ਚਰਿਤ੍ਰੋ ਪਖਿਯਾਨ ਤੇ ਸਿਧਾਂਤ

- ਗਿ. ਗੁਰਮੀਤ ਸਿੰਘ



ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਕੋ ਜੋਤ ਹਨ। ਇਕ ਹੀ ਜੁਗਤ ਦੀ ਨਿਰੰਤਰ ਅਭੀ-ਵਿਆਕਤੀ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਿਖਿਆਵਾਂ ਦਾ ਵਰਤਮਾਨ ਸੰਦਰਭ ਪ੍ਰਸਤੁਤ ਕਰਦਿਆਂ ਇਹ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਦਸ ਗੁਰੂ ਸਾਹਿਬਾਨ ਹੀ ਗੁਰਮਤਿ ਦੇ ਆਦਰਸ਼ਕ ਵਿਧਾਨ ਦੇ ਸੰਸਥਾਪਕ ਹਨ ਤੇ ਇਸ ਦਾ ਜ਼ਾਹਰਾ-ਜ਼ਹੂਰ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇਥੇ ਕੀਤੀ ਜਾ ਰਹੀ ਵੀਚਾਰ ਦਾ ਵਿਸ਼ਾ ਦਸਮ ਪਾਤਸ਼ਾਹ ਦੀਆਂ ਸਿਖਿਆਵਾਂ ਨੂੰ ਬਾਕੀ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਤੋਂ ਨਿਖੇੜ ਕੇ ਨਹੀਂ ਵੇਖਣਾ ਹੈ ਸਗੋਂ ‘‘ਜੋਤਿ ਉਹਾ ਜੁਗਤਿ ਸਾਇ’’ ਦੇ ਸਿਧਾਂਤ ਦੀ ਰੌਸ਼ਨੀ ਵਿੱਚ ਸਿਖਿਆਵਾਂ ਦੇ ਵਰਤਮਾਨ ਪ੍ਰਸੰਗ ਨੂੰ ਸਥਾਪਤ ਕਰਨਾ ਹੈ। ਸ੍ਰੀ ਦਸਮੇਸ਼ ਜੀ ਮਹਾਨ ਕਵੀ ਤੇ ਜੋਧੇ ਜਰਨੈਲ ਸਨ, ਜਿਨ੍ਹਾਂ ਨੇ ਸਮਾਜਿਕ ਤੇ ਰਾਜਨੀਤਿਕ ਕ੍ਰਾਂਤੀ ਲਈ ਪੂਰੇ ਤਾਣ ਤੇ ਸ਼ਾਨ ਨਾਲ ਕਲਮ ਤੇ ਤੇਗ ਚਲਾਈ। ਉਹ ਪੂਰਨ ਤੌਰ ’ਤੇ ਕਵਿਤਾ ਤੇ ਬੀਰਤਾ ਦੇ ਮੁਜਸਮੇਂ ਸਨ।


ਉਹਨਾਂ ਦੀ ਖੰਡੇ ਨਾਲ ਪੜ੍ਹੀ ਬਾਣੀ ਅੰਮ੍ਰਿਤ ਬਣਾ ਕੇ ਮੁਰਦਾ ਮਿੱਟੀ ਵਿੱਚ ਇਨਕਲਾਬ ਦੀ ਜਵਾਲਾ ਪ੍ਰਗਟ ਕਰਦੀ ਹੈ। ਐਸੀ ਚਰਚਾ ਲਾਲਾ ਦੌਲਤ ਰਾਇ ਤੇ ਡਾ. ਗੋਲਕ ਚੰਦ ਨਾਰੰਗ ਵਰਗਿਆਂ ਨੇ ਬਾਖ਼ੂਬੀ ਕੀਤੀ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਕੋਈ ਆਮ ਪੁਸਤਕ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਸਿੱਖ ਧਰਮ ਦਾ ਦੂਜਾ ਮਹੱਤਵ ਪੂਰਨ ਬੁਨਿਆਦੀ ਗ੍ਰੰਥ ਹੈ। ਜੋ ਦਸਮ ਪਾਤਸ਼ਾਹ ਜੀ ਦੁਆਰਾ ਰਚਿਤ ਹੈ। ਇਸ ਗ੍ਰੰਥ ਦੇ ਮੂਲ ਰੂਪ ਵਿੱਚ ਅਨੇਕਾਂ ਹੱਥ ਲਿਖਤ ਸਰੂਪ ਉਪਲਬਧ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਸ੍ਰੀ ਦਸਮੇਸ਼ ਜੀ ਦੁਆਰਾ ਰਚਿਤ ਨਿੱਕੀਆਂ-ਵੱਡੀਆਂ ਰਚਨਾਵਾਂ ਬ੍ਰਿਜ, ਪੰਜਾਬੀ ਤੇ ਫ਼ਾਰਸੀ ਆਦਿ ਭਾਸ਼ਾਵਾਂ ਵਿੱਚ ਹਨ। ਇਹਨਾਂ ਮੁੱਖ ਰਚਨਾਵਾਂ ਵਿੱਚ ਜਾਪ ਸਾਹਿਬ, ਅਕਾਲ ਉਸਤਤਿ, ਗਿਆਨ ਪ੍ਰਬੋਧ, ਚੰਡੀ ਚਰਿਤ੍ਰ ਦੋ ਰੂਪਾਂ ਵਿੱਚ, ਚੰਡੀ ਦੀ ਵਾਰ, ਚੌਬੀਸ ਅਵਤਾਰ, ਉਪ ਅਵਤਾਰ, ਬਚਿਤ੍ਰ ਨਾਟਕ, ਸਸਤ੍ਰ ਨਾਮ ਮਾਲਾ, ਚਰਿਤ੍ਰੋ ਪਖਯਾਨ ਤੇ ਜ਼ਫ਼ਰਨਾਮਾ ਆਦਿ ਸ਼ਾਮਲ ਹਨ।


ਸ੍ਰੀ ਦਸਮ ਗ੍ਰੰਥ ਜੀ ਵਿੱਚ ਸ਼ਾਮਲ ਉਕਤ ਰਚਨਾਵਾਂ ਵਿੱਚੋਂ ਚਰਿਤ੍ਰੋ ਪਖਯਾਨ ਦਾ ਕਾਫ਼ੀ ਵੱਡਾ ਹਿੱਸਾ ਹੈ। ਜਿਸ ਦੇ 405 ਅਧਿਆਇ ਹਨ। ਇਸ ਰਚਨਾ ਵਿੱਚ ਸਤਿਗੁਰਾਂ ਨੇ ਉਸ ਪੱਖ ਨੂੰ ਖ੍ਹੋਲ ਕੇ ਵੀਚਾਰਿਆ ਹੈ ਜਿਹੜਾ ਪੱਖ ਮਨੁੱਖ ਨੂੰ ਦੁਰਾਚਾਰੀ ਤੇ ਕੁਕਰਮੀ ਬਣਾ ਦਿੰਦਾ ਹੈ। ਸੰਸਾਰ ਅੰਦਰ ਵੱਖ-ਵੱਖ ਤਰ੍ਹਾਂ ਦੇ ਇਸਤਰੀ ਪੁਰਸ਼ ਹਨ। ਇਕ ਉਚੇ ਆਚਰਣ ਵਾਲੇ ਤੇ ਦੂਜੇ ਨੀਵੇਂ ਆਚਰਣ ਵਾਲੇ ਹਨ, ਜੋ ਬੀਬੀਆਂ ਉੱਚੇ ਸੁੱਚੇ ਆਚਾਰ ਵਾਲੀਆਂ ਹਨ ਉਹਨਾਂ ਬਾਬਤ ਸਤਿਗੁਰੂ ਜੀ ਗੁਰਬਾਣੀ ਅੰਦਰ ਆਖਦੇ ਹਨ, ‘ਸਹ ਕੀ ਸਾਰ ਸੁਹਾਗਿਨ ਜਾਨੈ॥ ਤਜਿ ਅਭਿਮਾਨੁ ਸੁਖ ਰਲੀਆ ਮਾਨੈ’॥ (ਸੂਹੀ ਰਵਿਦਾਸ ਜੀਉ) ਪਰ ਦੂਜੇ ਪਾਸੇ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੀ ਉਚਾਰਦੇ ਹਨ, ‘ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ॥ (ਸੋਰਠ ਕੀ ਵਾਰ ਮ: 3) ਧਰਮ ਤੋਂ ਹੀਣ ਚੁਸਤੀਆਂ ਚਲਾਕੀਆਂ ਤੇ ਗਿਰਾਵਟਾਂ ਵਾਲੇ ਕਰਮ ਕਰਨ ਵਾਲੀਆਂ ਹਨ। ਆਪਣੇ ਨਵੇਂ ਬਣੇ ‘ਸੰਤ-ਸਿਪਾਹੀ’ ਨੂੰ ਇਹਨਾਂ ਦੇ ਛਲ ਫਰੇਬ ਤੋਂ ਸਾਵਧਾਨ ਕਰਨ ਵਾਸਤੇ ਇਹ ਚਰਿਤ੍ਰ ਲਿਖੇ ਗਏ ਹਨ। ਕਿਉਂਕਿ ਉਸ ਜ਼ਮਾਨੇ ਵਿੱਚ ਵੇਸਵਾ ਪ੍ਰਣਾਲੀ ਆਮ ਪ੍ਰਚੱਲਿਤ ਸੀ। ਇਸ ਵਾਸਤੇ ਸਤਿਗੁਰਾਂ ਨੇ ਗੁਰਸਿਖਾਂ ਨੂੰ ਚੇਤਨ ਕਰਨ ਵਾਸਤੇ ਇਹ ਕਹਾਣੀਆਂ ਲਿਖੀਆਂ ਅਤੇ ਥਾਂ-ਥਾਂ ਤੇ ਬਚਣ ਦੀ ਤਾੜਨਾ ਕੀਤੀ-


ਰੀਤ ਨ ਜਾਨਤ ਪ੍ਰੀਤ ਕੀ ਪੈਸਨ ਕੀ ਪ੍ਰਤੀਤ (ਚਰਿਤ੍ਰ 16)

ਜੇ ਕੋਈ ਪਰ ਨਾਰੀ ਸਿਓ ਪਾਗੈ॥

ਪਨਹੀ ਈਹਾਂ ਨਰਕ ਤਿਹ ਆਗੈ॥ (ਚਰਿਤ੍ਰ 185)


ਚੋਜੀ ਪ੍ਰੀਤਮ ਜੀ ਨੇ ਅਵਤਾਰ-ਵਾਦ ਦੇ ਰੂਪਕ ਦੁਆਰਾ ਬੀਰ-ਰਸੀ ਰੂਪ ਪੇਸ਼ ਕੀਤਾ ਤਾਂ ਕਿ ਲੋਕ ਸਮਝ ਸਕਣ ਕਿ ਜਦ ਤੁਹਾਡੇ ਸੂਰਮੇ ਪੁਰਖੇ ਐਸੇ ਕਾਰਨਾਮੇ ਕਰ ਸਕਦੇ ਸਨ ਤਾਂ ਤੁਸੀਂ ਵੀ ਉਹਨਾਂ ਵਾਂਗ ਬਲਵਾਨ ਹੋ ਸਕਦੇ ਹੋ। ਇਸ ਲਈ ਹੀ ਸਤਿਗੁਰਾਂ ਨੇ ਕ੍ਰਿਸਨ ਆਦਿ ਦੀਆਂ ਯੁਧ-ਰਚਨਾਵਾਂ ਨੂੰ ਬਹੁਤ ਬਿਸਥਾਰ ਪੂਰਵਕ ਲਿਖਿਆ ਕਿ ਇਹ ਲੋਕ ਵੀ ਧਰਮ ਯੁੱਧ ਵਾਸਤੇ ਆਤਮਿਕ ਪੱਖੋਂ ਬਲਵਾਨ ਹੋਣ। ਪਰੰਪਰਾਵਾਂ ਦਾ ਹੋਣਾ ਕੋਈ ਗੁਣ ਨਹੀਂ ਪਰ ਪਰੰਪਰਾਵਾਂ ਨੂੰ ਵਰਤ ਕੇ ਵਰਤਮਾਨ ਦੇ ਵਿਕਾਸ ਲਈ ਵਿਉਂਤਬੰਦ ਕਰਨਾ ਕਲਾਕਾਰੀ ਖ਼ੂਬੀ ਹੈ। ਸਤਿਗੁਰੂ ਜੀ ਨੇ ਅਜਿਹਾ ਕਰਦਿਆਂ ਥਾਂ-ਥਾਂ ’ਤੇ ਆਪਣੀਆਂ ਸਿਧਾਂਤਕ ਵੀਚਾਰਾਂ ਰੱਖੀਆਂ ਤੇ ਦੱਸਿਆ ਕਿ ਅਸੀਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ। ‘ਮੈ ਨ ਗਨੇਸਹਿ ਪ੍ਰਥਮ ਮਨਾਊ’ ਆਦਿ।


ਹੂ-ਬ-ਹੂ ਇਸੇ ਪ੍ਰਕਾਰ ਇਹਨਾਂ ਚਰਿਤ੍ਰਾਂ ਦੁਆਰਾ ਸਤਿਗੁਰੂ ਜੀ ਨੇ ਆਪਣੇ ਖ਼ਾਲਸੇ ਨੂੰ ਸਾਵਧਾਨ ਕੀਤਾ ਕਿ ਵੇਖ ਇੰਨ੍ਹਾ ਦਾ ਐਸਾ ਵਿਹਾਰ ਹੈ। ਪਰ ਨਾਰ ਸੰਗ ਦਾ ਨੁਕਸਾਨ ਕਥਨ ਕਰਦਿਆਂ ਦਸਮੇਸ਼ ਜੀ ਨੇ ਆਖਿਆ ਹੈ-


ਪਰ ਨਾਰੀ ਕੇ ਤਜੇ ਸਹਸ ਬਾਸਵ ਭਗ ਪਾਏ॥ (ਚਰਿਤ੍ਰ 21)

ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਥਨ ਹੈ-

ਸਹੰਸਰ ਦਾਨ ਦੇ ਇੰਦ੍ਰ ਰੋਆਇਆ॥ (ਰਾਮਕਲੀ ਦੀ ਵਾਰ ਮ. 3)

ਗੋਤਮੁ ਤਪਾ ਅਹਲਿਆ ਇਸਤ੍ਰੀ ਤਿਸੁ ਦੇਖ ਇੰਦ੍ਰ ਲੋਭਾਇਆ॥

ਸਹਸ ਸਰੀਰ ਚਿਹਨ ਭਗ ਹੂਏ ਤਾ ਮਨ ਪਛੋਤਾਇਆ॥(ਪ੍ਰਭਾਤੀ ਮ. 1)


ਚਰਿਤ੍ਰੋ ਪਖਿਆਨਾਂ ਸਬੰਧੀ ਟਕਸਾਲ ਅੰਦਰ ਜੋ ਪ੍ਰੰਪਰਾਇਕ ਵੀਚਾਰ ਪੜ੍ਹਾਈ ਜਾਂਦੀ ਹੈ, ਉਸ ਦਾ ਜ਼ਿਕਰ ਭਾਈ ਕ੍ਹਾਨ ਸਿੰਘ ਨਾਭਾ ਨੇ ਵੀ ਆਪਣੇ ਮਹਾਨ ਕੋਸ਼ ਵਿੱਚ ਕੀਤਾ ਹੈ। ਪ੍ਰਚੱਲਿਤ ਕਥਾ ਅਨੁਸਾਰ ਚਿਤ੍ਰਵਤੀ ਨਗਰ ਵਿਖੇ ਰਾਜਾ ਚਿਤ੍ਰ ਸਿੰਘ ਨ੍ਰਿਪ ਏਕ (ਚਰਿਤ੍ਰ ਦੂਜਾ) ਦਾ ਸਰੂਪ ਦੇਖ ਕੇ ਇਕ ਅਪਸਰਾ ਮੋਹਿਤ ਹੋ ਗਈ। ਰਾਜੇ ਦਾ ਉਸ ਨਾਲ ਸਬੰਧ ਹੋਣ ਤੋਂ ਹਨੂਵੰਤ ਸਿੰਘ (ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਜਿਸ ਦਾ ਨਾਮ ਹਨੂੰ ਆਉਂਦਾ ਹੈ) ਸੁੰਦਰ ਸਰੂਪ ਪੁੱਤਰ ਪੈਦਾ ਹੋਇਆ। ਕਾਫ਼ੀ ਸਮੇਂ ਬਾਅਦ ਚਤ੍ਰ ਸਿੰਘ ਦੀ ਨਵੀਂ ਵਿਆਹੀ ਰਾਣੀ ਚਿਤ੍ਰ ਮਤੀ ਹਨੂਵੰਤ ਸਿੰਘ ਦਾ ਰੂਪ ਵੇਖ ਕੇ ਮੋਹਿਤ ਹੋ ਗਈ। ਉਸ ਨੇ ਪੰਡਿਤ ਦੁਆਰਾ ਚਾਲ ਚੱਲੀ ਜੋ ਰਾਜ ਕੁਮਾਰ ਨੂੰ ਪੜ੍ਹਾਉਦਾ ਸੀ। ਉਹ ਰਾਣੀ ਸਮਾਂ ਪਾ ਕੇ ਰਾਜ ਕੁਮਾਰ ਨੂੰ ਆਪਣੇ ਮਹਿਲ ਵਿੱਚ ਲਿਆਈ ਤੇ ਕੁਕਰਮ ਕਰਨ ਵਾਸਤੇ ਪ੍ਰੇਰਨ ਲੱਗੀ ਪਰ ਧਰਮੀ ਹਨੂਵੰਤ ਸਿੰਘ ਨੇ ਰੁਖਾ ਜਵਾਬ ਦਿੱਤਾ। ਇਸ ਪਰ ਰਾਣੀ ਨੇ ਰਾਜੇ ਪਾਸ ਝੂਠੀਆਂ ਗੱਲਾਂ ਆਖ ਕੇ ਪੁੱਤ੍ਰ ਨੂੰ ਮਾਰਨ ਦਾ ਹੁਕਮ ਸੁਣਾ ਦਿੱਤਾ।


ਰਾਜੇ ਦੇ ਸਿਆਣੇ ਵਜ਼ੀਰ ਨੇ ਆਪਣੇ ਰਾਜੇ ਨੂੰ ਚਲਾਕ ਇਸਤ੍ਰੀਆਂ ਦੇ ਛਲ ਕਪਟ ਭਰੇ ਅਨੇਕਾਂ ਚਰਿਤ੍ਰ ਸੁਣਾ ਕੇ ਸ਼ੱਕ ਦੂਰ ਕਰਨ ਦਾ ਯਤਨ ਕੀਤਾ। ਇਹਨਾਂ ਚਰਿਤ੍ਰਾਂ ਵਿੱਚ ਪੁਰਾਤਨ ਹਿੰਦੂ ਪੁਸਤਕਾਂ ਤੋਂ, ਬਹਾਰਦਾ ਨਗ ਕਿਤਾਬ ਤੋਂ, ਮੁਗਲਾਂ ਦੀਆਂ ਖ਼ਾਨਦਾਨੀ ਕਹਾਣੀਆਂ ਤੋਂ, ਰਾਜ ਪੁਤਾਨੇ ਦੇ ਕਥਾ ਪ੍ਰਸੰਗਾਂ ਤੋਂ, ਪੰਜਾਬ ਦੇ ਕਿੱਸੇ ਕਹਾਣੀਆਂ ਤੋਂ ਚਰਿਤ੍ਰ ਲਿਖੇ ਗਏ ਹਨ। ਸਿਧਾਂਤ ਇਹ ਹੈ ਕਿ ਕਾਮ ਦੇ ਦਾਸ ਹੋ ਕੇ ਚਲਾਕ ਇਸਤ੍ਰੀਆਂ ਦੇ ਪੇਚਾਂ ਵਿੱਚ ਨਹੀਂ ਫਸਣਾ ਚਾਹੀਏ। ਇਸ ਤੋਂ ਇਹ ਭਾਵ ਹਰਗਿਜ਼ ਨਹੀਂ ਲੈਣਾ ਚਾਹੀਦਾ ਕਿ ਧਰਮ ਪਤਨੀ ਤੇ ਯੋਗ ਇਸਤ੍ਰੀਆਂ ਤੇ ਵਿਸ਼ਵਾਸ਼ ਕਰਨਾ ਅਯੋਗ ਹੈ। ਪਰ ਕਾਮਾਤਰ ਹੋ ਕੇ ਪਰ ਇਸਤ੍ਰੀਆਂ ਦੇ ਪੇਚ ਵਿੱਚ ਫਸ ਕੇ ਲੋਕ ਪ੍ਰਲੋਕ ਖੋ ਲੈਣਾ ਕੁਕਰਮ ਹੈ। (ਕ੍ਹਾਨ ਸਿੰਘ ਨਾਭਾ, ਮਹਾਨ ਕੋਸ਼) ।


ਅਸਾਡੇ ਸਤਿਗੁਰਾਂ ਦੇ ਮਿਸ਼ਨ ਨੇ ਆਰੰਭ ਤੋਂ ਹੀ ਪੂਰਨ ਤੌਰ ’ਤੇ ਪਰ-ਤਨ, ਪਰ-ਧਨ ਆਦਿ ਵਿਕਾਰਾਂ ਤੋਂ ਰੋਕਣ ਲਈ ਬੰਦਿਸ਼ ਲਾਈ ਤੇ ਸੁਚੇਤ ਕੀਤਾ-


ਇੰਦ੍ਰ ਬਿਸਨ-ਬ੍ਰਹਮਾਂ ਸਿਵ ਹੋਈ॥ ਤ੍ਰਿਯ ਚਰਿਤ੍ਰ ਤੇ ਬਚਤ ਨ ਕੋਈ॥ (ਚਰਿਤ੍ਰ 186)

ਚੰਚਲਾਨ ਕੇ ਚਰਿਤ੍ਰ ਕੌ, ਸਕਤ ਨ ਕੋਊ ਪਾਇ॥

ਵਹ ਚਰਿਤ੍ਰ ਤਾ ਕੀ ਲਖੈ ਜਾ ਕੇ ਸਯਾਮ ਸਹਾਇ॥ (ਚਰਿਤ੍ਰ 193)

ਇਹ ਛਲ ਸੋ ਰਾਜਾ ਛਲਾ ਜੁਧ ਕਰਨ ਕੌ ਘਾਇ॥

ਤ੍ਰਿਯ ਚਰਿਤ੍ਰ ਕੌ ਮੂੜ੍ਹ ਕਛ ਭੇਵ ਸਕਾ ਨਹਿ ਪਾਇ॥ (ਚਰਿਤ੍ਰ 263)

ਇਨ ਇਸਤ੍ਰੀਨ ਕੇ ਚਰਿਤ ਅਪਾਰਾ॥

ਜਿਨੈ ਨ ਬਿਧਨਾ ਸਕਤ ਬਿਚਾਰਾ॥ (ਚਰਿਤ੍ਰ 332)


ਅੱਜ ਡਾਕਟਰੀ ਸਿਧਾਂਤ ਵੀ ਪਰ-ਤਨ ਤੋਂ ਪੈਦਾ ਹੋਣ ਵਾਲੇ ਅਸਾਧ ਰੋਗ ਵਿਖਾ ਕੇ ਇਸ ਕੁਕਰਮ ਤੋਂ ਬਚਣ ਲਈ ਕਹਿੰਦੇ ਹਨ। ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਇਸ ਚਰਿਤ੍ਰੋ ਪਖਯਾਨ ਦੀ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਥੇ ਸਤਿਗੁਰਾਂ ਨੇ ਆਪ ਹਰੇਕ ਅਧਿਆਇ ਦੇ ਅੰਤ ਵਿੱਚ ਲਿਖਿਆ ਹੈ ਕਿ ਇਹ ਚਰਿਤ੍ਰਾਂ ਦੇ ਪ੍ਰਸੰਗਾਂ ਵਿੱਚ ਰਾਜੇ ਤੇ ਮੰਤਰੀ ਦੇ ਸੰਬਾਦ ਵਾਲਾ ਅਮੁੱਕਾ ਅਧਿਆਇ ਹੈ। ਜਿਸ ਤੋਂ ਸਾਫ਼ ਜ਼ਾਹਰ ਹੈ ਕਿ ਇਹ ਓਨਾਂ ਦਾ ਉਲੱਥਾ ਹੈ, ਉਥੇ ਨਾਲ ਹੀ ਚਰਿਤ੍ਰੋ ਪਖਿਆਨ ਆਰੰਭ ਕਰਨ ਤੋਂ ਪਹਿਲਾਂ ਆਰੰਭਕ ਅਧਿਆਇ ਉਸ ਅਕਾਲ ਪੁਰਖ ਦੀ ਸ਼ਕਤੀ ਦੇ ਮੰਗਲ ਰੂਪ ਵਿੱਚ ਲਿਖਿਆ ਹੈ ਤੇ ਨਾਲ ਹੀ ਅਕਾਲ ਪੁਰਖ ਉਪਰ ਸਤਿਗੁਰੂ ਜੀ ਨੇ ਆਪਣੇ ਵਿਸ਼ਵਾਸ਼ ਦਾ ਰੂਪ ਵਿਖਾਇਆ ਹੈ-


ਮੇਰ ਕਿਯੋ ਤ੍ਰਿਣ ਤੇ ਮੁਹਿ ਜਾਹਿ, ਗਰੀਬ ਨਿਵਾਜਨ ਦੂਸਰ ਤੋ ਸੌ॥

ਤੋ ਸਮ ਸੂਰ ਕੋਉ ਕਹੂੰ ਨਾਹੀ॥ (ਚਰਿਤ੍ਰ ਪਹਿਲਾ)


ਚਰਿਤ੍ਰਾਂ ਦੇ ਅੰਤ ਵਿੱਚ ਸਤਿਗੁਰੂ ਜੀ ਨੇ ਫਿਰ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ


ਧੰਨ ਧੰਨ ਲੋਗਨ ਕੇ ਰਾਜਾ॥ ਦੁਸਟਨ ਦਾਹ ਗਰੀਬ ਨਿਵਾਜਾ॥

ਅਖਲ ਭਵਨ ਕੇ ਸਿਰਜਨ ਹਾਰੇ॥ ਦਾਸ ਜਾਨ ਮੁਹਿ ਲੇਹੁ ਉਬਾਰੇ॥


ਆਖਿਆ ਹੈ। ਅਤੇ ਨਾਲ-ਨਾਲ ਆਪਣੇ ਖ਼ਾਲਸੇ ਪਰਿਵਾਰ ਵਾਸਤੇ ਅਕਾਲ ਪੁਰਖ ਪਾਸ ਬੇਨਤੀ ਕੀਤੀ ਹੈ-


ਕਬਿਯੋ ਵਾਚ ਬੇਨਤੀ ਚੌਪਈ॥ ਹਮਰੀ ਕਰੋ ਹਾਥ ਦੈ ਰੱਛਾ॥


ਇਹ ਪਾਵਨ ਰਚਨਾ ਅੰਮ੍ਰਿਤ ਦੀਆਂ ਪਾਵਨ ਬਾਣੀਆਂ ਵਿੱਚ ਸ਼ਾਮਲ ਹੈ ਜਿਸ ਨੂੰ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਤਿਆਰ ਕਰਨ ਸਮੇਂ ਪੜ੍ਹਦੇ ਹਨ। ਇਸ ਤੋਂ ਇਲਾਵਾ ਇਹ ਪਾਵਨ ਬਾਣੀ ਨਿਤਨੇਮ ਦੀਆਂ ਬਾਣੀਆਂ ਅੰਦਰ ਵੀ ਸ਼ਾਮਲ ਹੈ। ਇਹ ਵੱਖਰੀ ਗੱਲ ਹੈ ਕਿ ਜਿਵੇਂ ਕਿਸੇ ਸਿਆਣੇ ਪੁਰਖ ਨੇ ਆਖਿਆ ਕਿ ਵੱਡਿਆਂ ਨੇ ਮਿਹਨਤ ਕਰਕੇ ਪੇਟ ਪੂਰਤੀ ਵਧੀਆ ਢੰਗ ਨਾਲ ਕਰਨ ਵਾਸਤੇ ਕਣਕ ਤਿਆਰ ਕੀਤੀ। ਅੱਜ ਜੇਕਰ ਕੋਈ ਦਾਣੇ ਛੱਡ ਕੇ ਆਖੇ ਮੈਂ ਤਾਂ ਕਣਕ ਦੇ ਬੂਟੇ ਨੂੰ ਹੀ ਗ੍ਰਹਿਣ ਕਰਾਂਗਾ ਤਾਂ ਦਾਣਿਆਂ ਤੋਂ ਬਗੈਰ ਪੱਕਿਆ ਕਣਕ ਦਾ ਬੂਟਾ ਤਾਂ ਤੂੜੀ ਹੈ। ਤੂੜੀ ਨਾਲ ਟੱਕਰਾਂ ਮਾਰਨ ਵਾਲੇ ਨੂੰ ਕੀ ਆਖਿਆ ਜਾਵੇ?


ਸੋ ਸਤਿਗੁਰਾਂ ਦੁਆਰਾ ਰਚਿਤ ਜਿੰਨੇ ਵੀ ਅਠਾਰ੍ਹਵੀਂ ਸਦੀ ਦੇ ਸ੍ਰੀ ਦਸਮ ਗ੍ਰੰਥ ਜੀ ਹੱਥ ਲਿਖਤ ਸਰੂਪ ਪ੍ਰਾਪਤ ਹਨ ਉਹਨਾਂ ਸਭਨਾਂ ਵਿੱਚ ਇਹ ਰਚਨਾਵਾਂ ਮਿਲਦੀਆਂ ਹਨ। ਕਈ ਛੰਦਾਂ ਦੇ ਸਿਧਾਂਤ ਹੂ-ਬ-ਹੂ ਆਪਸ ਵਿੱਚ ਮਿਲਦੇ ਹਨ ਜਿਵੇਂ ਕਿ-


ਤਾਹਿ ਪਛਾਨਤ ਹੈ ਨ ਮਹਾ ਪਸੁ ਜਾ ਕੋ ਪ੍ਰਤਾਪ ਤਿੰਹੂ ਪੁਰ ਮਾਹੀ॥ (ਚਰਿਤ੍ਰ 266)

ਤਾਹਿ ਪਛਾਨਤ ਹੈ ਨ ਮਹਾ ਜੜ ਜਾ ਕੋ ਪ੍ਰਤਾਪ ਤਿੰਹੂ ਪੁਰਮਾਹੀ॥ (ਬਚਿਤ੍ਰ ਨਾਟਕ)

ਮੇਰ ਕੀਯੋ ਤ੍ਰਿਣ ਤੇ ਮੁਹਿ ਜਾਹਿ, ਗਰੀਬ ਨਿਵਾਜ ਨ ਦੂਸਰ ਤੋ ਸੌ॥ (ਚਰਿਤ੍ਰ ਪਹਿਲਾ)

ਮੇਰ ਕਰੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋ ਸੋ॥ (ਬਚਿਤ੍ਰ ਨਾਟਕ ਅਧਿ: ਪਹਿਲਾ)

ਕਾਹੇ ਕਉ ਪੂਜਤ ਪਾਹਨ ਕਉ ਕਛ ਪਾਹਨ ਮੈ ਪਰਮੇਸਰ ਨਾਹੀ॥ (ਸਵੱਈਏ ਸ੍ਰੀ ਮੁਖਵਾਕ ਪਾ. 10)



ਸ੍ਰਾਪ ਰਾਛਸੀ ਕੇ ਦਏ ਜੌ ਭਯੋ ਪਾਹਨ ਜਾਇ॥

ਤਾਹਿ ਕਹਤ ਪਰਮੇਸਰ ਤੈ ਮਨ ਮਹਿ ਨਹੀ ਲਜਾਇ॥ (ਚਰਿਤ੍ਰ 266 ਵਾ)

ਕਾਹੂ ਲੈ ਪਾਹਨ ਪੂਜ ਧਰਿਉ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ॥ (ਸਵੱਈਏ ਸ੍ਰੀ ਮੁਖਵਾਕ ਪਾ. 10)

ਖਸ ਹਾਰੇ ਚੰਦਨ ਲਗਾਇ ਹਾਰੇ ਚੁਆ ਚਾਰ॥

ਪੂਜ ਹਾਰੇ ਪਾਹਨ ਚਰਾਇ ਹਾਰੇ ਲਾਪਸੀ॥ (ਅਕਾਲ ਉਸਤਤਿ)


ਸ੍ਰੀ ਦਸਮ ਗ੍ਰੰਥ ਜੀ ਦੀ ਅੰਦਰਲੀ ਗਵਾਹੀ ਥਾਂ-ਥਾਂ ਸਿੱਧ ਕਰਦੀ ਹੈ ਕਿ ਇਸ ਦੇ ਕਰਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਕੋਈ ਦਰਬਾਰੀ ਕਵੀ ਨਹੀਂ। ਜੇ ਕੋਈ ਮੰਨਦਾ ਹੈ ਕਿ ਦਰਬਾਰੀ ਕਵੀਆਂ ਨੇ ਰਚਨਾ ਕੀਤੀ ਹੈ ਤਾਂ ਦਰਬਾਰੀ ਕਵੀ ਆਪਣੀਆਂ ਰਚਨਾਵਾਂ ਵਿੱਚ ਪਹਿਲਾਂ ਗੁਰੂ ਸਾਹਿਬਾਨ ਦੇ ਮੰਗਲ ਕਰਦੇ ਹਨ।

ਇਸ ਦੇ ਦੂਸਰੇ ਪਾਸੇ ਜਦ ਅਸੀਂ ਸ੍ਰੀ ਦਸਮ ਗ੍ਰੰਥ ਜੀ ਪੜ੍ਹਦੇ ਹਾਂ ਥਾਂ-ਥਾਂ ਮੰਗਲ ਕੇਵਲ ਅਕਾਲ ਪੁਰਖ ਦੀ ਸ਼ਕਤੀ ਦੇ ਹਨ। ਇਸ ਕਰਕੇ ਸ੍ਰੀ ਦਸਮ ਗ੍ਰੰਥ ਜੀ ਬਾਰੇ ਅਧੂਰਾ ਗਿਆਨ ਰੱਖਣ ਵਾਲੇ ਅਖੌਤੀ ਵਿਦਵਾਨਾਂ ਦੀਆਂ ਦਲੀਲਾਂ ਦਾ ਕੋਈ ਅਧਾਰ ਨਹੀਂ ਕਿ ਇਹ ਰਚਨਾ ਦਰਬਾਰੀ ਕਵੀਆਂ ਦੀ ਹੈ ਪ੍ਰਾਚੀਨ ਕਾਲ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰਸਿਖਾਂ ਵ¤ਲੋਂ ਪੂਰਾ ਸਤਿਕਾਰ ਦਿੱਤਾ ਜਾਂਦਾ ਰਿਹਾ ਹੈ ਤੇ ਭਵਿੱਖ ਵਿੱਚ ਵੀ ਦਿੱਤਾ ਜਾਂਦਾ ਰਹੇਗਾ। ਭਾਈ ਦੇਸਾ ਸਿੰਘ ਜੀ ਰਹਿਤਨਾਮੇ ਅੰਦਰ ਆਖਦੇ ਹਨ-


ਦਹੂੰ ਗ੍ਰੰਥ ਮੈ ਬਾਣੀ ਜੋਈ॥ ਚੁਨ ਚੁਨ ਕੰਠ ਕਰਹਿ ਨਿਤ ਸੋਈ॥

Back to top


HomeProgramsHukamNamaResourcesContact •