੋਈ ਵਰਤੋਂ ਬਾਰੇ ਵਿਅਰਥ ਸ਼ੰਕਾ ਕਰੇ ਤਾਂ ਨੰਬਰ 2 ਵਿਚ ਇਸ ਦੀ ਨਿਵਿਰਤੀ ਹੋ ਜਾਂਦੀ ਹੈ, ਜਦ ਕਿ ਪ੍ਰਹਿਲਾਦ ਜੀ ਦੇ ਸਮੇਂ ਤਾਂ ਰਾਮ ਚੰਦ੍ਰ ਜੀ ਹੋਏ ਹੀ ਨਹੀਂ ਸਨ।


ਕਿਸ਼ਨ-


 ਜੋ ਲੋਕੀਂ ਕ੍ਰਿਸ਼ਨ ਜੀ ਨੂੰ ਰੱਬ ਜਾਣ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ, ਗੁਰੂ ਜੀ ਵਿਅੰਗਮਈ ਢੰਗ ਨਾਲ ਉਨ੍ਹਾਂ ਦਾ ਖੰਡਨ ਕਰਦੇ ਹਨ:-


1. ਸਗਲੀ ਥੀਤਿ ਪਾਸਿ ਡਾਰਿ ਰਾਖੀ॥

ਅਸਟਮ ਥੀਤਿ ਗੋਵਿੰਦ ਜਨਮਾਸੀ॥1॥

ਭਰਮਿ ਭੂਲੇ ਨਰ ਕਰਤ ਕਚਰਾਇਣ॥

ਜਨਮ ਮਰਣ ਤੇ ਰਹਤ ਨਾਰਾਇਣ॥1॥ਰਹਾਉ॥  (ਪੰ: 1136

2. ਏਕ ਕ੍ਰਿਸਨੰ ਸਰਬ ਦੇਵਾ, ਦੇਵ ਦੇਵਾਤ ਆਤਮਾ॥4॥12॥(ਪੰ: 469


ਦਾਮੋਦਰ-


 (ਦਾਮ-ਉਦਰ)=ਦਾਮ(ਰੱਸੀ) ਬੰਨ੍ਹੀ ਹੋਵੇ ਜਿਸ ਦੇ ਉਦਰ (ਪੇਟ) ਨਾਲ। ਇਕ ਵਾਰੀ ਇੱਲਤ ਤੋਂ ਵਰਜਣ ਹਿਤ ਮਾਤਾ ਯਸ਼ੋਧਾ ਨੇ ਸ੍ਰੀ ਕ੍ਰਿਸ਼ਨ ਜੀ ਦੇ ਲੱਕ ਨਾਲ ਰੱਸੀ ਪਾ ਕੇ ਉਨ੍ਹਾਂ ਨੂੰ ਉਂਖਲ ਨਾਲ ਬੰਨ੍ਹ ਦਿਤਾ ਸੀ, ਜਿਸ ਤੋਂ ਉਨ੍ਹਾਂ ਦਾ ਨਾਉਂ ‘ਦਾਮੋਦਰ’ ਪੈ ਗਿਆ (ਵੇਖੋ ਵਿਸ਼ਣੂ ਪੁਰਾਣ)। ਪਰ ਗੁਰੂ ਜੀ ਨੇ ਇਹ ਨਾਮ ਪਰਮੇਸ਼ਰ ਪ੍ਰਤੀ ਵਰਤਿਆ ਹੈ, ਵੇਖੋ-


1. ਦਾਮੋਦਰ ਦਇਆਲ ਸੁਆਮੀ ਸਰਬਸੁ, ਸੰਤ ਜਨਾ ਧਨ ਮਾਲ॥2॥

        (ਪੰਨਾ 824

2. ਦਾਮੋਦਰ ਦਇਆਲ ਆਰਾਧਹੁ, ਗੋਬਿੰਦ ਕਰਤ ਸੋੁਹਾਵੈ॥

        (ਪੰਨਾ 1218


ਕੇਸਵ-(ਸੁੰਦਰ ਕੇਸਾਂ ਵਾਲਾ)


 ਹਿੰਦੂ ਵੀਰ ਇਹ ਨਾਮ ਵਿਸ਼ਨੂੰ ਪ੍ਰਤੀ ਸਮਝਦੇ ਹਨ, ਪਰ ਗੁਰੂ ਸਾਹਿਬ ਨੇ ਇਹ ਪਦ ਕਰਤਾ ਪੁਰਖ ਪ੍ਰਤੀ ਵਰਤਿਆ ਹੈ, ਕਿਉਂਕਿ ਉਹ ਇਨ੍ਹਾਂ ਅਵਤਾਰਾਂ ਨੂੰ ਕਰਤਾ ਪੁਰਖ ਨਹੀਂ ਮੰਨਦੇ, ਸਗੋਂ ਕਰਤਾ ਪੁਰਖ ਦੀ ਰਚਨਾ ਮੰਨਦੇ ਹਨ:-


1. ਸਰਨਿ ਦੁਖ-ਭੰਜਨ ਪੁਰਖ ਨਿਰੰਜਨ, ਸਾਧੂ ਸੰਗਤਿ ਰਵਣੁ ਜੈਸੇ॥

ਕੇਸਵ ਕਲੇਸ-ਨਾਸ ਅਘ-ਖੰਡਨ ਨਾਨਕ ਜੀਵਨ ਦਰਸ ਦਿਸੇ॥

       (ਪੰਨਾ 829

2. ਕੇਸਵ ਚਲਤ ਕਰਹਿ ਨਿਰਾਲੇ, ਕੀਤਾ ਲੋੜਹਿ ਸੋ ਹੋਇਗਾ॥8॥

        (ਪੰਨਾ 1082

3. ਕਬੀਰ, ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ॥223॥ (ਪੰ: 1376


ਉਪਰੋਕਤ ਸ਼ਬਦਾਂ ਤੋਂ ਇਲਾਵਾ ਮੁਰਾਰਿ, ਮਾਧਵ ਆਦਿ ਕਈ ਸ਼ਬਦ ਕਰਤਾਰ-ਪੁਰਖ ਪ੍ਰਤੀ ਵਰਤੇ ਗਏ ਹਨ। ਸੋ, ਗੁਰਬਾਣੀ ਦੇ ਅਧਾਰ ਤੇ ਜਿਵੇਂ-


 ਕਬੀਰ, ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥190॥

ਅਥਵਾ-ਕਬੀਰ, ਰਾਮੈ ਰਾਮ ਕਹਹੁ, ਕਹਿਬੇ ਮਾਹਿ ਬਿਬੇਕ॥191॥

        (ਪੰਨਾ 1374


ਤਿਵੇਂ ‘ਭਗਉਤੀ’ ਸ਼ਬਦ ਦੇ ਆਖਣ ਅਤੇ ਵਿਚਾਰਨ ਵਿਚ ਭੇਦ ਹੈ, ਅਤੇ ਗੁਰਮੁਖਾਂ ਵਾਲੀ “ਜੋ ਦੀਸੈ ਸੋ ਸਗਲ ਤੂੰ ਹੈ ਪਸਰਿਆ ਪਾਸਾਰੁ”* ਸਮ-ਦ੍ਰਿਸ਼ਟੀ ਬਣੇ ਬਿਨਾਂ ਭਗਉਤੀ ਦੇ ਸਰੂਪ ਬਾਰੇ ਭਰਮ-ਗਿਆਨੀਆਂ ਦੀ ਜਨਮ-ਜਨਮਾਂਤਰਾਂ ਵਿਚ ਵੀ ਤਸੱਲੀ ਨਹੀਂ ਹੋਣੀ।  ਉਨ੍ਹਾਂ ਦਾ ਹਾਲ ਉਹੋ ਰਹਿਣਾ ਹੈ ਜਿਵੇਂ ਕਿਸੇ ਨੇ ਸਾਰੀ ਰਾਤ ਰਾਮਾਇਣ ਸੁਣੀ, ਪਰ ਫਿਰ ਸਵੇਰੇ ਉਠ ਕੇ ਪੁਛਿਆ ਕਿ ਸੀਤਾ ਕੌਣ ਸੀ।  ਸੋ, ਉਨ੍ਹਾਂ ਨੂੰ ‘ਭਗਉਤੀ’ ਦੇ ਅਰਥ ਕਿੰਨੇ ਹੀ ਨਿਖੇਰ ਕੇ ਪਏ ਦਸੋ, ‘ਅਕਾਲ ਪੁਰਖ’ ‘ਆਦਿ ਸ਼ਕਤੀ’, ਪਰ ਜੇ ਉਨ੍ਹਾਂ ਨੂੰ ਮੁੜ ਅਰਥ ਪੁਛੇ ਜਾਣ ਤਾਂ ਉਹ ਇਸ ਦੇ ਅਰਥ ‘ਦੁਰਗਾ ਦੇਵੀ’ ਹੀ ਦਸਣਗੇ।  ਪਰ ਭਗਤ ਕਬੀਰ ਜੀ ਦੇ ਬਚਨਾਂ ਅਨੁਸਾਰ-


  ਕਹਿ ਕਬੀਰ ਮਨੁ ਮਾਨਿਆ॥

  ਮਨੁ ਮਾਨਿਆ ਤਉ ਹਰਿ ਜਾਨਿਆ॥4॥11॥ (ਪੰਨਾ 656

  ਮਨ ਮਾਨੇ ਲੋਗੁ ਨ ਪਤੀਜੈ॥

  ਨ ਪਤੀਜੈ ਤਉ ਕਿਆ ਕੀਜੈ॥3॥7॥ (ਪੰਨਾ 656


ਕੀ ਕੀਤਾ ਜਾ ਸਕਦਾ ਹੈ।  ਪਰਮੇਸ਼ਰ ਅਜਿਹੇ ਨਿਰਣੈਕਾਰਾਂ ਨੂੰ ਸੁਮੱਤ ਬਖ਼ਸ਼ੇ। 


ਭਗਉਤੀ ਨਿਰਣਯ-

 ਕਈ ਵੀਰ ‘ਭਗਉਤੀ’ ਸ਼ਬਦ ਨੂੰ ‘ਦੁਰਗਾ’ ਦਾ ਲਖਾਇਕ ਸਮਝਦੇ ਹਨ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੋਰ ਰਚਨਾਵਾਂ ਤੇ ਗੁਰਬਾਣੀ ਰਾਹੀਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਭਗਉਤੀ ਸ਼ਬਦ ਦੇ ਕਈ ਅਰਥ ਹਨ।  


 ‘ਭਗਉਤੀ’ ਸ਼ਬਦ ਦੀ ਵਰਤੋਂ ਕੇਵਲ ਇਸ ਵਾਰ ਵਿਚ ਹੀ ਨਹੀਂ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਵੀ ਮਿਲਦੀ ਹੈ, ਜਿਵੇਂ-


1. ਸੋ ਭਗਉਤੀ ਜੋਭਗਵੰਤੈ ਜਾਣੈ॥ ਗੁਰਪਰਸਾਦੀ ਆਪੁ ਪਛਾਣੈ॥

ਧਾਵਤੁ ਰਾਖੈ, ਇਕਤੁ ਘਰਿ ਆਣੈ॥ ਜੀਵਤੁ ਮਰੈ, ਹਰਿ ਨਾਮੁ ਵਖਾਣੈ॥

ਐਸਾ ਭਗਉਤੀ ਉਤਮੁ ਹੋਇ॥ ਨਾਨਕ, ਸਚਿ ਸਮਾਵੈ ਸੋਇ॥2॥14॥

      (ਮ: 3, ਪੰ: 88)

2. ਇਤੁ ਸੰਜਮਿ, ਪ੍ਰਭੁ ਕਿਨਹੀ ਨ ਪਾਇਆ॥

ਭਗਉਤੀ ਮੁਦ੍ਰਾ, ਮਨੁ ਮੋਹਿਆ ਮਾਇਆ॥1॥ਰਹਾਉ॥

     (ਪ੍ਰਭਾਤੀ ਮ: 5, ਪੰ: 1348)

3. ਭਗਉਤੀ, ਭਗਵੰਤ ਭਗਤਿ ਕਾ ਰੰਗੁ॥

ਸ਼ਗਲ ਤਿਆਗੈ, ਦੁਸਟ ਕਾ ਸੰਗੁ॥3॥9॥ (ਸੁਖਮਨੀ ਸਾਹਿਬ, ਪੰ: 274)

4. ..ਨਾਉ ਭਗਉਤੀ ਲੋਹੁ ਘੜਾਇਆ॥6॥ (24) (ਭਾ: ਗੁਰਦਾਸ ਜੀ

5. ਲਈ ਭਗਉਤੀ ਦੁਰਗਸ਼ਾਹ ਵਰਜਾਗਨ ਭਾਰੀ॥

 ਲਾਈ ਰਾਜੇ ਸੁੰਭ ਨੋ, ਰਤੁ ਪੀਏ ਪਿਆਰੀ॥53॥ (ਚੰਡੀ ਦੀ ਵਾਰ


 ਉਪਰੋਕਤ ਵਾਕਾਂ ਤੋਂ ਇਸ ਗੱਲ ਦਾ ਨਿਰਣਾ ਹੋ ਜਾਂਦਾ ਹੈ ਕਿ ‘ਭਗਉਤੀ’ ਸ਼ਬਦ ਕੇਵਲ ਇਸਤ੍ਰੀ-ਵਾਚਕ ਹੀ ਨਹੀਂ, ਪੁਲਿੰਗ ਵੀ ਹੈ। ਕਈ ਆਲੋਚਕਾਂ ਨੇ ਇਸ ਸ਼ਬਦ ਨੂੰ ਇਸਤ੍ਰੀ-ਵਾਚਕ ਮੰਨ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਭਗਉਤੀ (ਦੁਰਗਾ ਦੇਵੀ) ਦਾ ਹੀ ਉਪਾਸ਼ਕ ਸਿਧ ਕਰਨ ਦਾ ਨਿਰਾਰਥ ਯਤਨ ਕੀਤਾ ਹੈ। ਅਜਿਹੇ ਆਲੋਚਕ ਇਥੇ ਹੀ ਬਸ ਨਹੀਂ ਕਰਦੇ, ਸਗੋਂ ਗੁਰੂ ਸਾਹਿਬ ਜੀ ਦੇ ਕੁਝ ਹੋਰ ਵਾਕਾਂ ਦੇ ਗ਼ਲਤ ਅਰਥ ਕਰ ਕੇ ਆਪਣੇ ਕਥਨ ਦੀ ਪੁਸ਼ਟੀ ਕਰਦੇ ਹਨ, ਜਿਵੇਂ-


1. ਤਹ ਹਮ ਅਧਿਕ ਤਪਸਿਆ ਸਾਧੀ॥ ਮਹਾ ਕਾਲ ਕਾਲਕਾ ਅਰਾਧੀ॥2॥

       (ਪਾ: 10, ਬਚਿਤ੍ਰ ਨਾਟਕ, ਅਧਿ:6

2. ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ॥ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ॥

       (ਜਾਪੁ ਸਾਹਿਬ


 ਦੂਜੇ ਭਾਈ ਗੁਰਦਾਸ ਜੀ ਦੀ ਰਚੀ ਵਾਰ ਵਿਚ ‘ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ’ ਵੀ ਪਾਠਕਾਂ ਦੀ ਦ੍ਰਿਸ਼ਟੀ-ਗੋਚਰੇ ਕਰਦੇ ਹਨ। 

 ਪੁਰਾਤਨ ਲਿਖਤਾਂ ਇਸ ਗੱਲ ਦਾ ਪਰਤੱਖ ਪ੍ਰਮਾਣ ਹਨ ਕਿ ਹਰ ਰਚਨਾ ਦੇ ਅਰੰਭ ਵਿਚ ਮੰਗਲਾਚਰਨ ਲਿਖਣਾ ਜ਼ਰੂਰੀ ਮੰਨਿਆ ਜਾਂਦਾ ਸੀ, ਜਿਸ ਤੋਂ ਲਿਖਾਰੀ ਦੇ ਇਸ਼ਟ-ਦੇਵ ਦਾ ਪਤਾ ਲਗ ਜਾਂਦਾ ਸੀ। ਗੁਰੂ ਜੀ ਨੇ ਉਸ ਸਮੇਂ ਦੀ ਰਹੁ-ਰੀਤ ਨੂੰ ਸੁਰਜੀਤ ਰਖਣ ਲਈ ਇਸ ਵਾਰ ਦੇ ਅਰੰਭ ਵਿਚ ‘ਭਗਉਤੀ’ ਅਕਾਲ-ਸ਼ਕਤੀ ਦੀ ਉਸਤਤਿ ਕੀਤੀ ਹੈ। ਸ੍ਰੀ ‘ਭਗਉਤੀ ਜੀ ਸਹਾਇ’ ਇਸ ਵਾਰ ਦੇ ਅਰੰਭ ਵਿਚ ਹੀ ਨਹੀਂ, ਗਿਆਨ ਪ੍ਰਬੋਧ, ਦੇ ਅਰੰਭ ਵਿਚ ਵੀ ਦਰਜ ਹੈ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਇਸ ਦਾ ਅਰੰਭ ਹੀ ‘ਨੂੰਤੋਂ  ਵਾਹਿਗੁਰੂ ਜੀ ਕੀ ਫਤਿਹ’ ਤੋਂ ਹੁੰਦਾ ਹੈ, ਜਿਸ ਦੀ ਵਰਤੋਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕਿਤੇ ਨਹੀਂ ਮਿਲਦੀ। ਆਪ ਜੀ ਦੀਆਂ ਹੋਰ ਰਚਨਾਵਾਂ ਦੇ ਆਦਿ ਵਿਚ ‘ਨੂੰਤੋਂ ਸਤਿਗੁਰ ਪ੍ਰਸਾਦਿ’, ‘ਅਕਾਲ ਜੀ ਸਹਾਇ’ ਆਦਿ ਕਈ ਤਰ੍ਹਾਂ ਦੇ ਸੰਖੇਪ ਮੂਲ ਮੰਗਲ ਮਿਲਦੇ ਹਨ। ਭਗਉਤੀ’ ਸ਼ਬਦ ਦੇ ਕਈ ਅਰਥ ਹੋ ਸਕਦੇ ਹਨ, ਪਰ ਜਿਥੋਂ ਤਕ ਇਥੇ ਵਰਤੋਂ ਦਾ ਸੰਬੰਧ ਹੈ, ਵਾਹਿਗੁਰੂ ਅਥਵਾ ਭਗਉਤੀ (ਭਗਵੰਤ ਦੀ ਸੱਤਾ) ਦੀ ਸਹਾਇਤਾ ਲਈ ਅਰਦਾਸ ਹੈ। ਉਹ ਭਗਉਤੀ ਨਾ ਲੋਹੇ ਦੀ ਤਲਵਾਰ ਹੈ ਤੇ ਨਾ ਹੀ ਦੁਰਗਾ ਤੇ ਕਾਲਕਾ ਵਾਂਗ ਹੱਡ ਮਾਸ ਨਾੜੀ ਦਾ ਪਿੰਜਰ ਹੈ। ਅਜਿਹੀਆਂ ਕਰੋੜਾਂ ਦੇਵੀਆਂ ਉਸ ਭਗਉਤੀ (ਮਹਾਨ ਸ਼ਕਤੀ-ਅਕਾਲ ਪੁਰਖ) ਦਾ ਧਿਆਨ ਧਾਰਨੀਯ ਹਨ। ਉਹ ‘ਭਗਉਤੀ’ ਇਕ ਹੈ ਤੇ ਉਸ ਦੀ ਪੂਰਨ ਜੋਤੀ ਸਾਰੇ ਘਟਾਂ ਵਿਚ ਵਿਆਪਕ ਹੈ। ਉਹ ‘ਭਗਉਤੀ’ ਇਕ ਅਜਿਹਾ ਮਹਾਨ ਚਾਨਣ ਹੈ ਜਿਸ ਦੇ ਚਾਨਣ ਨਾਲ ਸਾਰੇ ਸਰੀਰਾਂ ਵਿਚ ਚਾਨਣ ਹੁੰਦਾ ਹੈ। ਦੁਰਗਾ ਵਰਗੀਆਂ ਅਨੇਕਾਂ ਟਹਿਲਣਾਂ ਉਪਰੋਕਤ ‘ਭਗਉਤੀ’ ਦੀ ਕਾਰ ਵਿਚ ਜੁਟੀਆਂ ਪਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵਿਚ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ) ਨੇ ਆਪਣੀਆਂ ਅੱਖਾਂ ਨਾਲ ਦੇਵੀ ਨੂੰ ਝਾੜੂ ਦੇਂਦੇ ਵੇਖਿਆ ਸੀ, ਜਿਸ ਤੋਂ ਪ੍ਰਭਾਵਤ ਹੋ ਕੇ ਆਪ ਜੀ ਨੇ ਦੇਵੀ-ਪੂਜਾ ਛਡੀ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਕੇ ਪਰਮ ਪਿਤਾ ਅਕਾਲ ਪੁਰਖ ਜੀ ਦੇ ਦਰਸ਼ਨ ਪਾਏ ਸਨ।


ਗੁਰੂ ਗੋਬਿੰਦ ਸਿੰਘ ਜੀ ਤੇ ਦੇਵੀ ਪੂਜਾ-


 ਇਸ ਵਾਰ ਵਿਚ ਥਾਂ ਥਾਂ ਤੇ ਦੁਰਗਾ (ਚੰਡੀ) ਦੀ ਉਸਤਤਿ ਗਾਈ ਗਈ ਹੈ, ਜਿਸ ਤੋਂ ਪਾਠਕਾਂ ਨੂੰ ਇਹ ਸ਼ੰਕਾ ਉਤਪੰਨ ਹੁੰਦੀ ਹੈ ਕਿ ਕੀ ਵਾਰਕਾਰ ਗੁਰੂ ਜੀ ਦੇਵੀ-ਪੂਜਕ ਤਾਂ ਨਹੀਂ ਸਨ?

 ਇਹ ਵਾਰ ਮਾਰਕੰਡੇ ਪੁਰਾਣ ਵਿਚੋਂ ਲਈ ਕਥਾ ਦਾ ਕਵਿਤਾ ਵਿਚ ਅਨੁਵਾਦ ਹੈ। ਗੁਰੂ ਜੀ ਨੇ ਜਿਸ ਪੱਖ ਨੂੰ ਮੁਖ ਰਖ ਕੇ ਇਸ ਨੂੰ ਚੁਣਿਆ, ਉਸ ਦਾ ਮੰਤਵ ਤਾਂ ਹੀ ਪੂਰਾ ਹੋ ਸਕਦਾ ਸੀ ਜੇ ਬਹਾਦਰਾਂ ਦੀ ਉਸਤਤੀ ਦਾ ਨਮੂਨਾ ਸਾਰੇ ਭਾਰਤ-ਵਾਸੀਆਂ ਦੇ ਸਾਹਮਣੇ ਰਖਿਆ ਜਾਂਦਾ। (ਦੁਰਗਾ) ਦੇਵੀ ਦੇ ਐਨੇ ਐਨੇ ਦੈਂਤਾਂ ਨੂੰ ਮਾਰ ਕੇ ਖਪਾ ਦੇਣਾ, ਇਹ ਵੱਡੀ ਸੂਰਬੀਰਤਾ ਦਾ ਕੰਮ ਸੀ। ਅਜਿਹੀ ਸੂਰਤ ਵਿਚ ਅਕਾਲੀ ਫ਼ੌਜਾਂ ਦਾ ਸਰਦਾਰ ਦੇਵੀ ਦੀ ਬਹਾਦਰੀ ਦੀ ਦਾਦ ਕਿਉਂ ਨਾ ਦਿੰਦਾ?  ਜੇ ਆਪ ਜੀ ਦੇਵੀ-ਪੂਜਕ ਹੁੰਦੇ ਤਾਂ ਦੇਵੀ ਦੇ ਵੈਰੀਆਂ (ਦੈਂਤਾਂ) ਦੀ ਬਹਾਦਰੀ ਦਾ ਵਰਣਨ ਨਾ ਕਰਦੇ। ਪਰੰਤੂ ਗੁਰੂ ਜੀ ਨੇ ਤਸਵੀਰ ਦੇ ਦੋਵੇਂ ਪਾਸੇ ਲੋਕਾਂ ਅਗੇ ਰਖੇ ਹਨ। ਦੈਂਤਾਂ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ-


  ਕਦੇ ਨ ਨੱਠੇ ਜੁੱਧ ਤੇ ਜੋਧੇ ਜੁਝਾਰੇ॥9॥

  ਰਾਕਸ ਰਣੋ ਨ ਭਜਨ ਰੋਹੇ ਰੋਹਲੇ॥12॥


 ਇਸੇ ਤਰ੍ਹਾਂ ਨਿਸੁੰਭ (ਦੈਂਤ) ਦੀ ਬਹਾਦਰੀ ਦਾ ਨਕਸ਼ਾ ਬੜੇ ਕਮਾਲ ਦਾ ਉਲੀਕਿਆ ਹੈ-


  ਸਾਬਾਸ ਸਲੋਣੇ ਖਾਣ ਕਉ॥

  ਸਦਾ ਸਾਬਾਸ ਤੇਰੇ ਤਾਣ ਕਉ॥

  ਤਾਰੀਫ਼ਾਂ ਪਾਨ ਚਬਾਨ ਕਉ॥

  ਸਦ ਰਹਮਤ ਕੈਫਾਂ ਖਾਨ ਕਉ॥

  ਸਦ ਰਹਮਤ ਤੁਰੇ ਨਚਾਣ ਕਉ॥40॥  (ਚੰਡੀ ਦੀ ਵਾਰ


 ਸੋ ਕਿਸੇ ਦੀ ਬਹਾਦਰੀ ਨੂੰ ਸਤਿਕਾਰ ਦੀ ਨਜ਼ਰ ਨਾਲ ਵੇਖਣਾ ਕਿਸੇ ਦਾ ਉਪਾਸ਼ਕ ਬਣਨਾ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਬਹਾਦਰੀ ਦੀ ਕਦਰ ਕਰਨੀ ਹੁੰਦੀ ਹੈ।   ਜੇ ਗੁਰੂ ਹੀ ਦੇਵੀ ਜਾਂ ਅਵਤਾਰ-ਪੂਜਕ ਹੁੰਦੇ ਤਾਂ ਆਪਣੀ ਬਾਣੀ ਰਾਹੀਂ ਇਹ ਬਚਨ ਬਿਲਕੁਲ ਨਾ ਉਚਾਰਦੇ-


 -ਦੇਵ ਅਦੇਵ ਖਪੇ ਅਹੰਮੇਵ,  ਨ ਭੇਵ ਲਖਿਓ ਭ੍ਰਮ ਸਿਉ ਭਰਮਾਏ॥3॥245॥{ਅਕਾਲ ਉਸਤਤਿ

 -ਕੋਟਿਕ ਇੰਦ੍ਰ ਕਰੇ ਜਿਹ ਕੇ, ਕਈ ਕੋਟਿ ਉਪਿੰਦ੍ਰ ਬਨਾਇ ਖਪਾਯੋ॥

  ਦਾਨਵ ਦੇਵ ਫਨਿੰਦ ਧਰਾਧਰ, ਪੱਛ ਪਸੂ ਨਹਿ ਜਾਤ ਗਨਾਯੋ॥

  ਆਜ ਲਗੇ ਤਪੁ ਸਾਧਤ ਹੈਂ, ਸਿਵਊ ਬ੍ਰਹਮਾ ਕਛੁ ਪਾਰ ਨ ਪਾਯੋ॥

 ਬੇਦ ਕਤੇਬ ਨ ਭੇਦ ਲਖਿਓ ਜਿਹ, ਸੋਊ ਗੁਰੂ ਗੁਰੁ ਮੋਹਿ ਬਤਾਯੋ॥17॥

       (ਪਾ: 10, ਤੇਤੀ ਸਵੱਯੇ


 ਦਸਮ ਪਾਤਸ਼ਾਹ ਜੀ ਨੇ ਸਾਰੀ ਰਚਨਾ ਵਿਚ ਦੇਵੀ ਦੇਵਤਿਆਂ ਤੇ ਹੋਰ ਪਖੰਡਾਂ ਤੇ ਭਰਮਾਂ ਦੀਆਂ ਧਜੀਆਂ ਉਡਾਈਆਂ ਹਨ।  ਜੇ ਪ੍ਰਮਾਣ ਦੇਣ ਲਗੀਏ ਤਾਂ ਕਈ ਪੁਸਤਕਾਂ ਲਿਖੀਆਂ ਜਾਣ।  ਅਜਿਹੀ ਆਲੋਚਨਾ ਕਰਨ ਤੋਂ ਪਹਿਲਾਂ ਗੁਰੂ ਜੀ ਦਾ ਜੀਵਨ ਤੇ ਬਾਣੀ ਦੀ ਹਰ ਪੱਖ ਤੋਂ ਪੜਤਾਲ ਕਰਨੀ ਚਾਹੀਦੀ ਹੈ।  ਐਵੈਂ ਨਿਰਾਰਥਕ ਗੱਲਾਂ ਨਾਲ ਗੁਰੂ ਜੀ ਨੂੰ ਦੇਵੀ-ਉਪਾਸ਼ਕ ਜਾਂ ਦੇਵੀ ਉਪਾਸ਼ਨਾ ਦਾ ਸਮਰਥਕ ਦਸਣਾ ਭਾਰੀ ਭੁੱਲ ਹੈ।  ਗੁਰੂ ਨਾਨਕ ਦੇਵ ਜੀ ਤੇ ਬਾਕੀ ਸਤਿਗੁਰਾਂ ਨੇ ਨਿਰਗੁਣ ਭਗਤੀ ਦਾ ਪਰਚਾਰ ਕੀਤਾ ਅਤੇ ਉਸੇ ਮਿਸ਼ਨ ਨੂੰ ਕਲਗੀਧਰ ਪਿਤਾ ਜੀ ਨੇ ਸੰਤ ਸਿਪਾਹੀਆਂ ਦੀ ਫ਼ੌਜ ਬਣਾ ਕੇ ਨੇਪਰੇ ਚਾੜ੍ਹਿਆ।  ਪਿਤਾ ਅਕਾਲ ਪੁਰਖ ਜੀ ਦੇ ਦਸੇ ਪ੍ਰੋਗਰਾਮ ਅਨੁਸਾਰ-ਜਾਹਿ ਤਹਾਂ ਤੈ ਧਰਮੁ ਚਲਾਇ॥ ਕਬੁਧਿ ਕਰਨ ਤੇ ਲੋਕ ਹਟਾਇ॥* ਨੂੰ ਚੰਗੀ ਤਰ੍ਹਾਂ ਚਲਾਇਆ ਤੇ ਧਰਮ ਦਾ ਡੰਕਾ ਵਜਾਇਆ।  ਗੁਰੂ ਜੀ ਨੇ ਆਪਣੀ ਸਾਰੀ ਰਚਨਾ ਵਿਚ ਕਿਧਰੇ ਵੀ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕੀਤੀ।  ਸਗੋਂ ਨਿਰਭੈ ਹੋ ਕੇ ਆਖਿਆ-


  ਮੈਂ ਨ ਗਨੇਸਾਹਿ ਪ੍ਰਿਥਮ ਮਨਾਊਂ॥

  ਕਿਸ਼ਨ ਬਿਸ਼ਨ ਕਬਹੂੰ ਨ ਧਿਆਅਊਂ॥

  ਕਾਨ ਸੁਨੇ ਪਹਿਚਾਨ ਨ ਤਿਨ ਸੋਂ॥

  ਲਿਵ ਲਾਗੀ ਮੋਰੀ ਪਗ ਇਨ ਸੋਂ॥434॥ (ਕ੍ਰਿਸ਼ਨਾਵਤਾਰ


 ਅਜਿਹੇ ਕ੍ਰਾਂਤੀਕਾਰੀ ਗੁਰੂ ਨੂੰ ਦੁਰਗਾ, ਭਵਾਨੀ, ਕਾਲੀ ਆਦਿ ਦੇਵੀਆਂ ਦਾ ਪੂਜਕ ਆਖਣਾ ਅਨਜਾਣ-ਪੁਣੇ ਦੀ ਨਿਸ਼ਾਨੀ ਹੈ ਅਤੇ ਗੁਰੂ ਸਾਹਿਬ ਦੀ ਨਿਰਾਦਰੀ ਕਰਨ ਤੁਲ ਹੈ।  ਦਸਵੀਂ ਪਾਤਸ਼ਾਹੀ ਦੇ ਹੇਠ ਲਿਖੇ ਮੁਖਵਾਕ ਇਨ੍ਹਾਂ ਸ਼ੰਕਿਆਂ ਅਤੇ ਭਰਮਾਂ ਨੂੰ ਮਿਟਾ ਦੇਂਦੇ ਹਨ-


1. ਪ੍ਰਿਥਮ ਕਾਲ ਸਭ ਜਗ ਕੋ ਤਾਤਾ॥

ਤਾਂ ਤੇ ਭਯੋ ਤੇਜ ਬਿਖਿਆਤਾ॥

ਸੋਈ ਭਵਾਨੀ ਨਾਮ ਕਹਾਈ॥

ਜਿਨ ਸਿਗਰੀ ਯਹ ਸ੍ਰਿਸਟਿ ਉਪਾਈ॥29॥  (ਚੌਬੀਸ ਅਵਤਾਰ

2. ਅਨਹਦ ਰੂਪ ਅਨਾਹਦ ਬਾਨੀ॥

ਚਰਨ ਸਰਨ ਜਹ ਬਸਤ ਭਵਾਨੀ॥   (ਪਾ: 10, ਅਕਾਲ ਉਸਤਤਿ

3. ਆਦਿ ਅੰਤਿ ਏਕੈ ਅਵਤਾਰਾ॥

ਸੋਈ ਗੁਰੂ ਸਮਝਿਯਹੁ ਹਮਾਰਾ॥9॥

ਨਮਸਕਾਰ ਤਿਸ ਹੀ ਕੋ ਹਮਾਰੀ॥

ਸਕਲ ਪ੍ਰਜਾ ਜਿਨ ਆਪ ਸਵਾਰੀ…॥10॥  (ਕਬਿਯੋ ਬਾਚ ਬੇਨਤੀ ਚੌਪਈ, ਪਾ: 10


& ਇਸ ਲਈ ਇਹ ਵਿਚਾਰ ਸਪਸ਼ਟ ਹੈ ਕਿ ਗੁਰੂ ਜੀ ਦਾ ਆਸ਼ਾ ਕੇਵਲ ਧਰਮ-ਯੁਧ ਲਈ ਤਿਆਰ ਹੋ ਰਹੇ ਸਿੱਖਾਂ ਦੀ ਆਤਮਾ ਨੂੰ ਬੀਰ-ਰਸੀ ਉਤਸ਼ਾਹ ਨਾਲ ਭਰਪੂਰ ਕਰਨਾ ਸੀ ਅਤੇ ਕੇਵਲ ਪਰਮ ਸ਼ਕਤੀ ਨਾਲ ਜੋੜਨਾ ਸੀ। ਇਸ ਤੋਂ ਬਿਨਾਂ ਹੋਰ ਕੋਈ ਸੰਕਲਪ ਸਿੱਧ ਨਹੀਂ ਹੁੰਦਾ।

ਸ਼ਸਤਰ ਪੂਜਾ-


 ਕਈ ਸ਼ਰਧਾਵਾਨ ਸਿਖ, ਗੁਰੂ ਜੀ ਨੂੰ ਸ਼ਸਤਰ ਦੇ ਉਪਾਸ਼ਕ ਹੀ ਦਸਦੇ ਹਨ ਤੇ ਉਦਾਹਰਣ ਵਜੋਂ ਹੇਠ ਲਿਖੇ ਬਚਨ ਬੋਲਦੇ ਹਨ-


1. ਨਮਸਕਾਰ ਸ੍ਰੀ ਖੜਗ ਕੋ, ਕਰੋਂ ਸੁ ਹਿਤੁ ਚਿਤੁ ਲਾਇ॥

ਪੂਰਨ ਕਰੋਂ ਗਿਰੰਥ ਇਹੁ, ਤੁਮ ਮੁਹਿ ਕਰਹੁ ਸਹਾਇ॥1॥

     (ਬਚਿਤ੍ਰ ਨਾਟਕ, ਅਧਿ:1

2. ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ

ਮਮ ਪ੍ਰਤਿਪਾਰਣ ਜੈ ਤੈਗੰ॥2॥  (ਬਚਿਤ੍ਰ ਨਾਟਕ, ਅਧਿ: 1

3. ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥

ਸੈਫ ਸਰੋਹੀ ਸੈਹਥੀ ਯਹੈ ਹਮਾਰੇ ਪੀਰ॥3॥ (ਸ਼ਸਤ੍ਰ ਨਾਮ ਮਾਲਾ


 ਮਹਾਨ ਜੋਧੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਸਤਰਾਂ ਨੂੰ ਨਮਸਕਾਰ ਕਰਨ ਦਾ ਇਹ ਮੰਤਵ ਕਦਾਚਿਤ ਨਹੀਂ ਹੋ ਸਕਦਾ ਕਿ ਉਹ ਸ਼ਸਤਰਾਂ ਨੂੰ ਇਸ਼ਟ-ਦੇਵ ਮੰਨਦੇ ਸਨ। ਸ਼ਸਤਰਾਂ ਨੂੰ ਇਸ਼ਨਾਨ ਕਰਾਉਣਾ ਤੇ ਚੰਗੀ ਤਰ੍ਹਾਂ ਚਮਕਾ ਕੇ ਰਖਣਾ ਜੋਧੇ ਦਾ ਇਕ ਵੱਡਾ ਫ਼ਰਜ਼ ਹੁੰਦਾ ਹੈ। ਗੁਰੂ ਜੀ ਸਮਸਤ ਰੂਪ ਵਿਚ ਵਿਚਰਨ ਵਾਲੇ ਬ੍ਰਹਮਗਿਆਨੀ ਸਨ। ਸ਼ਸਤਰਾਂ ਨੂੰ ਸਿਰ ਝੁਕਾਉਣਾ ਅਥਵਾ ਸ਼ਸਤਰਾਂ ਨੂੰ ਉਠਾਉਣ ਵੇਲੇ ਜਾਂ ਚਲਾਉਣ ਵੇਲੇ ਨਮਸਕਾਰ ਕਰਨੀ ਇਸ ਗੱਲ ਦਾ ਸੂਚਿਕ ਹੈ ਕਿ ਆਪ ਹਰ ਕੰਮ ਕਰਨ ਵੇਲੇ ਅਕਾਲ ਪੁਰਖ ਜੀ ਨੂੰ ਹਾਜ਼ਰ ਨਾਜ਼ਰ ਸਮਝਦੇ ਹਨ-


  ਚੱਤ੍ਰ ਚੱਕ੍ਰ ਵਰਤੀ, ਚੱਤ੍ਰ ਚੱਕ੍ਰ ਭੁਗਤੇ॥

  ਸੁਯੰਭਵ ਸੁਭੰ, ਸਰਬਦਾ ਸਰਬ ਜੁਗਤੇ॥

  ਦੁਕਾਲੰ ਪ੍ਰਣਾਸੀ, ਦਿਆਲੰ ਸਰੂਪੇ॥

  ਸਦਾ ਅੰਗ ਸੰਗੇ, ਅਭੰਗੰ ਬਿਭੂਤੇ॥199॥  (ਜਾਪੁ ਸਾਹਿਬ


 ਆਪ ਜੀ ਦੀ ਲਿਸ਼ਕਦੀ ਚੰਡੀ ਵਿਚੋਂ, ਜ਼ਾਲਮਾਂ ਦੇ ਆਹੂ ਲਾਹੁਣ ਵਾਲੀ ਖੜਗ ਵਿਚੋਂ ਮਾਲਕ ਦੀ ਪਰਤੱਖ ਸ਼ਕਤੀ ਵਿਖਾਈ ਦਿੰਦੀ ਸੀ। ਗੁਰੂ ਜੀ ਦਾ ਮਨੋਰਥ ਨਾ ਹੀ ਜੁੱਧ ਜਿਤਣਾ ਤੇ ਨਾ ਹੀ ਪਦਾਰਥਾਂ ਜਾਂ ਰਾਜ ਭਾਗ ਦੀ ਪ੍ਰਾਪਤੀ ਕਰਨਾ ਸੀ। ਆਪ ਜੀ ਤਾਂ ਪਰਮ ਪਿਤਾ ਅਕਾਲ ਪੁਰਖ ਜੀ ਦੇ ਹੁਕਮ ਦੀ ਪਾਲਣਾ ਲਈ, ਜਾਤ ਪਾਤ ਦਾ ਭੇਦ, ਨੀਚ-ਊਚ ਦੇ ਵਿਤਕਰੇ, ਦੁਸ਼ਟਾਂ ਦੋਖੀਆਂ ਦੀ ਜੜ੍ਹ ਪੁਟਣ ਲਈ, ਸੰਤਾਂ ਨੂੰ ਉਬਾਰਨ ਲਈ ਤੇ ਆਤਮਕ ਚੇਤੰਨਤਾ ਲਿਆਉਣ ਲਈ ਹੀ ਮਨੁਖੀ ਜਾਮੇ ਵਿਚ ਆਏ ਸਨ। ਆਪ ਜੀ ਨੇ ਭਗਉਤੀ (ਆਦਿ ਸ਼ਕਤੀ) ਨੂੰ ਜੁੱਧ ਰਚਾਉਣ ਵਾਲਾ, ਜੁੱਧ ਕਰਨ ਵਾਲਾ, ਖੰਡਾ ਸਾਜਣ ਵਾਲਾ, ਖੰਡਾ ਖੜਕਾਉਣ ਵਾਲਾ, ਦੈਂਤਾਂ ਨੂੰ ਪੈਦਾ ਕਰਨ ਵਾਲਾ ਤੇ ਨਾਸ ਕਰਨ ਵਾਲਾ ਉਚਾਰਨ ਕੀਤਾ ਹੈ-

  ਤੈਂ ਹੀ ਦੁਰਗਾ ਸਾਜਿ ਕੈ, ਦੈਂਤਾਂ ਦਾ ਨਾਸੁ ਕਰਾਇਆ॥2॥

        (ਚੰਡੀ ਦੀ ਵਾਰ

 ਆਪ ਜੀ ਨੇ ਨਿਜ ਬਲ ਤੇ ਕਦੇ ਮਾਣ ਨਹੀਂ ਕੀਤਾ। ਖ਼ਾਸਸੇ ਨੂੰ ਅਕਾਲ ਪੁਰਖ ਦੀ ਫ਼ੌਜ ਸਮਝ ਕੇ ਬੇਅੰਤ ਉਪਮਾ ਕੀਤੀ ਹੈ-


  ਜੁੱਧ ਜਿਤੇ ਇਨ ਹੀ ਕੇ ਪ੍ਰਸਾਦਿ,

  ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ॥

  ਅਘ ਅਓਘ ਟਰੇ ਇਨ ਹੀ ਕੇ ਪ੍ਰਸਾਦਿ॥

  ਇਨ ਹੀ ਕੀ ਕ੍ਰਿਪਾ ਫੁਨ ਧਾਮ ਭਰੇ॥

  ਇਨ ਹੀ ਕੇ ਪ੍ਰਸਾਦਿ ਸੁਬਿਦਿਆ ਲਈ,

  ਇਨ ਹੀ ਕੀ ਕ੍ਰਿਪਾ ਸਭ ਸਤ੍ਰ ਮਰੇ॥

  ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ,

  ਨਹੀਂ ਮੋ ਸੇ ਗ਼ਰੀਬ ਕਰੋਰ ਪਰੇ॥2॥ (ਗਿਆਨ ਪ੍ਰਬੋਧ, ਅੰਤ


 ਸੋ ਗੁਰੂ ਜੀ ਨੇ ਸਦਾ ਅਕਾਲ ਦੀ ਸਹਾਇਤਾ ਤੇ ਵਾਹਿਗੁਰੂ ਜੀ ਕੀ ਫ਼ਤਿਹ ਦਾ ਆਦੇਸ਼ ਹੀ ਸਿਖ ਪੰਥ ਅਗੇ ਰਖਿਆ। 

 ਵਾਰ ਸ੍ਰੀ ਭਗਉਤੀ ਜੀ ਦੀ ਦੂਜੀ ਪਉੜੀ ਇਹ ਗੱਲ ਪ੍ਰਗਟ ਕਰਦੀ ਹੈ ਕਿ ‘ਦੁਰਗਾ’ ਭਗਉਤੀ ਦੀ ਪੈਦਾ ਕੀਤੀ ਹੋਈ ਦੇਵੀ ਹੈ, ਕਿਉਂਕਿ ਵਿਆਕਰਣਿਕ ਨਿਯਮਾਂ ਅਨੁਸਾਰ ਪਹਿਲੋਂ ਕਰਤਾ ਪਿਛੋਂ ਵਿਸ਼ੇਸ਼ਣ ਲਗਦਾ ਹੈ, ਜਿਵੇਂ ਕਿ ਇਸ ਵਾਰ ਵਿਚ ਹੈ। ਗੁਰੂ ਜੀ ਦੇ ਹੇਠ ਲਿਖੇ ਵਾਕਾਂ ਤੋਂ ਇਸ ਗੱਲ ਦਾ ਨਿਰਣਾ ਹੋ ਜਾਂਦਾ ਹੈ ਕਿ ਆਪ ਜੀ “ਕੇਵਲ ਕਾਲ ਈ ਕਰਤਾਰ॥ ਆਦਿ ਅੰਤ ਅਨੰਤ ਮੂਰਤਿ, ਗੜ੍ਹਨ ਭੰਜਨਹਾਰ”* ਦੇ ਪੁਜਾਰੀ ਸਨ ਤੇ ਬਿਨਾ ਅਕਾਲ ਤੋਂ ਕਿਸੇ ਨੂੰ ਵੀ ਨਹੀਂ ਮੰਨਦੇ ਸਨ। ਆਪ ਦੇ ਬਚਨ ਹਨ-


  ਮੈਂ ਨ ਗਨੇਸ਼ਹਿ ਪ੍ਰਿਥਮ ਮਨਾਊਂ॥

  ਕਿਸ਼ਨ ਬਿਸ਼ ਕਬਹੂੰ ਨ ਧਿਆਊਂ॥

  ਕਾਨ ਸੁਨੇ ਪਹਿਚਾਨ ਨ ਤਿਨ ਸੋਂ॥

  ਲਿਵ ਲਾਗੀ ਮੋਰੀ ਪਗ ਇਨ ਸੋਂ॥434॥ (ਕ੍ਰਿਸ਼ਨਾਵਤਾਰ

  ਨਮਸਕਾਰ ਤਿਸ ਹੀ ਕੋ ਹਮਾਰੀ॥

  ਸਕਲ ਪ੍ਰਜਾ ਜਿਨ ਆਪ ਸਵਾਰੀ॥10॥ (ਚੌਪਈ ਪਾ: 10


  ਪਾਂਇ ਗਹੇ ਜਬ ਤੇ ਤੁਮਰੇ,

  ਤਬ ਤੇ ਕੋਊ ਆਂਖ ਤਰੇ ਨਹੀਂ ਆਨਯੋ॥

  ਰਾਮ ਰਹੀਮ ਪੁਰਾਨ ਕੁਰਾਨ,

  ਅਨੇਕ ਕਹੈਂ ਮਤ ਏਕ ਨ ਮਾਨਯੋ॥

  ਸਿੰਮ੍ਰਿਤਿ ਸਾਸਤ੍ਰ ਬੇਦ ਸਭੈ,

  ਬਹੁ ਭੇਦ ਕਹੈਂ ਹਮ ਏਕ ਨ ਜਾਨਯੋ॥

  ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ,

  ਮੈਂ ਨ ਕਹਯੋ ਸਭ ਤੋਹਿ ਬਖਾਨਯੋ॥ (ਰਾਮਾਵਤਾਰ


 ਸੋ ਅੰਤਮ ਸਿੱਟਾ ਇਹੋ ਹੀ ਨਿਕਲਦਾ ਹੈ ਕਿ ਗੁਰੂ ਜੀ ਨੇ ਜਿਸ ਭਗਉਤੀ ਦੀ ਸਹਾਇਤਾ ਮੰਗੀ ਹੈ ਉਹ ‘ਅਕਾਲੀ-ਸਤਾ’ ਹੈ।  ਬਚਿਤ੍ਰ ਨਾਟਕ ਵਿਚ ਵੀ ਆਪ ਜੀ ਨੇ ਪਰਮਾਤਮਾ ਨੂੰ ਤੇਗ ਰੂਪ ਵਿਚ ਵੇਖ ਕੇ ਨਮਸਕਾਰ ਕੀਤੀ ਹੈ ਅਤੇ ਛੰਦ ਵਿਚ ਅਜਿਹੇ ਢੁਕਵੇਂ ਸ਼ਬਦ ਵਰਤੇ ਹਨ ਜਿਨ੍ਹਾਂ ਦਾ ਪਠਨ ਪਾਠਨ ਅਦੁੱਤੀ ਦਰਸ਼ਨ ਕਰਾਉਂਦਾ ਹੈ ਤੇ ਬੀਰ ਰਸ ਭਰ ਦੇਂਦਾ ਹੈ-


 ਖਗ ਖੰਡ ਬਿਹੰਡੰ, ਖਲ ਦਲ ਖੰਡੰ, ਅਤਿ ਰਣ ਮੰਡੰ ਬਰਬੰਡੰ॥

 ਭੁਜ ਦੰਡ ਅਖੰਡੰ, ਤੇਜ ਪ੍ਰਚੰਡੰ, ਜੋਤਿ ਅਮੰਡੰ, ਭਾਨ ਪ੍ਰਭੰ॥

 ਸੁਖ ਸੰਤਾ ਕਰਣੰ, ਦੁਰਮਤਿ ਦਰਣੰ, ਕਿਲਬਿਖ ਹਰਣੰ, ਅਸਿ ਸਰਣੰ॥

 ਜੈ ਜੈ ਜਗ ਕਾਰਣ, ਸ੍ਰਿਸਟਿ ਉਬਾਰਣ, ਮਮ ਪ੍ਰਤਿਪਾਰਣ, ਜੈ ਤੇਗੰ॥2॥


(“ਚੰਡੀ ਦੀ ਵਾਰ ਨਿਰਣਯ ਸਟੀਕ” ਵਿਚੋਂ

Back to top


HomeProgramsHukamNamaResourcesContact •