ਦਸਮ ਗ੍ਰੰਥ ਵਿਚ ਪਰਮ ਸਤਿ ਦਾ ਸੰਕਲਪ

- ਬਲਦੇਵ ਸਿੰਘ ਬਲੂਆਣਾ



ਸਿੱਖ ਧਰਮ ਇਕ ਆਸਤਿਕ ਧਰਮ ਹੈ, ਇਸ ਲਈ ਆਸਤਿਕ ਮੱਤਾਂ ਵਿਚ ਪਰਮ ਸੱਤਾ ਦੇ ਸਰੂਪ ਦਾ ਵਰਣਨ ਬੜਾ ਹੀ ਮਹੱਤਵਪੂਰਨ ਹੁੰਦਾ ਹੈ।ਇਸੇ ਉਦੇਸ਼ ਦੇ ਅੰਤਰਗਤ ਹੀ ਦਸਮ ਗ੍ਰੰਥ ਦੀ ਬਾਣੀ ਵਿਚ ਪਰਮ-ਸਤਿ ਦੇ ਸਰੂਪ ਨੂੰ ਪ੍ਰਸਤੁਤ ਕਰਨ ਦਾ ਇਕ ਨਿਮਾਣਾ ਯਤਨ ਕੀਤਾ ਗਿਆ ਹੈ।


ਹਥਲੇ ਲੇਖ ਦੇ ਪਹਿਲੇ ਭਾਗ ਵਿਚ ਪਰਮ ਸਤਿ ਦੀ ਪਰਿਭਾਸ਼ਾ, ਵਿਆਖਿਆ ਅਤੇ ਇਸ ਦੀ ਪਰੰਪਰਾ ਬਾਰੇ ਖੋਜ ਸਮੱਗਰੀ ਉਪਲਬਧ ਕਰਾਉਣ ਦੇ ਨਾਲ ਦੂਜੇ ਭਾਗ ਵਿਚ (ਦਸਮ ਗ੍ਰੰਥ ਵਿਚ) ਪਰਮ-ਸਤਿ ਦੇ ਸਰੂਪ ਦਾ ਪ੍ਰਤਿਪਾਦਨ ਕੀਤਾ ਗਿਆ ਹੈ।


1.   ਪਰਮ ਸਤਿ ਦੀ ਪਰਿਭਾਸ਼ਾ:


 ਪਰਮ ਸਤਿ ‘ਪਰਮ’ ਤੇ ਸਤਿ ਦੇ ਦੋ ਪਦਾਂ ਦੇ ਸਮੇਲ ਨਾਲ ਬਣਿਆ ਸ਼ਬਦ ਹੈ।


 ‘ਪਰਮ’ (Ultimate) ਦਾ ਅਰਥ ਮੁਢਲਾ, ਮੂਲ ਜਾਂ ਅੰਤਿਮ ਹੈ ਅਤੇ ‘ਸਤਿ’ ਦਾ ਅਰਥ (ਸੱਚ) ਦੇ ਅਰਥਾਂ ਵਿਚ ਵਰਤਿਆ ਗਿਆ ਹੈ ਜੋ ਹਮੇਸ਼ਾਂ ਰਹਿੰਦਾ ਹੈ।

 ਗੁਰਬਾਣੀ ਵਿਚ ਸਤਿ ਦਾ ਅਰਥ ‘ਸਤਯ’ ਜਾਂ ‘ਸੱਚ’ ਕੀਤਾ ਗਿਆ ਮਿਲਦਾ ਹੈ, “ਆਪ ਸਤਿ ਕੀਆ ਸਭੁ ਸਤਿ”।ਇਸ ਪ੍ਰਕਾਰ ‘ਪਰਮ ਸਤਿ’ ਦਾ ਅਰਥ ਅੰਤਿਮ ਸੱਚ ਜਾਂ ਮੂਲ ਸਤਿ (ਸੱਚ) ਹੈ।ਅੰਗਰੇਜ਼ੀ ਭਾਸ਼ਾ ਵਿਚ ਪਰਮ ਸਤਿ ਨੂੰ (Ultimate Reality) ਦਾ ਨਾਂ ਦਿੱਤਾ ਗਿਆ ਹੈ।

 ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਉਹ ‘ਮੂਲ ਸਤਿ’ ਜਾਂ ‘ਸੱਚ’ ਕੀ ਹੈ?


ਸਤਿ ਦੀ ਵਿਆਖਿਆ:-


 ‘ਸਤਿ’ ਜਾਂ ‘ਸੱਚ’ ਸੰਸਕ੍ਰਿਤ ਦੇ ‘ਸਤਯ’ ਜਾਂ ‘ਸਤ’ ਦਾ ਪੰਜਾਬੀ ਰੂਪਾਂਤਰ ਹੈ।‘ਸਤਯ’ ਦਾ ਅਰਥ ਸੱਚ ਅਤੇ ਹੋਂਦ ਹੈ ਅਤੇ ‘ਸਤਯ’ ਸ਼ਬਦ ਭਾਰਤੀ ਦਾਰਸ਼ਨਿਕ ਵਿਚਾਰਧਾਰਾ ਵਿਚ ਆਮ ਪ੍ਰਚਲਿਤ ਹੈ।‘ਸਤਯ’ (eternity) ਸਦੀਵੀ ਪਰਮਾਤਮਾ ਨੂੰ ਅਭਿਵਿਅਕਤ ਕਰਦਾ ਹੈ।ਉਪਨਿਸ਼ਦਾਂ ਵਿਚ ਸਤ(ਠਰੁਟਹ) ਯਥਾਰਥ ਬ੍ਰਹਮ ਦੀਆਂ ਤਿੰਨ ਵਿਸ਼ੇਸ਼ਤਾਵਾਂ (ਸਤ, ਚਿਤ ਤੇ ਅਨੰਦ) ਵਿਚੋਂ ਇਕ ਹੈ।


 ਉਪਨਿਸ਼ਦ ਆਚਾਰੀਆ ਨੇ ਪਰਮ ‘ਸਤਿ’ ਨੂੰ ਨੇਤਿ ਨੇਤਿ ਅਤੇ ਤ੍ਰੈਗੁਣਾਤੀਤ ਦੱਸਿਆ ਹੈ।ਇਹ ਉਸਦਾ ਅਫੁਰ ਸਰੂਪ ਹੈ ਜਾਂ ਉਸ ਦੀ ਸੁੰਨ ਸਮਾਧੀ ਦੀ ਅਵਸਥਾ ਹੈ।ਇਸੇ ਭਾਵ ਨੂੰ ਦਰਸਾਉਣ ਲਈ ਗੁਰੂ ਗ੍ਰੰਥ ਸਾਹਿਬ ਵਿਚ ‘ਸਚ’ ਸ਼ਬਦ ਦੀ ਵਰਤੋਂ ਵਾਰ ਵਾਰ ਹੋਈ ਹੈ।‘ਸਚ’ ਉਸ ਦੀ ਵਾਸਤਵਿਕ ਹੋਂਦ ਦਾ ਲਖਾਇਕ ਅਤੇ ਧਰਮ ਸ਼ਾਸਤਰੀਆਂ ਨੇ ਉਸਨੂੰ ‘ਸੱਚ’ ਕਹਿ ਕੇ ‘ਪਰਮ ਸਤ’ ਦੀ ਹੋਂਦ ਦਾ ਭਾਵ ਪ੍ਰਗਟ ਕੀਤਾ ਹੈ।


 ਵੇਦਾਂਤ ਦਰਸ਼ਨ ਵਿਚ ਬ੍ਰਹਮ ਦੀ ਵਾਸਤਵਿਕ ਹੋਂਦ (Reality) ਨੂੰ ‘ਸਤ’ ਕਿਹਾ ਜਾਂਦਾ ਹੈ ਜਦ ਕਿ ਜਗਤ ਨੂੰ ਅਸਤ।


‘ਸਤਿ’ ਤੇ ‘ਸੱਚ’ ਦੇ ਭਾਵਾਰਥ


 ਗੁਰਮਤਿ ਅਤੇ ਹੋਰ ਧਾਰਮਿਕ ਸਾਹਿਤ ਵਿਚ ‘ਸਤਿ’ ਜਾਂ ‘ਸੱਚ’ ਭਾਵੇਂ ਇਕ ਦੂਜੇ ਨਾਲ ਸੰਬੰਧਿਤ ਸ਼ਬਦ ਹਨ, ਫਿਰ ਵੀ ਇਨ੍ਹਾਂ ਦੇ ਵੱਖ ਵੱਖ ਭਾਵਾਰਥ ਹਨ।ਅਧਿਆਤਮ ਪੱਧਰ ਤੇ ‘ਸਤਿ’ ਦਾ ਅਰਥ ਪਰਮ ਸੱਚ, ਸੱਚੀ ਹੋਂਦ, ਅਬਦਲ ਅਤੇ ਸਦੀਵੀਂ ਤੋਂ ਹੈ ਅਤੇ ਭੌਤਿਕ ਹੋਂਦ ਦੇ ਪੱਧਰ ਤੇ ‘ਸਤਿ’ ਜਾਂ ‘ਸੱਚ’ ਨੂੰ ਕੂੜ ਅਤੇ ਝੂਠ ਦੇ ਵਿਪੀਰੀਤ ਮੰਨਿਆ ਗਿਆ ਹੈ।


 ਇਸੇ ਪ੍ਰਕਾਰ ਅਧਿਆਤਮਕ ਪ੍ਰਸੰਗ ਵਿਚ ‘ਸਤ’ ਜਾਂ ‘ਸੱਚ’ ਦੀ ਵਰਤੋਂ ਸਤ-ਸੰਗਤਿ, ‘ਸਤਪੁਰਖ’, ਸਤਿਗੁਰ, ਸਚਿਆਰ, ਸਚਖੰਡ, ‘ਸੱਚਾ ਸਾਹਿਬ’, ‘ਸਾਹਿਬ’ ਜਾਂ ‘ਸੱਚਾ ਪਾਤਿਸ਼ਾਹ, ਅਕਾਲ ਅਤੇ ਮਹਾਕਾਲ ਦੇ ਤੌਰ ਤੇ ਹੋਈ ਮਿਲਦੀ ਹੈ।


 ਮੂਲ ਮੰਤਰ ਵਿਚ ਇਕ ਨੂੰ ‘ਸਤਿ’ ਲਿਖਿਆ ਗਿਆ ਹੈ।ਉਸ ਪਰਮ ਸੱਤ ਦਾ ਸੱਚਾ ਨਾਮ ਸੁਖ ਤੇ ਅਰਾਮ ਪ੍ਰਦਾਨ ਕਰਨ ਵਾਲਾ ਹੈ।


 ਸਤਿਨਾਮ ਪ੍ਰਭ ਕਾ ਸੁਖਦਾਈ॥ (ਗੁ. ਸੁਖ. ਮ. 5, ਪੰ, 284)


ਬਾਣੀ ਵਿਚ ‘ਸਤਿਨਾਮ’ ਜੋ ਪਰਾ ਪੂਰਬਲਾ ਹੈ ਦੇ ਸਮਾਨਾਰਥਕ ‘ਸ਼ਬਦ’, ‘ਸਚੁ’ ‘ਸੱਚਾ-ਸ਼ਬਦ’ ਅਤੇ ਕੇਵਲ ‘ਸੱਚਾ’ ਵਰਤੇ ਗਏ ਹਨ।


 ਜਪੁਜੀ ਸਾਹਿਬ ਦੀ ਪਹਿਲੀ ਸਤਰ ਵਿਚ ਹੀ ਉਸ ਨੂੰ “ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥” ਕਹਿ ਕੇ ਉਸ ਦੇ ‘ਸੱਚ’ ਹੋਣ ਦੀ ਪ੍ਰੋੜ੍ਹਤਾ ਕੀਤੀ ਗਈ ਹੈ।ਇਸੇ ਪ੍ਰਕਾਰ ਜਪੁਜੀ ਦੇ ਅੰਤ ਵਿਚ ਵੀ ਉਸ ਅਰੂਪ ਪ੍ਰਭੂ ਨੂੰ “ਸਚ ਖੰਡਿ ਵਸੈ ਨਿਰੰਕਾਰੁ” ਵਰਣਨ ਕੀਤਾ ਗਿਆ ਹੈ।


ਸਤ


 ਸਤਿ (ਸਥਿਰ ਹਸਤੀ) ਅਤੇ ਸੱਚ ਤੋਂ ਬਿਨਾਂ ‘ਸਤ’ ਇਕ ਹੋਰ ਦਾਰਸ਼ਨਿਕ ਸੰਕੇਤ ਹੈ ਜੋ ਕੇਵਲ ਹੈ- ਤਵ (ਹਸਤੀ) ਦਾ ਸੂਚਕ ਹੈ।ਤੱਤ-ਮੀਮਾਂਸਾ ਦੇ ਪ੍ਰਕਰਣ ਵਿਚ ‘ਸਤ’ ਅਤੇ ‘ਅ-ਸਤ’ ਦੋਵੇਂ ਵਿਰੋਧੀ ਸੰਕਲਪ ਹਨ।ਸਤ ਉਹ ਹੈ ਜੋ ‘ਹੈ’ ਅਤੇ ‘ਅਸਤ’ ਜੋ ‘ਨਹੀਂ’ ਹੈ।ਸਤ ਨੂੰ ਕੇਵਲ ਨਿਰੁਲ ਹੈ-ਤਵ, ਸੁਧ ਹਸਤੀ ਦੇ ਅਰਥਾਂ ਵਿਚ ਚਿਤਵਣਾ ਜ਼ਰੂਰੀ ਹੈ।


ਸੱਚ


 ਸਿਧਾਂਤਕ ਪੱਖੋਂ ਸੱਚ ਨੂੰ ਹੋਂਦ ਨਾਲ ਸੰਬੰਧਿਤ ਕਰਨਾ ਵਧੇਰੇ ਠੀਕ ਹੈ।ਸਮੁੱਚੇ ਤੌਰ ਤੇ ਸੱਚ ਨੂੰ ਸਰਗੁਣ ਰੂਪ ਵਿਚ ਚਿਤਵਿਆ ਜਾਂਦਾ ਹੈ, ਕਿਉਂਕਿ ਇਹ ਹੋਂਦ ਦਾ ਸੰਕੇਤਕ ਹੈ ਅਤੇ ਇਸ ਨੂੰ ਨੇਤਿ ਨੇਤਿ ਦੀ ਥਾਂ ਇਤਿ ਇਤਿ ਕਹਿ ਕੇ ਕਥਨ ਕੀਤਾ ਗਿਆ ਹੈ।


 ਸਿੱਖ ਰਚਨਾ ਸਿਧਾਂਤ (Sikh cosmology) ਅਨੁਸਾਰ ਪਰਮਾਤਮਾ ਨੇ ਬ੍ਰਹਿਮੰਡ ਨੂੰ ਆਪਣੇ ਵਿਚੋਂ ਆਪਣੀ ਖੁਸ਼ੀ ਅਤੇ ਆਪਣੀ ਮਰਜ਼ੀ ਨਾਲ ਸਿਰਜਿਆ ਹੈ ਅਤੇ ਉਹ ਆਪਣੀ ਇੱਛਾ ਨਾਲ ਹੀ ਇਸ ਸੰਸਾਰ ਨੂੰ ਆਪਣੇ ਵਿਚ ਸਮੇਟ ਲੈਂਦਾ ਹੈ।


(1) ਜਾ ਤਿਸੁ ਭਾਣਾ ਤਾ ਜਗਤੁ ਉਪਾਇਆ (ਮਾਰੂ ਮ. 1 ਪੰ. 1036)

(2) ਜਿਨਿ ਸਿਰਜੀ ਤਿਨ ਹੀ ਫੁਨਿ ਗੋਈ (ਮਾਰੂ ਮ. 1 ਪੰ. 1020)

(3) ਉਤਪਤਿ ਪਰਲਉ ਸਬਦੇ ਹੋਵੇ॥ (ਮਾਝ ਮ. 3 ਪੰ. 117)

 ਸ਼ਬਦੇ ਹੀ ਫਿਰਿ ਓਪਤਿ ਹੋਵੈ


 ਰਚਿਆ ਹੋਇਆ ਸੰਸਾਰ ਸਤ ਅਤੇ ਅਸੱਤ ਦੋਵੇਂ ਹੀ ਹੈ।ਇਹ ‘ਸਤ’ ਤਾਂ ਇਸ ਕਰਕੇ ਹੈ ਕਿ ਇਸ ਨੂੰ ਇਕੋ ਸੱਚੇ ਨੇ ਸਿਰਜਿਆ ਹੈ, ਕਿਉਂਕਿ ਉਹ ਖੁਦ ਇਸ ਵਿਚ ਸਮਾਇਆ ਹੋਇਆ ਹੈ।


 “ਆਪ ‘ਸਤ’ ਕੀਆ ਸਭ ਸਤਿ”।  (ਗ. ਸੁਖ ਮ. 5 ਪੰ. 284)


 ਪ੍ਰੰਤੂ ਇਸ ਦੇ ਨਾਲ ਹੀ ਇਹ ‘ਸਤ’ ਵੀ ਨਹੀਂ ਕਿਉਂਕਿ ਇਸ ਸੰਸਾਰ ਦੀ ਹੋਂਦ ਉਸ ਦੀ ਇੱਛਾ ਸ਼ਕਤੀ (will) ਤੇ ਨਿਰਭਰ ਹੈ:


 “ਜਾ ਤਿਸੁ ਭਾਵੈ ਤਾ ਸ੍ਰਿਸ਼ਟਿ ਉਪਾਏ”॥ (ਗੁ. ਮ. 5. ਪੰ. 292)


 ਇਸ ਪ੍ਰਕਾਰ ਭਾਵੇਂ ਸਮੇਂ ਤੇ ਸਥਾਨ ਦੇ ਅੰਤਰਗਤ ਸਿਰਜਿਆ ਤੇ ਦਿਸਦਾ ਬ੍ਰਹਿਮੰਡ ‘ਸਤ’ (ਅੰਤਿਮ ਸੱਚ) ਵਿਚੋਂ ਉਤਪੰਨ ਹੋਇਆ ਹੈ, ਤਾਂ ਵੀ ਇਹ ਉਸ ਦੀ ਸੀਮਾ ਨੂੰ ਆਪਣੀਆਂ ਆਰਜ਼ੀ ਸੀਮਾਵਾਂ ਤਕ ਸੀਮਤ ਨਹੀਂ ਕਰ ਸਕਦਾ।ਇਹ ‘ਸਤ’ ਅਲੱਖ ਹੈ, ਕਿਉਂਕਿ ਜਿਹੜਾ ਆਪ ਕਿਸੇ ਰਾਹੀਂ ਸਿਰਜਿਆ ਗਿਆ ਹੈ, ਉਹ ਸਿਰਜਣਹਾਰ ਨੂੰ ਕਿਵੇਂ ਜਾਣ ਸਕਦਾ ਹੈ ?


 “ਕਰਤੇ ਕੀ ਮਿਤਿ ਨ ਜਾਨੈ ਕੀਆ”। (ਗੁ. ਸੁਖਮਨੀ ਮ. 5, ਪੰਨਾ 285)


ਸੋ ਸਾਡੀ ਜਿਸ ਤਕ ਪਹੁੰਚ ਨਾ ਹੋਵੇ ਅਤੇ ਜੋ ਗੋਚਰ ਨਾ ਕੀਤਾ ਜਾ ਸਕਦਾ ਹੋਵੇ, ਉਹ ਗੁਰੂ ਦੇ ਸ਼ਬਦ ਦੁਆਰਾ ਹੀ ਜਾਣਿਆ ਜਾ ਲਖਿਆ ਸਕਦਾ ਹੈ:


 ਅੰਤਰਿ ਅਲਖੁ ਨ ਜਾਈ ਲਖਿਆ॥(ਮਾਝ ਮ. ਪ. ਪੰ. 130)

 ਅਗਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਕਲਾਵਣਿਆ॥(ਮਾਝ ਮ 5. ਪੰ. 130)


ਸਚ, ਸਚਾ ਅਤੇ ਸਤ ਪਰਮਾਤਮਾ ਲਈ ਵਰਤੇ ਗਏ ਸ਼ਬਦ ਹਨ।


 ਉਸ ਸਤ ਨੂੰ ਦੋ ਤਰੀਕਿਆ ਨਾਲ ਜਾਣਿਆ ਤੇ ਬੁਝਿਆ ਜਾ ਸਕਦਾ ਹੈ।ਇਕ ਢੰਗ ਤਾਂ ਹੈ ਕਿ ਗੁਰੂ ਸਾਧਕ ਦੀਆਂ ਅੰਦਰਲੀਆਂ ਗਿਆਨ ਰੂਪੀ ਅੱਖਾਂ (ਦਿਬ ਦ੍ਰਿਸ਼ਟੀ) ਖੋਲ੍ਹ ਕੇ, ਉਸ ਨੂੰ ‘ਸਤ’ ਦੇ ਦਰਸ਼ਨ ਕਰਵਾ ਦਿੰਦਾ ਹੈ ਜਿਹੜਾ ਕਿ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ।

 ਇਸ ਪ੍ਰਸੰਗ ਵਿਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ‘ਨਾਨਕ ਕਾ ਪਾਤਿਸ਼ਾਹ’ ਭਾਵੇਂ ਸੰਸਾਰ ਅਤੇ ਅਗੰਮੀ ਗਿਆਨ ਤੋਂ ਪਰੇ ਹੈ, ਫਿਰ ਵੀ ਉਹ ਉਹਨਾਂ ਨੂੰ ਜਾਹਰਾ (ਪ੍ਰਤੱਖ) ਦਿਸ ਰਿਹਾ ਹੈ।


 ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ।

 ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ॥(ਆਸਾ ਮ.5.397)


ਪ੍ਰਭੂ ਦੇ ਮਿਲਾਪ ਦਾ ਦੂਜਾ ਢੰਗ ਹੈ ਕਿ ਪ੍ਰਭੂ-ਭਗਤੀ ਰਾਹੀਂ ਸਾਧਕ ਉਸ ‘ਸਤ’ ਵਿਚ ਅਭੇਦ ਹੋ ਕੇ ਆਪ ਵੀ ਸਤਿ ਦਾ ਰੂਪ ਬਣ ਜਾਂਦਾ ਹੈ।


 ਅਜਿਹੀ ਅਧਿਆਤਮਕ ਪੱਧਰ ਦੀ ਅਵਸਥਾ ਦੀ ਪ੍ਰਾਪਤੀ ਪ੍ਰਭੂ ਦੀ ਬਖਸ਼ਿਸ਼ ਦੁਆਰਾ ਹੀ ਸੰਭਵ ਹੈ ਅਤੇ ਬਖਸ਼ਿਸ਼ ਅੱਗੋਂ ਗੁਰੂ ਰਾਹੀਂ ਮਿਲਦੀ ਹੈ।ਸਾਧਕ ਨੂੰ ਇਸ ਅਧਿਆਤਮਕ ਅਵਸਥਾ ਦੀ ਪ੍ਰਾਪਤੀ ਲਈ ਦੋ ਗੱਲਾਂ ਦੀ ਲੋੜ ਪੈਂਦੀ ਹੈ:


 ਪਹਿਲੀ ਹੈ ਸਤਿਗੁਰ ਨਾਲ ਮੇਲ

 ਸਤਿਗੁਰ ਮਿਲਿਐ ਤ੍ਰਿਕੁਟੀ ਛੁਟੈ

 ਚਉਥੈ ਪਦ ਲਿਵ ਲਾਇ॥(ਸਿਰੀ ਮ. 3. ਪੰ. 33)


ਦੂਜੀ ਹੈ ਸਤਿਗੁਰ ਦੇ ਮੇਲ ਲਈ ‘ਜੁਗਤਿ’ ਦਾ ਜਾਣਨਾ ਜਿਸ ਦੁਆਰਾ ਕੂੜ ਤੇ ਪਾਪਾਂ ਦੀ ਮੈਲ ਧੋਤੀ ਜਾਂਦੀ ਹੈ:


 ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ॥

 ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ॥


 ‘ਸਚੁ’ ਸਭਨਾ ਹੋਇ ਦਾਰੂ ਪਾਪ ਕਢੈ ਧੋਇ॥

 ਨਾਨਕ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ॥(ਆਸਾ ਵਾਰ 1.ਪੰ.468)


ਸੋ ਸੱਚੀ ਰਹਿਣੀ ਦੁਆਰਾ ਹੀ ਸੱਚੇ ਕਰਮ ਅਤੇ ਸੱਚੀ ਕਾਰ(ੳਚਟੋਿਨਸ) ਦੀ ਪ੍ਰਾਪਤੀ ਸੰਭਵ ਹੈ ਅਤੇ ਇਉਂ ਕਰਨ ਨਾਲ ਸਾਧਕ ਸੱਚ ਸੰਜਮ (ਜਬਤ ਜਾਬਤਾ) ਦਾ ਧਾਰਨੀ ਬਣ ਜਾਂਦਾ ਹੈ।


 ਕਿਉਂਕਿ ਸਿੱਖ ਧਰਮ ਸੰਗਤਿ ਤੇ ਆਧਾਰਿਤ ਧਰਮ ਹੈ।ਇਸ ਲਈ ਸਤ ਸੰਗਤਿ ਹੀ ‘ਸੱਚੀ ਸੰਗਤ’ ਹੈ:

 

 ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰ॥(ਵਡਹੰਸ ਕੀ ਵਾਰ ਮ. 5. ਪੰ. 586)


 ਸਤ ਸੰਗਤਿ ਸਤਿਗੁਰ ਚਟ ਸਾਲ ਹੈ

 ਜਿਤ ਹਰਿ ਗੁਣ ਸਿਖਾ (ਕਾਨੜਾ ਵਾਰ ਮ. 4. ਪੰ. 1316)


 ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ॥(ਸਿਰੀ ਮ. 3, 69)


 ਸਤਸੰਗਤਿ ਹੀ ਅਜਿਹਾ ਸਥਾਨ ਹੈ, ਜਿਥੇ ਕੇਵਲ ਤੇ ਕੇਵਲ ਨਾਮ ਦੀ ਗੱਲ ਹੁੰਦੀ ਹੈ, ਕਿਉਂਕਿ ਨਾਮ ਸਾਰੀਆਂ ਬਿਮਾਰੀਆਂ ਦਾ ਅਕਸੀਰ(ਔਖਧ) ਹੈ।

 ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ॥(ਆਸਾ ਵਾਰ ਮ. 1. ਪੰ. 468)


 ਉਪਰੋਕਤ ਵਿਚਾਰ ਚਰਚਾ ਤੋਂ ਸਪਸ਼ਟ ਹੈ ਕਿ ‘ਸਤਿ’ ਅਤੇ ‘ਸੱਚ’ ਸ਼ਬਦ ‘ਪਰਮਾਤਮਾ’ ਲਈ ਵਰਤੇ ਗਏ ਹਨ।


2. ਦਸਮ ਗ੍ਰੰਥ ਵਿਚ ਪਰਮਸਤਿ


 ਜਿਵੇਂ ਕਿ ਅਸੀਂ ਪਿਛੇ ਦਰਸਾ ਆਏ ਹਾਂ ਕਿ ‘ਸਤ’ (ਸਦੀਵੀ ਸਚਾਈ) ਚਿਤ, (ਚੇਤਨਾ) ਅਤੇ ਅਨੰਦ (ਵਿਗਾਸ) ਪਰਮ ਸੱਤ ਦੇ ਸੁਭਾਅ ਦੇ ਤਿੰਨ ਪ੍ਰਮੁਖ ਗੁਣ ਮੰਨੇ ਗਏ ਹਨ ਪ੍ਰੰਤੂ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਵੱਖਰੇ ਢੰਗ ਨਾਲ ਉਸ ਪਰਮਾਤਮਾ ਨੂੰ “ਸਤਿ ਸੁਹਾਣ ਸਦਾ ਮਨਿ ਚਾਉ” ਕਹਿ ਕੇ ਉਸ ਦੀ ਸਿਫਤ ਸਲਾਹ ਕੀਤੀ ਹੈ।


 ਸ਼ੰਕਰਾਚਾਰੀਆਂ ਨੇ ਪਰਮ ਸਤ ਨੂੰ ਸਚਿਦਾਨੰਦ ਦਾ ਨਾਂ ਦਿੱਤਾ ਹੈ, ਜੋ ਸਤ, ਚਿਤ ਅਤੇ ਅਨੰਦ ਦਾ ਸੰਯੋਗ ਹੈ।ਜਾਂ ਇਉਂ ਵੀ ਆਖ ਸਕਦੇ ਹਾਂ ਕਿ ਬ੍ਰਹਮ ਸੱਤਾ ਵੀ ਹੈ, ਚੇਤਨਾ ਵੀ ਹੈ ਅਤੇ ਅਨੰਦ ਵੀ ਹੈ।

 ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਵਿਚ ਪਰਮ-ਸਤ ਲਈ ਵਰਤੇ ਗਏ ਹੋਰ ਬਹੁਤ ਸਾਰੇ ਨਾਵਾਂ ਦੇ ਨਾਲ “ਸਦਾ ਸਚਿਦਾਨੰਦ” ਨਾਂ ਵੀ ਵਰਤਿਆ ਹੈ।


ਸਦਾ ਸਚਿ ਦਾ ਨੰਦ ਦੀਆਂ ਵਿਸ਼ੇਸ਼ਤਾਵਾਂ


 ਦਸਮ ਗ੍ਰੰਥ ਵਿਚ ਪਰਮਾਤਮਾ ਦੇ ਨਿਤ ਭਾਵ ਸਚਾਈ ਰੂਪ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ।ਉਸ ਪਰਮ ਸੱਤਾ ਦਾ ਨਾ ਕੋਈ ਆਦਿ ਹੈ ਅਤੇ ਨਾ ਅੰਤ, ਉਹ ਸਦੀਵੀ ਤੱਤ ਹੈ ਅਤੇ ਜੰਮਣ ਮਰਨ ਦੇ ਚੱਕਰ ਤੋਂ ਮੁਕਤ ਹੈ ਅਤੇ ਹਮੇਸ਼ਾ ਇਕੋ ਜਿਹੀ ਅਵਸਥਾ ਵਿਚ ਟਿਕਿਆ ਰਹਿੰਦਾ ਹੈ।ਤਾਂ ਹੀ ਉਹ ‘ਸੱਤ’ ਸਰੂਪ ਦਾ ਧਾਰਨੀ ਹੈ।ਚਿਤ ਤੋਂ ਭਾਵ ਚੇਤੰਨ ਹੈ।ਦਸਮ ਗ੍ਰੰਥ ਵਿਚ ਸਾਰੀ ਚੇਤਨਤਾ ਦਾ ਮੂਲ ਕਾਰਨ ਪਾਰਬ੍ਰਹਮ (ਪਰਮ ਸੱਤ) ਹੈ।ਉਸਨੂੰ ਸਾਰੇ ਜੀਵਾਂ ਦਾ ਜੀਵਨ ‘ਨਮੋ ਜੀਵ ਜੀਵੇ’, ਅਤੇ ਸਾਰੀ ਚੇਤਨਾ ਦਾ ਆਧਾਰ ‘ਨਮੋ ਬੀਜ ਬੀਜੇ’ ਵੀ ਮੰਨਿਆ ਗਿਆ ਹੈ।


 ਦਸਮ ਗ੍ਰੰਥ ਦਾ ਪਰਮਸੱਤਾ ਹਮੇਸ਼ਾ ਅਨੰਦ (ਵਿਗਾਸ) ਦੀ ਅਵਸਥਾ ਵਿਚ ਵਿਚਰਦਾ ਹੈ ਤਾਂ ਹੀ ਅਨੰਦ ਅਤੇ ਸੁੰਦਰਤਾ ਦੇ ਮਾਲਕ ਪਰਮੇਸ਼ਰ ਨੂੰ ‘ਬ੍ਰਹਮੰ ਸਰੂਪੈ’ ਦੇ ਸ਼ਬਦਾਂ ਦੁਆਰਾ ਬਿਆਨ ਕੀਤਾ ਗਿਆ ਹੈ।


1. ਪਰਮਸੱਤ ਦਾ ਸੁੰਦਰ ਸਰੂਪ


 ਗੁਰੂ ਗੋਬਿੰਦ ਸਿੰਘ ਜੀ ਦਾ ਪਰਮ ਸੱਤ ਸ਼ੰਕਰਾਚਾਰੀਆ ਦੇ ਪਰਮਸਤ ਵਾਂਗ ਅਨੰਦੀ ਸਰੂਪੇ ਹੀ ਨਹੀਂ, ਸਗੋਂ ਉਹ ਸੁੰਦਰ ਸਰੂਪ, ਰੂਪਾਂ ਦਾ ਰੂਪ ਅਤੇ ਸੁੰਦਰਤਾ ਦੀ ਵੀ ਜੋਤ ਹੈ।ਜਾਪੁ ਸਾਹਿਬ ਵਿਚ ‘ਹੁਸਨਲ ਚਰਾਗ’ ‘ਸੁੰਦਰ ਸੁਜਾਨ’, ਅੰਮ੍ਰਿਤਾ ਮ੍ਰਿਤ, ਜੋਤ ਅਮੰਡੀ, ਭਾਨ-ਪ੍ਰਭੰ, ਅੰਮ੍ਰਿਤ ਸਰੂਪ, ਏਕ ਸਰੂਪ ਅਤੇ ਤ੍ਰਿਭੰਗੀ ਸਰੂਪ ਦੇ ਵਿਸ਼ੇਸ਼ਣਾਂ ਰਾਹੀਂ ਉਸਦੀ ਸਿਫਤ ਸਲਾਹ ਕੀਤੀ ਗਈ ਹੈ।


 ਅਜਿਹੇ ਸੁੰਦਰ ਅਤੇ ਅੰਮ੍ਰਿਤ ਸਰੂਪ ਦੇ ਮਾਲਕ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ, ਉਹ ਗਮਾਂ ਤੋਂ ਰਹਿਤ ਹੈ ਤਾਂ ਹੀ ਜਾਪੁ ਸਾਹਿਬ ਵਿਚ ਉਸਨੂੰ ‘ਨਿਚਿੰਤ’ ਅਤੇ ‘ਸਾਂਤਿ ਰੂਪੇ’ ਕਹਿ ਕੇ ਦਸਮ ਗੁਰੂ ਨੇ ਆਪਣੇ ਕਥਨ ਦੀ ਪ੍ਰੋੜਤਾ ਕੀਤੀ ਹੈ।


2. ਏਕ ਰੂਪ


 ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਨਿਰਗੁਣ ਤੇ ਸਰਗੁਣ ਪਰਮਾਤਮਾ ਦਾ ਵਰਣਨ ਕੀਤਾ ਹੈ।ਨਿਰਗੁਣ ਬ੍ਰਹਮ ਅਤੇ ਸਰਗੁਣ ਬ੍ਰਹਮ ਅਸਲ ਵਿਚ ਉਸ ਦੇ ਦੋ ਨਾਂ ਹਨ।ਪਰਮਾਰਥ ਪੱਖੋਂ ਬ੍ਰਹਮ ਨਿਰਗੁਣ ਹੈ ਅਤੇ ਵਿਵਹਾਰਕ ਦ੍ਰਿਸ਼ਟੀ ਤੋਂ ਉਹ ਸਰਗੁਣ ਹੈ।ਪ੍ਰੰਤੂ ਗੁਰਬਾਣੀ ਵਿਚ ਬ੍ਰਹਮ ਦਾ ਜੋ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਣਨ ਕੀਤਾ ਮਿਲਦਾ ਹੈ, ਉਹ ਗੁਰਬਾਣੀ ਦਾ ਨਿਰੋਲ ਆਪਣਾ ਹੈ।ਇਸੇ ਪਰੰਪਰਾ ਦੀ ਸਥਾਪਨਾ ਦਸਵੇਂ ਗੁਰੂ ਜੀ ਨੇ ਦਸਮ ਗ੍ਰੰਥ ਦੀਆਂ ਬਾਣੀਆਂ ਵਿਚ ਆਪਣੀ ਵੱਖਰੀ ਸ਼ੈਲੀ ਰਾਹੀਂ ਪ੍ਰਸਤੁਤ ਕੀਤੀ ਹੈ।ਗੁਰੂ ਗ੍ਰੰਥ ਸਾਹਿਬ ਦੇ ਆਰੰਭ ਵਿਚ ਲਿਖੇ ਮੂਲ ਮੰਤਰ ਦੀ ਵਿਆਖਿਆ ਸਮੁੱਚੀ ਬਾਣੀ ਵਿਚ ਕੀਤੀ ਮਿਲਦੀ ਹੈ।ਉਸੇ ਤਰਜ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਮੂਲ ਮੰਤਰ ਦੀ ਵਿਆਖਿਆ ਦਸਮ ਗ੍ਰੰਥ ਵਿਚ ਕਰਕੇ ਸਾਨੂੰ ਪਰਮ ਸਤ ਦੇ ਸਰੂਪ ਦੇ ਦਰਸ਼ਨ ਕਰਵਾਏ ਹਨ।


 ਉਨ੍ਹਾਂ ਜਾਪੁ ਸਾਹਿਬ, ਅਕਾਲ ਉਸਤਤਿ ਅਤੇ ਬਚਿਤ੍ਰ ਨਾਟਕ ਦੀਆਂ ਬਾਣੀਆਂ ਵਿਚ ਉਸਨੂੰ ‘ਨਮਸਤੰ ਸੁ ਏਕੈ’, ‘ਨਮੋ ਏਕ ਰੂਪੇ’ ਅਤੇ ‘ਸਦਾ ਏਕ ਜੋਤਯੰ’ ਕਥਨ ਕਰਕੇ ਪਰਮਾਤਮਾ ਦੇ ਇਕ ਹੋਣ ਦੀ ਗੱਲ ਕੀਤੀ ਹੈ।


 ਇਕ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਅੰਤਿਮ ਹਸਤੀ ਹੈ।ਇਹ ਨਾਸਤੀ(ਅਣਹੋਂਦ) ਜਾਂ ਸਿਫਰ ਦਾ ਸਿਧਾਂਤ ਨਹੀਂ, ਜਿਵੇਂ ਸ਼ੂਨਯਵਾਦ ਦਾ ਨਾਂਹਮੁਖੀ ਮੱਤ ਹੈ।ਇਕ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਅੰਤਿਮ ਸਚਾਈ ਕੇਵਲ ਇਕੋ ਹੈ, ਨਾ ਵੱਧ ਨਾ ਘੱਟ।ਚਾਹੇ ਉਸਦਾ ਪਰਗਟ ਰੂਪ ਅਨੇਕਤਾ ਵਾਲਾ ਹੈ।‘ਏਕਾ’ ਅਤੇ ‘ਸਤਿ’ ਸਦੀਵੀ ਇਕਾਈ ਦੇ ਲਖਾਇਕ ਹਨ।ਪਰਮ ਹਕੀਕਤ ਨੂੰ ਸ਼ੰਕਰ ਨੇ ਅਦੈਵਤ ਕਿਹਾ ਸੀ, ਭਾਵ ਜੋ ਦੂਈ ਰਹਿਤ ਹਸਤੀ ਹੈ ਜਾਂ ਇਕੋ ਇਕ ਹੈ।


3. ਓਅੰਕਾਰ


 ‘ਓਅੰਕਾਰ ਆਦਿ’ ਅਤੇ ‘ਓਅੰ ਆਦਿ ਰੂਪੇ’ ਰਾਹੀਂ ਉਸ ਦੇ ਓਅੰਕਾਰ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ ਅਤੇ ਓਅੰਕਾਰ ਦਾ ਸੰਬੰਧ ਵਾਸਤਵਿਕ ਜਗਤ ਦੀ ਹੋਂਦ ਨਾਲ ਹੈ, ਜਿਸ ਦਾ ਉਹ ਰਖਵਾਲਾ ਤੇ ਪ੍ਰਿਤਪਾਲਕ ਹੈ।ਓਅੰਕਾਰ ਦਾ ਰਵਾਇਤੀ ਸਰੂਪ ‘ਅਉਮ’ ਜਾਂ ‘ਓਮ’ ਸੀ, ਜਿਸ ਵਿਚ ਸੰਸਾਰੀ, ਭੰਡਾਰੀ ਅਤੇ ਨਾਸ਼ਮਾਨ ਸ਼ਕਤੀਆਂ ਦਾ ਅਰਥ ਛੁਪਿਆ ਹੋਇਆ ਸੀ।


4. ਸਤਿਨਾਮ


 ਸਤਿਨਾਮ ਲਈ ਸਦੈਵੰ ਸਰੂਪ, ਅਤੇ ‘ਸਤਿਨਾਮ ਕਾਹੂ ਨ ਦ੍ਰਿੜਾਯੋ’ ਦੁਆਰਾ ਉਸ ਦੇ ਨਾਮ ਦੇ ‘ਸਤ’ ਹੋਣ ਦੀ ਪੁਸ਼ਟੀ ਹੁੰਦੀ ਹੈ।‘ਸਤਿ’ ਸਦੀਵੀ ਤੱਤ ਦਾ ਅਤੇ ‘ਨਾਮ’ ਉਸ ਦਾ ਰਚਨਾ ਵਿਚ ਪਰਗਟ ਹੋਣ ਦਾ ਸੰਕੇਤ ਹੈ।ਨਿਰਗੁਣ ਹਸਤੀ ਜਦੋਂ ਆਪਣੇ ਆਪ ਨੂੰ ਸਾਜਦੀ ਹੈ ਤਾਂ ਇਹ ਨਾਮ ਦੀ ਰਚਨਾ ਕਰਦੀ ਹੈ ਭਾਵ ਕਰਤਾ ਆਪਣੀ ਕੁਦਰਤ ਵਿਚ ਆ ਜਾਂਦਾ ਹੈ।


5. ਕਰਤਾ ਪੁਰਖ


 ਕਰਤਾ ਪੁਰਖ ਲਈ ‘ਆਦਿ ਪੁਰਖ’ ‘ਸਰਬ ਕਰਤਾ’ ‘ਜਗ ਕੇ ਕਰਨ’ ‘ਪੂਰਨ ਪੁਰਖ’ ਆਦਿ ਵਰਤ ਕੇ ਉਸ ਦੇ ਕਰਤਾ ਹੋਣ ਦੀ ਤਰਦੀਦ ਹੁੰਦੀ ਹੈ।ਉਹ ਕਰਤਾ ਤੇ ਪੁਰਖ ਹੈ ਅਤੇ ਇਸ ਵਿਚ ਚੇਤਨਾ ਦਾ ਤੱਤ ਮੌਜੂਦ ਹੈ।ਚੇਤਨ ਕਰਤਾ ਨੇ ਸੰਸਾਰ ਨੂੰ ਉਪਜਾਇਆ ਹੈ।


6. ਨਿਰਭਉ ਨਿਰਵੈਰ


 ‘ਨਿਰਭਉ’ ਲਈ ‘ਅਨਭਉ’ ਅਨਭੈ, ਅਤੇ ‘ਅਭੈ’ ਅਤੇ ਉਸ ਦੇ ‘ਨਿਰਵੈਰ’ ਸਰੂਪ ਲਈ ‘ਨ ਸਤ੍ਰੈ ਨ ਮਿਤ੍ਰੈ’ ਵਰਤੇ ਗਏ ਹਨ।ਭਉ ਦਾ ਅਰਥ ਇਥੇ ਡਰ ਦੀ ਥਾਂ ਸੰਜਮ ਅਤੇ ਜਬਤ ਜਾਬਤਾ ਹੈ ਅਤੇ ਵੈਰ ਦਾ ਅਰਤ ਵੈਰ ਜਾਂ ਦੁਸ਼ਮਣੀ ਨਹੀਂ ਸਗੋਂ contradiction ਹੈ।ਨਿਰਭਉ ਅਤੇ ਨਿਰਵੈਰ ਗੁਣਾਂ ਵਾਲਾ ਪਰਮਾਤਮਾ ਕਿਸੇ ਦੇ ਮਾਤਹਿਤ ਨਹੀਂ ਹੈ ਸਗੋਂ ਉਹ ਸੁਤੰਤਰ ਅਜ਼ਾਦ ਹਸਤੀ ਅਤੇ ਬੇਮਿਸਾਲ ਹੈ।


7.  ਅਕਾਲ ਮੂਰਤਿ


 ਅਕਾਲ ‘ਅਨਕਾਲ’, ‘ਅਨਾਦਿ ਮੂਰਤਿ’ ਅਤੇ ‘ਏਕ ਮੂਰਤਿ’ ਜਿਹੇ ਸ਼ਬਦਾਂ ਦੁਆਰਾ ਪਰਮਾਤਮਾ ਨੂੰ ਅਕਾਲ ਮੂਰਤਿ ਦਾ ਨਾਂ ਦਿਤਾ ਗਿਆ ਹੈ।ਉਹ ਅਨਾਦੀ ਹੈ ਫਿਰ ਵੀ ਮੂਰਤਿ ਹੈ।ਇਸ ਪ੍ਰਕਾਰ ਉਹ ਕਾਲ ਅਤੇ ਅਨਾਦੀ () ਦੋਵੇਂ ਹੈ।


8. ਅਜੂਨੀ ਸੈਭੰ


 ਪਰਮਾਤਮਾ ਦੇ ਅਜੂਨੀ ਰੂਪ ਲਈ ਅਜੋਨ, ‘ਅਜੋਨੀ’, ਅਜਾਏ, ‘ਅਜੰਮ’ ਅਤੇ ਸੈਭੰ ਰੂਪ ਲਈ ‘ਸੁਯੰਭਵ ਸੁਭੰ’ ਆਦਿ ਦੀ ਵਰਤੋਂ ਹੋਈ ਹੈ।


9. ਪ੍ਰਸਾਦਿ


 ਪ੍ਰਸਾਦਿ ਲਈ‘ਤਵ ਪ੍ਰਸਾਦਿ’ ਦੁਆਰਾ ਮੂਲ ਮੰਤਰ ਦੇ ਸਿਧਾਂਤ ਨੂੰ ਪ੍ਰਤਿਪਾਦਤ ਕੀਤਾ ਗਿਆ ਹੈ।


10. ਅਕਾਲ ਸਰੂਪ (ਅਕਾਲ ਤੇ ਕਾਲ)


 ਦਸਮ ਗ੍ਰੰਥ ਬਾਣੀ ਵਿਚ ਗੁਰੂ ਜੀ ਨੇ ‘ਅਕਾਲ’ ਨੂੰ ਪਰਮਾਤਮਾ ਦੇ ਨਾਮ ਅਤੇ ਉਸ ਦੇ ਇਕ ਲੱਛਣ ਵਜੋਂ ਦੋਹਾਂ ਰੂਪਾਂ ਵਿੱਚ ਪ੍ਰਸਤੁ ਕੀਤਾ ਹੈ।ਉਨ੍ਹਾਂ ਨੇ ਅਕਾਲ ਨੂੰ ਸ੍ਰੀ ਅਕਾਲ, ਤੇ ਅਕਾਲ ਪੁਰਖ ਦਾ ਦਰਜਾ ਦਿੱਤਾ ਹੈ।ਅਕਾਲ ਦੀ ਵਰਤੋਂ ਜਾਪੁ ਸਾਹਿਬ ਤੋਂ ਹੀ ਆਰੰਭ ਹੋ ਜਾਂਦੀ ਹੈ।


 ਸ੍ਰੀ ਅਕਾਲ ਜੀ ਤੇਰੀ ਸਰਣਿ॥ (ਜਾਪੁ, ਪੰਨਾ 1)


 ‘ਅਕਾਲ ਉਸਤਤਿ’ ਬਾਣੀ ਦੇ ਸਿਰਲੇਖ ਤੋਂ ਹੀ ਸਪਸ਼ਟ ਹੈ ਕਿ ਇਸ ਬਾਣੀ ਵਿਚ ‘ਅਕਾਲ’ ਦੀ ਉਸਤਤਿ ਗਾਈ ਗਈ ਹੈ ਅਤੇ ਇਸਦਾ ਸਿਰਲੇਖ ‘ਸ੍ਰੀ ਅਕਾਲ ਜੀ ਕੀ ਉਸਤਤਿ’ ਹੈ। (ਦਸਮ ਗ੍ਰੰਤ ਪ. 16)


 ਇਸ ਦੇ ਮੰਗਲਾਚਰਨ ਦੇ ਨਾਲ ਹੀ “ਅਕਾਲ ਪੁਰਖ ਕੀ ਰੱਛਾ ਹਮ ਨੈ”॥

 ਸਰਬ ਕਾਲ ਜੀ ਕੀ ਰੱਛਿਆ ਹਮਨੈ॥(ਦਸਮ ਗ੍ਰੰਥ ਪੰ. 16) ਦੇ ਸੰਕੇਤ ਵੀ ਮਿਲਦੇ ਹਨ।

 ਇਸ ਬਾਣੀ ਵਿਚ ਕਾਲ ਤੇ ‘ਅਕਾਲ’ ਦੇ ਸੰਕੇਤ ਵੀ ਕਈ ਥਾਵਾਂ ਤੇ ਆਏ ਹਨ ਜਿਵੇ:

 ਕਾਲ ਰਹਿਤ ਅਨਕਾਲ ਸਰੂਪਾ॥(ਅ. ਉ. ਪੰ. 16)

 ਸਭ ਕੋ ਕਾਲ ਸਭਨ ਕੋ ਕਰਤਾ॥(ਅ. ਉ. ਪੰ. 16)


ਇਸੇ ਪ੍ਰਕਾਰ ਬਚਿਤ੍ਰ ਨਾਟਕ ਦਾ ਆਰੰਭ ਵੀ ‘ਸ੍ਰੀ ਕਾਲ ਜੀ ਕੀ ਉਸਤਤਿ’ ਦੇ ਸਿਰਲੇਖ ਨਾਲ ਹੁੰਦਾ ਹੈ ਅਤੇ ਅਕਾਲ ਪੁਰਖ ਨੂੰ ਸਰਬ ਕਾ ਦਾ ਨਾਂ ਵੀ ਦਿੱਤਾ ਗਿਆ ਹੈ:


 ਸਰਬ ਕਾਲ ਹੈ ਪਿਤਾ ਹਮਾਰਾ॥


‘ਕਾਲ ਅਤੇ ਅਕਾਲ’ ਦੀ ਵਰਤੋਂ ਹੇਠ ਲਿਖੀਆਂ ਸਤਰਾਂ ਵਿਚ ਮਿਲਦੀ ਹੈ:


 ਅਉਰੁ ਸੁ ਕਾਲ ਸਬੈ ਬਸਿ ਕਾਲ ਕੇ

  ਏਕ ਹੀ ‘ਕਾਲ’ ‘ਅਕਾਲ’ ਸਦਾ ਹੈ।(ਬਚਿਤ੍ਰ ਨਾਟਕ ਪੰ. 59)


ਬਚਿਤ੍ਰ ਨਾਟਕ ਦੇ ਕਰਤਾ ਅਨੁਸਾਰ ਕਾਲ ਦੀ ਇਹ ਮਹਾਂ ਸ਼ਕਤੀ ਅੰਤਿਮ ਸਤਾ ਆਪ ਹੈ, ਜਿਸ ਨੂੰ ਕਾਲ, ਕਾਲ ਪੁਰਖ, ਅਤੇ ਸਰਬ ਕਾਲ ਦੇ ਨਾਵਾਂ ਦੁਆਰਾ ਸੰਬੋਧਨ ਕੀਤਾ ਗਿਆ ਹੈ।ਇਹ ਸ਼ਕਤੀ ਸਭ ਵਸਤਾਂ, ਘਟਨਾਵਾਂ ਤੇ ਜੀਵਾਂ ਦੀ ਰਚਨਾਹਾਰ ਵੀ ਹੈ ਅਤੇ ਕਾਲ (ਅੰਤ) ਵੀ ਹੈ।ਇਸ ਸ਼ਕਤੀ ਦਾ ਆਪਣਾ ਅੰਤ ਕੋਈ ਨਹੀਂ।ਇਹ ‘ਅਕਾਲ’ ਹੈ।ਹੋਰਨਾਂ ਵਾਸਤੇ ਜੋ ‘ਕਾਲ’ ਹੈ ਆਪਣੇ ਆਪ ਵਿਚ ਉਹ ‘ਅਕਾਲ’ ਹੈ।


 ਪਰਮਸੱਤਾ ਦੇ ਇਸ ਅਕਾਲ ਤੇ ‘ਕਾਲ’ ਰੂਪ ਦੇ ਸਮਾਨਾਂਤਰ ਹੋਰ ਵੀ ਅਨੇਕ ਨਾਮ ਦਸਮ ਗੁਰੂ ਨੇ ਕਥਨ ਕਰਕੇ ਉਸ ਦੀ ਮਹਿਮਾ ਗਾਈ ਹੈ ਜਿਵੇਂ ਪਰਮ ਪੁਰਖ, ਪਰਮ ਜੋਤਿ, ਪਾਰਬ੍ਰਹਮ, ਪ੍ਰਭੂ, ਹਰਿ, ਪਰਮੇਸਰੁ, ਮਹਾਂਪੁਰਖ, ਆਦਿ ਪੁਰਖ, ਪੂਰਨ ਪੁਰਖ, ਕਰਤਾਰ, ਪਰਮਾਤਮਾ ਅਤੇ ਜਗਦੀਸ਼ ਵਰਣਨਯੋਗ ਹਨ।

 ਇਸ ਪ੍ਰਕਾਰ ਕਾਲ-ਅਕਾਲ ਦੇ ਦੋ ਸਰੂਪ ਹੁੰਦੇ ਹੋਏ ਵੀ ਅੰਤਿਮ ਵਾਸਤਵਿਕਤਾ ਨੂੰ ਇਕੋ ਇਕ ਆਤਮ-ਤੱਤ ਪਰਵਾਨ ਕੀਤਾ ਗਿਆ ਹੈ।ਉਹ ਕਾਲ ਪੁਰਖ ਵੀ ਹੈ ਅਤੇ ਅਕਾਲ ਪੁਰਖ ਵੀ।ਇਸ ਪ੍ਰਕਾਰ ਦਸਮ ਗ੍ਰੰਥ ਬਾਣੀ ਵਿਚ ਉਸ ਦੇ ਦੋਹਾਂ ਪੱਖਾਂ ਨੂੰ ਪੁਰਖ ਦੀ ਸੰਗਿਆ ਦੇ ਕੇ, ਉਸ ਦੇ ਅੰਤ੍ਰੀਵੀ ਪੁਰਖੀ ਗੁਣ (ਚੇਤਨਾ) ਨੂੰ ਵਿਅਕਤ ਕੀਤਾ ਗਿਆ ਹੈ।ਸਤ-ਚਿਤ-ਅਨੰਦ ਰੂਪੀ ਪਰਮ ਸਤ (ਬ੍ਰਹਮ) ਦਾ ‘ਚਿਤ’ ਨਿਰਗੁਣ ਤੇ ਸਰਗੁਣ ਦੋਹਾਂ ਵਿਚ ਸਾਂਝਾ ਹੈ।ਇਹ ਨਿਰਗੁਣ-ਨਿਰੰਕਾਰ ਕੇਵਲ ਸੁੰਨ ਹੀ ਨਹੀਂ, ਸਗੋਂ ਇਹ ਚੇਤਨਾ ਯੁਕਤ-ਸਤ ਤੇ ਸਤਿ ਹੈ।


ਕਰਮਸ਼ੀਲ ਸਰੂਪ


 ਦਸਮ ਗ੍ਰੰਥ ਵਿਚ ‘ਪਰਮਸਤਿ’ ਬਾਰੇ ਉਪਰੋਕਤ ਸਮੁੱਚੀ ਬਹਿਸ ਦਾ ਸਾਰਾਂਸ ਇਹ ਹੈ ਕਿ ਉਹ ਜਿਥੇ ਸੁੰਦਰ ਸਰੂਪ (ਜਲਾਲ ਵਾਲੇ ਸਰੂਪ) ਦਾ ਮਾਲਕ ਹੈ ਉਥੇ ਉਹ ਅਕਾਲ ਸਰੂਪ ਵੀ ਹੈ।ਉਸ ਦਾ ਰੂਪ ਕਰਮਸ਼ੀਲਤਾ ਵਾਲਾ ਵੀ ਹੈ ਅਤੇ ਉਹ ਇੰਦ੍ਰਾਂ ਦਾ ਇੰਦ੍ਰ ਤੇ ‘ਯੁੱਧਾਂ ਦਾ ਯੁੱਧ’ ਵੀ ਹੈ।ਉਸ ਦਾ ਰੂਪ ਹਸਤੀ ਤੇ ਹੋਂਦ ਵਾਲਾ ਹੈ, ਜਿਸ ਲਈ ਸਤਿਨਾਮ ਤੇ ਓਅੰਕਾਰ ਵਰਤੇ ਗਏ ਹਨ ਉਸ ਦਾ ਦੂਜਾ ਰੂਪ ਪੁਰਖੀ ਸਰੂਪ ਹੈ ਜਿਸ ਲਈ ਨਾਮ, ਪ੍ਰਭੂ ਅਤੇ ਕਰਤਾਰ ਆਦਿ ਪ੍ਰਤੀਕ ਵਰਤੋਂ ਵਿਚ ਆਏ ਹਨ।ਦਸਵੇਂ ਗੁਰੂ ਦਾ ਪਰਮਸੱਤ ਜਿਥੇ ਸੱਤ ਤੇ ਸੱਚ ਹੈ, ਉਥੇ ਉਹ ਕਰਤਾ ਵੀ ਹੈ।ਉਹ ਅਨੰਦ ਅਤੇ ਅੰਮ੍ਰਿਤ ਸਰੂਪ ਵੀ ਹੈ।


ਹਵਾਲੇ ਅਤੇ ਟਿਪਣੀਆਂ

1. ਡਾ. ਵਜ਼ੀਰ ਸਿੰਘ, ਸਿੱਖ ਦਰਸ਼ਨਧਾਰ, ਪੰ. 23.

2. Prof. Harbans Singh, The Encyclopeadia of Sikhism Volume 4, pp. 74-75

3. ਡਾ. ਆਰ. ਡੀ. ਨਿਰਾਕਾਰੀ, ਭਾਰਤੀ ਦਰਸ਼ਨ, ਪੰ. 288. 89.

4. ਡਾ. ਕੁਲਵੰਤ ਕੌਰ ਕੋਹਲੀ, ਗੁਰੂ ਨਾਨਕ ਦੇਵ ਜੀ ਦਾ ਜੀਵ ਦਾ ਸੰਕਲਪ, ਪੰ. 93.

5. Prof. Harbans Singh, The Encyclopeadia of Sikhism Volume 4, pp. 75.

6. ਸਤ-ਸੰਗਤਿ ਕੈਸੀ ਜਾਣੀਐ॥(ਸਿਰੀ ਰਾਗ ਮ. 4, ਪੰ 11)

ਹਰਿ ਕੇ ਜਨ ਸਤਿਗੁਰ ਸਤਪੁਰਖਾ ਹਉ ਬਿਨਉ ਕਰਉ ਗੁਰ ਪਾਸਿ॥(ਗੂਜਰੀ ਮ. 4 ਪੰ. 10)

 ਤੂੰ ਕਰਤਾ ਸਚਿਆਰੁ ਮੈਡਾ ਸਾਂਈ॥(ਆਸਾ ਮੁ. 4, ਪਮ 11)

 ਸਚ ਖੰਡਿ ਵਸੈ ਨਿਰੰਕਾਰੁ॥(ਜਪੁਜੀ, ਪੰ. 2)

 ਸੋ ਪਾਤਿਸਾਹੁ ਸਾਹਾ ਪਾਤਿ ਸਾਹਿਬ ਨਾਨਕ ਰਹਣੁ ਰਜਾਈ॥(ਜਪੁਜੀ, ਪੰ. 6)

 ਸੋਈ ਸੋਈ ਸਦਾ ਸਚੁ ਸਾਹਿਬ ਸਾਚਾ ਸਾਚੀ ਨਾਈ॥(ਜਪੁਜੀ ਪੰ. 6)

 ਕਾਲ ਹੂੰ ਕੇ ਕਾਲ ਮਹਾਂਕਾਲ ਹੂੰ ਕੇ ਕਾਲ ਹੈ।(ਦਸਮ ਗ੍ਰੰਥ ਪੰ. 48)

ਅਉਰ ਸਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ (ਦਸਮ ਗ੍ਰੰਥ, ਪੰ. 49)

7. (1) ਸਚਾ ਸਬਦੁ ਨ ਸੇਵਿਓ॥ (ਸਿਰੀ ਰਾਗ ਮ. 3, ਪੰ. 34)

(2) ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ (ਵਡਹੰਸ ਮ. 1 ਪੰ. 581)

(3) ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ॥

(4) ਸਚੜਾ ਅਲਖ ਅਪਾਰੋ॥(ਵਡਹੰਸ ਮ. 1 ਪੰ. 580)

(5) ਸਚੜਾ ਸਾਹਿਬੁ ਸਚੁ ਤੂ (ਵਡੁਹੰਸ ਮ. 1 ਪੰ. 580)

(6)  ਸਾਚਾ ਸਿਰਜਣਹਾਰੇ ਅਕਖ ਅਪਾਰੋ॥ (ਵਡਹੰਸ ਮ. 1 ਪੰ. 579)

(7)  ਸੇਵਿਹੁ ਸਾਹਿਬ ਸੰਮ੍ਰਥ ਆਪਣਾ ਪੰਥੁ ਸੁਹੇਲਾ ਆਗੈ ਹੋਇ (ਵਡਹੰਸ ਮ. 1 ਪੰ. 579)

8. ਡਾ. ਆਰ. ਡੀ. ਨਿਰਾਕਾਰੀ, ਭਾਰਤੀ ਦਰਸ਼ਨ, ਪੰ. 288-89.

9. ਦਸਮ ਗ੍ਰੰਥ ਸਾਹਿਬ, ਪੰ. 5.

10. ਦਸਮ ਗ੍ਰੰਥ, ਪੰ. 6.

11. ਦਸਮ ਗ੍ਰੰਥ, ਪੰ. 9.

12. ਦਸਮ ਗ੍ਰੰਥ

ਅਜਬਾ ਕ੍ਰਿਤ ਹੈ---------ਦਸਮ ਗ੍ਰੰਥ, ਪੰ. 14

ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ, ਬ. ਨਾ. ਪੰ. 50

ਕਿ ਰੂਪ ਹੂੰ ਕੇ ਰੂਪ ਹੈ----------ਬ. ਨ. ਪੰ. 50

ਨਮੋ ਬਾਕ ਬੰਕੇ-----------ਦ. ਗ੍ਰੰ. ਪੰ. 14

ਕਿ ਹੁਸਨਲ ਚਰਾਗ ਹੈ------------ਦਾ. ਗ੍ਰੰ. ਪੰ 14

ਕਿ ਹੁਸਨਲ ਵਜੂ ਹੈ-----------ਦ. ਗ੍ਰੰ. ਪੰ. 14

ਸੁੰਦਰ ਸੁਜਾਨ ਹੈ-----------ਦ. ਗ੍ਰੰ. ਪੰ. 10

ਅੰਮ੍ਰਿਤਾ ਮ੍ਰਿਤ ਹੈ------------ਦਾ. ਗ੍ਰੰ. ਪੰ. 14

ਭਾਨ ਪ੍ਰਭੰ-------------ਦ. ਗ੍ਰੰ. ਪੰ. 43

ਜੋਤਿ ਅਮੰਡੇ--------------ਦ. ਗ੍ਰੰ. ਪੰ. 43

ਏਕ ਹੀ ਸਰੂਪ ਸਬੈ---------------ਆ. ਅੁ. ਪੰ. 28

ਅਮ੍ਰਿਤਾ ਮ੍ਰਿਤ ਹੈ---------------ਦ. ਗ੍ਰੰ. ਪੰ. 14

ਨ੍ਰਿਭੰਗੀ ਸਰੂਪੇ--------------ਦ. ਗ੍ਰੰ. ਪੰ. 11

ਅਨੰਦੀ ਸਰੂਪੇ-------------ਦ. ਗ੍ਰੰ. ਪੰ. 6

ਬ੍ਰਹਮੰ ਸਰੂਪੇ-------------ਦ. ਗ੍ਰੰ. ਪੰ. 9

ਦਸਮ ਗ੍ਰੰਥ------------ਪੰ. 11.

13. ਦਸਮ ਗ੍ਰੰਥ-----------ਪੰ. 16.

14. ਜਿੰਮੀ ਜਮਾਨ ਕੇ ਬਿਖੈ ਸਮਸਤੈ ਏਕ ਜਤਿ ਹੈ

ਨ ਘਾਟ ਹੈ ਨ ਬਾਢ ਹੈ, ਨ ਘਾਟ ਬਾਢ ਹੋਤ ਹੈ॥ (ਦ. ਗ੍ਰੰ. , ਪੰ 36)

15. ਡਾ. ਆਰ. ਡੀ. ਨਿਰਾਕਾਰੀ, ਭਾਰਤੀ ਦਰਸ਼ਨ, ਪੰ. 266.

16.  ਡਾ. ਵਜ਼ੀਰ ਸਿੰਘ, ਫਲਸਫਾ ਤੇ ਸਿਖ ਫਲਸਫਾ, ਪੰ. 23.

17. ਦਸਮ ਗ੍ਰੰਥ, ---------ਪੰ. 72.

18. ਡਾ. ਵਜ਼ੀਰ ਸਿੰਘ, ਫਲਸਫਾ ਤੇ ਸਿੱਖ ਫਲਸਫਾ, ਪੰ 23

19. – ਉਹੀ-ਪੰ. 23.

20. ਦਸਮ ਗ੍ਰੰਥ--------ਪੰ. 1.

21.  ਦਸਮ ਗ੍ਰੰਥ---------ਅਕਾਲ ਉਸਤਤਿ ਪੰ. 46.

22. “It is both time and eternity”

   (Dr. Wazir Singh, Philosophy of Sikh Religion) p. 1622.

23. ਦਸਮ ਗ੍ਰੰਥ ਪੰ. 15.

24. ਡਾ. ਵਜ਼ੀਰ ਸਿੰਘ (ਸਿੱਖ ਦਰਸ਼ਨਧਾਰਾ) ਪੰ. 89.

25.  ਅਲੰਦ ਨਾਮ ਗਾਇ ਹੋ।ਪਰਮ ਪੁਰਖ ਪਾਇ ਹੋ।ਬਚਿਤ੍ਰ ਨਾਟਕ, ਪੰ. 73.

  ਅਨਾਮੇ ਹੈ, ਜਾਤਿ ਪਾਤਿ ਨ ਨਾਮ (ਜਾਪੁ, ਪੰ. 7)

  ਆਪ ਰੂਪ ਅਮੀਕ ਅਨ ਉਸਤਤਿ ਏਕ ਪੁਰਖ ਅਵਧੂਤ।(ਜਾਪੁ ਸਾਹਿਬ), ਪੰ. 8.

  ਪਾਰਬ੍ਰਹਮ ਕੋ ਤਿਨੀ ਪਛਾਨਾ---------(ਬਚ੍ਰਿਤ ਨਾਟਕ), ਪੰ. 75.

  ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ॥

  ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ, (ਬਚ੍ਰਿਤ ਨਾਟਕ) ਪੰ. 75.

  ਹਰਿ ਹਰਿ ਜਨ ਦੁਇ ਏਕ ਹੈ---------ਪੰ. 75.

  ਸੁਆਂਗਨ ਮੈਂ ਪਰਮੇਸੁਰ ਨਾਹੀ---------ਪੰ. 75.

  ਸਤਿਨਾਮ ਕਾਹੂੰ ਨ ਦ੍ਰਿੜਾਯੋ॥---------ਪੰ. 72.

  ਮਹਾ ਪੁਰਖ ਕਾਹੂੰ ਨ ਪਛਾਨਾ---------ਪੰ. 73.

  ਤਿਨ ਭੀ ਪਰਮ ਪੁਰਖ ਨਹਿ ਪਾਏ---------ਪੰ. 73.

  ਪਰਮ ਜੋਤਿ ਪਾਇ ਹੋਂ------------ਪੰ. 73.

  ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ॥ਜਾਪੁ, ਪੰ. 7

  ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ॥ਜਾਪੁ, ਪੰ. 7.

  ਤਿਨ ਤੇ ਭਿੰਨ ਰਹਤ ਕਰਤਾਰਾ॥(ਬਚਿਤ੍ਰ ਨਾਟਕ) ਪੰ. 73.

  ਅਜਾਦਿ ਹੈ ਜਾਪੁ, ਪੰ. 8.

  ਪਰਮਾਤਮ ਹੈ ਸਰਬ ਆਤਮ ਹੇ, ਪੰ. 14.

  ਕੈਸੇ ਪਾਵੈ ਜਗਤੀਸ ਕੋ ਅ. ਉ. ਪੰ. 26.

Back to top


HomeProgramsHukamNamaResourcesContact •